Friday, September 14, 2012

ਪਾਣੀ ਵਿੱਚ ਮਾਰਾਂ ਡੀਟਾਂ,ਮੁੱਕੀਆਂ ਹੁਣ ਆਉਂਣ ਤਰੀਕਾਂ ;ਹਾਕਮ ਸੂਫ਼ੀ


              ਅੱਜ 14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
  ਪਾਣੀ ਵਿੱਚ ਮਾਰਾਂ ਡੀਟਾਂ,ਮੁੱਕੀਆਂ ਹੁਣ ਆਉਂਣ ਤਰੀਕਾਂ ;ਹਾਕਮ ਸੂਫ਼ੀ
                              ਰਣਜੀਤ ਸਿੰਘ ਪ੍ਰੀਤ
  ਅੱਜ 14 ਸਤੰਬਰ ਦੀ ਦੁਪਹਿਰ ਨੂੰ ਸਾਫ਼-ਸੁਥਰੀ ਗਾਇਕੀ ਦੇ ਸ਼ਾਹ ਸਵਾਰ ਹਾਕਮ ਸੂਫ਼ੀ ਨੂੰ ਸ਼ਰਧਾਂਜਲੀ ਸਮਾਗਮ ਮੌਕੇ ਕੁੱਝ ਉਹ ਲੋਕ ਵੀ ਸਪੀਕਰ ਦਾ ਅੜਾਟ ਪਵਾਉਂਣਗੇ ,ਜਿੰਨ੍ਹਾਂ ਨੇ ਨਿੱਜੀ ਵੱਡੇ ਸਰਮਾਇ ਦੇ ਬਾਵਜੂਦ ਵੀ ਬਿਮਾਰੀ ਸਮੇ ਹਾਕਮ ਸੂਫ਼ੀ ਦੀ ਮਦਦ ਲਈ ਹੱਥ ਨਹੀਂ ਵਧਾਇਆ । ਇਹਨਾਂ ਦੇ ਮਗਰਮੱਛੀ ਹੰਝੂ ਅੱਜ ਵੇਖਣ ਵਾਲੇ ਹੋਣਗੇ । ਗਾਇਕੀ ਦੇ ਸਿਖ਼ਰ ’ਤੇ ਬੈਠੇ ਅਤੇ ਹਾਕਮ ਸੂਫ਼ੀ ਨੂੰ ਆਪਣਾ ਉਸਤਾਦ ਕਹਿਣ ਵਾਲਿਆਂ ਨੇ ਵੀ ਮੁਸ਼ਕਲਾਂ ਸਮੇ ਘੇਸਲ ਵੱਟੀ ਰੱਖੀ । ਅੱਜ ਦੁੱਖ ਜੇ ਹੈ ਤਾਂ ਪੰਜਾਬੀ ਮਾਂ ਬੋਲੀ ਨੂੰ ,ਅੱਜ ਜੇ ਦੁੱਖ ਹੈ ਤਾਂ ਪੰਜਾਬੀਅਤ ਨੂੰ,ਅੱਜ ਜੇ ਦੁੱਖ ਹੈ ਤਾਂ ਉਹਦੇ ਭਰਾਵਾਂ ਹਰਚਰਨ ਚੀਨਾ,ਨਛੱਤਰ ਬਾਬਾ,ਭੈਣਾਂ ਸ਼ਾਤੀ,ਇੰਦਰਜੀਤ ਅਤੇ ਜਗਦੀਪ ਨੂੰ ,ਜਾਂ ਉਹਦੇ ਪਾਗੀ ਭਰਾਵਾਂ ਵਰਗੇ ਦੋਸਤਾਂ ਨੂੰ ਅਤੇ ਸਾਫ਼ ਸੁਥਰੀ ਲੇਖਣੀ ਵਾਲੀਆਂ ਕਲਮਾਂ ਨੂੰ,ਬਾਕੀ ਸੱਭ ਲੋਕ ਵਿਖਾਵਾ-ਡਰਾਮੇਬਾਜ਼ੀ-ਰਾਜਨੀਤੀ ਅਤੇ ਭਾਸ਼ਨ ਦੇਣ ਦਾ ਚਾਅ ਪੂਰਾ ਕਰਨ ਵਾਲੀਆਂ ਗੱਲਾਂ ਹਨ । ਅਜਿਹਾ ਕਿਸੇ ਨੇਤਾ ਜਾਂ ਪੈਸੇ ਦੇ ਪੁੱਤ ਨਾਲ ਵਾਪਰਿਆ ਹੁੰਦਾ,ਤਾਂ ਅੱਜ ਦੁਨੀਆਂ ਦੇ ਵੱਡੇ ਵੱਡੇ ਨੇਤਾਵਾਂ ਦੇ ਵੀ ਸ਼ੋਕ ਸੁਨੇਹੇਂ ਪਹੁੰਚਣੇ ਸਨ । ਦੇਸ਼ ਦੇ ਵੱਡੇ ਵੱਡੇ ਮੰਤਰੀਆਂ,ਨੇਤਾਵਾਂ ਦੀਆਂ ਗੱਡੀਆਂ ਨੇ ਗਿੱਦੜਬਹਾ ਦੇ ਰਾਹਾਂ ਨੂੰ ਗਰਦਾਗੋਰ ਕਰ ਦੇਣਾ ਸੀ । ਪਰ ਉਹ ਇੱਕ ਗਰੀਬੜਾ ਜਿਹਾ ਅਧਿਆਪਕ ਸੀ । ਕਾਲੀ ਕੰਬਲੀ ਅਤੇ ਡੱਫਲੀ ਉਹਦੀਆਂ ਸਾਥਣਾਂ ਸਨ । ਟੁੱਟਿਆ-ਭੱਜਿਆ ਸਾਇਕਲ ਉਹਦੇ ਔਖੇ ਸੌਖੇ ਰਾਹਾਂ ਦਾ ਸਾਥੀ ਸੀ । ਇਸ ਮੌਕੇ ਉਸ ਨੂੰ ਯਾਦ ਕਰਨਾ ਅਤੇ ਜੀਵਨ ਕਹਾਣੀ ਜਾਨਣਾ ਅਤੇ ਸਾਰਿਆਂ ਨਾਲ ਸਾਂਝੀ ਕਰਨਾ ਵੀ ਜ਼ਰੂਰੀ ਜਾਪਦਾ ਹੈ ।
                     ਪੰਜਾਬ ਦੇ ਨਾਮਵਰ ਸੂਫ਼ੀ ਗਾਇਕ,ਗਿਦੜਬਹਾ ਇਲਾਕੇ ਦੇ ਜਗਰਾਤਿਆਂ ਵਰਗੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਭਰਨ ਵਾਲੇ,ਸੁਰੀਲੇ,ਸਾਰੀ ਉਮਰ ਵਿਆਹ ਨਾ ਕਰਵਾਉਂਣ ਵਾਲੇ,ਕਿਸੇ ਗੁੱਝੀ ਦਾਸਤਾਂ ਦਾ ਸੇਕ ਅੰਦਰੇ- ਅੰਦਰ ਹੰਢਾਉਣ ਵਾਲੇ,ਨਾਭੇ ਤੋਂ ਆਰਟ ਐਂਡ ਕਰਾਫਟ ਦਾ ਕੋਰਸ ਕਰਕੇ 22 ਜਨਵਰੀ 1976 ਨੂੰ ਅਧਿਆਪਕ ਵਜੋਂ ਜੰਗੀਰਾਣਾ ਸਕੂਲ ਵਿੱਚ ਹਾਜ਼ਰ ਹੋਣ ਅਤੇ ਏਥੋਂ ਹੀ 34 ਸਾਲਾਂ ਬਾਅਦ 31 ਮਾਰਚ 2010 ਨੂੰ ਸੇਵਾ ਮੁਕਤ ਹੋਣ ਵਾਲੇ,ਗੁਰਦਾਸ ਮਾਨ ਤੋਂ ਦੋ ਕੁ ਸਾਲ ਪਿੱਛੇ ਪੜ੍ਹਨ ਵਾਲੇ ਅਤੇ ਉਹ ਨੂੰ ਹਰ ਸਮੇ ਨੇਕ ਸਲਾਹ ਦੇਣ ਵਾਲੇ ਅਧਿਆਪਕ ਹਾਕਮ ਸੂਫ਼ੀ ਦਾ 4 ਸਤੰਬਰ ਮੰਗਲਵਾਰ ਦੀ ਰਾਤ ਨੂੰ ਦਿਹਾਂਤ ਹੋ ਗਿਆ । ਉਹ ਪਿਛਲੇ ਕੁੱਝ ਸਾਲਾਂ ਤੋਂ ਦਿਲ ਅਤੇ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸੀ । ਇੱਕ ਪਾਸੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਵੰਡੇ ਜਾ ਰਹੇ ਸਨ ਅਤੇ ਦੂਜੇ ਪਾਸੇ ਗਿੱਦੜਬਹਾ ਦੇ ਸਿਵਿਆਂ ਵਿੱਚ ਹਾਕਮ ਦੇ ਅੰਤਮ ਸੰਸਕਾਰ ਲਈ ਚਿਖਾ ਚਿਣੀ ਜਾ ਰਹੀ ਸੀ । ਜਿੱਥੇ ਬਾਅਦ ਦੁਪਹਿਰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਉਹਦੀ ਚਿਖਾ ਨੂੰ ਨਮ ਅੱਖਾਂ ਨਾਲ ਉਹਦੇ ਭਰਾਵਾਂ ਨਛੱਤਰ ਸਿੰਘ ਬਾਬਾ ਅਤੇ ਹਰਚਰਨ ਚੀਨਾ ਨੇ ਅਗਨੀ ਦਿੱਤੀ । ਉਹ ਹੱਥ ਜੋ ਬਲੈਕ ਬੋਰਡ ਉੱਤੇ ਸਕੂਲੀ ਬੱਚਿਆਂ ਨੂੰ ਚਾਕ ਦੀ ਮਦਦ ਨਾਲ ਲਕੀਰਾਂ ਵਾਹ ਕੇ ਡਰਾਇੰਗ ਸਿਖਾਇਆ ਕਰਦੇ ਸਨ । ਅੱਜ ਉਹੀ ਹੱਥ ਅਤੇ ਹੱਥਾਂ ਦੀਆਂ ਲਕੀਰਾਂ ਜਲ ਕਿ ਰਾਖ਼ ਬਣ ਰਹੀਆਂ ਸਨ । ਚਕਾਚੌਂਧ ਭਰੀ ਜ਼ਿੰਦਗੀ ਤੋਂ ਲਾਂਭੇ ਰਹਿਣ ਵਾਲੇ ਅਤੇ 1985 ਤੋਂ 1995 ਤੱਕ ਸਾਫ-ਸੁਥਰੀ ਗਾਇਕੀ ਨਾਲ ਸਿਖਰਾਂ ਛੁਹਣ ਵਾਲੇ ਇਸ ਸਾਧੂ ਸੁਭਾਅ ਦੇ ਫੱਕਰ  ਦਾ ਜਨਮ 3 ਮਾਰਚ, 1952 ਨੂੰ ਜ਼ਿਲਾ-ਮੁਕਤਸਰ ਦੇ ਸ਼ਹਿਰ ਗਿੱਦੜਬਾਹਾ ਵਿਖੇ ਪਿਤਾ ਕਰਤਾਰ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੇ ਘਰ ਇੱਕ ਅਤੀ ਗਰੀਬ ਪਰਿਵਾਰ ਵਿੱਚ ਹੋਇਆ | ਇਸ ਪਰਿਵਾਰ ਵਿੱਚ ਹਾਕਮ ਸਮੇਤ 4 ਲੜਕੇ ਅਤੇ 4 ਲੜਕੀਆਂ ਨੇ ਜਨਮ ਲਿਆ । ਇਹਨਾਂ ਵਿੱਚੋਂ ਇੱਕ ਭਰਾ ਮੇਜਰ ਸਿੰਘ ਅਤੇ ਇੱਕ ਭੈਣ ਬਲਵਿੰਦਰ ਕੌਰ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕੇ ਹਨ ।
            ਉਹ ਸਾਈਂ ਫਰੀਦ ਮੁਹੰਮਦ ਫਰੀਦ ਨੂੰ ਆਪਣਾ ਆਦਰਸ਼ ਮੰਨਿਆਂ ਕਰਦੇ ਸਨ । ਸੰਗੀਤ ਸਿਖਿਆ ਮਗਰੋਂ 1970 ਵਿੱਚ ਹਾਕਮ ਨੇ ਗਾਇਕੀ ਵਿੱਚ ਕਦਮ ਰੱਖਿਆ । ਹਾਕਮ ਸੂਫੀ ਨੇ ਜੀ ਟੀ. ਵੀ. ਤੋਂ ਪਹਿਲੀ ਵਾਰ 'ਸੁਰਮਈ ਸ਼ਾਮ' ਪ੍ਰੋਗਰਾਮ ਰਾਹੀ ਸਰੋਤਿਆਂ ਨੂੰ ਕੀਲਿਆ | ਉਸ ਨੇ ਨਵੇਂ ਸਾਲ ਦੇ ਪ੍ਰੋਗਰਾਮ ਮੌਕੇ ਜਲੰਧਰ ਦੂਰਦਰਸ਼ਨ ਤੋਂ ਵੀ ਦੋ ਗੀਤ ਪੇਸ਼ ਕੀਤੇ । ਪਰ ਉਸ ਦਾ ਸੰਗੀਤ ਬਜ਼ਾਰ ਵਿੱਚ ਸਭ ਤੋਂ ਪਹਿਲਾ ਤਵਾ "ਮੇਲਾ ਯਾਰਾ ਦਾ(1984)" ਨੂੰ ਐਚ ਐਮ ਵੀ ਕੰਪਨੀ ਨੇ ਰਿਕਾਰਡ ਕਰਿਆ । ਜਿਸਦੇ ਸਾਰੇ ਹੀ ਗੀਤ ਸੁਪਰਹਿੱਟ ਰਹੇ ਅਤੇ ਅੱਜ ਤੱਕ ਬਾ-ਦਸਤੂਰ ਉਸੇ ਤਰਾਂ ਹੀ ਲੋਕ ਗੀਤਾਂ ਵਾਂਗ ਸੁਣੇ ਅਤੇ ਗੁਣਗੁਣਾਏ ਜਾਂਦੇ ਹਨ | ਉਸ ਨੇ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਵਿੱਚ ਵੀ ਕੰਮ ਕਰਿਆ । ਮੇਲਾ ਯਾਰਾਂ ਦਾ,ਝੱਲਿਆ ਦਿਲਾ ਵੇ,ਤੋਂ ਵੀ ਦੋ ਕਦਮ ਅੱਗੇ ਵਧ ਕੇ ਨਿਭਿਆ ਵਰਿੰਦਰ ਦੀ ਫਿਲਮ ‘ਯਾਰੀ ਜੱਟ ਦੀ’ ਵਿਚ ਗਾਇਆ ਗੀਤ ਪਾਣੀ ਵਿੱਚ ਮਾਰਾਂ ਡੀਟਾਂ,ਕਰਦੀ ਪਈ ਰੋਜ਼ ਉਡੀਕਾਂ,ਸੱਜਣ ਮਿਲਵਾ ਦੇ,ਪਾਵੀਂ ਨਾ ਦੂਰ ਤਰੀਕਾਂ,ਅੱਜ ਵੀ ਪੰਜਾਬੀਆਂ ਦੀ ਜ਼ੁਬਾਂਨ ਤੇ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਕੈਸਿਟਾਂ ‘ਦਿਲ ਵੱਟੇ ਦਿਲ’ ਅਤੇ ‘ਦਿਲ ਤੜਫੇ’ ਬਾਜ਼ਾਰ ਵਿਚ ਆਈਆਂ,ਤਾਂ ਇਹਨਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ । ਹਾਕਮ ਬਗੈਰ ਕਿਸੇ ਤੜਕ-ਭੜਕ ਤੋਂ ਸਟੇਜ ਕਰਿਆ ਕਰਦਾ ਸੀ ਅਤੇ ਸਰੋਤੇ ਬਹੁਤ ਸਕੂਨ ਮਹਿਸੂਸ ਕਰਿਆ ਕਰਦੇ ਸਨ । ਉਸ ਨੇ ਪੈਸੇ ਲੈ ਕੇ ਨਹੀਂ ਗਾਇਆ,ਜਿਸ ਨੇ ਜੋ ਵੀ ਦੇ ਦਿੱਤਾ ,ਦੇ ਦਿੱਤਾ । “ ਚਰਖੇ ਦੀ ਟੁੱਟ ਗਈ ਮਾਹਲ “ਅਤੇ ਕੋਕਾ ਘੜਵਾ ਦੇ ਮਾਹੀਆ ਕੋਕਾ ਵਰਗੇ ਗੀਤ ਵੀ ਬਹੁ-ਚਰਚਿੱਤ ਰਹੇ । ਹਾਕਮ ਨੇ ਪ੍ਰੋਗਰਾਮ ਹਾਸਲ ਕਰਨ ਲਈ ਕਿਸੇ ਟੀ ਵੀ ਚੈਨਲ ਦੀਆਂ ਮਿੰਤਾਂ ਨਹੀਂ ਕੀਤੀਆਂ । ਮੜ੍ਹਕ ਨਾਲ ਜਿਓਂ ਕਿ ਦਿਖਾਇਆ । ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਨਹੀਂ ਦਿੱਤੇ ,ਕੈਸਿਟਾਂ ਰਿਲੀਜ਼ ਕਰਨ ਲਈ ਕੋਈ ਡਰਾਮਾਂ ਨਹੀਂ ਰਚਿਆ । ਉਸ ਨੂੰ ਸੁਰ ਸੰਗੀਤ ਦੀ ਪੂਰੀ ਸੋਝੀ ਸੀ ਅਤੇ ਉਹਦੀਆਂ ਇਹਨਾਂ ਕੈਸਿਟਾਂ ਮੇਲਾ ਯਾਰਾਂ ਦਾ,ਦਿਲ ਵੱਟੇ ਦਿਲ,ਝੱਲਿਆ ਦਿਲਾ ਵੇ,ਸੁਪਨਾ ਮਾਹੀ ਦਾ,ਕੋਲ ਬਹਿਕੇ ਸੁਣ ਸੱਜਣਾ,ਦਿਲ ਤੜਫ਼ੇ,ਗੱਭਰੂ ਪੰਜਾਬ ਦਾ,ਇਸ਼ਕ ਤੇਰੇ ਵਿੱਚ,ਚਰਖਾ ਅਤੇ ਛੱਲਾ ਨੇ ਪਾਕਿਸਤਾਨੀ ਪੰਜਾਬ ਦੇ ਬਾਜ਼ਾਰ ਵਿੱਚ ਵੀ ਧੁੰਮਾਂ ਪਾਈ ਰੱਖੀਆਂ । ਹਾਕਮ ਸੂਫ਼ੀ ਨੇ ਓਸ਼ੋ ਨੂੰ ਗੁਰੂ ਧਾਰਿਆ ਤਾਂ ਉਹਦੀ ਜ਼ਿੰਦਗੀ ਅਤੇ ਸੋਚ ਹੋਰ ਵੀ ਬਦਲ ਗਈ । ਉਸ ਦਾ ਕੁਦਰਤ ਨਾਲ ਬਹੁਤ ਮੋਹ ਸੀ । ਜੰਗੀਰਾਣਾ ਸਕੂਲ ਗਵਾਹੀ ਭਰਦਾ ਹੈ ਕਿ ਉੱਥੇ ਏਨੀ ਹਰਿਆਵਲ ਕਿਹੜੇ ਹੱਥਾਂ ਦੀ ਦੇਣ ਹੈ । ਗਿੱਦੜਬਹਾ ਦੇ ਸ਼ਮਸ਼ਾਨ ਘਾਟ ਦੀ ਹਰਿਆਵਲ ਇਸ ਗੱਲ ਨੂੰ ਤਸਦੀਕ ਕਰਦੀ ਹੈ ।

                    ਆਪਣੀ ਮਿੱਟੀ ਨਾਲ ਜੁੜੇ ਰਹਿਣ ਵਾਲੇ, ਜ਼ਮੀਨੀ ਹਕੀਕਤਾਂ ਨੂੰ ਗਲ ਲਗਾਕੇ ਰੱਖਣ ਵਾਲੇ ਹਾਕਮ ਸੂਫੀ ਲਈ ਇੱਕ ਖੁਸ਼ਗਵਾਰ ਸਮਾਂ ਅਜਿਹਾ ਵੀ ਆਇਆ । ਜਦ ਪੰਜਾਬੀ ਦੇ 10 ਸਿਖ਼ਰਲੇ ਗਾਇਕਾਂ ਵਿੱਚ ਉਸਦਾ ਨਾਅ ਬੋਲਣ ਲੱਗਿਆ ।ਉਸ ਨੂੰ ਪੀਪਲਜ਼ ਫੋਰਮ ਬਰਗਾੜੀ ਵੱਲੋਂ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਅਤੇ ਬਠਿੰਡਾ ਵਿਖੇ ਨਵੰਬਰ 2011 ਨੂੰ ਲਾਲ ਚੰਦ ਯਮਲਾ ਜੱਟ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ । ਗੁਰਦਾਸ ਮਾਨ ਨਾਲ ਉਸਦੀ ਖੂਬ ਨਿਭਦੀ ਸੀ । ਦੋਨੋ ਇੱਕੋ ਸ਼ਹਿਰ ਦੇ,ਸਮਕਾਲੀ ਗਾਇਕ,ਇਕੱਠੇ ਹੀ ਸਟੇਜ ਕਾਰਜ ਕਰਦੇ ਰਹੇ ਸਨ । ਪਰ ਫਿਰ ਅਲੱਗ ਅਲੱਗ ਗਾਉਣ ਲੱਗੇ, ਸ਼ਾਇਦ ਗੁਰਦਾਸ ਮਾਨ ਦਾ ਫ਼ਰਸ਼ ਤੋਂ ਅਰਸ਼ ‘ਤੇ ਜਾਣਾ ਕਾਰਣ ਰਿਹਾ ਹੋਵੇ । ਕਰੀਬ 15 ਸਾਲਾਂ ਬਾਅਦ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇ ਜਦ ਦੋਹਾਂ ਨੇ ਮਿਲਕੇ ਸੱਜਣਾ ਓ ਸੱਜਣਾ ਗਾਇਆ,ਤਾਂ ਸਰੋਤੇ ਨਸ਼ਿਆ ਗਏ ਸਨ । ਪਰ ਦੋਨੋ ਨਮ ਅੱਖਾਂ ਨਾਲ ਇੱਕ ਦੂਜੇ ਨੂੰ ਵੇਖ ਰਹੇ ਸਨ । ਡੱਫਲੀ  ਜਿਸ ਦਾ ਮੁਢਲਾ ਨਾਅ ਖੰਜਰੀ ਹੁੰਦਾ ਸੀ ਨੂੰ ਸੱਭ ਤੋਂ ਪਹਿਲਾਂ ਹਾਕਮ ਨੇ ਹੀ ਸਟੇਜ ਉੱਤੇ ਲਿਆਂਦਾ ਅਤੇ ਗਾਇਕੀ ਦੇ ਨਾਲ ਨਾਲ ਐਕਸ਼ਨ ਕਰਨ ਦੀ ਪਿਰਤ ਦਾ ਵੀ ਅਗਾਜ਼ ਕਰਿਆ । ਜਿਸ ਨੂੰ ਗੁਰਦਾਸ ਮਾਨ ਨੇ ਅਪਣਾਇਆ ਅਤੇ ਖ਼ੂਬ ਨਾਮ ਕਮਾਇਆ ।
                      ਗੁਰਦਾਸ ਮਾਨ ਅਤੇ ਹਾਕਮ ਸੂਫੀ ਨੇ ਜੋ ਕਵਾਲੀ ਹਿੰਦੀ ਫ਼ਿਲਮ ਵਿੱਚ ਪੇਸ਼ ਕੀਤੀ ,ਉਸ ਨੇ ਹਿੰਦੀ ਦੇ ਚਰਚਿੱਤ ਕਵਾਲਾਂ ਨੂੰ ਵੀ ਝੂਮਣ ਲਾ ਦਿੱਤਾ ਸੀ । ਤਿੜਕੀਆਂ ਕੰਧਾਂ ਦੇ ਅੰਗ ਸੰਗ ਲਿਪਟ ਕਿ ਲਿਓੜ ਵਰਗੀ ਜ਼ਿੰਦਗੀ ਹਾਂ ਜੀਅ ਰਹੇ ਵਰਗੇ ਗੰਭੀਰ ਅਤੇ ਸਾਹਿਤਕ ਸ਼ਬਦ ਹਾਕਮ ਦਾ ਹਾਸਲ ਹਨ । ਉਸ ਨੂੰ ਦੁਨੀਆਂਦਾਰੀ ਵਾਲੀ ਚਲਾਕੀ ਨਹੀਂ ਸੀ ਆਉਂਦੀ,ਕਈ ਵਾਰ ਅਜਿਹਾ ਵੀ ਹੋਇਆ ਕਿ ਉਹ ਸਿਵਿਆਂ ਵਿਚਲੇ ਦਰੱਖਤਾਂ ਹੇਠ ਸੌਂ ਲੈਂਦਾ । ਜਿੱਥੇ ਹੁਣ ਉਹਦਾ ਪੱਕਾ ਵਾਸਾ ਹੋ ਗਿਆ ਹੈ । ਇਸ ਬਾਰੇ ਉਹ ਹਸਦਾ ਹਸਦਾ ਕਿਹਾ ਕਰਦਾ ਸੀ ਕਿ ਜਦੋਂ ਕੋਈ ਮਰਦਾ ਹੈ ਤਾਂ ਲੋਕ ਉਸ ਨੂੰ ਸਿਵਿਆਂ ਵਿੱਚ ਲਿਆਉਂਦੇ ਹਨ,ਪਰ ਮੇਰੀ ਗੱਲ ਏਦੂੰ ਉਲਟ ਹੋਣੀ ਹੈ,ਪਹਿਲਾਂ ਮੇਰੀ ਲਾਸ਼ ਨੂੰ ਸਿਵਿਆਂ ਵਿੱਚੋਂ ਘਰ ਲਿਜਾਣਗੇ ਅਤੇ ਫਿਰ ਵਾਪਸ ਲਿਆਉਣਗੇ । ਪੜ੍ਹਾਈ ਸਮੇ ਉਸਦਾ ਛੋਟੀ ਉਮਰ ਵਿੱਚ ਹੀ ਪੇਟਿੰਗ ਅਤੇ ਬੁੱਤ ਤਰਾਸ਼ੀ ਨਾਲ ਲਗਾਓ ਸੀ । ਛੋਟੀ ਉਮਰ ਵਿੱਚ ਹੀ ਉਸ ਨੇ ਗੁਣਗੁਨਾਉਣਾ ਵੀ ਸ਼ੁਰੂ ਕਰ ਦਿੱਤਾ ਸੀ । ਕਹਿੰਦੇ ਹਨ ਕਿ ਇੱਕ ਵਾਰ ਇੱਕ ਲਾ-ਵਾਰਸ ਲਾਸ਼ ਦਾ ਇਹਨਾਂ ਕੁੱਝ ਮੁੰਡਿਆਂ ਨੇ ਰਲਕੇ ਸਸਕਾਰ ਕਰਿਆ,ਅਤੇ ਸਾਰੀ ਰਾਤ ਉਸ ਦੀ ਚਿਖਾ ਕੋਲ ਬੈਠੇ ਹੀ ਗਾਉਂਦੇ ਰਹੇ । ਅੱਜ ਵੱਡੇ ਵੱਡੇ ਅਮੀਰਜਾਦਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਰੋਜ਼ਾਨਾ ਕਿੰਨੀ ਆਮਦਨ ਹੈ । ਕਰੋੜਾਂ ਰੁਪਿਆ ਲਕੋਦੇ ਹਨ ,ਲੱਖਾ ਰੁਪਏ ਟੈਕਸ ਭਰਦੇ ਹਨ । ਇਹਨਾ ਦੀਆਂ ਭਰੀਆਂ ਤਜੌਰੀਆਂ ਦੇ ਸਾਹਮਣੇ ਇੱਕ ਗਰੀਬ ਪਰਿਵਾਰ ਦਾ ਜੰਮਪਲ ਸਿਰਫ਼ 60 ਸਾਲ ਦੀ ਉਮਰ ਵਿੱਚ ਇਲਾਜ ਦੀ ਘਾਟ ਕਾਰਣ ਸਾਥੋਂ ਵਿਛੜ ਗਿਆ । ਪਰ ਹੀਰੇ ਦੀ ਪਰਖ ਜੌਹਰੀ ਹੀ ਜਾਣਦੇ ਹਨ ,ਇਹਨਾਂ ਲੋਕਾਂ ਨੂੰ ਇਹਦੀ ਕੀਮਤ ਅਤੇ ਅਸਲੀਅਤ ਦਾ ਹੀ ਪਤਾ ਨਹੀਂ ਹੁੰਦਾ ।
               ਲੋਕ  ਹਾਕਮ ਸੂਫੀ ਨੂੰ ਗੁਰਦਾਸ ਮਾਨ ਦਾ ਉਸਤਾਦ ਕਹਿੰਦੇ ਰਹੇ ਹਨ । ਗੁਰਦਾਸ ਮਾਨ ਦਾ ਕਹਿਣਾ ਹੁੰਦਾ ਸੀ ਕਿ ਆਤਮ ਪ੍ਰਕਾਸ਼ ਅਤੇ ਚਰਨਜੀਤ ਅਹੂਜਾ ਤੋਂ ਗੀਤ ਸੰਗੀਤ ਬਾਰੇ ਕੁੱਝ ਕੁ ਜਾਣਕਾਰੀ ਹਾਸਲ ਕੀਤੀ ਹੈ । ਪਰ ਗੁਰਦਾਸ ਮਾਨ ਨੇ ਕਦੇ ਵੀ ਇਹ ਗੱਲ ਨਹੀਂ ਆਖੀ ਕਿ ਹਾਕਮ ਸੂਫੀ ਉਸਦਾ ਉਸਤਾਦ ਨਹੀਂ ਹੈ । ਉਹ ਕਹਿ ਦਿਆ ਕਰਦਾ ਏ ਠੀਕ ਏ ਬਾਬਿਓ । ਗੱਲ ਭਾਵੇਂ ਕੋਈ ਵੀ ਰਹੀ ਹੋਵੇ ਲੋਕ ਹਾਕਮ ਸੂਫੀ ਨੂਂ ਹੀ ਉਸਤਾਦ ਮੰਨਦੇ ਹਨ । ਹੁਣ ਗੁਰਦਾਸ ਮਾਨ ਕੀਹਨੂੰ ਮਿਲੂਗਾ,ਝੁੱਗੀਆਂ–ਝੌਂਪੜੀਆਂ ਵਾਲੇ, ਜੋਗੀ,ਗੱਡੀਆਂ ਵਾਲੇ ਰਮਤਾ ਕਬੀਲੇ ਅਤੇ ਉਹਦੇ ਪ੍ਰਸੰਸਕ ਲੋਕ ਉਸ ਕਾਲੀ ਕੰਬਲੀ ਓੜੀ ਵਾਲੇ ਨੂੰ ਕਿੱਥੋਂ ਲੱਭਣਗੇ ? ਪਰ ਉਹ ਅਜਿਹੀਆਂ ਅਮਿਟ ਪੈੜਾਂ ਪਾ ਕਿ ਗਿਆ ਏ ,ਜਿੰਨ੍ਹਾਂ ਨੂੰ ਕੋਈ ਮਿਟਾ ਨਹੀਂ ਸਕਦਾ । ਉਹਦੀਆਂ ਯਾਦਾਂ ਇਤਿਹਾਸ ਦੀ ਬੁੱਕਲ਼ ਦਾ ਨਿੱਘ ਬਣੀਆਂ ਰਹਿਣਗੀਆਂ,ਜਿਤਨੀ ਦੇਰ ਤੱਕ ਸੂਫ਼ੀ ਗਾਇਕੀ ਅਤੇ ਸਾਫ਼ ਸੁਥਰੀ ਗਾਇਕੀ ਦੀ ਗੱਲ ਤੁਰਦੀ ਰਹੇਗੀ ।
**********************
ਰਣਜੀਤ ਸਿੰਘ ਪ੍ਰੀਤ
98157-07232

Thursday, September 13, 2012

ਬਰਤਾਨੀਆਂ ਲਈ ਰਿਕਾਰਡ ਹੋਲਡਰ ਬਣਿਆਂ;ਐਂਡੀ ਮਰੇ


          ਬਰਤਾਨੀਆਂ ਲਈ ਰਿਕਾਰਡ ਹੋਲਡਰ ਬਣਿਆਂ;ਐਂਡੀ ਮਰੇ
                              ਰਣਜੀਤ ਸਿੰਘ ਪ੍ਰੀਤ
                       ਅਮਰੀਕੀ ਓਪਨ ਦੇ ਇਤਿਹਾਸ ਵਿੱਚ ਬਰਤਾਨੀਆਂ ਦੇ ਐਂਡੀ ਮਰੇ ਨੇ ਸਰਬੀਆ ਦੇ ਨੋਵਾਕ ਜੋਕੋਵਿੱਚ ਨੂੰ 7-6,7-5,2-6,3-6,6-2 ਨਾਲ ਹਰਾ ਕੇ ਇਤਿਹਾਸ ਦਾ ਨਵਾਂ ਪੰਨਾ ਲਿਖ ਦਿੱਤਾ ਹੈ । ਬਰਤਾਨੀਆਂ ਦੀ ਪੁਰਸ਼ ਗਰੈਂਡਸਲੈਮ ਲਈ 76 ਸਾਲਾਂ ਤੋਂ ਲੱਗੀ ਔੜ ਨੂੰ ਤੋੜਨ ਵਿੱਚ ਸਫ਼ਲ ਰਿਹਾ ਮਰੇ ਨੇ ਖ਼ਿਤਾਬ ਜਿੱਤ ਕੇ ਵੱਡੇ ਚੈਪੀਅਨ ਬਣਨ ਦਾ ਤਾਜ ਪਹਿਨਿਆਂ ਹੈ । ਇਸ ਤੋਂ ਪਹਿਲਾਂ ਫ੍ਰੈਡ ਪੈਰੀ ਨੇ 1936 ਵਿੱਚ ਅਮਰੀਕੀ ਓਪਨ ਦਾ ਖ਼ਿਤਾਬ ਜਿੱਤਿਆ ਸੀ । ਇਹ ਮੈਚ 4 ਘੰਟੇ 54 ਮਿੰਟ ਤੱਕ ਚੱਲਿਆ । ਜੋ ਅਮਰੀਕੀ ਓਪਨ ਇਤਿਹਾਸ ਦਾ ਦੂਜਾ ਲੰਬੇ ਸਮੇ ਤੱਕ ਚੱਲਿਆ ਮੈਚ ਹੈ ।
                  25 ਵਰ੍ਹਿਆਂ ਦੇ ਮਰੇ ਨੇ ਮੈਚ ਵਿੱਚ 5 ਏਸ ਅਤੇ ਵਿਰੋਧੀ ਨੇ 7 ਏਸ ਲਗਾਏ । ਟੇਨਿਸ ਰੈਕਿੰਗ ਦੇ ਟਾਪ ਟੈੱਨ ਖਿਡਾਰੀਆਂ ਨਾਲ ਇਸ ਸਾਲ ਮਰੇ ਨੇ 7 ਮੈਚ ਖੇਡੇ ਹਨ । ਜਿੰਨ੍ਹਾਂ ਵਿੱਚੋਂ 6 ਵਿੱਚ ਜਿੱਤ ਹਾਸਲ ਕੀਤੀ ਹੈ । ਇੱਕੋ ਇੱਕ ਹਾਰ ਵਿੰਬਿਲਡਨ ਦੇ ਫਾਈਨਲ ਵਿੱਚ ਰੋਜ਼ਰ ਫੈਡਰਰ ਹੱਥੋਂ ਹੋਈ ਹੈ । ਅਮਰੀਕੀ ਓਪਨ ਵਿੱਚ ਆਰਥਰ ਐਸ਼ ਕੋਰਟ ‘ਤੇ ਇਕ ਹੋਰ ਇਤਿਹਾਸ ਵੀ 17 ਸਾਲਾਂ ਬਾਅਦ ਬਣਿਆਂ ,ਜਦ ਫਾਈਨਲ ਦੂਜੇ ਅਤੇ ਤੀਜੇ ਦਰਜੇ ਦੇ ਖਿਡਾਰੀਆਂ ਦਰਮਿਆਂਨ ਖੇਡਿਆ ਗਿਆ ।ਇਸ ਤੋਂ ਪਹਿਲਾਂ 1995 ਵਿੱਚ ਦੂਜੇ ਦਰਜੇ ਦੇ ਪੀਟ ਸਪਰਾਂਸ ਨੇ ਤੀਜੇ ਦਰਜੇ ਦੇ ਬੋਰਿਸ ਬੈਕਰ ਨੂੰ ਮਾਤ ਦਿੱਤੀ ਸੀ । ਇੱਕ ਹੋਰ ਬਹੁਤ ਰੌਚਕ ਗੱਲ ਇਹ ਵੀ ਹੈ ਕਿ ਮਰੇ ਨੇ ਜਿੱਥੇ ਇਹ ਇਸ ਸਾਲ ਦਾ 7 ਵਾਂ ਮੁਕਾਬਲਾ ਖੇਡਿਆ ,ਉੱਥੇ ਉਹ ਉੱਚੀ ਰੈਂਕਿੰਗ ਵਾਲੇ ਨੌਵਾਕ ਜੋਕੋਵਿੱਚ ਤੋਂ 7 ਦਿਨ ਹੀ ਵੱਡਾ ਹੈ । ਯੂ ਐਸ ਓਪਨ ਦੇ ਇਤਿਹਾਸ ਇਹ ਪਹਿਲਾ ਮੌਕਾ ਹੈ ਕਿ ਏਨੀ ਥੋੜੀ ਉਮਰ ਦੇ ਫ਼ਰਕ ਵਾਲਿਆਂ ਦਾ ਫਾਈਨਲ ਮੈਚ ਹੋਇਆ । ਇਸ ਤੋਂ ਪਹਿਲਾਂ ਇਹ ਰਿਕਾਰਡ 16 ਦਿਨਾਂ ਦੀ ਉਮਰ ਦੇ ਫ਼ਰਕ ਵਾਲਾ ਸੀ,ਜੋ 1977 ਵਿੱਚ ਗਿਲੇਰਮੋ ਵਿਲਾਸ ਅਤੇ ਜਿਮੀ ਕਾਨਰਜ਼ ਦੇ ਖੇਡਣ ਨਾਲ ਬਣਿਆ ਸੀ । ਵਿਲਾਸ ਦੀ ਉਮਰ ਵਿਰੋਧੀ ਤੋਂ ਵੱਧ ਸੀ । ਐਂਡੀ ਮਰੇ ਦਾ ਜਨਮ 15 ਮਈ 1987 ਨੂੰ ਸਕਾੇਲੈਂਡ ਦੇ ਗਲਾਸਗੋ ਸ਼ਹਿਰ ਵਿੱਚ ਟੇਨਿਸ ਕੋਚ ਜੂਡੀ ਦੀ ਕੁੱਖੋਂ ਹੋਇਆ ਅਤੇ ਉਸ ਨੇ ਆਣੇ ਬੇਟੇ ਨੂੰ 5 ਸਾਲ ਦੀ ਉਮਰ ਵਿੱਚ ਟੇਨਿਸ ਖੇਡ ਵੱਲ ਮੋੜਿਆ । ਉਹ ਅਜੇ 8 ਸਾਲਾਂ ਦਾ ਹੀ ਸੀ ਕਿ 1996 ਵਿੱਚ ਡਨਬਲੇਨ ਦੇ ਕਤਲੇਆਮ ਸਮੇਂ ਉਹ ਫਸਾਦੀਆਂ ਦੇ ਘੇਰੇ ਵਿੱਚ ਫਸ ਗਿਆ ਸੀ,ਇਸ ਹਮਲੇ ਵਿੱਚ ਸਕੂਲ ਦੀ ਅਧਿਆਪਕਾ ਸਮੇਤ 16 ਜਾਨਾਂ ਗੀਆਂ ਸਨ । ਪਰ ਮਰੇ ਪ੍ਰਿੰਸੀਪਲ ਦੇ ਕਮਰੇ ਵਿੱਚ ਛੁਪ ਗਿਆ ਸੀ ਅਤੇ ਹੁਸ਼ਿਆਰੀ ਨਾਲ ਜਾਨ ਬਚਾ ਲਈ ਸੀ । ਉਹ ਉਦੋਂ 9 ਸਾਲ ਦਾ ਸੀ ਜਦ ਉਹਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ । ਮਰੇ ਆਪਣੇ ਭਰਾ ਜੇਮੀ ਨਾਲ ਆਪਣੇ ਪਿਤਾ ਕੋਲ ਹੀ ਰਿਹਾ । ਪਰ ਟੇਨਿਸ ਸਿਖਲਾਈ ਉਹਦੀ ਮਾਂ ਜੂਡੀ ਹੀ ਦਿੰਦੀ ਰਹੀ । ਸਿਰਫ਼ 12 ਸਾਲ ਦੀ ਉਮਰ ਵਿੱਚ ਮਰੇ ਨੇ ਜੂਨੀਅਰ ਓਰੇਂਜ ਬਾਊਲ ਮੁਕਾਬਲਾ ਜਿੱਤ ਕੇ ਸਭ ਦੇ ਮਨ ਮੋਹ ਲਏ ਸਨ । ਇੱਕ ਗੱਲ ਹੋਰ ਜੋ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਵੇ ਕਿ ਐਂਡੀ ਮਰੇ ਦੇ ਗੋਡੇ ਆਮ ਵਿਅਕਤੀ ਵਾਂਗ ਨਹੀਂ ਹਨ । ਇਹਨਾਂ ਵਿੱਚ ਫ਼ਰਕ ਹੈ । ਪਰ ਟੇਨਿਸ ਪੂਰੀ ਸ਼ਕਤੀ ਨਾਲ ਖੇਡਦਾ ਹੈ । ਐਂਡੀ ਮਰੇ ਨੂੰ ਵਧੀਆ ਰੈਕਿੰਗ 17 ਅਗਸਤ 2009 ਨੂੰ 2 ਮਿਲੀ,ਜਦੋਂ ਕਿ ਹੁਣ ਉਹਦੀ ਰੈਂਕਿੰਗ 3 ਹੈ । ਮਰੇ ‘ਤੇ ਇਸ ਗੱਲ ਦਾ ਵੀ ਇਸ ਫਾਈਨਲ ਸਮੇ ਦਬਾਅਸੀ ਕਿ ਉਹ ਪੰਜਵੀ ਵਾਰ ਫਾਈਨਲ ਹਾਰਨ ਵਾਲਾ ਵਿਸ਼ਵ ਦਾ ਦੂਜਾ ਖਿਡਾਰੀ ਨਾ ਬਣ ਜਾਵੇ । ਇਸ ਤੋਂ ਪਹਿਲਾਂ ਟੇਨਿਸ ਇਤਿਹਾਸ ਵਿੱਚ ਪੰਜ ਗਰੈਂਡਸਲੈਮ ਹਾਰਨ ਆਸਟਰੇਲੀਆ ਦੇ ਫ੍ਰੈਡ ਸਟੋਲ ਦੇ ਨਾਅ ਬੋਲਦਾ ਹੈ । ਜਿਸ ਨੇ ਵਿੰਬਿਲਡਨ 1963,1964, ਆਸਟਰੇਲੀਆਈ ਓਪਨ 1964,1965,ਅਤੇ ਯੂ ਐਸ ਓਪਨ ਵਿੱਚ 1964 ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ।

Tuesday, September 11, 2012

ਅਮਰੀਕੀ ਓਪਨ ਖ਼ਿਤਾਬ ਸੇਰੇਨਾ ਨੇ ਜਿੱਤਿਆ,ਖੁਸ਼ੀ ਨਾਲ ਮਨਾਊ 26 ਸਤੰਬਰ ਨੂੰ 31 ਵਾਂ ਜਨਮ ਦਿਨ


ਅਮਰੀਕੀ ਓਪਨ ਖ਼ਿਤਾਬ ਸੇਰੇਨਾ ਨੇ ਜਿੱਤਿਆ,ਖੁਸ਼ੀ ਨਾਲ ਮਨਾਊ 26 ਸਤੰਬਰ ਨੂੰ 31 ਵਾਂ ਜਨਮ ਦਿਨ
ਰਣਜੀਤ ਸਿੰਘ ਪ੍ਰੀਤ
ਮੀਂਹ ਪੈਣ ਕਾਰਣ ਇੱਕ ਦਿਨ ਲੇਟ ਖੇਡੇ ਗਏ ਫਾਈਨਲ ਵਿੱਚ ਅਮਰੀਕਾ ਦੀ ਚੌਥਾ ਦਰਜਾ ਪ੍ਰਾਪਤ ਸੇਰੇਨਾ ਵਿਲਿਅਮਜ ਨੇ ਬੀਤੀ ਰਾਤ ਆਰਥਰ ਐਸ਼ ਸਟੇਡੀਅਮ ਅਮਰੀਕਾ ਵਿੱਚ ਪਹਿਲੇ ਦਰਜੇ ਵਾਲੀ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੂੰ 6-2,2-6,7-5 ਨਾਲ ਹਰਾਕੇ ਅਮਰੀਕੀ ਓਪਨ ਟੇਨਿਸ ਦਾ ਖ਼ਿਤਾਬ ਜਿੱਤ ਲਿਆ । ਇਹ ਉਸਦੇ ਟੇਨਿਸ ਕੈਰੀਅਰ ਦਾ 15 ਵਾਂ ਗਰੈਂਡਸਲੈਮ ਅਤੇ ਅਮਰੀਕੀ ਓਪਨ ਦਾ ਚੌਥਾ ਖ਼ਿਤਾਬ ਹੈ । ਸੇਰੇਨਾ 1995 ਤੋਂ ਮਗਰੋਂ ਦੀ ਅਜਿਹੀ ਖਿਡਾਰਨ ਬਣ ਗਈ ਹੈ ਜਿਸ ਨੇ ਵਿੰਬਲਡਨ,ਓਲੰਪਿਕ ਅਤੇ ਅਮਰੀਕੀ ਓਪਨ ਖ਼ਿਤਾਬ ਜਿੱਤਿਆ ਹੈ । ਇਸ ਫਾਈਨਲ ਨੇ 1995 ਤੋਂ ਮਗਰੋਂ ਇਹ ਰਿਕਾਰਡ ਵੀ ਬਣਾਇਆਂ ਹੈ ਕਿ ਇਹ ਤਿੰਨ ਸੈਟਾਂ ਤੱਕ ਚੱਲਿਆ । ਸਨ 1995 ਵਿੱਚ ਮੋਨਿਕਾ ਸੈਲੇਸ ਅਤੇ ਸਟੈਫੀ ਗਰਾਫ਼ ਦਾ ਫਾਈਨਲ ਮੁਕਾਬਲਾ ਤੀਜੇ ਸੈੱਟ ਤੱਕ ਚੱਲਿਆ ਸੀ । ਇਹਦੇ ਵਾਂਗ ਇਸ ਤੋਂ ਪਹਿਲਾਂ ਇਹਦੀ ਭੈਣ ਵੀਨਸ ਵਿਲਿਅਮ ਅਤੇ ਸਟੈਫ਼ੀ ਗਰਾਫ਼ ਹੀ ਅਜਿਹਾ ਕਰ ਸਕੀਆਂ ਸਨ । ਫਾਈਨਲ ਮੈਚ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦ ਸੇਰੇਨਾ ਤੀਜੇ ਸੈੱਟ ਵਿੱਚ ਦੋ ਵਾਰ ਇੱਕ ਬ੍ਰੇਕ ਨਾਲ ਪਛੜ ਗਈ ਸੀ । ਪਰ ਉਸ ਨੇ ਆਪਣੇ ਲੰਬੇ ਤਜੁਰਬੇ ਦਾ ਲਾਹਾ ਲੈਂਦਿਆਂ 2 ਘੰਟੇ 18 ਮਿੰਟ ਤੱਕ ਚੱਲੇ ਇਸ ਫਾਈਨਲ ਨੂੰ ਜਿੱਤਣ ਵਿੱਚ ਸਫ਼ਲਤਾ ਹਾਸਲ ਕਰ ਲਈ । ਇਸ ਤੋਂ ਪਹਿਲਾਂ 1981 ਵਿੱਚ ਫਾਈਨਲ ਲੰਬਾ ਸਮਾਂ ਚੱਲਿਆ ਸੀ । ਉਂਜ ਅਮਰੀਕੀ ਓਪਨ ਵਿੱਚ 2011 ਨੂੰ 3 ਘੰਟੇ 16 ਮਿੰਟ ਤੱਕ ਚੱਲੇ ਮੈਚ ਦਾ ਰਿਕਾਰਡ ਹੈ । ਸੇਰੇਨਾ ਨੇ ਬਹੁਤ ਹੀ ਖ਼ੁਸ ਮਿਜ਼ਾਜ ਅੰਦਾਜ਼ ਵਿੱਚ ਮੀਡੀਆ ਵੱਲੋਂ ਪੁੱਛੇ ਗਏ ਸੁਆਲਾਂ ਦਾ ਜਵਾਬ ਬੇਬਾਕੀ ਨਾਲ ਦਿੰਦਿਆਂ ਕਿਹਾ ਕਿ ਮੈਨੂੰ ਤਾਂ ਅਜੇ ਵੀ ਯਕੀਨ ਨਹੀਂ ਆ ਰਿਹਾ ਕਿ ਮੈ ਜਿੱਤ ਗਈ ਹਾਂ । ਮੈ ਤਾਂ ਮੀਡੀਏ ਨੂੰ ਜਵਾਬ ਦੇਣ ਲਈ ਉਪ-ਵਿਜੇਤਾ ਵਜੋਂ ਸਪੀਚ ਦੇਣ ਲਈ ਤਿਆਰੀ ਕਰਕੇ ਆਈ ਸੀ । ਓਪਨ ਖ਼ਿਤਾਬ ਦੀਆਂ ਜੇਤੂ ਰਹਿਣ ਵਾਲੀਆਂ ਵਡੇਰੀ ਉਮਰ ਦੀਆਂ ਖਿਡਾਰਨਾਂ ਵਿੱਚ ਵੀ ਸੇਰੇਨਾ ਦਾ ਨਾਅ ਦਰਜ ਹੋ ਗਿਆ ਹੈ । ਸੇਰੇਨਾ 26 ਸਤੰਬਰ ਨੂੰ 31 ਸਾਲਾਂ ਦੀ ਹੋ ਰਹੀ ਹੈ । ਇਸ ਤਹਿਤ ਅਮਰੀਕੀ ਓਪਨ ਜਿੱਤਣ ਵਾਲੀ ਇਹ ਦੂਜੀ ਖਿਡਾਰਨ ਬਣ ਗਈ ਹੈ । ਇਸ ਤੋਂ ਪਹਿਲਾਂ  ਆਸਟਰੇਲੀਆ ਦੀ ਮਾਰਗਰੇਟ ਨੇ 1973 ਵਿੱਚ ਖਿਤਾਬ ਜਿੱਤਿਆ ਤਾਂ ਉਹਦੀ ਉਮਰ 31 ਸਾਲ ਇੱਕ ਮਹੀਨਾ ਸੀ । ਮਾਰਟੀਨਾ ਨਵਰਾਤੀਲੋਵਾ ਦੀ ਉਮਰ 1987 ਵਿੱਚ ਅਮਰੀਕੀ ਓਪਨ ਜਿੱਤਣ ਸਮੇਂ 30 ਸਾਲ ਤੋਂ ਵੱਧ ਸੀ । ਸੇਰੇਨਾ ਨੇ ਇਸ ਜਿੱਤ ਨਾਲ ਟਰਾਫ਼ੀ ਸਮੇਤ 420000 ਡਾਲਰ ਦੀ ਰਾਸ਼ੀ ਵੀ ਹਾਸਲ ਕੀਤੀ ਹੈ ।ਉਸ ਨੇ ਟੂਰਨਾਂਮੈਂਟ ਦੇ ਮਾਧਿਅਮ ਨਾਲ 40090142 ਡਾਲਰ (222 ਕਰੋੜ 58 ਲੱਖ ਰੁਪਏ) ਵੀ ਇਨਾਮੀ ਰਕਮ ਵਜੋਂ ਕਮਾਏ ਹਨ । ਉਹਦਾ ਇਹ ਵੀ ਰਿਕਾਰਡ ਬਣਿਆਂ ਹੈ ।
                ਸੇਰੇਨਾ ਨੇ ਅਮਰੀਕੀ ਓਪਨ ਖ਼ਿਤਾਬ ਇਸ ਤੋਂ ਪਹਿਲਾਂ 1999,2002,2008 ਵਿੱਚ ਜਿੱਤਿਆ ਹੈ । ਇਸ ਤੋਂ ਇਲਾਵਾ ਫਰੈਂਚ ਓਪਨ 2002,ਆਸਟਰੇਲੀਆ ਓਪਨ 2003,2005,2007,2009,2012 ਵਿੱਚ ਜਿੱਤੀ ਹੈ । ਵਿੰਬਿਲਡਨ ਖ਼ਿਤਾਬ ਪੰਜ ਵਾਰ 2002,2003,2009,2010,ਅਤੇ 2012 ਵਿੱਚ ਜਿੱਤਿਆ ਹੈ । ਮੈਚ ਦੀ ਸਮਾਪਤੀ ਮੌਕੇ ਅਜਾਰੇਕਾ ਨੇ ਕਿਹਾ ਕਿ ਸੇਰੇਨਾ ਹੀ ਇਸ ਜਿੱਤ ਦੀ ਹੱਕਦਾਰ ਸੀ । ਮੈਨੂੰ ਖੁਸ਼ੀ ਹੈ ਕਿ ਮੈ ਉਪ-ਵਿਜੇਤਾ ਬਣੀ ਹਾਂ । ਮੈਨੂੰ ਕੋਈ ਪਛਤਾਵਾ ਜਾਂ ਅਫਸੋਸ ਨਹੀਂ ਹੈ,ਉਸ ਨੇ ਸੇਰੇਨਾ ਨੂੰ ਜਿੱਤ ਲਈ ਮੁਬਾਰਕਬਾਦ ਵੀ ਦਿੱਤੀ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232
*************************************************************

Sunday, September 9, 2012

Paralympic Games & Record Holder Swimmer Freney




Paralympic Games & Record Holder Swimmer  Freney
Ranjit Singh Preet
20 ਵਰ੍ਹਿਆਂ ਦੀ 6 ਜੂਨ 1992 ਨੂੰ ਜਨਮੀ ਅਤੇ ਹੁਣ ਪੜ੍ਹਾਈ ਕਰ ਰਹੀ ਆਸਟਰੇਲੀਅਨ ਤੈਰਾਕ ਫਰੈਂਸੀ ਜੈਕੂਲੀਨ ਨੇ ਪੈਰਾਲੰਪਿਕ ਖੇਡਾਂ ਵਿੱਚੋਂ 8 ਸੋਨ ਤਮਗੇ ਜਿੱਤ ਕੇ ਸਭ ਦੇ ਮਨ ਮੋਹ ਲਏ । ਇਸ ਦਾ ਦਾਦਾ ਵੀ ਤੈਰਾਕ ਸੀ ਅਤੇ ਪਿਤਾ ਅਥਲੀਟ । ਇਸ ਦਾ ਦਾਦਾ ਪੀਟਰ ਫਰੈਂਸੀ ਵੀ ਤੈਰਾਕ ਅਤੇ ਕੋਚ ਸੀ । ਇਸ ਦਾ ਪਿਤਾ ਮਾਈਕਲ ਫਰੈਂਸੀ ਵੀ ਖਿਡਾਰੀ ਸੀ ਅਤੇ ਆਪਣੀ ਅਪਾਹਜ ਬੇਟੀ ਨੂੰ ਉਤਸ਼ਾਹਤ ਕਰਦਾ ਰਿਹਾ ਹੈ । ਇਹ ਰਿਚਮੰਡ ਵੈਲੀ ਸਵਿਮ ਕਲੱਬ ਆਸਟਰੇਲੀਆ ਨਾਲ ਜੁੜੀ ਹੋਈ ਹੈ ।
ਇਸ ਨੇ ਇਹ 8 ਸੁਨਹਿਰੀ ਤਮਗੇ ਇਥੇ ਦਰਜ ਤੈਰਾਕੀ ਦੀਆਂ ਇਹਨਾਂ ਈਵੈਂਟਸ ਵਿੱਚੋਂ ਹਾਸਲ ਕੀਤੇ ਹਨ ;

Thursday, September 6, 2012

ਸਭ ਨੂੰ ਸਦਾ ਲਈ ਅਲਵਿਦਾ ਕਹਿ ਗਿਆ;ਹਾਕਮ ਸੂਫ਼ੀ


          ਸਭ ਨੂੰ ਸਦਾ ਲਈ ਅਲਵਿਦਾ ਕਹਿ ਗਿਆ;ਹਾਕਮ ਸੂਫ਼ੀ
           ਸ਼ਰਧਾਂਜਲੀ ਸਮਾਗਮ 14 ਸਤੰਬਰ ਨੂੰ 12.30 ਵਜੇ     
                                               ਰਣਜੀਤ ਸਿੰਘ ਪ੍ਰੀਤ
ਪੰਜਾਬ ਦੇ ਨਾਮਵਰ ਸੂਫ਼ੀ ਗਾਇਕ,ਗਿਦੜਬਹਾ ਇਲਾਕੇ ਦੇ ਜਗਰਾਤਿਆਂ ਵਰਗੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਭਰਨ ਵਾਲੇ,ਸੁਰੀਲੇ,ਸਾਰੀ ਉਮਰ ਵਿਆਹ ਨਾ ਕਰਵਾਉਂਣ ਵਾਲੇ,ਕਿਸੇ ਅਸਫਲ ਪਿਆਰ ਦੀ ਦਾਸਤਾਂ ਦਾ ਸੇਕ ਅੰਦਰੇ- ਅੰਦਰ ਹੰਢਾਉਣ ਵਾਲੇ, ਆਰਟ ਕਰਾਫਟ ਅਧਿਆਪਕ ਵਜੋਂ 31 ਮਾਰਚ 2010 ਨੂੰ ਜੰਗੀਰਾਣਾ ਸਕੂਲ ਤੋਂ ਸੇਵਾ ਮੁਕਤ ਹੋਣ ਵਾਲੇ,ਗੁਰਦਾਸ ਮਾਨ ਤੋਂ ਦੋ ਕੁ ਸਾਲ ਪਿੱਛੇ ਪੜ੍ਹਨ ਵਾਲੇ ਅਤੇ ਉਹ ਨੂੰ ਹਰ ਸਮੇ ਨੇਕ ਸਲਾਹ ਦੇਣ ਵਾਲੇ ਅਧਿਆਪਕ ਹਾਕਮ ਸੂਫ਼ੀ ਦਾ ਮੰਗਲਵਾਰ ਦੀ ਰਾਤ ਨੂੰ ਦਿਹਾਂਤ ਹੋ ਗਿਆ । ਉਹ ਪਿਛਲੇ ਕੁੱਝ ਸਾਲਾਂ ਤੋਂ ਦਿਲ ਅਤੇ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸੀ । ਇੱਕ ਪਾਸੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਵੰਡੇ ਜਾ ਰਹੇ ਸਨ ਅਤੇ ਦੂਜੇ ਪਾਸੇ ਗਿੱਦੜਬਹਾ ਦੇ ਸਿਵਿਆਂ ਵਿੱਚ ਹਾਕਮ ਦੇ ਅੰਤਮ ਸੰਸਕਾਰ ਲਈ ਚਿਖਾ ਚਿਣੀ ਜਾ ਰਹੀ ਸੀ । ਬਾਅਦ ਦੁਪਹਿਰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਉਹਦੀ ਚਿਖਾ ਨੂੰ ਨਮ ਅੱਖਾਂ ਨਾਲ ਉਹਦੇ ਭਰਾਵਾਂ ਨਛੱਤਰ ਸਿੰਘ ਬਾਬਾ ਅਤੇ ਚੀਨਾ ਨੇ ਅਗਨੀ ਦਿੱਤੀ । ਉਹ ਹੱਥ ਜੋ ਬਲੈਕ ਬੋਰੜ ਉੱਤੇ ਸਕੂਲੀ ਬੱਚਿਆਂ ਨੂੰ ਚਾਕ ਦੀ ਮਦਦ ਨਾਲ ਲਕੀਰਾਂ ਵਾਹ ਕੇ ਡਰਾਇੰਗ ਸਿਖਾਇਆ ਕਰਦੇ ਸਨ । ਅੱਜ ਉਹੀ ਹੱਥ ਅਤੇ ਹੱਥਾਂ ਦੀਆਂ ਲਕੀਰਾਂ ਜਲ ਕਿ ਰਾਖ਼ ਬਣ ਰਹੀਆਂ ਸਨ । ਚਕਾਚੌਂਧ ਭਰੀ ਜ਼ਿੰਦਗੀ ਤੋਂ ਲਾਂਭੇ ਰਹਿਣ ਵਾਲੇ ਅਤੇ 1985 ਤੋਂ 1995 ਤੱਕ ਸਾਫ-ਸੁਥਰੀ ਗਾਇਕੀ ਨਾਲ ਸਿਖਰਾਂ ਛੁਹਣ ਵਾਲੇ ਇਸ ਸਾਧੂ ਸੁਭਾਅ ਦੇ ਫੱਕਰ  ਦਾ ਜਨਮ 3 ਮਾਰਚ, 1952 ਨੂੰ ਜ਼ਿਲਾ-ਮੁਕਤਸਰ ਦੇ ਸ਼ਹਿਰ ਗਿੱਦੜਬਾਹਾ ਵਿਖੇ ਪਿਤਾ ਕਰਤਾਰ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੇ ਘਰ ਇੱਕ ਗਰੀਬ ਪਰਿਵਾਰ ਵਿੱਚ ਹੋਇਆ | ਇਸ ਪਰਿਵਾਰ ਵਿੱਚ ਹਾਕਮ ਸਮੇਤ 4 ਲੜਕੇ ਅਤੇ 4 ਲੜਕੀਆਂ ਨੇ ਜਨਮ ਲਿਆ । ਚਾਰ ਭਰਾਵਾਂ ਵਿੱਚੋਂ ਇੱਕ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕਿਆ ਸੀ ।
            ਉਹ ਸਾਈਂ ਫਰੀਦ ਮੁਹੰਮਦ ਫਰੀਦ ਨੂੰ ਆਪਣਾ ਆਦਰਸ਼ ਮੰਨਿਆਂ ਕਰਦੇ ਸਨ । ਸੰਗੀਤ ਸਿਖਿਆ ਮਗਰੋਂ 1970 ਵਿੱਚ ਹਾਕਮ ਨੇ ਗਾਇਕੀ ਵਿੱਚ ਕਦਮ ਰੱਖਿਆ । ਹਾਕਮ ਸੂਫੀ ਨੇ ਜੀ ਟੀ. ਵੀ. ਤੋਂ ਪਹਿਲੀ ਵਾਰ 'ਸੁਰਮਈ ਸ਼ਾਮ' ਪ੍ਰੋਗਰਾਮ ਰਾਹੀ ਸਰੋਤਿਆਂ ਨੂੰ ਕੀਲਿਆ | ਉਸ ਨੇ ਨਵੇਂ ਸਾਲ ਦੇ ਪ੍ਰੋਗਰਾਮ ਮੌਕੇ ਜਲੰਧਰ ਦੂਰਦਰਸ਼ਨ ਤੋਂ ਵੀ ਦੋ ਗੀਤ ਪੇਸ਼ ਕੀਤੇ । ਪਰ ਉਸ ਦਾ ਸੰਗੀਤ ਬਜ਼ਾਰ ਵਿੱਚ ਸਭ ਤੋਂ ਪਹਿਲਾ ਤਵਾ "ਮੇਲਾ ਯਾਰਾ ਦਾ(1984)" ਨੂੰ ਐਚ ਐਮ ਵੀ ਕੰਪਨੀ ਨੇ ਰਿਕਾਰਡ ਕਰਿਆ । ਜਿਸਦੇ ਸਾਰੇ ਹੀ ਗੀਤ ਸੁਪਰਹਿੱਟ ਰਹੇ ਅਤੇ ਅੱਜ ਤੱਕ ਬਦਸਤੂਰ ਉਸੇ ਤਰਾਂ ਹੀ ਲੋਕ ਗੀਤਾਂ ਵਾਂਗ ਸੁਣੇ ਅਤੇ ਗੁਣਗੁਣਾਏ ਜਾਂਦੇ ਹਨ | ਉਸ ਨੇ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਵਿੱਚ ਵੀ ਕੰਮ ਕਰਿਆ । ਮੇਲਾ ਯਾਰਾਂ ਦਾ,ਝੱਲਿਆ ਦਿਲਾ ਵੇ,ਤੋਂ ਵੀ ਦੋ ਕਦਮ ਅੱਗੇ ਵਧ ਕੇ ਨਿਭਿਆ ਵਰਿੰਦਰ ਦੀ ਫਿਲਮ ‘ਯਾਰੀ ਜੱਟ ਦੀ’ ਵਿਚ ਗਾਇਆ ਗੀਤ ਪਾਣੀ ਵਿੱਚ ਮਾਰਾਂ ਡੀਟਾਂ,ਕਰਦੀ ਪਈ ਰੋਜ਼ ਉਡੀਕਾਂ,ਸੱਜਣ ਮਿਲਵਾ ਦੇ,ਪਾਵੀਂ ਨਾ ਦੂਰ ਤਰੀਕਾਂ,ਜਿਸ ਨੂੰ ਅੱਜ ਤੱਕ ਬੱਚੇ ਵੀ ਗੁਣ-ਗੁਣਾਉਂਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਕੈਸਿਟਾਂ ‘ਦਿਲ ਵੱਟੇ ਦਿਲ’ ਅਤੇ ‘ਦਿਲ ਤੜਫੇ’ ਬਾਜ਼ਾਰ ਵਿਚ ਆਈਆਂ,ਤਾਂ ਇਹਨਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ । ਹਾਕਮ ਬਗੈਰ ਕਿਸੇ ਤੜਕ-ਭੜਕ ਤੋਂ ਸਟੇਜ ਕਰਿਆ ਕਰਦਾ ਸੀ ਅਤੇ ਸਰੋਤੇ ਬਹੁਤ ਸਕੂਨ ਮਹਿਸੂਸ ਕਰਿਆ ਕਰਦੇ ਸਨ । “ ਚਰਖੇ ਦੀ ਟੁੱਟ ਗਈ ਮਾਹਲ “ਅਤੇ ਕੋਕਾ ਘੜਵਾ ਦੇ ਮਾਹੀਆ ਕੋਕਾ ਵਰਗੇ ਗੀਤ ਵੀ ਬਹੁ-ਚਰਚਿੱਤ ਰਹੇ । ਹਾਕਮ ਨੇ ਪ੍ਰੋਗਰਾਮ ਹਾਸਲ ਕਰਨ ਲਈ ਕਿਸੇ ਟੀ ਵੀ ਚੈਨਲ ਦੀਆਂ ਮਿੰਤਾਂ ਨਹੀਂ ਕੀਤੀਆਂ । ਮੜ੍ਹਕ ਨਾਲ ਜਿਓਂ ਕਿ ਦਿਖਾਇਆ । ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਨਹੀਂ ਦਿੱਤੇ ,ਕੈਸਿਟਾਂ ਰਿਲੀਜ਼ ਕਰਨ ਲਈ ਕੋਈ ਡਰਾਮਾਂ ਨਹੀਂ ਰਚਿਆ । ਉਸ ਨੂੰ ਸੁਰ ਸੰਗੀਤ ਦੀ ਪੂਰੀ ਸੋਝੀ ਸੀ ਅਤੇ ਉਹਦੀਆਂ ਇਹਨਾਂ ਕੈਸਿਟਾਂ ਮੇਲਾ ਯਾਰਾਂ ਦਾ,ਦਿਲ ਵੱਟੇ ਦਿਲ,ਝੱਲਿਆ ਦਿਲਾ ਵੇ,ਸੁਪਨਾ ਮਾਹੀ ਦਾ,ਕੋਲ ਬਹਿਕੇ ਸੁਣ ਸੱਜਣਾ,ਦਿਲ ਤੜਫ਼ੇ,ਗੱਭਰੂ ਪੰਜਾਬ ਦਾ,ਇਸ਼ਕ ਤੇਰੇ ਵਿੱਚ,ਚਰਖਾ ਅਤੇ ਛੱਲਾ ਨੇ ਬਾਜ਼ਾਰ ਵਿੱਚ ਧੁੰਮਾਂ ਪਾਈ ਰੱਖੀਆਂ । ਹਾਕਮ ਸੂਫ਼ੀ ਨੇ ਓਸ਼ੋ ਨੂੰ ਗੁਰੂ ਧਾਰਿਆ ਤਾਂ ਉਹਦੀ ਜ਼ਿੰਦਗੀ ਅਤੇ ਸੋਚ ਹੋਰ ਵੀ ਬਦਲ ਗਈ ।
                    ਆਪਣੀ ਮਿੱਟੀ ਨਾਲ ਜੁੜੇ ਰਹਿਣ ਵਾਲੇ, ਜ਼ਮੀਨੀ ਹਕੀਕਤਾਂ ਨੂੰ ਗਲ ਲਗਾਕੇ ਰੱਖਣ ਵਾਲੇ ਹਾਕਮ ਸੂਫੀ ਲਈ ਇੱਕ ਖੁਸ਼ਗਵਾਰ ਸਮਾਂ ਅਜਿਹਾ ਵੀ ਆਇਆ ਜਦ ਪੰਜਾਬੀ ਦੇ 10 ਸਿਖ਼ਰਲੇ ਗਾਇਕਾਂ ਵਿੱਚ ਉਸਦਾ ਨਾਅ ਬੋਲਣ ਲੱਗਿਆ । ਗੁਰਦਾਸ ਮਾਨ ਨਾਲ ਉਸਦੀ ਖੂਬ ਨਿਭਦੀ ਸੀ । ਦੋਨੋ ਇੱਕੋ ਸ਼ਹਿਰ ਦੇ,ਸਮਕਾਲੀ ਗਾਇਕ,ਇਕੱਠੇ ਹੀ ਸਟੇਜ ਕਾਰਜ ਕਰਦੇ ਰਹੇ ਸਨ । ਫਿਰ ਅਲੱਗ ਅਲੱਗ ਗਾਉਣ ਲੱਗੇ, ਕਰੀਬ 15 ਸਾਲਾਂ ਬਾਅਦ ਜਦ ਦੋਹਾਂ ਨੇ ਮਿਲਕੇ ਸੱਜਣਾ ਓ ਸੱਜਣਾ ਗਾਇਆ,ਤਾਂ ਸਰੋਤੇ ਨਸ਼ਿਆ ਗਏ ਸਨ । ਡੱਫਲੀ  ਜਿਸ ਦਾ ਮੁਢਲਾ ਨਾਅ ਖੰਜਰੀ ਹੁੰਦਾ ਸੀ ਨੂੰ ਸੱਭ ਤੋਂ ਪਹਿਲਾਂ ਹਾਕਮ ਨੇ ਹੀ ਸਟੇਜ ਉੱਤੇ ਲਿਆਂਦਾ ਅਤੇ ਗਾਇਕੀ ਦੇ ਨਾਲ ਨਾਲ ਐਕਸ਼ਨ ਕਰਨ ਦੀ ਪਿਰਤ ਦਾ ਵੀ ਅਗਾਜ਼ ਕਰਿਆ ।
                      ਗੁਰਦਾਸ ਮਾਨ ਅਤੇ ਹਾਕਮ ਸੂਫੀ ਨੇ ਜੋ ਕਵਾਲੀ ਹਿੰਦੀ ਫ਼ਿਲਮ ਵਿੱਚ ਪੇਸ਼ ਕੀਤੀ ,ਉਸ ਨੇ ਹਿੰਦੀ ਦੇ ਚਰਚਿੱਤ ਕਵਾਲਾਂ ਨੂੰ ਵੀ ਝੂਮਣ ਲਾ ਦਿੱਤਾ ਸੀ । ਤਿੜਕੀਆਂ ਕੰਧਾਂ ਦੇ ਅੰਗ ਸੰਗ ਲਿਪਟ ਕਿ ਲਿਓੜ ਵਰਗੀ ਜ਼ਿੰਦਗੀ ਹਾਂ ਜੀਅ ਰਹੇ ਵਰਗੇ ਗੰਭੀਰ ਅਤੇ ਸਾਹਿਤਕ ਸ਼ਬਦ ਹਾਕਮ ਦਾ ਹਾਸਲ ਹਨ । ਉਸ ਨੂੰ ਦੁਨੀਆਂਦਾਰੀ ਵਾਲੀ ਚਲਾਕੀ ਨਹੀਂ ਸੀ ਆਉਂਦੀ,ਕਈ ਵਾਰ ਅਜਿਹਾ ਵੀ ਹੋਇਆ ਕਿ ਉਹ ਸਿਵਿਆਂ ਵਿਚਲੇ ਦਰੱਖਤਾਂ ਹੇਠ ਸੌਂ ਲੈਂਦਾ । ਜਿੱਥੇ ਹੁਣ ਉਹਦਾ ਪੱਕਾ ਵਾਸਾ ਹੋ ਗਿਆ ਹੈ ।ਇਸ ਬਾਰੇ ਉਹ ਹਸਦਾ ਹਸਦਾ ਕਿਹਾ ਕਰਦਾ ਸੀ ਕਿ ਜਦੋਂ ਕੋਈ ਮਰਦਾ ਹੈ ਤਾਂ ਲੋਕ ਉਸ ਨੂੰ ਸਿਵਿਆਂ ਵਿੱਚ ਲਿਆਉਂਦੇ ਹਨ,ਪਰ ਮੇਰੀ ਗੱਲ ਏਦੂੰ ਉਲਟ ਹੋਣੀ ਹੈ,ਪਹਿਲਾਂ ਮੇਰੀ ਲਾਸ਼ ਨੂੰ ਸਿਵਿਆਂ ਵਿੱਚੋਂ ਘਰ ਲਿਜਾਣਗੇ ਅਤੇ ਫਿਰ ਵਾਪਸ ਲਿਆਉਣਗੇ । ਪੜ੍ਹਾਈ ਸਮੇ ਉਸਦਾ ਛੋਟੀ ਉਮਰ ਵਿੱਚ ਹੀ ਪੇਟਿੰਗ ਅਤੇ ਬੁੱਤ ਤਰਾਸ਼ੀ ਨਾਲ ਲਗਾਓ ਸੀ । ਛੋਟੀ ਉਮਰ ਵਿੱਚ ਹੀ ਉਸ ਨੇ ਗੁਣਗੁਨਾਉਣਾ ਵੀ ਸ਼ੁਰੂ ਕਰ ਦਿੱਤਾ ਸੀ । ਕਹਿੰਦੇ ਹਨ ਕਿ ਇੱਕ ਵਾਰ ਇੱਕ ਲਾ-ਵਾਰਸ ਲਾਸ਼ ਦਾ ਇਹਨਾਂ ਕੁੱਝ ਮੁਡਿਆਂ ਨੇ ਰਲਕੇ ਸਸਕਾਰ ਕਰਿਆ,ਅਤੇ ਸਾਰੀ ਰਾਤ ਉਸ ਦੀ ਚਿਖਾ ਕੋਲ ਬੈਠੇ ਹੀ ਗਾਉਂਦੇ ਰਹੇ । ਅੱਜ ਵੱਡੇ ਵੱਡੇ ਅਮੀਰਜਾਦਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਰੋਜ਼ਾਨਾ ਕਿੰਨੀ ਆਮਦਨ ਹੈ । ਕਰੋੜਾਂ ਰੁਪਿਆ ਲਕੋਦੇ ਹਨ ,ਲੱਖਾ ਰੁਪਏ ਟੈਕਸ ਭਰਦੇ ਹਨ । ਇਹਨਾ ਦੀਆਂ ਭਰੀਆਂ ਤਜੌਰੀਆਂ ਦੇ ਸਾਹਮਣੇ ਇੱਕ ਗਰੀਬ ਪਰਿਵਾਰ ਦਾ ਜੰਮਪਲ ਸਿਰਫ਼ 60 ਸਾਲ ਦੀ ਉਮਰ ਵਿੱਚ ਇਲਾਜ ਦੀ ਘਾਟ ਕਾਰਣ ਸਾਥੋਂ ਵਿਛੜ ਗਿਆ । ਪਰ ਹੀਰੇ ਦੀ ਪਰਖ ਜੌਹਰੀ ਹੀ ਜਾਣਦੇ ਹਨ ,ਇਹਨਾਂ ਲੋਕਾਂ ਨੂੰ ਇਹਦੀ ਕੀਮਤ ਅਤੇ ਅਸਲੀਅਤ ਦਾ ਹੀ ਪਤਾ ਨਹੀਂ ਹੁੰਦਾ ।
               ਲੋਕ  ਹਾਕਮ ਸੂਫੀ ਨੂੰ ਗੁਰਦਾਸ ਮਾਨ ਦਾ ਉਸਤਾਦ ਕਹਿੰਦੇ ਰਹੇ । ਗੁਰਦਾਸ ਮਾਨ ਦਾ ਕਹਿਣਾ ਹੁੰਦਾ ਸੀ ਕਿ ਆਤਮ ਪ੍ਰਕਾਸ਼ ਅਤੇ ਚਰਨਜੀਤ ਅਹੂਜਾ ਤੋਂ ਗੀਤ ਸੰਗੀਤ ਬਾਰੇ ਕੁੱਝ ਕੁ ਜਾਣਕਾਰੀ ਹਾਸਲ ਕੀਤੀ ਹੈ । ਪਰ ਗੁਰਦਾਸ ਮਾਨ ਨੇ ਕਦੇ ਵੀ ਇਹ ਗੱਲ ਨਹੀਂ ਆਖੀ ਕਿ ਹਾਕਮ ਸੂਫੀ ਉਸਦਾ ਉਸਤਾਦ ਨਹੀਂ ਹੈ । ਉਹ ਕਹਿ ਦਿਆ ਕਰਦਾ ਏ ਠੀਕ ਏ ਬਾਬਿਓ । ਗੱਲ ਭਾਵੇਂ ਕੋਈ ਵੀ ਰਹੀ ਹੋਵੇ ਦੋਹਾਂ ਦਾ ਪਿਆਰ ਬਹੁਤ ਸੀ । ਗੁਰਦਾਸ ਮਾਨ ਉਸ ਨੂੰ ਮਿਲੇ ਬਗੈਰ ਨਹੀਂ ਸੀ ਰਹਿ ਸਕਿਆ ਕਰਦਾ । ਹੁਣ ਗੁਰਦਾਸ ਮਾਨ ਕੀਹਨੂੰ ਮਿਲੂਗਾ,ਲੋਕ ਉਸ ਕਾਲੀ ਕੰਬਲੀ ਓੜੀ ਵਾਲੇ ਨੂੰ ਕਿੱਥੋਂ ਲੱਭਣਗੇ । ਪਰ ਉਹ ਅਜਿਹੀਆਂ ਅਮਿਟ ਪੈੜਾ ਪਾ ਕਿ ਗਿਆ ਏ ,ਜਿੰਨ੍ਹਾਂ ਨੂੰ ਕੋਈ ਮਿਟਾ ਨਹੀਂ ਸਕਦਾ । ਉਹਦੀਆਂ ਯਾਦਾਂ ਇਤਿਹਾਸ ਦੀ ਬੁੱਕਲ ਦਾ ਨਿੱਘ ਬਣੀਆਂ ਰਹਿਣਗੀਆਂ,ਜਿਤਨੀ ਦੇਰ ਤੱਕ ਸੂਫੀ ਗਾਇਕੀ ਅਤੇ ਸਾਫ਼ ਸੁਥਰੀ ਗਾਇਕੀ ਦੀ ਗੱਲ ਤੁਰਦੀ ਰਹੇਗੀ ।
**********************
ਰਣਜੀਤ ਸਿੰਘ ਪ੍ਰੀਤ
98157-07232

Wednesday, September 5, 2012

ਗੁੰਮਨਾਮੀ ਦੀਆਂ ਸ਼ਿਕਾਰ ਪੈਰਾਲੰਪਿਕ ਖੇਡਾਂ


         ਗੁੰਮਨਾਮੀ ਦੀਆਂ ਸ਼ਿਕਾਰ ਪੈਰਾਲੰਪਿਕ ਖੇਡਾਂ
                         ਰਣਜੀਤ ਸਿੰਘ ਪ੍ਰੀਤ

ਪੈਰਾਲੰਪਿਕ ਖੇਡਾਂ ਲੰਦਨ ਵਿੱਚ ਸ਼ੁਰੂ ਹੋ ਚੁਕੀਆਂ ਹਨ । ਪਰ ਅਫਸੋਸ ਅਤੇ ਦੁੱਖ ਦੀ ਗੱਲ ਇਹ ਹੈ ਕਿ ਜਿਵੇਂ 12 ਅਗਸਤ ਨੂੰ ਖ਼ਤਮ ਹੋਈਆਂ ਓਲੰਪਿਕ ਖੇਡਾਂ ਨੂੰ ਪ੍ਰਚਾਰਿਆ-ਪ੍ਰਸਾਰਿਆ ਗਿਆ,ਉਸ ਪੱਧਰ ਉੱਤੇ ਇਹ ਖੇਡਾਂ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹਨ । ਇਹ ਵੀ ਗਰਮ ਰੁੱਤ ਅਤੇ ਸਰਦ ਰੁੱਤ ਖੇਡਾਂ ਹਨ । ਇਹਨਾਂ ਵਿੱਚ ਵੀ ਰਿਕਾਰਡ ਬਣਦੇ,ਟੁਟਦੇ ਹਨ । ਡੋਪਿੰਗ ਦੀ ਬਜਾਏ ਕੁੱਝ ਹੋਰ ਤਰੀਕੇ ਵੀ ਖੇਡ ਪ੍ਰਫਾਰਮੈਂਸ ਲਈ ਵਰਤੇ ਜਾਂਦੇ ਹਨ । ਇੰਟਰਨੈਸ਼ਨਲ ਪੈਰਾਲੰਪਿਕ ਕਮੇਟੀ (ਆਈਪੀਸੀ) ਵੀ ਬਣੀ ਹੋਈ ਹੈ,ਕੋਚਾਂ-ਖਿਡਾਰੀਆਂ ਲਈ ਵੱਡੇ ਵੱਡੇ ਇਨਾਮ ਵੀ ਮਿਥੇ ਗਏ ਹਨ । ਪਰ ਫਿਰ ਵੀ ਇਹ ਖੇਡਾਂ ਗੁੰਮਨਾਮੀ ਦਾ ਸ਼ਿਕਾਰ ਹਨ । ਅਧੁਨਿਕ ਓਲੰਪਿਕ ਖੇਡਾਂ 1896 ਨੂੰ ਸ਼ੁਰੂ ਹੋਈਆਂ ਅਤੇ 1900 ਤੋ 1908 ਤੱਕ ਦੀਆਂ ਓਲੰਪਿਕ ਖੇਡਾਂ ਵਿੱਚ ਪੋਲੀਓ ਦਾ ਸ਼ਿਕਾਰ ਹੋਏ ਅਮਰੀਕੀ ਅਥਲੀਟ ਰੇਮੰਡ ਰੇਅ ਕਲਾਰਿੰਸ ਐਵਰੀ ਨੇ ਲੰਬੀ ਛਾਲ,ਉੱਚੀ ਛਾਲ,ਤੀਹਰੀ ਛਾਲ ਵਿੱਚ ਤੰਦਰੁਸਤ ਅਥਲੀਟਾਂ ਨੂੰ ਲਾਗੇ ਨਾ ਫਟਕਣ ਦਿੱਤਾ । ਇਸ ਨੇ 8 ਸੋਨ ਤਮਗੇ ਜਿੱਤੇ,ਕਾਂਸੀ ਜਾਂ ਚਾਂਦੀ ਦਾ ਕੋਈ ਤਮਗਾ ਪਸੰਦ ਨਾ ਕਰਿਆ । ਜਿਹੜਾ ਉਸ ਨੇ 29 ਅਗਸਤ 1904 ਨੂੰ 3.47 ਮੀਟਰ ਲੰਬੀ ਛਾਲ ਲਗਾਕੇ ਵਿਸ਼ਵ ਰਿਕਾਰਡ ਬਣਾਇਆ,ਉਹ ਤੰਦਰੁਸਤਾਂ ਲਈ 1938 ਤੱਕ ਵੰਗਾਰ ਬਣਿਆਂ ਰਿਹਾ । 

                      1904 ਦੀਆਂ ਓਲੰਪਿਕ ਖੇਡਾਂ ਵਿੱਚ ਬਣਾਉਟੀ ਖੱਬੀ ਲੱਤ ਸਹਾਰੇ ਅਮਰੀਕੀ ਜਿਮਨਾਸਿਟ ਜੌਰਜ ਲੁਡਵਿਗ ਫਰੈਂਡਰਿਚ ਜੂਲੀਅਸ ਆਇਸਰ ਨੇ 29 ਅਕਤੂਬਰ ਨੂੰ 6 ਤਮਗੇ (3 ਸੋਨ,2 ਚਾਂਦੀ,ਇੱਕ ਕਾਂਸੀ) ਜਿੱਤੇ । ਇਸ ਤੋਂ ਬਾਅਦ ਕਿਸੇ ਬਣਾਉਟੀ ਅੰਗ ਵਾਲੇ ਨੇ 2008 ਦੀਆਂ ਖੇਡਾਂ ਤੱਕ ਹਿੱਸਾ ਨਹੀਂ ਲਿਆ । ਪੇਈਚਿੰਗ 2008 ਖੇਡਾਂ ਸਮੇ ਦੱਖਣੀ ਅਫਰੀਕਾ ਦੀ ਨੈਟਲੀ ਡੂ ਟੋਇਟ ਹੀ ਅਜਿਹੀ ਪਹਿਲੀ ਮਹਿਲਾ ਤੈਰਾਕ ਸੀ,ਜਿਸ ਦੀ 14 ਸਾਲ ਦੀ ਉਮਰ ਵਿੱਚ ਫਰਵਰੀ 2001 ਕਾਰ ਦੀ ਟੱਕਰ ਵੱਜਣ ਕਾਰਣ ਗੋਡੇ ਕੋਲੋਂ ਖੱਬੀ ਲੱਤ ਕੱਟਣੀ ਪਈ ਸੀ,ਅਤੇ ਉਹ ਬਣਾਉਟੀ ਲੱਤ ਸਹਾਰੇ ਤੁਰਦੀ ਸੀ । ਉਹਦੇ ਲਈ ਅਤੇ ਅਪਾਹਜ ਖਿਡਾਰੀਆਂ ਜਾਂ ਦੂਸਰਿਆਂ ਲਈ ਇਹ ਬਹੁਤ ਫ਼ਖ਼ਰ ਵਾਲੀ ਗੱਲ ਹੈ ਕਿ ਉਹ ਟੀਮ ਦੀ ਝੰਡਾ ਬਰਦਾਰ ਵੀ ਸੀ । ਉਸ ਨੇ ਚੀਨ ਦੀਆਂ ਪੈਰਾਲੰਪਿਕ ਸਮੇ ਵੀ ਇਹ ਫ਼ਰਜ਼ ਮਾਣ ਨਾਲ ਨਿਭਾਇਆ । ਲੰਦਨ ਓਲੰਪਿਕ ਸਮੇ ਬਲੇਡ ਰੱਨਰ ਵਜੋਂ ਜਾਣੇ ਜਾਂਦੇ ਦੱਖਣੀ ਅਫਰੀਕੀ ਅਥਲੀਟ ਆਸਕਰ ਪਿਸਟੋਰੀਅਸ ਨੇ ਵੀ ਦੋਨੋ ਬਣਾਉਟੀ ਪੈਰਾਂ ਨਾਲ ਦੌੜ ਲਗਾਈ ਅਤੇ ਅੱਠਵੇਂ ਸਥਾਨ ਉੱਤੇ ਰਿਹਾ । ਪੋਲੈਂਡ ਦੀ ਨਤਾਲਿਆ ਜਿਸ ਦਾ ਸੱਜਾ ਹੱਥ ਹੀ ਨਹੀਂ ਹੈ ਨੇ ਵੀ  ਟੇਬਲ ਟੇਨਿਸ ਖਿਡਾਰਨ ਵਜੋਂ ਹਿੱਸਾ ਲਿਆ ।
                          ਦੂਜੇ ਵਿਸ਼ਵ ਯੁੱਧ ਸਮੇ ਅਪਾਹਜ ਹੋਏ ਦਿਗਜ਼ਾਂ ਨੂੰ ਉਥਾਨ ਦੇਣ ਲਈ,ਇਲਾਜ ਕਰਨ ਦੇ ਨਾਲ ਨਾਲ ਸਟੌਕ ਮੰਡਵਿਲੇ ਹਸਪਤਾਲ ਦੇ ਡਾਕਟਰ ਲੁਡਵਿਗ ਗੁੱਟਮਾਨ ਨੇ ਪੈਰਾਲੰਪਿਕ ਖੇਡਾਂ ਦੀ 1948 ਲੰਦਨ ਵਿੱਚ ਮੋਹੜੀ ਗੱਡੀ । ਛੋਟੇ ਰੂਪ ਨਾਲ ਇਹ 1952 ਨੂੰ ਵੀ ਹੋਈਆਂ । ਪਰ ਇਹ 1960 ਰੋਮ ਓਲੰਪਿਕ ਤੋਂ ਲਗਾਤਾਰ ਹੋਣ ਲੱਗੀਆਂ । ਉਦੋਂ 18 ਤੋਂ 25 ਸਤੰਬਰ ਤੱਕ 23 ਮੁਲਕਾਂ ਦੇ 400 ਖਿਡਾਰੀਆਂ ਨੇ 8 ਖੇਡਾਂ ਦੀਆਂ 57 ਈਵੈਂਟਸ ਵਿੱਚ ਭਾਗ ਲਿਆ ਸੀ । ਤਮਗਾ ਸੂਚੀ ਵਿੱਚ ਇਟਲੀ 29,28,23=80 ਤਮਗਿਆਂ ਨਾਲ ਸਿਖ਼ਰ ਉੱਤੇ ਸੀ । ਟੋਕੀਓ ਵਿੱਚ 1964 ਨੂੰ 21 ਦੇਸ਼ਾਂ ਦੇ 375 ਖਿਡਾਰੀਆਂ ਨੇ 9 ਖੇਡਾਂ ਦੀਆਂ 144 ਵੰਨਗੀਆਂ ਵਿੱਚ 3 ਤੋਂ 12 ਨਵੰਬਰ ਤੱਕ ਭਾਗ ਲਿਆ । ਇਸ ਵਾਰੀ ਅਮਰੀਕਾ 50,41,32=123 ਨਾਲ ਮੀਰੀ ਰਿਹਾ । ਤੈਲਅਵੀਵ ਵਿਖੇ 1968 ਵਿੱਚ 10 ਖੇਡਾਂ ਦੀਆਂ 181 ਵੰਨਗੀਆਂ ਲਈ ,29 ਮੁਲਕਾਂ ਦੇ 750 ਖਿਡਾਰੀ 4 ਤੋਂ 13 ਨਵੰਬਰ ਤੱਕ ਤਮਗਿਆਂ ਲਈ ਸੰਘਰਸ਼ ਕਰਦੇ ਰਹੇ । ਅਮਰੀਕਾ ਫਿਰ ਝੰਡੀ ਲੈ ਗਿਆ । ਜਰਮਨੀ ਦੇ ਸ਼ਹਿਰ ਹੈਲਬਰਗ ਵਿੱਚ 41 ਦੇਸ਼ਾਂ ਦੇ 1004 ਖਿਡਾਰੀਆਂ ਨੇ 10 ਖੇਡਾਂ ਦੇ 187 ਵਰਗਾਂ ਵਿੱਚ 2 ਤੋਂ 11 ਅਗਸਤ 1972 ਤੱਕ,ਭਾਗ ਲਿਆ । ਜਰਮਨੀ 28,17,22=67 ਨਾਲ ਸਿਖ਼ਰ ‘ਤੇ ਰਿਹਾ ।

                    ਟਰਾਂਟੋ 1976 ਖੇਡਾਂ ਵਿੱਚ 32 ਮੁਲਕਾਂ ਦੇ 1657 ਖਿਡਾਰੀ,(1404 ਪੁਰਸ਼,253 ਮਹਿਲਾਵਾਂ) ਨੇ 13 ਖੇਡਾਂ ਦੀਆਂ 447 ਸ੍ਰੇਣੀਆਂ ਵਿੱਚ 3 ਤੋਂ 11 ਅਗਸਤ ਤੱਕ ਹਿੱਸਾ ਲਿਆ । ਅਮਰੀਕਾ ਫਿਰ ਮੁਹਰੀ ਰਿਹਾ ਅਤੇ ਭਾਰਤ ਗੈਰਹਾਜ਼ਰ । ਨੀਦਰਲੈਂਡ ਵਿਖੇ 1980 ਨੂੰ 1973 ਖਿਡਾਰੀਆਂ ਨੇ 42 ਦੇਸ਼ਾਂ ਤੋਂ,12 ਖੇਡਾਂ ਦੇ 489 ਵਰਗਾਂ ਵਿੱਚ 21 ਤੋਂ 30 ਜੂਨ ਤੱਕ ਭਾਗ ਲਿਆ । ਅਮਰੀਕਾ 75,66,54=195 ਤਮਗਿਆਂ ਨਾਲ ਮੀਰੀ ਬਣਿਆਂ । ਅਗਲੀਆਂ 1984 ਵਾਲੀਆਂ ਇਹਨਾਂ ਖੇਡਾਂ ਦੀਆਂ ਕੁੱਝ ਵੰਨਗੀਆਂ ਅਮਰੀਕਾ ਵਿੱਚ ਅਤੇ ਕੁੱਝ ਇੰਗਲੈਂਡ ਵਿੱਚ ਹੋਈਆਂ । ਅਮਰੀਕਾ ਵਿੱਚ 17 ਤੋਂ 30 ਜੂਨ ਤੱਕ,ਇੰਗਲੈਂਡ ਵਿੱਚ 22 ਜੁਲਾਈ ਤੋਂ ਪਹਿਲੀ ਅਗਸਤ ਤੱਕ ਨੇਪਰੇ ਚੜ੍ਹੀਆਂ । ਤਮਗਾ ਸੂਚੀ ਵਿੱਚ ਅਮਰੀਕਾ ਅੱਵਲ ਰਿਹਾ ,ਭਾਰਤ ਨੇ ਵੀ 2 ਚਾਂਦੀ ਦੇ,2 ਕਾਂਸੀ ਦੇ ਤਮਗੇ ਜਿੱਤਕੇ 37 ਵਾਂ ਸਥਾਨ ਲਿਆ । ਸਿਓਲ 1988 ਦੀਆਂ ਓਲੰਪਿਕ ਸਮੇ 24 ਸਾਲਾਂ ਬਾਅਦ ਫੈਸਲਾ ਕੀਤਾ ਗਿਆ ਕਿ ਇਹ ਖੇਡਾਂ ਵੀ ਆਮ ਖੇਡਾਂ ਵਾਲੇ ਸਥਾਨ ‘ਤੇ ਹੀ ਹੋਇਆ ਕਰਨਗੀਆਂ । ਇਸ ਵਾਰੀ 61 ਦੇਸ਼ਾਂ ਦੇ 3057 ਖਿਡਾਰੀਆਂ ਨੇ 16 ਖੇਡਾਂ ਦੀਆਂ 732 ਵੰਨਗੀਆਂ ਵਿੱਚ 15 ਤੋਂ 24 ਅਕਤੂਬਰ ਤੱਕ ਸ਼ਿਰਕਤ ਕੀਤੀ । ਅਮਰੀਕਾ ਫਿਰ ਮੀਰੀ ਰਿਹਾ ।
                          ਬਾਰਸਿਲੋਨਾ ਵਿੱਚ 1992 ਨੂੰ 3020 ਖਿਡਾਰੀ 82 ਮੁਲਕਾਂ ਤੋਂ 15 ਖੇਡਾਂ ਦੀਆਂ 487 ਕਿਸਮਾਂ ਵਿੱਚ 3 ਤੋਂ 14 ਸਤੰਬਰ ਤੱਕ ਭਾਗ ਲੈਣ ਆਏ । ਐਟਲਾਂਟਾ ਵਿਖੇ 1996 ਨੂੰ 104 ਦੇਸ਼ਾਂ (2469 ਪੁਰਸ਼,790 ਮਹਿਲਾਵਾਂ) ਨੇ 20 ਖੇਡਾਂ ਦੀਆਂ 508 ਸ੍ਰੇਣੀਆਂ ਵਿੱਚ 16 ਤੋਂ 25 ਅਗਸਤ ਤੱਕ ਭਾਗ ਲਿਆ ,1992 ਵਾਂਗ ਇਸ ਵਾਰੀ ਵੀ ਅਮਰੀਕਾ ਮੁਹਰੀ ਰਿਹਾ । ਸਿਡਨੀ 2000 ਖੇਡਾਂ ਵਿੱਚ 127 ਮੁਲਕਾਂ ਤੋਂ (2867 ਪੁਰਸ਼,979 ਔਰਤਾਂ) ਨੇ 18 ਤੋਂ 29 ਅਕਤੂਬਰ ਤੱਕ 20 ਖੇਡਾਂ ਦੇ 551 ਵਰਗਾਂ ਵਿੱਚ ਹਿੱਸਾ ਲਿਆ । ਹੈਰਾਨੀਜਨਕ ਗੱਲ ਇਹ ਰਹੀ ਕਿ ਜਿੱਥੇ ਆਸਟਰੇਲੀਆ ਨੇ ਪਹਿਲਾ ਸਥਾਨ ਮੱਲਿਆ ਉੱਥੇ ਅਮਰੀਕਾ ਨੂੰ 5 ਵੀਂ ਪੁਜ਼ੀਸ਼ਨ ਹਾਸਲ ਹੋਈ । ਏਥਨਜ਼ 2004 ਸਮੇ 136 ਮੁਲਕਾਂ ਤੋਂ 3806 ਖਿਡਾਰੀਆਂ ਨੇ,19 ਖੇਡਾਂ ਦੇ 519 ਵਰਗਾਂ ਵਿੱਚ 17 ਤੋਂ 28 ਸਤੰਬਰ ਤੱਕ ਭਾਗ ਲਿਆ । ਪਹਿਲੀ ਵਾਰੀ ਸ਼ਾਮਲ ਚੀਨ ਨੇ ਤਮਗਾ ਸੂਚੀ ਵਿੱਚ ਪਹਿਲਾ ਸਥਾਨ ਮੱਲਿਆ ।
                        ਪੇਈਚਿੰਗ 2008 ਨੂੰ 4200  ਖਿਡਾਰੀਆਂ ਨੇ 148 ਮੁਲਕਾਂ ਤੋਂ 20 ਖੇਡਾਂ ਦੇ 472 ਵਰਗਾਂ ਵਿੱਚ 6 ਤੋਂ 17 ਸਤੰਬਰ ਤੱਕ ਹਿੱਸਾ ਲਿਆ । ਚੀਨ ਫਿਰ ਮੁਹਰੀ ਰਿਹਾ । ਲੰਦਨ 2012 ਵਿੱਚਲੀਆਂ ਇਹਨਾਂ ਖੇਡਾਂ ਵਿੱਚ ਇਸ ਵਾਰੀ 164 ਦੇਸ਼ਾਂ ਦੇ 4294 ਖਿਡਾਰੀ 20 ਖੇਡਾਂ ਦੀਆਂ 503 ਈਵੈਂਟਸ ਵਿੱਚ 9 ਸਤੰਬਰ ਤੱਕ ਜੇਤੂ ਬਣਨ ਲਈ ਸੰਘਰਸ਼ ਕਰ ਰਹੇ ਹਨ । ਪਰ ਲਗਦਾ ਏ ਚੀਨ ਕਿਸੇ ਨੂੰ ਲਾਗੇ ਨਹੀਂ ਫਟਕਣ ਦੇਵੇਗਾ ।

Saturday, September 1, 2012

ਸ਼ਮ੍ਹਾਂ ਮੈਗ਼ਜ਼ੀਨ ਨੇ ਕਰਾਈ ਅੰਮ੍ਰਿਤਾ ਅਤੇ ਇਮਰੋਜ਼ ਦੀ ਮੁਲਾਕਾਤ


   ਸ਼ਮ੍ਹਾਂ ਮੈਗ਼ਜ਼ੀਨ ਨੇ ਕਰਾਈ ਅੰਮ੍ਰਿਤਾ ਅਤੇ ਇਮਰੋਜ਼ ਦੀ ਮੁਲਾਕਾਤ
                                ਰਣਜੀਤ ਸਿੰਘ ਪ੍ਰੀਤ
                  ਕੱਲ੍ਹ 31 ਅਗਸਤ ਮਰਦਾਂ ਵਰਗੀ ਔਰਤ ਅੰਮ੍ਰਿਤ ਕੌਰ ਦਾ ਜਨਮ ਦਿਨ ਸੀ । ਜਿਸ ਦਾ ਪਹਿਲਾ ਵਿਆਹ ਸੰਪਾਦਕ ਪ੍ਰੀਤਮ ਸਿੰਘ ਨਾਲ 1935 ਨੂੰ 16 ਸਾਲ ਦੀ ਉਮਰ ਵਿੱਚ ਹੋਇਆ ਸੀ ਅਤੇ ਉਹ ਅੰਮ੍ਰਿਤਾ ਪ੍ਰੀਤਮ ਅਖਵਾਉਂਣ ਲੱਗੀ । ਦੇਸ਼ ਦੀ ਵੰਡ ਸਮੇ 28 ਸਾਲਾਂ ਦੀ ਗਰਭਵਤੀ ਅੰਮ੍ਰਿਤਾ ਨੇ ਲੋਕਾਂ ਦੀ ਦੁਰਦਸ਼ਾ ਵੇਖ ਕਿ ਵਾਰਸ ਸ਼ਾਹ ਨੂੰ ਹਾਕਾਂ ਮਾਰੀਆਂ ਸਨ ਕਿ ਕਬਰਾਂ ਵਿੱਚੋਂ ਉਠ ਕੇ ਵੇਖ ਕੀ ਕੀ ਹੋ ਰਿਹਾ ਹੈ ? ਫਿਰ ਦਿੱਲੀ  ਵਸੀ ਅੰਮ੍ਰਿਤਾ ਨੇ ਨਾਗਮਣੀ ਵਰਗੇ ਸਾਹਿਤਕ ਮੈਗ਼ਜ਼ੀਨ ਦੇ ਨਾਲ ਨਾਲ 100 ਦੇ ਕਰੀਬ ਕਿਤਾਬਾਂ ਵੀ ਲਿਖੀਆਂ,ਪਿੰਜਰ ਅਤੇ ਰਸੀਦੀ ਟਿਕਟ ਵੀ ਉਹਦੇ ਹਾਸਲ ਰਹੇ । ਦੇਸ਼ ਦੇ ਵੱਡੇ ਵੱਡੇ ਇਨਾਮ ਸਨਮਾਨ ਹਾਸਲ ਕੀਤੇ । ਜਦ 1960 ਵਿੱਚ ਉਹ ਸਾਹਿਰ ਲੁਧਿਆਣਵੀ ਦੇ ਨੇੜੇ ਆਈ ਤਾਂ ਪ੍ਰੀਤਮ ਸਿੰਘ ਤੋਂ ਤਲਾਕ ਲੈ ਲਿਆ । ਪਰ ਇਸ ਤੋਂ ਉਲਟ ਸਾਹਿਰ ਦੀ ਨੇੜਤਾ ਗਾਇਕਾ ਸੁਧਾ ਮਲਹੋਤਰਾ ਨਾਲ ਹੋ ਗਈ । ਅੰਮ੍ਰਿਤਾ ਨੇ ਇਸ ਦੁਖ ਨੂੰ ਲੈ ਕੇ ਕਿਤਾਬ ਸੁਨੇਹੜੇ ਲਿਖੀ । ਜਿਸ ਨੇ ਇਹ ਪੜ੍ਹੀ ਹੈ ਉਹ ਇਸ ਤੋਂ ਸਾਰਾ ਕੁੱਝ ਸਮਝ ਸਕਿਆ ਹੋਵੇਗਾ ।
                    ਅੰਮ੍ਰਿਤਾ ਨੇ ਔਰਤ ਦੀ ਤਰਾਸਦੀ ਨੂੰ ਬਿਆਂਨ ਕਰਦਿਆਂ “ਔਰਤ ਇੱਕ ਦ੍ਰਿਸ਼ਟੀਕੋਣ” ਲਿਖੀ। ਉਸ ਨੇ ਮੁੰਡਿਆਂ ਦੇ ਜਨਮ ਦਿਨਾਂ ਨਾਲ ਸਬੰਧਤ ਲੋਹੜੀ ਵਰਗੇ ਤਿਓਹਾਰਾਂ ਨੂੰ ਵੀ ਨਿੰਦਿਆਂ,ਏਥੋਂ ਤੱਕ ਕਿ ਬੰਦ ਕਰ ਦੇਣ ਦਾ ਵੀ ਹੋਕਾ ਦਿੱਤਾ । ਜਿੰਨ੍ਹਾਂ ਨਾਲ ਲੜਕੀਆਂ ਦੀ ਮਾਨਸਿਕਤਾ ਨੂੰ ਖ਼ੋਰਾ ਲਗਦਾ ਹੈ । ਅੰਮ੍ਰਿਤਾ ਦੀਆਂ ਬਹੁਤੀਆਂ ਕਿਤਾਬਾਂ ਉੱਤੇ ਇਮਰੋਜ਼ ਦੇ ਹੀ ਬਣਾਏ ਹੋਏ ਪੈੱਨ ਸਕੈੱਚ ਹਨ । ਇਮਰੋਜ਼ ਇੱਕ ਅਜਿਹਾ ਨਾਅ ਹੈ, ਜਿਸ ਨੂੰ ਬਹੁਤ ਸਾਰੇ ਲੋਕ ਮੁਸਲਮਾਨ ਮੰਨਦੇ ਹਨ । ਬਹੁਤਿਆਂ ਨੂੰ ਅੱਜ ਵੀ ਅਸਲੀਅਤ ਦਾ ਪਤਾ ਨਹੀਂ ਹੈ । ਅੱਜ ਏਸੇ ਜਾਣਕਾਰੀ ਦੇ ਮਕਸਦ ਨਾਲ ਇਹ ਸੰਖੇਪ ਜਿਹਾ ਵੇਰਵਾ ਤੁਹਾਡੇ ਸਭ ਲਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ।
                     ਅੰਮ੍ਰਿਤਾ ਦੀ ਇੱਕ ਉਰਦੂ ਵਿੱਚ ਅਨੁਵਾਦ ਕੀਤੀ ਰਚਨਾ “ਤਜ਼ਾਰਤ ਦਾ ਸੁਆਲ ”1958 ਨੂੰ ਉਰਦੂ ਮੈਗ਼ਜ਼ੀਨ ਸ਼ਮ੍ਹਾਂ ਵਿੱਚ ਛਪੀ । ਇਸ ਤੋਂ ਅੱਗੇ ਇੱਕ ਹੋਰ ਕਹਾਣੀ ਸੀ “ਰੁਖਸਾਰੋਂ ਪਰ ਖਿਲੇ ਗੁਲਾਬ “ਇਸ ਕਹਾਣੀ ਨਾਲ ਸਬੰਧਤ ਜੋ ਖ਼ੂਬਸੂਰਤ ਔਰਤ ਦਾ ਖੁਸ਼ਮਿਜਾਜ਼ ਚਿਹਰਾ ਚਿਤਰਿਆ ਗਿਆ ਸੀ,ਉਸ ਦੀਆਂ ਗੱਲ੍ਹਾਂ ਉੱਤੇ ਖਿੜੇ ਗੁਲਾਬ ਦੇ ਮਨਮੋਹਕ ਫੁੱਲ ਉਲੀਕੇ ਹੋਏ ਸਨ । ਇਹ ਸਾਰੀ ਸੋਚ ਅਤੇ ਮਿਹਨਤ ਮੈਗ਼ਜ਼ੀਨ ਵਿੱਚ ਆਰਟਿਸਟ ਵਜੋਂ ਕੰਮ ਕਰਦੇ ਇੰਦਰਜੀਤ ਦੀ ਸੀ । ਜਦ ਮੈਗ਼ਜ਼ੀਨ ਅੰਮ੍ਰਿਤਾ ਕੋਲ ਪਹੁੰਚਿਆ ਤਾਂ ਉਹ ਇਸ ਤਸਵੀਰ ਤੋਂ ਬਹੁਤ ਪ੍ਰਭਾਵਿਤ ਹੋਈ । ਉਸ ਨੇ ਆਪਣੀ ਅਗਲੀ ਕਿਤਾਬ ਉੱਤੇ ਅਜਿਹਾ ਚਿਤਰ ਬਨਵਾਉਣ ਲਈ ਮਨ ਵਿੱਚ ਆਈ ਗੱਲ ਨੂੰ ਕਰਮਜੀਤ ਸਿੰਘ ਔਜਲਾ ਨਾਲ ਸਾਂਝਾ ਕੀਤਾ । ਔਜਲਾ ਨੇ ਭਾਪਾ ਪ੍ਰੀਤਮ ਸਿੰਘ ਪ੍ਰੈੱਸ ਵਾਲਿਆਂ ਨਾਲ ਇਹ ਗੱਲ ਸਾਂਝੀ ਕੀਤੀ,ਤਾਂ ਉਹਨਾਂ ਅੱਗੋਂ ਇਹ ਕੰਮ ਹਜ਼ਾਰਾ ਸਿੰਘ ਦੇ ਜ਼ਿੰਮੇ ਲਗਾ ਦਿੱਤਾ । ਜ਼ਿੰਮੇਵਾਰੀ ਸਮਝਦਿਆਂ ਅਤੇ ਅੰਮ੍ਰਿਤਾ ਦੀ ਗੱਲ ਨੂੰ ਨੇਪਰੇ ਚਾੜ੍ਹਨ ਦੇ ਇਰਾਦੇ ਨਾਲ ਹਜ਼ਾਰਾ ਸਿੰਘ ਜੀ ਸ਼ਮ੍ਹਾਂ ਮੈਗਜ਼ੀਨ ਦੇ ਦਫ਼ਤਰ ਜਾ ਪਹੁੰਚੇ । ਉਹਨਾਂ ਨੇ ਚੌਥੀ ਮੰਜ਼ਿਲ ਉੱਤੇ ਕੰਮ ਕਰ ਰਹੇ ਇੰਦਰਜੀਤ ਕੋਲ ਅੰਮ੍ਰਿਤਾ ਪ੍ਰੀਤਮ ਦੇ ਨਾਅ ਵਾਲੀ ਸਲਿੱਪ ਭੇਜ ਦਿੱਤੀ ।
                ਇੰਦਰਜੀਤ ਨੇ ਸਲਿੱਪ ਪੜ੍ਹੀ ਅਤੇ ਹੇਠਾਂ ਉੱਤਰ ਆਇਆ । ਹਜ਼ਾਰਾ ਸਿੰਘ ਨੂੰ ਮਿਲਿਆ,ਅਤੇ ਸਾਰੀ ਗੱਲ ਸੁਣੀ-ਸਮਝੀ । ਇੰਦਰਜੀਤ ਉਸ ਨੂੰ ਆਪਣੇ ਦਫ਼ਤਰ ਵਿੱਚ ਲੈ ਗਿਆ  ਅਤੇ ਸ਼ਮ੍ਹਾਂ ਵਿਚਲੇ ਚਿਤਰ ਤੋਂ ਵੀ ਕਈ ਗੁਣਾ ਵਧੀਆ ਚਿਤਰ ਬਣਾ ਦਿੱਤੇ । ਇਹ ਚਿਤਰ ਇੱਕ ਥਾਂ ਇਕੱਠੇ ਕਰਦਿਆਂ ਅੰਮ੍ਰਿਤਾ ਨੂੰ ਪੇਸ਼ ਕਰਕੇ ਪਸੰਦ ਕਰਨ ਦੇ ਇਰਾਦੇ ਨਾਲ ਹਜ਼ਾਰਾ ਸਿੰਘ ਨੂੰ ਸੌਂਪ ਦਿੱਤੇ ਅਤੇ ਹੇਠਾਂ ਆਪਣਾ ਨਾਅ ਇੰਦਰਜੀਤ ਲਿਖਣ ਦੀ ਬਜਾਇ ਲਿਖ ਦਿੱਤਾ “ ਆਈ ਐਮ ਰੋਜ਼ “ ਬੱਸ ਇਹ ਨਾਅ ਅੰਮ੍ਰਤਾ ਲਈ ਇਮਰੋਜ਼ ਬਣ ਗਿਆ ,ਫਿਰ ਅੰਤਲੇ ਸਾਹਾਂ ਤੱਕ ਅੰਮ੍ਰਿਤਾ 40 ਸਾਲ ਉਹਦੇ ਨਾਲ ਹੀ ਰਹੀ ਅਤੇ ਅੰਮ੍ਰਿਤਾ ਇਮਰੋਜ਼ ਅਖਵਾਉਣ ਵਿੱਚ ਵੀ ਮਾਣ ਮਹਿਸੂਸ ਕੀਤਾ ।
ਰਣਜੀਤ ਸਿੰਘ ਪ੍ਰੀਤ
98157-07232