ਮਾਲਵੇ ਦਾ ਪ੍ਰਸਿੱਧ ਮੇਲਾ; ਛਪਾਰ
ਰਣਜੀਤ
ਸਿੰਘ ਪ੍ਰੀਤ
ਪੰਜਾਬੀ ਜਿੱਥੇ ਹਮਲਾਵਰਾਂ ਦਾ ਸ਼ਿਕਾਰ ਬਣਦੇ ਰਹੇ ਹਨ,ਉੱਥੇ ਇਹਨਾਂ ਨੇ ਆਪਣੇ ਅਮੀਰ ਅਤੇ
ਤੰਦਰੁਸਤ ਵਿਰਸੇ ਨੂੰ ਵੀ ਸੰਭਾਲੀ ਰੱਖਿਆ ਹੈ । ਆਪਸੀ ਪਿਆਰ ਦੀਆਂ ਬਾਤਾਂ ਅਤੇ ਭਾਈਚਾਰਕ ਸਾਂਝ ਦਾ
ਦੁਨੀਆਂ ਲੋਹਾ ਮੰਨਦੀ ਹੈ । ਮੇਲੇ ਮੁਸਾਹਵੇ ,ਅਤੇ ਹੋਰ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਇਹਨਾ
ਦੇ ਮਿਲਾਪੜੇ ਸੁਭਾਅ ਅਤੇ ਖੁਲਦਿਲੇ ਵਿਚਾਰਾਂ ‘ਤੇ ਮੁਹਰ ਲਾਉਂਦੀ ਹੈ । ਅਜਿਹੀ ਕਸਵੱਟੀ ਉੱਤੇ ਹੀ ਖ਼ਰਾ ਉਤਰਦਾ ਹੈ,ਲੁਧਿਆਣਾ
ਜ਼ਿਲ੍ਹੇ ਦਾ ਮੇਲਾ ਛਪਾਰ । ਜਿਸ ਵਿੱਚ ਲੋਕ ਢਾਣੀਆਂ ਬੰਨ੍ਹ ਬੰਨ੍ਹ ਜਾਇਆ ਕਰਦੇ ਹਨ । ਢੋਲ-ਢਮੱਕੇ,ਬੋਲੀਆਂ,ਰੰਗ-ਬਰੰਗੀਆਂ
ਪੱਗਾਂ,ਚੁੰਨੀਆਂ,ਹਾਰ ਸ਼ਿਗਾਰ ਨਾਲ ਰੰਗ ਬੱਝਿਆ ਹੁੰਦਾ ਹੈ । ਦੂਰ ਦੂਰ ਦੇ ਦੁਕਾਨਦਾਰ ਦੁਕਾਨਾ
ਸਜਾਇਆ ਕਰਦੇ ਹਨ । ਚੰਡੋਲ ਝੂਟੇ,ਅਤੇ ਸਾਇੰਸ ਤਕਨੀਕੀ ਨੁਮਾਇਸ਼ਾਂ ਵੀ ਖਿੱਚ ਦਾ ਕੇਂਦਰ ਬਣਿਆਂ
ਕਰਦੀਆਂ ਹਨ । ਰਾਜਨੀਤਕ ਲੀਡਰਾਂ ਨੂੰ ਮੁਸ਼ਕਲ ਨਾਲ ਹੀ ਮਾਈਕ ਮਿਲਦਾ ਹੈ । ਰਾਜਨੀਤੀ ਦੀ ਇਸ ਆਮਦ
ਨੇ ਲੋਕਾਂ ਦੇ ਸੁਹਜ-ਸੁਆਦ,ਸਾਂਝ ਅਤੇ ਮੇਲਾ ਮੇਲੀਆਂ ਦਾ,ਯਾਰਾਂ ਬੇਲੀਆਂ ਦਾ ਵਾਲੀਆਂ ਗੱਲਾਂ ਨੂੰ
ਬਿਮਾਰ ਕਰਿਆ ਹੈ ।
ਜਿਵੇਂ ਹਰ ਤਿੱਥ –ਤਿਓਹਾਰ ਦਾ ਕੋਈ ਨਾ ਕੋਈ ਪਿਛੋਕੜ
ਮੌਜੂਦ ਹੈ ,ਇਵੇਂ ਇਸ ਮੇਲੇ ਬਾਰੇ ਵੀ ਰੌਚਕ ਵੇਰਵੇ ਮਿਲਦੇ ਹਨ । ਇਸ ਦਾ ਸਬੰਧ ਗੁੱਗੇ ਪੀਰ ਨਾਲ
ਜੋੜ ਕੇ ਵੇਖਿਆ ਜਾਂਦਾ ਹੈ । ਏਥੇ ਸਥਿੱਤ ਉਸਦੀ ਮਾੜੀ ਅਤੇ ਉਸਦੇ ਪਿਆਰੇ ਮਿੱਤਰ ਸਿੱਧ ਸੁਲੱਖਣ ਦੀ
ਮੂਰਤੀ ਵੀ ਸ਼ੁਸ਼ੋਬਤ ਹੈ । ਕਰੀਬ 1140 ਈਸਵੀ ਵਿੱਚ ਸਿੰਧ ਤੋਂ ਰਾਜਸਥਾਨ ਅਪੜੇ ਮਹਾਰਾਜਾ ਜਗਦੇਵ ਨੇ
ਆਪਣੇ ਵੰਸ਼ ਨੂੰ ਵਿਸਥਾਰ ਦੇਣ ਲਈ,ਖ਼ਲੀਫ਼ਾ ਵੰਸ਼ ਦੀ ਜੜ੍ਹ ਪੁੱਟ ਕੇ ਆਪਣੀ 6 ਵੀਂ ਪੀਹੜੀ ਤੱਕ ਦੇ
ਜੀਵਨ ਦੌਰਾਂਨ ਸਿੰਧ ਵਿੱਚ ਕਰਾਚੀ ਤੱਕ ਯੁੱਧ ਲੜ੍ਹਨ ਦੀ ਪ੍ਰਵਾਨਗੀ ਦਿੰਦੇ ਹੋਏ ਆਪਣੇ ਪੋਤਿਆਂ
ਬੋਘਾ ਰਾਇ ਅਤੇ ਛਾਪਾ ਰਾਇ ਨੂੰ ਪਿੰਡ ਵਿੱਚ ਵਸਾ ਕੇ ਆਪਣੇ ਵੰਸ਼ਜ਼ ਸਿੱਧ ਸੁਲੱਖਣ ਨੂੰ ਗੁਰ ਮੰਤਰ
ਸਿਖਾਏ । ਇਹਨਾਂ ਦੋਹਾਂ ਦੀ ਏਥੇ ਜਗ੍ਹਾ ਵੀ ਬਣੀ ਹੋਈ ਹੈ । ਗੁੱਗਾ ਪੀਰ ਦੀ ਮਾੜੀ ‘ਤੇ ਸਦੀਆਂ ਤੋਂ ਇਹ ਮੇਲਾ ਹਰ ਸਾਲ 3 ਦਿਨਾਂ ਲਈ ਭਾਦੋਂ ਦੀ ਪੁੰਨਿਆਂ ਤੱਕ ਭਰਦਾ
ਹੈ । ਪਿੰਡ ਦੀ ਦੱਖਣੀ ਗੁੱਠੇ ਪੀਰ
ਦੀ ਮਾੜੀ ‘ਤੇ ਭਰਨ ਵਾਲੇ ਇਸ ਮੇਲੇ ਬਾਰੇ
ਇਹ ਮੱਤ ਵੀ ਪ੍ਰਚੱਲਤ ਹੈ ਕਿ ਰਾਜਸਥਾਨ ਦੀ ਕਿਸੇ ਮਾੜੀ ਤੌ ਮਿੱਟੀ ਲਿਆ ਕੇ 1890 ਬਿਕਰਮੀ ਵਿੱਚ , ਇੱਥੇ ਸਥਾਪਨਾ ਕੀਤੀ ਗਈ ਸੀ
ਅਤੇ ਮੇਲਾ
ਉਦੋਂ ਤੋਂ ਹੀ ਭਰਦਾ ਆ ਰਿਹਾ ਹੈ । ਏਥੇ ਹੀ ਕੁਟੀਆ ਹਲਟੀ ਵਿਖੇ ਸੰਤ ਭੂਰੀਵਾਲਿਆਂ ਵੱਲੋਂ ਸੰਗਤਾਂ
ਦੇ ਸਹਿਯੋਗ ਨਾਲ ਭੰਡਾਰਾ ਚਲਾਇਆ ਜਾਂਦਾ ਹੈ ।
ਗੁੱਗਾ ਸ਼ਬਦ ਉਸ ਸੱਪ ਦਾ
ਵਾਚਕ ਹੈ ਜੋ ਆਪਣਾ ਰੂਪ ਬਦਲ ਕੇ ਮਨੁੱਖੀ ਜਾਮੇ ਵਿੱਚ ਪ੍ਰਵੇਸ਼ ਹੋ ਸਕੇ । ਅੱਜ ਮਿਥ ਨਾਲੋਂ ਤੱਥ
ਨੂੰ ਅਲੱਗ ਕਰਨਾ ਮੁਸ਼ਕਲ ਹੋ ਗਿਆ ਹੈ । ਦੰਤ ਕਥਾਵਾਂ ਨੇ ਹੀ ਬਹੁਤੀ ਥਾਂ ਮੱਲ ਲਈ ਹੈ । ਕਿਹਾ
ਜਾਂਦਾ ਹੈ ਕਿ ਧਰਤੀ ਸ਼ੇਸ਼ ਨਾਗ ਦੇ ਫਣਾਂ ਉੱਤੇ ਟਿਕੀ ਹੋਈ ਹੈ । ਉੱਥੇ ਭਗਵਾਨ ਵਿਸ਼ਣੂੰ ਦਾ
ਸਿੰਘਾਸਨ ਹੈ । ਜ਼ਮੀਨ ਵਾਹੁਣ,ਬੀਜਣ,ਅਤੇ ਫ਼ਸਲ ਕੱਟਣ ਤੋਂ ਪਹਿਲਾਂ ਸਰਪ ਪੂਜਾ ਦੀ ਰਿਵਾਇਤ ਨੂੰ ਬ੍ਰਹਮਣੀ,ਜੈਨਮੱਤ,ਅਤੇ
ਬੋਧੀ ਕਿਸੇ ਨਾ ਕਿਸੇ ਰੰਗ ਢੰਗ ਵਿੱਚ ਪ੍ਰਵਾਨ ਕਰਦੇ ਰਹੇ ਹਨ । ਪੰਜਾਬ,ਦੇਸ਼-ਵਿਦੇਸ਼ ਦੇ ਸ਼ਰਧਾਲੂ ਗੁੱਗਾ
ਪੀਰ ਨੂੰ ਸੱਪਾਂ ਦਾ ਰਾਜਾ ਮੰਨਕੇ ਪੂਜਦੇ ਹਨ । ਗੁੱਗਾ ਇੱਕ ਰਾਜਪੂਤ ਯੋਧਾ ਸੀ । ਪਰ ਉਸ ਨੂੰ ਪੀਰ
ਵਜੋਂ ਪੂਜਿਆ ਜਾਣ ਲੱਗਿਆ ਹੈ । ਜਿਸ ਨੇ ਆਪਣੇ ਕੋੜਮੇ-ਕਬੀਲੇ ਅਤੇ ਹਮਲਾਵਰ ਮੁਸਲਮਾਨ ਧਾੜਵੀਆਂ
ਨਾਲ ਵੀ ਲੜਾਈਆਂ ਲੜੀਆਂ ।
ਪ੍ਰਮੁੱਖ ਦੰਦ ਕਥਾ ਅਨੁਸਾਰ ਗੁੱਗਾ
ਰਾਜਪੂਤ ਚੌਹਾਨ ਸੀ । ਜਿਸ ਦਾ ਜਨਮ ਬੀਕਾਂਨੇਰ ਦੇ ਬੇ-ਔਲਾਦ ਰਾਜਾ ਜੈਮਲ ਦੀ ਪਤਨੀ ਰਾਣੀ ਬਾਛਲ ਦੀ
ਕੁੱਖੋਂ ਕਿਸੇ ਸਾਧੂ ਵਲੋਂ ਦਿੱਤੀ ਗੁੱਗਲ ਸਦਕਾ ਹੋਇਆ । ਜਿਸ ਤੋਂ ਉਹਦਾ ਨਾਅ ਗੁੱਗਾ ਪਿਆ । ਇਸ
ਦੀ ਮੰਗਣੀ ਜ਼ਮਾਨੇ ਦੀ ਖ਼ੂਬਸੂਰਤ ਮੁਟਿਆਰ ਸਿਲਿਅਰ ਨਾਲ ਹੋਈ ਪਰ ਗੁੱਗੇ ਦੇ ਮਸੇਰਾਂ ਅਰਜੁਨ ਅਤੇ
ਸੁਰਜਨ ਨੇ ਹਿੱਕ ਦੇ ਜ਼ੋਰ ਨਾਲ ਇਹ ਰਿਸ਼ਤਾ ਤੁੜਵਾਕੇ ,ਸਿਲਿਅਰ ਨੂੰ ਆਪ ਲੈ ਗਏ । ਗੁੱਗੇ ਨੇ ਸੱਪ
ਦਾ ਰੂਪ ਧਾਰਕੇ ਸਹੇਲੀਆਂ ਵਿੱਚ ਬੈਠੀ ਸਿਲਿਅਰ ਨੂੰ ਜਾ ਡੱਸਿਆ । ਫਿਰ ਇਸ ਸ਼ਰਤ ਉੱਤੇ ਕਿ ਸਿਲਿਅਰ
ਉਹਦੀ ਪਤਨੀ ਬਣੇਗੀ ,ਗੁੱਗੇ ਨੇ ਉਹਦਾ ਜ਼ਹਿਰ ਚੂਸ ਲਿਆ । ਪਰ ਅਰਜਨ-ਸੁਰਜਨ ਨੂੰ ਗੁੱਗੇ ਨੇ ਮਾਰ
ਮੁਕਾਇਆ ਅਤੇ ਸਿਲਿਅਰ ਨੂੰ ਲੈ ਆਇਆ । ਰਾਣੀ ਬਾਛਲ ਨੇ ਜਦ ਇਹ ਸੁਣਿਆਂ ਕਿ ਉਹਦੇ ਪੁੱਤ ਨੇ ਉਹਦੀ
ਭੈਣ ਨੂੰ ਨਿਪੁੱਤੀ ਕਰ ਆਂਦਾ ਹੈ ,ਤਾਂ ਉਸ ਨੇ ਕਿਹਾ ਕਿ ਉਹ ਮੇਰੇ ਮੱਥੇ ਨਾ ਲੱਗੇ । ਇਹ ਸੁਣ ਕੇ
ਗੁੱਗਾ ਘੋੜੇ ਸਮੇਤ ਧਰਤੀ ਵਿੱਚ ਸਮਾਅ ਗਿਆ । ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਗੁੱਗਾ
ਆਪਣੀ ਮਾਂ ਤੋਂ ਚੋਰੀ ਸਿਲਿਅਰ ਨੂੰ ਮਿਲਣ ਆਉਂਦਾ ਰਿਹਾ । ਉਹਦੀ ਮਾਂ ਨੂੰ ਸ਼ੱਕ ਹੋ ਗਿਆ,ਤਾਂ
ਗੁੱਗਾ ਆਉਣੋਂ ਹਟ ਗਿਆ ਅਤੇ ਆਪਣੇ ਸਾਥੀਆਂ ,ਪਰਿਵਾਰ ਮੈਂਬਰਾਂ ਸਮੇਤ ਮਹਿਮੂਦ ਗਜ਼ਨਵੀ ਨਾਲ ਲੜਦਾ
ਘੋੜੇ ਸਮੇਤ ਮਾਰਿਆ ਗਿਆ । ਜਿਸ ਦੀ ਸਮਾਧ ਘੋੜੇ ਸਮੇਤ ਦਦਰੇਵਾ ਪਿੰਡ ਦੇ ਲਾਗੇ ਬੀਕਾਂਨੇਰ ਵਿੱਚ
ਸਥਿੱਤ ਹੈ । ਹਾਜ਼ੀ ਰਤਨ ਨਾਲ ਵੀ ਨਾਤਾ ਜੋੜਿਆ ਜਾਂਦਾ ਹੈ । ਇਹ ਵੀ ਪ੍ਰਚੱਲਤ ਹੈ ਕਿ ਮਿੱਟੀ
ਕੱਢਣ ਵਾਲੇ ਉਸ ਨੂੰ ਧਰਤੀ ਵਿੱਚੋਂ ਲੱਭਦੇ ਹਨ ।
ਸ਼ਾਇਦ ਇਹ ਗੱਲ ਬਹੁਤ ਘੱਟ ਲੋਕਾਂ
ਨੂੰ ਪਤਾ ਹੋਵੇ ਕਿ ਇਸ ਸਥਾਨ ਦਾ ਸਬੰਧ ਮਹਾਂਭਾਰਤ ਕਾਲ ਨਾਲ ਜੋੜ ਕੇ ਵੇਖਣ ਦੀ ਕਥਾ ਵੀ ਪ੍ਰਚੱਲਤ
ਹੈ ਅਤੇ ਇਹ ਪ੍ਰਤਾਪੀ ਅਤੇ ਮਕਬੂਲ ਛੱਪਾ ਰਾਣੀ ਦੀ ਰਾਜਧਾਨੀ ਵੀ ਸੀ । ਇਹ ਵੀ ਕਿਹਾ ਜਾਂਦਾ ਕਿ
ਅਰਜੁਨ ਦੇ ਪੁੱਤਰ ਅਭਿਮੰਨੂੰ ਦੀ ਮੰਗੇਤਰ ਕੌਲ ਬਸੰਤੀ ਵੀ ਏਥੋਂ ਦੀ ਹੀ ਸੀ । ਇਸ ਪਿੰਡ ਦਾ ਨਾਅ
ਪਹਿਲੋਂ ਪਹਿਲ ਦਮੜੀ ਪਿੰਡ ਪ੍ਰਚੱਲਤ ਸੀ । ਸਤਲੁਜ ਦਾ ਵਹਿਣ ਵੀ ਏਥੇ ਸੀ । ਪੰਝੀ ਕਿਲ੍ਹੇ ਜ਼ਮੀਨ
ਅਤੇ ਇਸ ਸਥਾਨ ਨੂੰ 1914 ਵਿੱਚ ਪੱਕਾ ਕਰਵਾਉਣ ਸਬੰਧੀ ਨਾਭੇ ਦੇ ਰਾਜਾ ਜਸਵੰਤ ਸਿੰਘ ਦਾ ਨਾਅ ਵੀ
ਬੋਲਦਾ ਹੈ ।
ਏਥੇ ਖਿੱਲਾਂ,ਪਤਾਸੇ,ਅਨਾਜ,ਖੰਡ ਦੇ
ਖਿਡੌਣੇ,ਸੇਵੀਆਂ,ਚਾਂਦੀ ਦਾ ਸੱਪ ਅਤੇ ਸੱਪਣੀ ਦਾ ਜੋੜਾ ਚੜ੍ਹਾਉਣ ਦੇ ਨਾਲ ਨਾਲ ਸ਼ਰਧਾਲੂ ਅੱਧੇ
ਚੱਕਰ ਵਿੱਚ ਸੱਤ ਵਾਰ ਮਿੱਟੀ ਵੀ ਕਢਦੇ ਹਨ । ਇਸ ਮੇਲੇ ਨਾਲ ਸਬੰਧਤ ਕਈ ਪੰਜਾਬੀ ਲੋਕ ਬੋਲੀਆਂ ਵੀ
ਪ੍ਰਚੱਲਤ ਹਨ ;
ਆਰੀ ਆਰੀ,ਮੇਲਾ ਤਾਂ ਛਪਾਰ
ਲਗਦਾ ,ਲਗਦਾ ਜਗਤ ਤੋਂ ਭਾਰੀ।
ਮੇਲੇ ਗਿਆ,ਤਾਂ ਲਿਆਂਵੀਂ ਪਹੁੰਚੀ,ਵੇ
ਲੈ ਜਾ ਮੇਰਾ ਗੁੱਟ ਮਿਣਕੇ ।
ਚੱਲ ਚੱਲੀਏ ਛਪਾਰ ਦੇ
ਮੇਲੇ,ਮੁੰਡਾ ਤੇਰਾ ਮੈ ਚੱਕ ਲਊਂ।
ਮੇਰੀ ਰੋਂਦੀ ਨਾ ਵਰਾਈ
ਲਾਡੋ,ਵੇ ਕੀ ਲੱਪ ਰਿਊੜੀਆਂ ਦੀ ।
ਦੂਰ ਦੂਰ ਤੋਂ ਆਉਂਦੀਆਂ
ਨਾਰਾਂ,ਨਾਲੇ ਔਣ ਵਣਜਾਰੇ
ਉੱਠ ਛਪਾਰ ਦੇ ਮੇਲੇ ਨੂੰ,
ਚੱਲ ਚੱਲੀਏ ਮੁਟਿਆਰੇ ।
ਮੇਲਿਆਂ ‘ਚੋਂ ਮੇਲਾ,ਮੇਲਾ ਹੈ ਛਪਾਰ ਦਾ ,
ਟੌਹਰ ਕੱਢ ਮੁਟਿਆਰੇ,ਬੋਤਾ ਮੈ
ਸ਼ਿੰਗਾਰਦਾ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
98157-07232