ਕਬੱਡੀ ਵਿਸ਼ਵ ਕੱਪ ਦੀ ਸਮਾਪਤੀ ਲਈ ਪੁੱਠੀ ਗਿਣਤੀ ਸ਼ੁਰੂ
ਭਾਰਤ ਦਾ ਸੈਮੀਫ਼ਾਈਨਲ ਇਟਲੀ ਨਾਲ,ਅਤੇ ਪਾਕਿਸਤਾਨ ਦਾ ਕੈਨੇਡਾ ਨਾਲ
ਰਣਜੀਤ ਸਿੰਘ ਪ੍ਰੀਤ
ਇਸ ਵਾਰੀ ਇਹ ਵਿਸ਼ਵ ਕੱਪ ਪੰਜਾਬ ਸਪੋਰਟਸ ਵਿਭਾਗ,ਪੰਜਾਬ ਸਟੇਟ ਸਪੋਰਟਸ ਕੌਂਸਲ,ਅਤੇ ਪੰਜਾਬ ਸਰਕਾਰ ਦੇ ਯਤਨਾਂ ਨਾਲ ਪਹਿਲੀ ਨਵੰਬਰ ਤੋਂ ਚੱਲੀ ਜਾ ਰਿਹਾ ਹੈ ।,2004 ,2007 ਅਤੇ 2010 ਦੇ ਮੁਕਾਬਲੇ ਭਾਰਤ ਨੇ ਜਿੱਤੇ ਹਨ । ਪਿਛਲੇ ਮੁਕਾਬਲੇ ਸਮੇ ਨਾਰਵੇ ਦੇ ਇਨਕਾਰ ਕਰਨ ਨਾਲ 9 ਟੀਮਾਂ ਹੀ ਰਹਿ ਗਈਆਂ ਸਨ।ਇਸ ਵਾਰੀ ਇਰਾਨ ਦੇ ਇਨਕਾਰ ਕਰਨ ਮਗਰੋਂ ਨੇਪਾਲ ਅਤੇ ਮਹਿਲਾ ਵਰਗ ਵਿੱਚ ਤੁਰਕਮੇਨਿਸਤਾਨ ਦੀਆਂ ਟੀਮਾਂ ਨੂੰ ਦਾਖ਼ਲਾ ਦਿੱਤਾ ਗਿਆ ਹੈ । ਸਪੇਨ ਅਤੇ ਨਿਊਜ਼ੀਲੈਂਡ ਵਿੱਚੋਂ ਕਿਸ ਟੀਮ ਨੇ ਖੇਡਣਾ ਹੈ, ਦਾ ਫੈਸਲਾ ਵੀ ਲਟਕਿਆ ਰਿਹਾ । ਅਖੀਰ ਸਪੇਨ ਨੂੰ ਦਾਖ਼ਲਾ ਮਿਲਿਆ । ਸਾਰੇ ਪ੍ਰੋਗਰਾਮ ਦਾ ਐਲਾਨ ਵੀ ਕਰ ਦਿੱਤਾ ਗਿਆ । ਪਰ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਕੁੱਝ ਹੀ ਘੰਟੇ ਪਹਿਲਾਂ ਇੱਕ ਵਾਰ ਫਿਰ ਪੂਰੀ ਰੂਪ-ਰੇਖਾ ਹੀ ਬਦਲ ਦਿੱਤੀ ਗਈ । ਮੈਚਾਂ ਦੀ ਅਦਲਾ–ਬਦਲੀ ਤੋਂ ਇਲਾਵਾ, ਪੂਲ ਏ ਦੀ ਟੀਮ ਸ਼੍ਰੀਲੰਕਾ ਨੂੰ ਪੂਲ ਬੀ ਵਿੱਚ, ਅਤੇ ਪੂਲ ਬੀ ਦੀ ਟੀਮ ਜਰਮਨੀ ਨੂੰ ਪੂਲ ਏ ਵਿੱਚ, ਬਦਲਿਆ ਗਿਆ । ਮਹਿਲਾ ਵਰਗ ਦੇ ਮੈਚ ਵੀ ਬਦਲ ਦਿੱਤੇ ਗਏ । ਮਹਿਲਾਵਾਂ ਦਾ ਇਹ ਪਹਿਲਾ ਵਿਸ਼ਵ ਕੱਪ 11 ਤੋਂ 20 ਨਵੰਬਰ ਤੱਕ 7 ਖੇਡ ਮੈਦਾਨਾਂ ਵਿੱਚ 7 ਮੈਚਾਂ ਨਾਲ ਸੰਪਨ ਹੋਵੇਗਾ। ਪਹਿਲਾ ਮੈਚ ਭਾਰਤ ਨੇ ਤੁਰਕਮੇਨਿਸਤਾਨ ਵਿਰੁੱਧ ਖੇਡਿਆ ਹੈ,ਫਿਰ ਇੰਗਲੈਂਡ ਨੂੰ ਮਾਤ ਦੇ ਕੇ 4 ਅੰਕ ਪ੍ਰਾਪਤ ਕੀਤੇ ਹਨ । ਇੰਗਲੈਂਡ ਅਤੇ ਅਮਰੀਕਾ 36-36 ਅੰਕਾਂ ਨਾਲ ਬਰਾਬਰ ਰਹੇ ਹਨ। ਅਮਰੀਕਾ ਨੇ ਤੁਰਕਮੇਨਿਸਤਾਨ ਨੂੰ ਹਰਾਇਆ ਹੈ,ਅਤੇ 3 ਅੰਕਾਂ ਨਾਲ ਦੂਜੇ ਸਥਾਨ ਤੇ ਚੱਲ ਰਿਹਾ ਹੈ । ਭਾਰਤ ਨੇ ਆਪਣਾ ਆਖ਼ਰੀ ਮੈਚ ਬਠਿੰਡਾ ਵਿਖੇ 18 ਤਾਰੀਖ਼ ਨੂੰ ਅਮਰੀਕਾ ਨਾਲ ਖੇਡਣਾ ਹੈ । ਤੁਰਮੇਨਿਸਤਾਨ ਦੀ ਟੀਮ ਕੋਈ ਮੈਚ ਨਹੀਂ ਜਿੱਤ ਸਕੀ । ਪੁਰਸ਼ ਵਰਗ ਵਿੱਚ ਭਾਰਤੀ ਟੀਮ 6 ਦੇ 6 ਮੈਚ ਜਿੱਤ ਕਿ 12 ਅੰਕਾਂ ਨਾਲ ਸਭ ਤੋਂ ਮੁਹਰੀ ਹੈ ।ਜਦੋਂ ਕਿ ਕੈਨੇਡਾ ਟੀਮ 10 ਅੰਕਾ ਨਾਲ ਦੂਜੇ ਸਥਾਨ ਉੱਤੇ ਹੈ,ਦੁਜੇ ਪਾਸੇ ਪੂਲ ਬੀ ਵਿੱਚ 10 ਅੰਕਾਂ ਨਾਲ ਪਾਕਿਸਤਾਨ ਦੀ ਟੀਮ ਸਿਖ਼ਰ ‘ਤੇ ਹੈ,ਜਦੋਂ ਕਿ 8 ਅੰਕਾਂ ਨਾਲ ਇਟਲੀ ਦੂਜੇ ਸਥਾਨ ਉੱਤੇ ਹੈ।ਮੁਕਾਬਲੇ ਦੇ ਮੈਚਾਂ ਦੀ ਤਬਦੀਲੀ ਮਗਰੋਂ ਭਾਰਤ ਨੇ ਆਪਣਾ ਮੈਚ ਸਫ਼ਰ ਕੈਨੇਡਾ ਦੀ ਬਜਾਇ ਜਰਮਨੀ ਨਾਲ ਫਰੀਦਕੋਟ ਵਿਖੇ ਖੇਡ ਕੇ ਸ਼ੁਰੂ ਕੀਤਾ ਸੀ ।
ਗੱਲ ਏਥੇ ਹੀ ਨਾ ਰੁਕੀ ਰਾਜਨੀਤੀ ਦੀ ਬੱਦਲ ਵਾਈ ਦੌਰਾਂਨ ਦੋਦਾ ਵਿਖੇ 10 ਤਾਰੀਖ ਨੂੰ ਹੋਣ ਵਾਲੇ ਮੈਚ 48 ਘੰਟੇ ਪਹਿਲਾਂ ਮਾਨਸਾ ਵਿਖੇ,ਅਤੇ ਮਾਨਸਾ ਵਿਖੇ 15 ਤਾਰੀਖ ਨੂੰ ਹੋਣ ਵਾਲੇ ਮੈਚ ਦੋਦਾ ਵਿਖੇ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ । ਇਸ ਵਾਰੀ ਪੁਰਸ਼ ਵਰਗ ਵਿੱਚ 46 ਮੈਚ ਹੋਣੇ ਸਨ,ਪਰ ਡੋਪ ਡੰਗ ਅਜਿਹਾ ਤਿੱਖਾ ਰਿਹਾ ਕਿ ਆਸਟਰੇਲੀਆ ਅਤੇ ਅਮਰੀਕਾ ਵਿਰੁੱਧ ਖੇਡਣ ਵਾਲੀਆਂ ਟੀਮਾਂ ਅਫਗਾਨਿਸਤਾਨ ਅਤੇ ਨਾਰਵੇ ਨੂੰ ਵਾਕ ਓਵਰ ਮਿਲਣ ਨਾਲ ਮੈਚਾਂ ਦੀ ਗਿਣਤੀ 44 ਰਹਿ ਗਈ ਹੈ। ਇਹ ਮੈਚ 16 ਸਥਾਨਾਂ ਤੇ 14 ਟੀਮਾਂ ਨੇ ਖੇਡੇ । ਸਾਰੀਆਂ ਟੀਮਾਂ ਦੇ ਕੁੱਲ 252 ਖਿਡਾਰੀ ਇਸ ਕਬੱਡੀ ਮਹਾਂ-ਕੁੰਭ ਵਿੱਚ ਸ਼ਾਮਲ ਹੋਏ । ਪਰ ਇਸ ਵਾਰੀ ਬਹੁਤ ਕੁੱਝ ਹਾਸੋ-ਹੀਣਾ ਅਤੇ ਹੈਰਤਅੰਗੇਜ਼ ਵੀ ਵਾਪਰਦਾ ਰਿਹਾ ।ਕਦੀ 16 ਟੀਮਾਂ,ਕਦੀ 12 ਟੀਮਾਂ,ਕਦੀ 10 ਟੀਮਾਂ, । ਇਹ ਗੱਲ ਵੀ ਅਨੋਖੀ ਲਗੀ ਕਿ ਉਂਜ ਤਾਂ ਮੈਚ ਵੇਖਣ ਲਈ ਕਈ ਜਿਲਿਆਂ ਵਿੱਚ ਸਾਰੀ ਜਾਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਜਾਦਾ ਰਿਹਾ,ਤਾਂ ਫਿਰ ਐਤਵਾਰ ਦਾ ਦਿਨ ਹੀ ਅਰਾਮ ਲਈ ਕਿਓਂ ਚੁਣਿਆਂ ਗਿਆ ?
ਮਹਿਲਾ ਵਰਗ ਵਿੱਚ ਟੀਮ ਦੀ ਮੈਨੇਜਰ ਕੌਣ ਹੋਵੇਗੀ ਬਾਰੇ ਵੀ ਭੰਬਲਭੂਸਾ ਬਣਿਆਂ ਰਿਹਾ। ਪਹਿਲਾਂ ਕਬੱਡੀ ਟੀਮ ਦੀ ਕਪਤਾਨ ਵਜੌ ਜਤਿੰਦਰ ਕੌਰ ਦਾ ਜ਼ਿਕਰ ਹੋਇਆ,ਉਪ-ਕਪਤਾਨ ਵਜੋਂ ਰਾਜਵਿੰਦਰ ਦਾ। ਪਰ ਆਖ਼ਰ ਵਿੱਚ ਬਿਆਨ ਆਇਆ ਕਿ ਪ੍ਰਿਯੰਕਾ ਦੇਵੀ ਨੂੰ ਕਪਤਾਨ ਅਤੇ ਜਤਿੰਦਰ ਕੌਰ ਨੂੰ ਉਪ-ਕਪਤਾਨ ਥਾਪਿਆ ਗਿਆ ਹੈ । ਮਹਿਲਾ ਕਬੱਡੀ ਟੀਮ ਦੀ ਚੋਣ ਨੂੰ ਲੈ ਕੇ ਵੀ ਰਾਖ਼ਵੀਂ ਖਿਡਾਰਨ ਰਣਦੀਪ ,ਅਤੇ ਚੋਣ ਤੋਂ ਰਹਿ ਗਈ ਇੱਕ ਹੋਰ ਕਬੱਡੀ ਖਿਡਾਰਨ ਵੀਰਪਾਲ ਨੇ ਕਈ ਕਿੰਤੂ-ਪ੍ਰੰਤੂ ਵੀ ਕੀਤੇ । ਵੀਰਪਾਲ ਦਾ ਕਹਿਣਾ ਸੀ ਕਿ ਉਸ ਨੂੰ ਡੋਪ ਟੈਸਟ ਪਾਜ਼ੇਟਿਵ ਹੋਣਾ ਕਹਿਕੇ ਟੀਮ ਤੋਂ ਬਾਹਰ ਰੱਖਿਆ ਗਿਆ ,ਪਰ ਜੋ ਟੈਸਟ ਰਿਪੋਰਟ ਉਸ ਨੂੰ ਦਿੱਤੀ ਗਈ ਹੈ,ਉਸ ਅਨੁਸਾਰ ਉਸਦਾ ਟੈਸਟ ਨੈਗੇਟਿਵ ਸੀ।
ਪਾਕਿਸਤਾਨ ਦੀ ਟੀਮ ਵਿੱਚ ਵੀ ਚੜ੍ਹਦੇ ਪੰਜਾਬ ਦੇ ਪਿਛੋਕੜ ਵਾਲੇ 8 ਖਿਡਾਰੀ ਸ਼ਾਮਲ ਹਨ। ਇਸ ਕਬੱਡੀ ਟੀਮ ਦੇ ਕੋਚ ਮੁਹੰਮਦ ਹੁਸੈਨ ਦਾ ਪਿਛੋਕੜ ਪਿੰਡ ਡੱਲਿਆਂ ਵਾਲਾ (ਹੁਸ਼ਿਆਰਪੁਰ), ਧਾਵੀ ਆਮਿਰ ਇਸਮਾਈਲ ਅਤੇ ਇਸ ਦੇ ਭਾਈਜਾਨ ਜਾਫ਼ੀ ਰਾਸ਼ਿਦ ਇਸਮਾਈਲ ਦੇ ਪੁਰਖੇ ਵੀ ਹੁਸ਼ਿਆਰਪੁਰ ਦੇ ਸਨ । ਜਾਫ਼ੀ ਕਾਸਿਫ਼ ਪਠਾਨ ਨੂੰ ਪਿੰਡ ਰੁੜਕੀ (ਹੁਸ਼ਿਆਰਪੁਰ) ਨਾਲ ਮੋਹ ਹੈ । ਬੱਟ ਲੁਧਿਆਣਵੀ ਦੇ ਨਾਂਅ ਨਾਲ ਪੁਕਾਰੇ ਜਾਂਦੇ ਕਪਤਾਨ ਸਦੀਕ ਬੱਟ ਦਾ ਸਬੰਧ ਲੁਧਿਆਣੇ ਜ਼ਿਲ੍ਹੇ ਨਾਲ ਹੈ । ਏਸੇ ਜ਼ਿਲ੍ਹੇ ਦੇ ਪਿੰਡ ਕਾਲਸਾ ਦੇ ਪਿਛੋਕੜ ਵਾਲਾ ਹੈ ਧਾਕੜ ਜਾਫ਼ੀ ਮੁਹੰਮਦ ਮੁਨਸ਼ਾ ਗੁੱਜਰ । ਜ਼ਬਰਦਸਤ ਧਾਵੀ ਲਾਲਾ ਉਮੈਦਉੱਲਾ,ਅਤੇ ਜਾਫ਼ੀ ਆਸਿਫ਼ ਅਲੀ ਦਾ ਪਿਛੋਕੜ ਪਿੰਡ ਸੂਹੀਆ ਜ਼ੈਲਦਾਰ,ਅਤੇ ਪਿੰਡ ਭੋਲੇਵਾਲ ਜ਼ਿਲ੍ਹਾ ਅੰਮ੍ਰਿਤਸਰ ਨਾਲ ਹੈ। ਇਸ ਤੋਂ ਇਲਾਵਾ ਹੋਰਨਾਂ ਬਹੁਤੀਆਂ ਟੀਮਾਂ ਦਾ ਅਧਾਰ ਪੰਜਾਬੀ ਮੂਲ ਦੇ ਖਿਡਾਰੀ ਹੀ ਹਨ । ਭਾਵੇਂ ਅਰਜਨਟੀਨਾਂ, ਸ਼੍ਰੀਲੰਕਾ, ਨੇਪਾਲ,ਅਫ਼ਗਾਨਿਸਤਾਨ ਦੀਆਂ ਟੀਮਾਂ ਦਾ ਪੰਜਾਬੀ ਪਿਛੋਕੜ ਨਾਲ ਕੋਈ ਸਬੰਧ ਨਹੀਂ ਹੈ। ਪਰ ਫਿਰ ਵੀ ਬਹੁ-ਗਿਣਤੀ ਪੰਜਾਬੀ ਖਿਡਾਰੀਆਂ ਦੀ ਹੋਣ ਕਰਕੇ ਇੱਕ ਵਾਰ ਫਿਰ ਇਹ ਵਿਸ਼ਵ ਕੱਪ ਦੀ ਬਜਾਏ ਪੰਜਾਬੀ ਕਬੱਡੀ ਵਿਸ਼ਵ ਕੱਪ ਹੀ ਬਣਿਆ ਜਾਪਦਾ ਹੈ।
ਬਹੁਤੇ ਮੈਚ ਇੱਕ ਤਰਫਾ ਹੀ ਰਹੇ,ਵੱਡੇ ਉਲਟ ਫੇਰ ਅਤੇ ਉਤਰਾਅ ਚੜਾਅ ਵਾਲਾ ਮੈਚ ਪਾਕਿਸਤਾਨ ਦਾ ਅਮਰੀਕਾ ਹੱਥੋਂ 43-39 ਨਾਲ ਹਾਰਨ ਵਾਲਾ ਰਿਹਾ । ਫਸਵੀਂ ਟੱਕਰ ਵਾਲਾ ਦੂਜਾ ਮੈਚ ਕੈਨੇਡਾ-ਇੰਗਲੈਂਡ 42-34 ਨਾਲ ਕੈਨੇਡਾ ਦੇ ਹਿੱਸੇ ਰਿਹਾ। ਰੌਚਕਤਾ ਦੇ ਪੱਖ ਤੋਂ ਅਰਜਨਟੀਨਾ ਅਤੇ ਸ਼ੀਲੰਕਾ ਦਾ ਮੈਚ ਮੀਰੀ ਰਿਹਾ। ਪਾਕਿਸਤਾਨ ਅਤੇ ਅਫ਼ਗਾਨਿਸਤਾਨ ਮੈਚ ਵਿੱਚ ਵਿਸ਼ਵ ਕੱਪ ਦਾ ਉੱਚ ਸਕੋਰ 82+11= 93 ਅੰਕ ਰਿਹਾ,ਜਿੱਤ ਅੰਤਰ ਦਾ ਵੀ 71 ਅੰਕਾਂ ਵਾਲਾ ਇਹੀ ਰਿਕਾਰਡ ਹੈ। ਮਹਿਲਾ ਵਰਗ ਵਿੱਚ ਭਾਰਤ ਦੀ ਟੀਮ ਦੋ ਜਿੱਤਾਂ 4 ਅੰਕਾਂ ਨਾਲ ਫ਼ਾਈਨਲ ਵਿੱਚ ਪਹੁੰਚ ਚੁੱਕੀ ਹੈ । ਅਮਰੀਕਾ ਅਤੇ ਇੰਗਲੈਂਡ ਦੇ 3-3 ਅੰਕ ਹਨ ।ਤੁਰਕਮੇਨਿਸਤਾਨ ਦੀ ਟੀਮ 3 ਦੇ 3 ਮੈਚ ਹਾਰ ਚੁਕੀ ਹੈ । ਪੁਰਸ਼ ਵਰਗ ਵਿੱਚ ਭਾਰਤ ਦਾ ਸੈਮੀਫਾਈਨਲ ਇਟਲੀ ਨਾਲ ਅਤੇ ਪਾਕਿਸਤਾਨ ਦਾ ਕੈਨੇਡਾ ਨਾਲ 18 ਨਵੰਬਰ ਨੂੰ ਬਠਿੰਡਾ ਵਿਖੇ ਹੋਣਾ ਹੈ,ਇਹ ਵੀ ਸੰਭਵ ਹੈ ਕਿ ਪਿਛਲੇ ਵਿਸ਼ਵ ਕੱਪ ਵਾਂਗ ਇਸ ਵਾਰੀ ਵੀ 2 ਕਰੋੜੀ ਫ਼ਾਈਨਲ ਦੋਹਾਂ ਗੁਆਂਢੀ ਮੁਲਕਾਂ ਦੀਆਂ ਟੀਮਾਂ ਦਰਮਿਆਨ ਹੀ ਹੋਵੇ ।
ਇਸ ਵਾਰ ਡੋਪ ਦਾ ਡੰਗ ਬਹੁਤ ਤਿੱਖਾ ਰਿਹਾ, 14 ਨਵੰਬਰ ਨੂੰ ਹਸ਼ਿਆਰਪੁਰ ਵਿਖੇ ਅਮਰੀਕਾ ਦੇ ਡੋਪ ਟੈਸਟ ਤੋਂ ਇਨਕਾਰ ਕਰਨ ਅਤੇ 4 ਖਿਡਾਰੀਆਂ ਵੱਲੋਂ ਮੌਕੇ ‘ਤੇ ਖਿਸਕ ਜਾਣ ਕਾਰਣ,ਅਤੇ ਚਾਰਾਂ ਦੇ ਡੋਪ ਟੈਸਟ ਵਿੱਚ ਫਸਣ ਕਾਰਣ ਪੂਲ ਬੀ ਚੋਂ ਟਾਪਰ ਚੱਲ ਰਹੀ ਅਮਰੀਕੀ ਟੀਮ ਅਰਸ਼ ਤੋਂ ਫ਼ਰਸ਼ ‘ਤੇ ਆ ਡਿੱਗੀ । ,18 ਨਤੀਜੇ ਪਹਿਲੇ 7 ਦਿਨਾਂ ਵਿੱਚ ਹੀ ਪਲੱਸ ਰਹਿਣਾ ਹੈਰਾਨੀਜਨਕ ਤੱਥ ਰਿਹਾ । ਅਮਰੀਕਾ ਦੇ 8 (ਟੈਸਟ ਤੋਂ ਖਿਸਕੇ 4 ਮਿਲਾਕੇ),ਆਸਟਰੇਲੀਆ ਦੇ 6,ਕੈਨੇਡਾ ਦੇ 4, ਇੰਗਲੈਂਡ ਦੇ 5 , ਸਪੇਨ ਦੇ 4,ਇਟਲੀ ਦੇ 3 ,ਨਾਰਵੇ ਦੇ 2, ਭਾਰਤ,ਜਰਮਨੀ,ਅਰਜਨਟੀਨਾ ਦਾ 1-1 ਖਿਡਾਰੀ ਡੋਪ ਦੇ ਡੰਗ ਨੇ ਡੰਗਿਆ ਹੈ। ਉਧਰ ਨਾਡਾ ਦੇ ਅਧਿਕਾਰੀ ਡਾ ਮੁਨੀਸ਼ ਚੰਦਰ ਵੱਲੋਂ ਧਮਕੀਆਂ ਮਿਲਣ ਦਾ ਖ਼ੁਲਾਸਾ ਕਰਨ ਮਗਰੋਂ ਉਹਨਾਂ ਨੂੰ ਸੁਰੱਖਿਆ ਛਤਰੀ ਦਿੱਤੀ ਗਈ । ਨਾਡਾ ਚੀਫ਼ ਰਾਹੁਲ ਭਟਨਾਗਰ ਦਾ ਕਹਿਣਾ ਸੀ ਕਿ ਜੋ ਸਾਡਾ ਕੰਮ ਹੈ,ਉਹ ਬਾ-ਦਸਤੂਰ ਜਾਰੀ ਰਹੇਗਾ । ਇਸ ਵਾਰ ਡੋਪ ਦਾ ਡੰਗ ਬਹੁਤ ਤਿੱਖਾ ਰਿਹਾ,ਇਹ ਵੀ ਕਹਿ ਸਕਦੇ ਹਾਂ ਕਿ ਇਸ ਵਾਰੀ ਇਹ ਡੋਪ ਟੈਸਟ ਦਾ ਵੀ ਵਿਸ਼ਵ ਕੱਪ ਹੀ ਸੀ ।,
ਅਗਲੇ ਵਿਸ਼ਵ ਕੱਪ ਦੀ ਹੋਂਦ ਚੋਣਾਂ ਮਗਰੋਂ ਸਰਕਾਰ ਬਣਨ ਦੀ ਸਥਿੱਤੀ ਨਾਲ ਜੁੜੀ ਹੋਈ ਹੈ। ਉਂਜ ਸਰਕਲ ਸਟਾਈਲ ਕਬੱਡੀ ਦਾ ਇੱਕ ਇਹ ਦੁਖਿਦ ਪਹਿਲੂ ਵੀ ਕਹਿ ਸਕਦੇ ਹਾਂ ਕਿ,ਵੱਖ ਵੱਖ ਮੁਲਕਾਂ ਵਿੱਚ ਵੱਖ ਵੱਖ ਹੀ ਵਿਸ਼ਵ ਕੱਪ ਕਰਵਾਏ ਜਾਂਦੇ ਹਨ। ਇਸ ਵਾਸਤੇ ਸਾਂਝੇ ਮੁਹਾਜ ਦੀ ਬੇ-ਹੱਦ ਜ਼ਰੂਰਤ ਹੈ। ਤਾਂ ਜੋ ਵਿਸ਼ਵ ਪੱਧਰ ‘ਤੇ ਇਸ ਨੂੰ ਹੋਰ ਪਰਮੋਟ ਕੀਤਾ ਜਾ ਸਕੇ । ਪੰਜਬੀਆਂ ਤੋਂ ਇਲਾਵਾ ਹੋਰਨਾਂ ਕੌਮਾਂ ਨੂੰ ਇਸ ਵੱਲ ਪ੍ਰੇਰਿਤ ਕਰਨ ਦੀ ਵੀ ਲੋੜ ਹੈ,ਤਾਂ ਜੋ ਸਹੀ ਰੂਪ ਵਿੱਚ ਇਹ ਵਿਸ਼ਵ ਕੱਪ ਅਖਵਾਅ ਸਕੇ ।
ਗਰੁੱਪ ਏ :-
ਟੀਮ ਏ | ਮੈਚ ਖੇਡੇ | ਜਿੱਤੇ | ਬਰਾਬਰ | ਹਾਰੇ | ਅੰਕ ਬਣਾਏ | ਅੰਕ ਦਿੱਤੇ | ਅੰਕ ਅੰਤਰ | ਅੰਕ |
ਭਾਰਤ | 6 | 6 | 0 | 0 | 362 | 125 | 237 | 12 |
ਕੈਨੇਡਾ | 6 | 5 | 0 | 1 | 302 | 180 | 122 | 10 |
ਇੰਗਲੈਂਡ | 6 | 4 | 0 | 2 | 297 | 182 | 115 | 8 |
ਜਰਮਨੀ | 6 | 2 | 0 | 4 | 205 | 302 | -97 | 4 |
ਆਸਟਰੇਲੀਆ | 6 | 2 | 0 | 4 | 222 | 204 | 18 | 4 |
ਅਫਗਾਨਿਸਤਾਨ | 6 | 2 | 0 | 4 | 119 | 284 | −165 | 4 |
ਨੇਪਾਲ | 6 | 0 | 0 | 6 | 148 | 368 | −220 | 0 |
ਗਰੁੱਪ ਬੀ :-
ਟੀਮ ਬੀ | ਮੈਚ ਖੇਡੇ | ਜਿੱਤੇ | ਬਰਾਬਰ | ਹਾਰੇ | ਅੰਕ ਬਣਾਏ | ਅੰਕ ਦਿੱਤੇ | ਅੰਕ ਅੰਤਰ | ਅੰਕ |
ਪਾਕਿਸਤਾਨ | 6 | 5 | 0 | 1 | 309 | 115 | 194 | 10 |
ਇਟਲੀ | 6 | 4 | 0 | 2 | 317 | 194 | 123 | 8 |
ਨਾਰਵੇ | 6 | 4 | 0 | 2 | 222 | 200 | 22 | 8 |
ਸਪੇਨ | 6 | 2 | 0 | 4 | 241 | 196 | 45 | 4 |
ਅਰਜਨਟੀਨਾਂ | 6 | 1 | 0 | 5 | 129 | 402 | −273 | 2 |
ਸ਼੍ਰੀਲੰਕਾ | 6 | 0 | 0 | 6 | 134 | 407 | −273 | 0 |
ਅਮਰੀਕਾ | 6 | 5 | 0 | 1 | 300 | 138 | 162 | 10 |
ਮਹਿਲਾ ਵਰਗ :-
ਟੀਮ ਮਹਿਲਾ | ਮੈਚ ਖੇਡੇ | ਜਿੱਤੇ | ਬਰਾਬਰ | ਹਾਰੇ | ਅੰਕ ਬਣਾਏ | ਅੰਕ ਦਿੱਤੇ | ਅੰਕ ਅੰਤਰ | ਅੰਕ |
ਭਾਰਤ | 2 | 2 | 0 | 0 | 101 | 20 | 81 | 4 |
ਅਮਰੀਕਾ | 2 | 1 | 1 | 0 | 80 | 57 | 23 | 3 |
ਇੰਗਲੈਡ | 3 | 1 | 1 | 1 | 100 | 104 | -4 | 3 |
ਤੁਰਕਮੇਨਿਸਤਾਨ | 3 | 0 | 0 | 3 | 50 | 150 | -100 | 0 |
******** ******** ********** ********** *******
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:-98157-07232
No comments:
Post a Comment