Tuesday, October 22, 2013

ਵਰਤ ਕਰਵਾ ਚੌਥ ਦਾ ਇੱਕ ਇਹ ਵੀ ਪੱਖ



                                                     ਰਣਜੀਤ ਸਿੰਘ ਪਰੀਤ            

        ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਕਰਵਾ ਚੌਥ ਵਰਤ ਕਤੱਕ ਵਦੀ ਚੌਥ ਨੂੰ ਸੁਹਾਗਣ ਇਸਤਰੀਆਂ ਵੱਲੋਂ ਇੱਕ ਦਿਨ ਲਈ ਰੱਖਿਆ ਜਾਂਦਾ ਹੈਮਹਿਲਾਵਾਂ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਪੇਕਿਆਂ ਤੋਂ ਸਰਗੀ ਵਿੱਚ ਆਏ ਖਾਣ-ਪਾਣ  ਦੀ ਵਰਤੋਂ ਕਰਦਿਆਂ ਵਰਤ ਸ਼ੁਰੂ ਕਰਿਆ ਕਰਦੀਆਂ ਹਨ । ਫਿਰ ਸਾਰਾ ਦਿਨ ਕੁੱਝ ਨਹੀਂ ਖਾਧਾ ਜਾਂਦਾ । ਰਾਤ ਵੇਲੇ ਚੰਦ੍ਰਮਾ ਨੂੰ ਕਰੂਏ (ਮਿੱਟੀ ਦਾ ਛੋਟਾ ਜਿਹਾ ਲੋਟਾ) ਨਾਲ ਅਰਗ ਦਿੰਦੀਆਂ ਹਨ ਅਤੇ ਪਤੀ ਦਾ ਮੂੰਹ ਵੇਖ ਕੇ ਵਰਤ ਖੋਹਲਦੀਆਂ ਹਨਕੋਰੇ ਕਰਵੇ (ਮਿੱਟੀ ਦਾ ਲੋਟਾ) ਨਾਲ ਹਰ ਸਾਲ ਇਹ ਭਾਵ ਦਰਸਾਉਂਣ ਦਾ ਯਤਨ ਕੀਤਾ ਜਾਂਦਾ ਹੈ ਕਿ ਉਹ ਵਿਆਹ ਸਮੇਂ ਵੀ ਇਸ ਕਰੂਏ ਵਾਂਗ ਕੋਰੀ ਸੀ,ਅਤੇ ਅੱਜ ਵੀ ਉਹ ਵਫਾਦਾਰ ਪਤੀ ਬਰਤਾ ਹੈ ਇਸ ਉਪਰੰਤ ਇਹ ਸਵਾਲ ਸਿਰ ਚੁੱਕਦਾ ਹੈ ਕਿ ਸਿਰਫ ਇਸਤਰੀ ਹੀ ਇਹ ਸਬੂਤ ਕਿਉਂ ਦੇਵੇ,ਇਹ ਅਸੂਲ ਤਾਂ ਮਰਦ ਉਪਰ ਵੀ ਬਰਾਬਰ ਲਾਗੂ ਹੁੰਦਾ ਹੈ ਕਿ ਉਹ ਵੀ  ਪਵਿੱਤਰ ਇਖ਼ਲਾਕ ਅਤੇ ਵਫਾਦਾਰੀ ਦਾ ਪ੍ਰਮਾਣ ਦੇਵੇ । ਅਸਲ ਵਿੱਚ ਇਹ ਰੀਤ ਇਸਤਰੀ ਨੂੰ ਪੁਰਸ਼ ਤੋਂ ਨੀਵਾਂ ਦਰਸਾਉਂਣ ਵਾਲੀ ਹੈ । ਪੁਰਸ਼ ਦੀ ਦਾਸੀ ਬਣਕੇ ਰਹਿਣ ਨੂੰ ਪ੍ਰੇਰਿਤ ਕਰਦੀ ਹੈ ।              
            ਇਸ ਵਰਤ ਨੂੰ ਖੋਹਲਣ ਤੋਂ ਪਹਿਲਾ ਪੂਰੀਆਂ ਸਜ ਧਜ ਕੇ ਇਹ ਸੁਹਾਗਣਾਂ ਆਪਣੇ ਆਪਣੇ ਹੱਥਾਂ ਵਿੱਚ ਥਾਲ ਲੈ ਕੇ ਜਿਸ ਵਿੱਚ ਮੱਠੀਆਂ, ਬਦਾਮ, ਛੁਹਾਰੇ, ਪੈਸੇ ਆਦਿ ਰੱਖੇ ਵਾਲੇ ਥਾਲ ਲੈ ਕੇ ਗੋਲ ਚੱਕਰ ਵਿੱਚ ਬੈਠਦੀਆਂ ਹਨ,ਜਿਸ ਨੂੰ ਬੇਆ ਵੀ ਕਹਿੰਦੇ ਹਨ । ਬੇਆ ਦੇ ਵਟਾਂਦਰੇ ਸਮੇਂ ਕਰਵੜਾ ਨੀ ਕਰਵੜਾਲੈ ਨੀ ਭੈਣੇ ਕਰਵੜਾ, ਲੈ ਵੀਰੋ ਕੁੜੀਏ ਕਰਵੜਾ, ਲੈ ਸਰਬ ਸੁਹਾਗਣ ਕਰਵੜਾ, ਲੈ ਇੱਛਾਵੰਤੀ ਕਰਵੜਾ, ਲੈ ਭਾਈਆਂ ਦੀ ਭੈਣੇ ਕਰਵੜਾ, ਕੱਤੀਂ ਨਾ ਅਟੇਰੀਂ ਨਾ, ਘੁੰਮ ਚਰਖੜਾ ਫੇਰੀਂ ਨਾ, ਸੁੱਤੇ ਨੂੰ ਜਗਾਈਂ ਨਾ, ਰੁੱਸੇ ਨੂੰ ਮਾਨਈਂ ਨਾ, ਪਾਟੜਾ ਸੀਵੀਂ ਨਾ…… ਕਰਵੜਾ ਵਟਾਇਆ, ਜਿਵੰਦਾ ਝੋਲੀ ਪਾਇਆ ਗਾਉਂਦੀਆਂ ਨੂੰ ਸੱਤ ਭਰਾਵਾਂ ਦੀ ਇੱਕ ਭੈਣ ਵਾਲੀ,ਪਤੀ ਦੇ ਸਰੀਰ ਵਿੱਚ 365 ਕੰਡੇ ਖੁੱਭਣ ਵਾਲੀ ਜਾਂ ਹੋਰ ਪ੍ਰਚਲਤ ਮਿਥਿਹਾਸਕ ਕਹਾਣੀਆਂ ਵਿੱਚੋਂ ਕੋਈ ਇੱਕ ਕਹਾਣੀ ਪੰਡਤਾਣੀ ਵੱਲੋਂ ਸੁਣਾ ਕੇ ਹਊਆ ਪੈਦਾ ਕੀਤਾ ਜਾਂਦਾ ਹੈ । 
                 ਸੁਣਾਈਆਂ ਜਾਂਦੀਆਂ ਕਹਾਣੀਆਂ ਦਾ ਜੇ ਪੋਸਟ ਮਾਰਟਮ ਕਰੀਏ ਤਾਂ ਕਈ ਤਰਾਂ ਦੇ ਸਵਾਲ ਪੈਦਾ ਹੋ ਜਾਂਦੇ ਹਨਕੰਡੇ ਖੁੱਬਿਆਂ ਵਾਲਾ ਰਾਜਾ ਕੌਣ ਸੀ ? ਇਹ ਕਦੋਂ ,ਕਿੱਥੇ ਰਾਜ ਕਰਦਾ ਸੀ ? ਉਸ ਦੀਆਂ ਸੂਈਆਂ ਕੱਢਣ ਲਈ ਕਿਸੇ ਵੈਦ ਨੂੰ ਕਿਉਂ ਨਾ ਸੱਦਿਆ ਗਿਆ ? ਇੱਕ ਜਾਂ ਦੋ ਦਿਨ ਵਿੱਚ ਸੂਈਆਂ ਕੱਢਣ ਦੀ ਬਜਾਇ ਇੱਕ ਸਾਲ ਕਿਓਂ ਲਗਾਇਆ ਗਿਆ ? ਅਖੀਰਲੀ ਸੂਈ ਕੱਢਣ ਤੇ ਹੀ ਰਾਜੇ ਨੂੰ ਹੋਸ਼ ਕਿਉਂ ਆਈ ?  ਕੀ ਉਹ  364 ਸੂਈਆਂ ਨਿਕਲਣ ਉਪਰੰਤ ਠੀਕ ਨਹੀਂ ਸੀ ਹੋਇਆ । ਠੀਕ ਹੋਣ ਤੇ ਉਹ ਆਪਣੀ ਪੱਤਨੀ ਦੀ ਪਹਿਚਾਣ ਕਿਵੇਂ ਭੁੱਲ ਗਿਆ ?
    ਇਸ ਤੋਂ ਇਲਾਵਾ ਆਪਣੀ ਕਿਸੇ ਮਨੌਤ ਨੂੰ ਮਨਵਾਉਣ ਲਈ ਜਾਂ ਇੱਛਾ ਦੀ ਪੂਰਤੀ ਲਈ ਭੁੱਖੇ ਪਿਆਸੇ ਰਹਿ ਕੇ ਹੱਠ ਕਰਨਾ ਇਸ ਪ੍ਰਕਿਰਿਆ ਦਾ ਜ਼ਰੂਰੀ ਅੰਗ ਹੈ, ਜਿਸਦਾ ਤੱਥਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈਦੂਜੀ ਗੱਲ ਪਤੀ ਦੀ ਲੰਮੀ ਉਮਰ ਲਈ ਕਾਮਨਾ ਕਰਦਿਆਂ ਅਜਿਹਾ ਕਰਨਾ ਕੁਦਰਤੀ ਅਸੂਲ ਤੋਂ ਪੂਰੀ ਤਰ੍ਹਾਂ ਉਲਟ ਹੈਕੀ ਅਜਿਹੀ ਕਿਰਿਆ ਰੱਬ ਤੋਂ ਆਪਣੀ ਮੰਗ ਮਨਵਾਉਣ ਲਈ ਭੁੱਖ ਹੜਤਾਲ ਵਾਂਗ ਨਹੀਂ ਹੈ ? ਕੀ ਅਜਿਹੀ ਜ਼ਿਦ ਅਤੇ ਹੱਠ ਨਾਲ ਕੁਦਰਤ ਆਪਣਾ ਨੇਮ ਬਦਲ ਸਕਦੀ ਹੈ ? ਇਸ ਬਾਰੇ ਇਹ ਕਿਵੇਂ ਪਤਾ ਲਗਦਾ ਹੈ ਕਿ ਵਰਤਣ ਇਸਤਰੀ ਦੇ ਪਤੀ ਦੀ ਉਮਰ ਵਿੱਚ ਕਿੰਨਾਂ ਵਾਧਾ ਹੋਇਆ ਹੈ ਅਤੇ ਪਹਿਲਾਂ ਉਸ ਨੇ ਕਿੰਨੀ ਉਮਰ ਬਿਤਾਉਂਣੀ ਸੀ ? ਜ਼ਰਾ ਸੋਚੋ ਜੇਕਰ ਭੁੱਖੇ ਰਹਿਣ ਨਾਲ ਉਮਰ ਦੇ ਵਾਧੇ ਦਾ ਕੋਈ ਸਬੰਧ ਹੋਵੇ ਤਾਂ ਇਸ ਦੇਸ਼ ਵਿੱਚ ਹੀ ਕਿੰਨੇ ਲੋਕ ਹਨ ਜਿਹਨਾਂ ਨੂੰ ਰੋਟੀ ਨਸੀਬ ਨਹੀਂ ਹੁੰਦੀ ਕੀ ਉਹ ਚਿਰੰਜੀਵੀ ਬਣ ਗਏ ਹਨ ?
            ਇਸ ਰੀਤ ਵਿੱਚ ਚੰਦ੍ਰਮਾ ਨੂੰ ਦੇਵਤਾ ਮੰਨ ਕੇ ਸਾਰਾ ਕਰਮਕਾਂਡ ਵਾਪਰਦਾ ਹੈ,ਚੰਦ੍ਰਮਾ ਨੂੰ ਵੇਖ ਕੇ ਵਰਤ ਤੋੜਨਾ, ਉਸ ਨੂੰ ਜਲ ਅਰਪਿਤ ਕਰਨਾ, ਉਸ ਦੀ ਪੂਜਾ ਕਰਨੀ, ਆਦਿ ਇਸ ਰਸਮ ਦੇ ਅਹਿਮ ਹਿੱਸੇ ਹਨ। ਪਰ ਚੰਨ ਤਾਂ ਖੁਦ ਹੀ ਇੱਕ ਧਰਤੀ ਹੈ । ਵਰਤ ਰੱਖਣ ਦਾ ਇੱਕ ਵਿਸ਼ੇਸ਼ ਲਾਭ ਇਹ ਜ਼ਰੂਰ ਹੈ ਕਿ ਇਸ ਨਾਲ ਬਹੁਤ ਅਨਾਜ ਅਤੇ ਹੋਰ ਸਮਾਨ ਦੀ ਬੱਚਤ ਹੋ ਜਾਂਦੀ ਹੈ । ਸਰੀਰਕ ਸਥਿੱਤੀ ਲਈ ਵੀ ਹਰੇਕ ਨੂੰ ਹਫ਼ਤੇ ਵਿੱਚ ਇੱਕ ਦਿਨ ਦਾ ਵਰਤ ਰੱਖਣਾ ਲਾਭਕਾਰੀ ਹੈ । ਪਰ ਇਸ ਦਿਨ ਕੀਤੀ ਜਾਂਦੀ ਗਲਤ ਖਰੀਦਦਾਰੀ ਅਤੇ ਰੀਸੋ ਰੀਸੀ ਖਰਚਾ ਕਰਨਾ ਲਾਭਕਾਰੀ ਨਹੀਂ ਕਿਹਾ ਜਾ ਸਕਦਾ । ਅੱਜ ਬਹੁਤੇ ਕਤਲ ਕੇਸਾਂ ਵਿੱਚ ਇਸਤਰੀ ਦਾ ਹੱਥ ਹੋਣ ਦੇ ਵੀ ਪੁਖਤਾ ਸਬੂਤ ਮਿਲਦੇ ਹਨ ,ਇਸ ਸੰਦਰਭ ਵਿੱਚ ਕਰਵਾ ਚੌਥ ਦੇ ਵਰਤ ਦੀ ਸਥਿੱਤੀ ਛੰਨੇ ਵਿਚਲੇ ਪਾਣੀ ਵਰਗੀ ਨਹੀਂ ਜਾਪਦੀ ?        

Thursday, October 17, 2013

ਬੇ-ਸਹਾਰਿਆਂ ਦਾ ਸਹਾਰਾ ਸੀ ;ਸੰਤ ਬਾਬਾ ਮੋਹਨ ਸਿੰਘ ਜੀ



18 ਅਕਤੂਬਰ ਬਰਸੀ ਤੇ ਵਿਸ਼ੇਸ਼
  ਬੇ-ਸਹਾਰਿਆਂ ਦਾ ਸਹਾਰਾ ਸੀ ;ਸੰਤ ਬਾਬਾ ਮੋਹਨ ਸਿੰਘ ਜੀ
                               ਰਣਜੀਤ ਸਿੰਘ ਪਰੀਤ
                    ਬੇ-ਸਹਾਰਿਆਂ ਦਾ ਸਹਾਰਾ,ਨਿ-ਆਸਰਿਆਂ ਦਾ ਆਸਰਾ,ਦੀਨ ਦੁਖੀਆਂ ਦੇ ਮਸੀਹਾ,ਸੰਤ ਬਾਬਾ ਮੋਹਨ ਸਿੰਘ ਦਾ ਜਨਮ ਮਾਤਾ ਕਰਮ ਕੌਰ ਅਤੇ ਪਿਤਾ ਕੱਥਾ ਸਿੰਘ ਦੇ ਘਰ ਪਾਕਿਸਤਾਨ ਵਿੱਚ ਹੋਇਆ । ਕੁਰਸੀਆਂ ਦੀ ਵੰਡ ਲਈ ਦੇਸ਼ ਦੀ ਵੰਡ ਨੇ ਪਰਵਾਰਾਂ ਦਾ ਵੀ ਨਿਖੇੜਾ ਪਾ ਦਿੱਤਾ । ਇਸ ਦਾ ਸ਼ਿਕਾਰ ਹੋਏ ਮੋਹਨ ਸਿੰਘ ਜੀ ਨੇ ਸ਼ਰਨਾਰਥੀ ਕੈਂਪਾਂ ਵਿੱਚ ਲੋੜਵੰਦਾਂ ਦੀ ਸੇਵਾ ਸੰਭਾਲ ਦੇ ਨਾਲ ਨਾਲ ਵਿਛੜਿਆਂ ਨੂੰ ਮਿਲਾਉਂਣ ਅਤੇ ਮੁੜ ਵਸੇਬੇ ਨੂੰ ਆਪਣਾ ਧਰਮ ਬਣਾ ਲਿਆ । ਕੁੱਝ ਸਮਾਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅਤੇ ਫਿਰ ਭਗਤ ਪੂਰਨ ਸਿੰਘ ਨਾਲ ਵੀ ਬਿਤਾਇਆ । 
                   ਸੇਵਾ ਭਾਵਨਾਂ ਨੂੰ ਵੇਖਦਿਆਂ ਭਗਤ ਪੂਰਨ ਸਿੰਘ ਨੇ ਪਟਿਆਲਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਰਿਹਾਇਸ਼ ਦਾ ਪ੍ਰਬੰਧ ਕਰਦਿਆਂ ਇਲਾਕੇ ਵਿੱਚੋਂ ਦਸਵੰਧ ਇਕੱਠਾ ਕਰਨ ਅਤੇ ਲੋੜਵੰਦਾਂ ਨੂੰ ਅੰਮ੍ਰਿਤਸਰ ਵਿਖੇ ਲਿਆਉਂਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ । ਜਦ ਅੰਮ੍ਰਿਤਸਰ ਵਿਖੇ ਲਿਜਾਏ ਲੋੜਵੰਦਾਂ ਨੂੰ ਉੱਥੇ ਜਗ੍ਹਾ ਦੀ ਘਾਟ ਕਾਰਣ ਵਾਪਸ ਪਟਿਆਲੇ ਲਿਆਉਣਾਂ ਪੈਂਦਾ ਤਾਂ ਅਜਿਹੀ ਔਖਿਆਈ ਵੇਖ ਦੁਖ ਨਿਵਾਰਨ ਸਾਹਿਬ ਦੇ ਤਤਕਾਲੀਨ ਮੈਨੇਜਰ ਅਜਾਇਬ ਸਿੰਘ ਜੀ ਨੇ ਕਿਹਾ ਕਿ ਉਹ ਇਹਨਾਂ ਸਾਰੇ ਲਾਵਾਰਸਾਂ, ਅਪਾਹਜਾਂ, ਪਾਗਲਾਂ, ਬਿਮਾਰਾਂ ਨੂੰ ਏਥੇ ਹੀ ਸੰਭਾਲਣ ਲੱਗ ਜਾਣ ।                    

                    ਇਸ ਤਹਿਤ ਹੀ ਉਹਨਾਂ ਨੇ 1983 ਵਿੱਚ ਪਾਸੀ ਰੋਡ ਤੇ ਪਾਟੀਆਂ-ਪੁਰਾਣੀਆਂ ਬੋਰੀਆਂ ਨੂੰ ਤੰਬੂ- ਕਨਾਤਾਂ ਵਾਂਗ ਲਗਾ ਕੇ ਮਜ਼ਬੂਰ- ਲਾਚਾਰਾਂ ਨੂੰ  ਸੰਭਾਲਣਾ ਸ਼ੁਰੂ ਕਰ ਦਿੱਤਾ । ਲੋੜਵੰਦਾਂ ਨੂੰ ਦੁਆਈ ਦਿਵਾਉਂਣ ਲਈ ਖੁਦ ਹੀ ਰਿਕਸ਼ਾ ਰੇਹੜੀ ਚਲਾ ਕੇ ਲਿਜਾਂਦੇ ਅਤੇ ਇਹਨਾਂ ਦੀ ਪੇਟ ਪੂਰਤੀ ਲਈ ਨੇੜਲੇ ਇਲਾਕੇ ਵਿੱਚੋਂ ਭੋਜਨ ਆਦਿ ਮੰਗ ਕੇ ਲਿਆਉਂਦੇ । ਇਸ ਰੁਝੇਵੇਂ ਦੌਰਾਂਨ ਹੀ ਬਾਬਾ ਜੀ ਦੀ ਪੱਤਨੀ ਚਰਨ ਕੌਰ ਦਾ ਵੀ ਦਿਹਾਂਤ ਹੋ ਗਿਆ ਅਤੇ ਦੋ ਕੁ ਸਾਲ ਦੇ ਛੋਟੇ ਬੇਟੇ ਬਲਬੀਰ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਦੇਵਾ ਯਤੀਮਖਾਨੇ ਵਿੱਚ ਹੀ ਬਚਪਨ ਬਿਤਾਉਂਣਾ ਪਿਆ ।

                                ਜ਼ਰੂਰਤਵੰਦਾਂ ਦੀ ਗਿਣਤੀ ਵਧਣ ਨਾਲ ਜਗ੍ਹਾ ਘਟ ਗਈ,ਤਾਂ ਮੌਕੇ ਦੇ ਡਿਪਟੀ ਕਮਿਸ਼ਨਰ ਐਸ ਕੇ ਸਿਨਾਹ ਨੇ ਸਨੌਰ ਸੜਕ ਤੇ ਜਗ੍ਹਾ ਅਲਾਟ ਕਰ ਦਿੱਤੀ । ਜਿੱਥੇ ਦਾਨੀਆਂ ਦੀ ਮਦਦ ਨਾਲ ਉਸਾਰੇ ਆਸ਼ਰਮ ਨੂੰ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਨਾਅ ਤਹਿਤ ਰਜਿਸਟਰਡ ਕਰਵਾਇਆ ਗਿਆ । ਪਰ ਸੰਤ ਬਾਬਾ ਮੋਹਨ ਸਿੰਘ ਜੀ 18 ਅਕਤੂਬਰ 1994 ਨੂੰ ਸਵਰਗ ਸੁਧਾਰ ਗਏ । ਉਹਨਾਂ ਦੀ ਬਰਸੀ ਹਰ ਸਾਲ 16 ਤੋਂ 18 ਅਕਤੂਬਰ ਤੱਕ ਮਨਾਈ ਜਾਂਦੀ ਹੈ,ਆਸ਼ਰਮ ਵਿੱਚ ਇਲਾਜ ਨਾਲ ਠੀਕ ਹੋਈਆਂ ਲੜਕੀਆਂ ਜਾਂ ਹੋਰ ਗਰੀਬ ਲੜਕੀਆਂ ਦੇ ਬਰਸੀ ਮੌਕੇ ਵਿਆਹ ਵੀ ਕੀਤੇ ਜਾਂਦੇ ਹਨ । ਇਸ ਵਾਰ 19 ਵੀਂ ਬਰਸੀ ਮੌਕੇ 11 ਲੜਕੀਆਂ ਦੇ ਵਿਆਹ ਕਰਨ ਦੇ ਨਾਲ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਲੋੜਵੰਦਾਂ ਦੇ ਮਸੀਹਾ ਸੁਰਿੰਦਰ ਪਾਲ ਸਿੰਘ ਓਬਰਾਏ ਨੂੰ ਸੰਤ ਬਾਬਾ ਮੋਹਣ ਸਿੰਘ ਮੈਮੋਰੀਅਲ ਨਿਸ਼ਕਾਮ ਸਮਾਜ ਸੇਵੀ ਸੰਤ ਰਤਨ ਐਵਾਰਡ ਦਿੱਤਾ ਜਾ ਰਿਹਾ ਹੈ । ਇਹ ਸਾਰਾ ਪ੍ਰਬੰਧ ਆਪਣੇ ਪਿਤਾ ਜੀ ਦੇ ਕਦਮ ਚਿੰਨ੍ਹਾ ਤੇ ਚਲਦਿਆਂ ਔਕੜਾਂ,ਘਾਟਾਂ ਦਾ ਸਾਹਮਣਾ ਕਰਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਜੀ ਦਾਨੀਆਂ ਦੀ ਮਦਦ ਨਾਲ ਚਲਾ ਰਹੇ ਹਨ । ਜਿੰਨ੍ਹਾਂ ਦੇ ਰੋਮ ਰੋਮ ਵਿੱਚ ਪਿਤਾ ਵਾਲੀਆਂ ਸੇਵਾ ਭਾਵਨਾਵਾਂ ਪੂਰੀ ਤਰ੍ਹਾਂ ਬਰਕਰਾਰ ਹਨ ।

Sunday, October 13, 2013

ਫੁੱਟਬਾਲ ਵਿਸ਼ਵ ਕੱਪ ਲਈ 13 ਟੀਮਾਂ ਦਾ ਹੋਇਆ ਫੈਸਲਾ

                    ਰਣਜੀਤ ਸਿੰਘ ਪ੍ਰੀਤ
              ਅਗਲੇ ਸਾਲ 13 ਜੂਨ ਤੋਂ 23 ਜੁਲਾਈ ਤੱਕ ਬਰਾਜ਼ੀਲ ਦੇ 12 ਸ਼ਹਿਰਾਂ ਵਿੱਚ ਖੇਡੇ ਜਾਣ ਵਾਲੇ ਫੁੱਟਬਾਲ ਵਿਸ਼ਵ ਕੱਪ ਲਈ 13 ਟੀਮਾਂ ਨੇ ਕੁਆਲੀਫਾਈ ਕਰ ਲਿਆ ਹੈ । ਇਹਨਾਂ ਵਿੱਚੋਂ 5 ਟੀਮਾਂ ਦਾ ਸਬੰਧ ਯੂਰਪ ਨਾਲ,4 ਦਾ ਏਸ਼ੀਆ ਨਾਲ,2 ਦਾ ਦੱਖਣੀ ਅਫਰੀਕਾ ਨਾਲ ਅਤੇ 2 ਟੀਮਾਂ ਦਾ ਸਬੰਧ ਕਾਨਕੈਫ ਖੇਟਤਰ ਨਾਲ ਹੈ । ਯੂਰਪ ਦੀਆਂ 5 ਟੀਮਾਂ ਵਿੱਚ ਨੀਦਰਲੈਂਡ,ਇਟਲੀ,ਬੈਲਜੀਅਮ,ਜਰਮਨੀ,ਸਵਿਟਜਰਲੈਂਡ,ਦੱਖਣੀ ਅਮਰੀਕਾ ਤੋਂ ਮੇਜ਼ਬਾਨ ਬਰਾਜ਼ੀਲ,ਅਰਜਨਟੀਨਾ,ਮੱਧ ਅਤੇ ਉੱਤਰੀ ਅਮਰੀਕਾ ਤੋਂ ਅਮਰੀਕਾ ਅਤੇ ਕੋਸਟਾਰੀਕਾ ਨੇ ਫਾਈਨਲ ਗੇੜ ਦਾ ਬੂਹਾ ਖੜਕਾਇਆ ਹੈ । ਜ਼ਿਕਰਯੋਗ ਹੈ ਕਿ ਸੱਭ ਤੋਂ ਵੱਧ 5 ਵਾਰ ਇਹ ਆਲਮੀ ਕੱਪ ਬਰਾਜ਼ੀਲ ਨੇ ਜਿੱਤ ਕੇ ਸਾਂਭਾਂ ਨਾਚ ਨੱਚਿਆ ਹੈ ।
ਕਬੱਡੀ ਕੱਪ ਹੁਣ 9 ਨਵੰਬਰ ਦੀ ਬਜਾਏ 30 ਨਵੰਬਰ ਨੂੰ ਹੋਵੇਗਾ ਸ਼ੁਰੂ
 ਪੰਜਾਬ ਦੀ ਧਰਤੀ 'ਤੇ 9 ਤੋਂ 23 ਨਵੰਬਰ ਤੱਕ ਹੋਣ ਵਾਲਾ ਪੁਰਸ਼ਾਂ ਦਾ ਚੌਥਾ ਤੇ ਔਰਤਾਂ ਦਾ ਤੀਸਰਾ ਕਬੱਡੀ ਵਿਸ਼ਵ ਕੱਪ ਮੁਲਤਵੀ ਕਰ ਦਿੱਤਾ ਗਿਆ ਹੈ | ਹੁਣ ਇਹ ਵਿਸ਼ਵ ਕੱਪ 30 ਨਵੰਬਰ ਤੋਂ 14 ਦਸੰਬਰ ਤੱਕ ਹੋਵੇਗਾ | ਖੇਡ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰੀ ਸੋਹਨ ਲਾਲ ਲੋਟੇ ਨੇ ਕਿਹਾ ਕਿ ਵਿਸ਼ਵ ਕੱਪ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ | ਇਸ ਵਾਰ ਵਿਸ਼ਵ ਕੱਪ 'ਚ ਪੁਰਸ਼ਾਂ ਦੀਆਂ 12 ਅਤੇ ਔਰਤਾਂ ਦੀਆਂ ਅੱਠ ਟੀਮਾਂ ਹਿੱਸਾ ਲੈਣਗੀਆਂ | ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਵੰਬਰ 'ਚ ਹੋਣ ਦੀ ਸੰਭਾਵਨਾ ਕਾਰਨ ਵਿਸ਼ਵ ਕੱਪ ਮੁਲਤਵੀ ਹੋਣ ਦੀ ਚਰਚਾ ਸੀ, ਪਰ ਹੁਣ ਦਸੰਬਰ ਮਹੀਨੇ 'ਚ ਐਨ. ਆਰ. ਆਈ. ਸੰਮੇਲਨ ਹੋਣ ਕਰਕੇ ਇਸ ਦੇ ਸਮਾਂਤਰ ਹੀ 30 ਨਵੰਬਰ ਤੋਂ ਕਬੱਡੀ ਵਿਸ਼ਵ ਕੱਪ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ | ਜਿਸ ਕਰਕੇ ਪ੍ਰਵਾਸੀ ਪੰਜਾਬੀ ਸੰਮੇਲਨ ਦੇ ਨਾਲ-ਨਾਲ ਵਿਸ਼ਵ ਕੱਪ ਦਾ ਅਨੰਦ ਵੀ ਮਾਣ ਸਕਣਗੇ |


ਪਾਇਕਾ ਸਕੀਮ ਦੀਆਂ ਪੰਜਾਬ ਪੇਂਡੂ ਖੇਡਾਂ ਹੋਈਆਂ ਮੁਲਤਵੀ
ਖੇਡ ਵਿਭਾਗ ਪੰਜਾਬ ਵੱਲੋਂ ਪਾਇਕਾ ਸਕੀਮ ਅਧੀਨ ਕਰਵਾਈਆਂ ਜਾਣ ਵਾਲੀਆਂ ਪੰਜਾਬ ਰਾਜ ਪੇਂਡੂ ਖੇਡਾਂ 2013-14 ਮੁਲਤਵੀ ਕਰ ਦਿੱਤੀਆਂ ਗਈਆਂ ਹਨ | ਖੇਡ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰੀ ਸੋਹਨ ਲਾਲ ਲੋਟੇ ਨੇ ਇਸ ਸਬੰਧੀ ਦੱਸਿਆ ਕਿ ਚੌਥੇ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨਾ ਪਿਆ ਹੈ | ਜ਼ਿਕਰਯੋਗ ਹੈ ਕਿ ਪੰਜਾਬ ਰਾਜ ਪੇਂਡੂ ਖੇਡਾਂ (ਲੜਕੇ) ਲੁਧਿਆਣਾ ਵਿਖੇ 18 ਤੋਂ 20 ਅਕਤੂਬਰ ਤੱਕ ਅਤੇ ਲੜਕੀਆਂ ਦੀਆਂ ਖੇਡਾਂ 26 ਤੋਂ 28 ਅਕਤੂਬਰ ਤੱਕ ਜਲੰਧਰ ਵਿਖੇ ਹੋਣੀਆਂ ਸਨ | ਸ੍ਰੀ ਲੋਟੇ ਨੇ ਦੱਸਿਆ ਕਿ ਪੰਜਾਬ ਰਾਜ ਪੇਂਡੂ ਖੇਡਾਂ ਦੀਆਂ ਬਦਲੀਆਂ ਹੋਈਆਂ ਤਾਰੀਕਾਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ |
ਨਹੀਂ ਰਿਹਾ ਸਾਬਕਾ ਹਾਕੀ ਖਿਡਾਰੀ ਮੁਹੰਮਦ ਯਾਕੂਬ

ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਅਤੇ 1958 ਟੋਕੀਓ ਏਸ਼ੀਆਈ ਹਾਕੀ ਵਿੱਚੋਂ ਚਾਂਦੀ ਦਾ ਤਗਮਾ ਜੇਤੂ ਰਹੀ ਭਾਰਤੀ ਟੀਮ ਦੇ ਮੈਂਬਰ ਮੁਹੰਮਦ ਯਾਕੂਬ ਦਾ 12 ਅਕਤੂਬਰ ਨੂੰ ਬਰੇਲੀ ਵਿੱਚ ਦਿਹਾਂਤ ਹੋ ਗਿਆ | ਉਹ 90 ਵਰਿਆਂ ਦੇ ਸਨ | ਯਾਕੂਬ ਨੇ ਆਪਣੇ 18 ਸਾਲ ਲੰਬੇ ਕੈਰੀਅਰ ਦੌਰਾਨ ਮੇਜਰ ਧਿਆਨ ਚੰਦ ਨਾਲ ਵੀ ਹਾਕੀ ਖੇਡੀ | ਉਹ ਹਾਕੀ ਦੇ ਕੌਮੀ ਅੰਪਾਇਰ ਅਤੇ ਫੁੱਟਬਾਲ ਦੇ ਕੌਮੀ ਰੈਫਰੀ ਵੀ ਰਹਿ ਚੁੱਕੇ ਸਨ |