Thursday, February 23, 2012

ਮਲਿਕਾ -ਇ- ਹੁਸਨ :–ਮਧੂਬਾਲਾ


            ਮਲਿਕਾ -ਇ- ਹੁਸਨ :-ਮਧੂਬਾਲਾ
                                               ਰਣਜੀਤ ਸਿੰਘ ਪ੍ਰੀਤ
                         ਕੁੱਝ ਲੋਕ ਇਸ ਦੁਨੀਆਂ ਤੇ ਆਉਂਦੇ ਹਨ,ਬਗੈਰ ਕੁੱਝ ਜ਼ਿਕਰਯੋਗ ਕਰਿਆਂ ਤੁਰ ਜਾਂਦੇ ਹਨ । ਪਰ ਕੁੱਝ ਅਜਿਹੇ ਵੀ ਹੁੰਦੇ ਹਨ, ਜੋ ਥੋੜ੍ਹੀ ਉਮਰ ਭੋਗ ਕੇ ਵੀ ਅਮਿੱਟ ਪੈੜਾਂ  ਛੱਡ ਜਾਂਦੇ ਹਨ । ਜਿੰਨ੍ਹਾਂ ਨੂੰ ਲੋਕ ਬਹੁਤ ਪਿਆਰ ਸਤਿਕਾਰ ਨਾਲ ਯਾਦ ਕਰਿਆ ਕਰਦੇ ਹਨ । ਅਜਿਹੀ ਹੀ ਸੀ ਅਦਾਕਾਰਾ ਮਧੂਬਾਲਾ ।  ਮੁੱਢਲੇ ਨਾਂਅ ਮੁਮਤਾਜ ਬੇਗ਼ਮ ਜਹਾਂ ਦੇਹਲਵੀ ਵਾਲੀ ਮਧੂਬਾਲਾ ਦਾ ਜਨਮ ਦਿੱਲੀ ਵਿੱਚ ਅਤਾਉਲਾ ਖ਼ਾਂਨ ਦੇ ਘਰ 14 ਫਰਵਰੀ 1933 ਨੂੰ ਹੋਇਆ । ਉਹ ਪਰਿਵਾਰ ਦੇ 11 ਬੱਚਿਆਂ ਵਿੱਚੋਂ ਪੰਜਵਾਂ ਬੱਚਾ ਸੀ । ਮੁਮਤਾਜ ਦੇ ਅੱਬੂ ਜੋ ਪਿਸ਼ਾਵਰ ਵਿਖੇ ਇੰਪੀਰੀਅਲ ਤਮਾਕੂ ਕੰਪਨੀ ਵਿੱਚ ਨੌਕਰੀ ਕਰਦੇ ਸਨ ,ਉਹਨਾਂ ਨੂੰ ਉਹ ਛੱਡ ਕਿ ਮੂੰਬਈ ਆਉਣਾ ਪਿਆ । ਸਨ 1942 ਤੋਂ 1960 ਤੱਕ ਫ਼ਿਲਮੀ ਜਗਤ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖਣ ਵਾਲੀ ਮੁਮਤਾਜ ਨੇ 10 ਕੁ ਸਾਲ ਦੀ ਉਮਰੇ 1942 ਵਿੱਚ ਬਾਲ ਕਲਾਕਾਰਾ ਵਜੋਂ ਫ਼ਿਲਮ ਬਸੰਤਲਈ ਪਹਿਲੀ ਭੂਮਿਕਾ ਨਿਭਾਈ । ਇਸ ਤੋਂ ਪ੍ਰਭਾਵਿਤ ਹੁੰਦਿਆਂ ਅਭਿਨੇਤਰੀ ਦੇਵਿਕਾ ਰਾਣੀ ਨੇ ਮਸ਼ਵਰਾ ਦਿੱਤਾ ਕਿ ਉਹ ਆਪਣਾ ਨਾਂਅ ਮਧੂ ਰੱਖ ਲਵੇ ,ਜਿਸ ਦਾ ਅਰਥ ਸ਼ਹਿਦ ਦੀ ਔਰਤ ਹੁੰਦਾ ਹੈ ਅਤੇ ਉਹ ਮੁਮਤਾਜ ਤੋਂ ਮਧੂਬਾਲਾ ਅਖਵਾਉਂਣ ਲੱਗੀ ।
                     ਫਿਰ 1947 ਵਿੱਚ ਬੇਬੀ ਮੁਮਤਾਜ ਨੂੰ ਨਾਇਕਾ ਮੁਮਤਾਜ ਦਾ ਨਾਂਅ ਦਿੰਦਿਆਂ ਨਿਰਮਾਤਾ-ਨਿਰਦੇਸ਼ਕ ਕੇਦਾਰ ਸ਼ਰਮਾਂ ਨੇ ਫ਼ਿਲਮ ਨੀਲ ਕਮਲ ਵਿੱਚ 14 ਵਰ੍ਹਿਆਂ ਦੇ ਰਾਜ ਕਪੂਰ ਨਾਲ ਅਹਿਮ ਰੋਲ ਦਿੱਤਾ । ਇਸ ਫਿਲਮ ਨਾਲ ਉਸਦੀ ਪਹਿਚਾਣ ਨਾਇਕਾ ਵਜੋਂ ਹੋਣ ਲੱਗੀ । ਪਰ ਫ਼ਿਲਮੀ ਸਟਾਰ ਅਦਾਕਾਰਾ ਦਾ ਰੁਤਬਾ 1949 ਵਿੱਚ ਬਣੀ ਮਹਿਲ ਫ਼ਿਲਮ ਤੋਂ ਮਿਲਿਆ । ਮਧੂਬਾਲਾ ਦੀ ਗਿਣਤੀ ਭਾਰਤੀ ਸਿਨੇ ਜਗਤ ਦੀ ਮੈਡੋਨਾਂ ਵਜੋਂ ਹੋਣ ਲੱਗੀ । 
                     ਮਧੂਬਾਲਾ ਨੇ ਪਹਿਲੇ ਚਾਰ ਸਾਲਾ ਵਿੱਚ 24 ਫ਼ਿਲਮਾਂ ਕੀਤੀਆਂ । ਅਲੋਚਕਾਂ ਦਾ ਕਹਿਣਾ ਸੀ ਕਿ ਉਹ ਕਲਾ ਦੀ ਬਜਾਇ ਸੁੰਦਰਤਾ ਦਾ ਹੀ ਵੱਧ ਲਾਹਾ ਖੱਟ ਰਹੀ ਹੈ । ਉਸਨੇ ਫ਼ਿਲਮ ਨਿਰਦੇਸ਼ਕਾਂ ਮਹਿਬੂਬ ਖ਼ਾਨ (ਅਮਰ),ਗੁਰੂਦੱਤ (ਸ਼੍ਰੀ ਔਰ ਸ਼੍ਰੀਮਤੀ-55),ਕਮਾਲ ਅਮਰੋਹੀ (ਮਹਿਲ),ਆਸਿਫ਼ (ਮੁਗ਼ਲ-ਇ-ਆਜ਼ਮ),ਲਈ ਕੰਮ ਕਰਿਆ । ਕੱਲ੍ਹ ਹਮਾਰਾ(1959) ਵਿੱਚ ਉਹ ਦੋਹਰੇ ਰੋਲ ਵਿੱਚ ਆਈ ਅਤੇ ਕਮਾਲ ਕਰ ਵਿਖਾਈ । ਸਨ 1950 ਵਿੱਚ ਉਸਨੇ ਹਰ ਪ੍ਰਕਾਰ ਦੇ ਰੋਲ ਕਰਦਿਆਂ ਟਿਪਣੀਕਾਰਾਂ ਦਾ ਮੂੰਹ ਬੰਦ ਕਰ ਵਿਖਇਆ । ਜਦ 1950 ਵਿੱਚ ਪਹਿਲੀ ਹਿੰਦੀ ਫ਼ਿਲਮ ਸਿਰਫ਼ ਬਾਲਗਾਂ ਲਈ ਫ਼ਿਲਮ ਸੈਂਟਰਲ ਬੋਰਡ ਵਲੋਂ ਹੰਸਤੇ ਆਂਸੂੰ ਪਾਸ ਹੋ ਕੇ  ਆਈ ,ਤਾਂ ਬਹੁਤ ਪਸੰਦ ਕੀਤੀ ਗਈ । ਸਨ 1951 ਵਿੱਚ  ਬਾਦਲ ਅਤੇ ਤਰਾਨਾ ਵੀ ਆਈਆਂ । ਸ਼ੀਰੀਂ ਫਰਿਹਾਦ ਅਤੇ ਰਾਜ ਹਥ ਨੇ ਵੀ ਚੰਗਾ ਨਾਮਣਾ ਖੱਟਿਆ । ਮਧੂਬਾਲਾ ਦਾ ਝੁਕਾਅ ਵੀ ਕੁੱਝ ਹੋਰਨਾਂ ਵਾਂਗ ਦਲੀਪ ਕੁਮਾਰ ਵੱਲ ਹੋਇਆ ,ਉਹ ਪਹਿਲੀ ਵਾਰ 1944 ਨੂੰ ਜਵਾਰ ਭਾਟਾ ਦੇ ਸੈੱਟਤੇ ਮਿਲੇ । ਫਿਰ ਹਾਰ ਸਿੰਗਾਰ (1949)ਚ ਇਕੱਠੇ ਨਿਭੇ,ਪਰ ਇਹ ਫ਼ਿਲਮ ਡੱਬਿਆਂ ਵਿੱਚ ਹੀ ਪਈ ਰਹਿ ਗਈ । ਸਨ 1951 ਦੀ ਤਰਾਨਾ ਸਮੇਤ ਇਹਨਾਂ ਨੇ 4 ਫ਼ਿਲਮਾਂ ਇਕੱਠਿਆਂ ਕੀਤੀਆਂ । ਦਲੀਪ ਕੁਮਾਰ ਨਾਲ ਇਹ ਸਬੰਧ 5 ਕੁ ਸਾਲਾਂ ਤੱਕ ਬਣੇ ਰਹੇ ।                             
                          ਮਧੂਬਾਲ ਨੂੰ ਡਾਕਟਰਾਂ ਨੇ ਬਚਪਨ ਵਿੱਚ ਹੀ ਦੱਸ ਦਿੱਤਾ ਸੀ ਕਿ ਉਸ ਦੇ ਦਿਲ ਵਿੱਚ ਮੋਰੀ ਹੈ ਅਤੇ ਇਸ ਦਾ ਇਲਾਜ ਵੀ ਸੰਭਵ ਨਹੀਂ ਹੈ । ਪਰ ਉਸਦਾ ਹੌਂਸਲਾ ਵੀ ਕਮਾਲ ਰਿਹਾ । ਸਨ 1950 ਵਿੱਚ ਉਸ ਨੂੰ ਖੰਘ ਦੇ ਨਾਲ ਹੀ ਖ਼ੂਨ ਵੀ ਆਉਣ ਲੱਗਿਆ । ਪਰ ਉਹ ਠੀਕ ਹੋ ਗਈ । ਉਹ ਘਰ ਤੋਂ ਬਾਹਰ ਕੁੱਝ ਨਹੀਂ ਖਾਂਦੀ-ਪੀਂਦੀ ਸੀ । ਇੱਥੋਂ ਤੱਕ ਕਿ ਖਾਣੇ ਦੇ ਨਾਲ ਪਾਣੀ ਵੀ ਘਰੋਂ ਹੀ ਲਿਆਇਆ ਕਰਦੀ ਸੀ । ਸਨ 1954 ਵਿੱਚ ਉਹਨੂੰ ਮਦਰਾਸ ਵਿਖੇ ਐਸ ਐਸ ਵਾਸਨ ਲਈ ਬਹੁਤ ਦਿਨ ਹੂਏ ਦੇ ਫ਼ਿਲਮਾਂਕਣ ਸਮੇ ਖ਼ੂਨ ਦੀ ਉਲਟੀ ਆ ਗਈ । ਪਰ ਉਹ ਚੁੱਪ ਅਤੇ ਮਸਤ ਰਹੀ । ਇਸ ਹਾਲਤ ਵਿੱਚ ਉਸਦੀ ਸਾਂਭ ਸੰਭਾਲ ਵਾਸਨ ਅਤੇ ਉਸਦੀ ਪਤਨੀ ਨੇ ਕੀਤੀ ।  ਇਹ ਗੱਲ ਮੀਡੀਆ ਵਿੱਚ ਆਉਣ ਨਾਲ ਰਾਜ਼, ਰਾਜ਼ ਨਾ ਰਿਹਾ ।               
              ਜਦ 1950 ਵਿੱਚ ਉਸ ਦੀ ਗੁੱਡੀ ਸਿਖ਼ਰਾਂ ਤੇ ਸੀ ਤਾਂ,ਹੌਲੀਵੁੱਡ ਵਿੱਚ ਵੀ ਉਸ ਦੇ ਨਾਂਅ ਦੀ ਬਹੁਤ ਚਰਚਾ ਸੀ । ਅਮਰੀਕਾ ਤੋਂ ਛਪਦੇ ਵਿਸ਼ੇਸ਼ ਮੈਗ਼ਜ਼ੀਨ ਥਿਏਟਰ ਆਰਟਸ ਵਿੱਚ ਪੂਰੇ ਪੇਜ਼ ਤੇ ਛਪੀ ਮਧੂਬਾਲਾ ਦੀ ਤਸਵੀਰ ਸਮੇਤ ਆਰਟੀਕਲ ਛਪਿਆ । ਅਮਰੀਕੀ ਫ਼ਿਲਮ ਨਿਰਮਾਤਾ ਫ਼੍ਰੈਕ ਕਾਪਰਾ ਨੇ ਮਧੂਬਾਲਾ ਨੂੰ ਫ਼ਿਲਮ ਲਈ ਸਾਈਨ ਕਰਨ ਵਾਸਤੇ ਮੁੰਬਈ ਆ ਕੇ ਪ੍ਰਪੋਜ਼ਲ ਵੀ ਰੱਖੀ।ਪਰ ਮਧੂਬਾਲਾ ਦੇ ਪਿਤਾ ਨੇ ਇਨਕਾਰ ਕਰ ਦਿੱਤਾ । ਮਧੂ ਬਾਲਾ ਦੀ ਇਹ ਵੀ ਖ਼ਵਾਇਸ਼ ਸੀ ਕਿ ਜੇ ਇੱਕ ਦਿਨ ਮਰਨਾਂ ਹੀ ਹੈ ਤਾਂ ਮਾਂਗ ਵਿੱਚ ਸੰਧੂਰ ਪੁਆ ਕੇ ਹੀ ਮਰੇ । ਉਸਨੇ ਕਿਸ਼ੋਰ ਕੁਮਾਰ ਨਾਲ 1958 ਵਿੱਚ ਫ਼ਿਲਮ ਚਲਤੀ ਕਾ ਨਾਮ ਗਾੜੀ ਅਤੇ 1961 ਨੂੰ ਝੁਮਰੂ ਵਿੱਚ ਕੰਮ ਕੀਤਾ । ਇਕੱਠਿਆਂ ਨੇ ਕੁੱਝ ਹੋਰ ਫ਼ਿਲਮਾਂ ਵੀ ਕੀਤੀਆਂ। ਇਸ ਤਰ੍ਹਾਂ ਉਹ ਇੱਕ ਦੂਜੇ ਦੇ ਕਰੀਬ ਆ ਗਏ । ਕਿਸ਼ੋਰ ਦਾ ਪਹਿਲੀ ਪਤਨੀ ਰੂਮਾਂ ਗੁਹਾ ਠਾਕੁਰਤਾ (1950-1958) ਨਾਲੋ ਤਲਾਕ ਦਾ ਕੇਸ ਚੱਲ ਰਿਹਾ ਸੀ,ਜੋ ਜਲਦੀ ਖ਼ਤਮ ਹੋ ਗਿਆ । ਕਿਸ਼ੋਰ ਅਤੇ ਮਧੂ ਨੇ ਜਾਤੀ ਵਿਰੋਧਾਂ ਤੋਂ ਬੇਪ੍ਰਵਾਹ ਹੁੰਦਿਆਂ 16 ਨਵੰਬਰ 1960 ਨੂੰ ਨਿਕਾਹ ਕਰਵਾ ਲਿਆ ।
                     ਫ਼ਿਲਮ ਮੁਗਲ-ਇ-ਆਜ਼ਮ ਵਿੱਚ ਅਨਾਰਕਲੀ ਵਜੋਂ ਨਿਭਾਈ ਭੂਮਿਕਾ ਅੱਜ ਵੀ ਤਰੋ-ਤਾਜਾ ਜਾਪਦੀ ਹੈ।ਇਸ ਫ਼ਿਲਮ ਨੂੰ ਐਨੀ ਅਹਿਮੀਅਤ ਹਾਸਲ ਹੈ ਕਿ ਇਸ ਨੂੰ ਹੁਣ ਰੰਗੀਨ ਬਣਾ ਕੇ ਦਰਸ਼ਕਾਂ ਲਈ ਫਿਰ ਤੋਂ ਪੇਸ਼ ਕੀਤਾ ਗਿਆ ਹੈ । ਪਿਆਰ ਕੀਆ ਤੋ ਡਰਨਾਂ ਕਿਆ ਗੀਤ ਤੇ ਨਾਚ ਕਰਨ ਲਈ ਮਧੂਬਾਲਾ ਨੇ ਡੇਢ ਸਾਲ ਅਭਿਆਸ ਕੀਤਾ ਅਤੇ ਇਸ ਵਿੱਚ ਰੂਹ ਭਰ ਵਿਖਾਈ । ਅਨਾਰਕਲੀ ਦੇ ਰੋਲ ਨੂੰ ਮਧੂਬਾਲਾ ਨੇ ਅਮਰ ਕਰ ਵਿਖਾਇਆ ਅਤੇ ਅਨਾਰਕਲੀ ਨੇ ਮਧੂਬਾਲਾ ਨੂੰ ਜ਼ਿੰਦਗੀ ਦਿੱਤੀ ।
                ਮਧੂਬਾਲਾ ਨੇ ਪ੍ਰਾਈਵੇਟ ਲਿਮਟਿਡ ਦੇ ਨਾਅ ਤਹਿਤ ਕੁੱਝ ਖ਼ਾਸ ਭੂਮਿਕਾਵਾਂ ਕਰਨ ਦੀ ਤਮੰਨਾ ਦਾ ਸਿਰ ਵੀ ਪਲੋਸਿਆ । ਉਸ ਨੇ 1949 ਵਿੱਚ ਇਮਤਿਹਾਂਨ 1955 ਵਿੱਚ ਨਾਤਾ ਅਤੇ 1960 ਵਿੱਚ ਮਹਿਲੋਂ ਕੇ ਖ਼ਵਾਬ ਫ਼ਿਲਮ ਦਾ ਨਿਰਮਾਣ ਵੀ ਕੀਤਾ । ਮਧੂਬਾਲਾ ਨੇ ਧੰਨਾ ਭਗਤ(1945)ਅਤੇ ਪੁਜਾਰੀ(1946)ਵਿੱਚ ਗੀਤ ਵੀ ਗਾਏ ,ਜਿਹੜੇ ਕਿ ਬੇਬੀ ਮੁਮਤਾਜ ਉੱਤੇ ਹੀ ਫ਼ਿਲਮਾਏ ਗਏ ਸਨ । ਮਧੂਬਾਲਾ ਦੀਆਂ ਕੁੱਝ ਫ਼ਿਲਮਾਂ ਉਸ ਦੇ ਰੁਖ਼ਸਤ ਹੋਣ ਮਗਰੋਂ ਵੀ ਰਿਲੀਜ਼ ਹੋਈਆਂ ।
             
                        ਕਿਸ਼ੋਰ ਕੁਮਾਰ ਨਾਲ 9 ਸਾਲ ਤੱਕ ਹੀ ਸਾਥ ਨਿਭਾ ਸਕਣ ਵਾਲੀ ਮਧੂ ਬਾਲਾ ਨੂੰ 23 ਫਰਵਰੀ 1969 ਐਤਵਾਰ ਦੀ ਸਵੇਰ ਅਜਿਹਾ ਦਿਲ ਦਾ ਦੌਰਾ ਪਿਆ ਕਿ ਉਹ ਆਪਣੀ ਉਮਰ ਦੇ ਮਹਿਜ 36 ਬਸੰਤ ਵੇਖਣ ਉਪਰੰਤ ਹੀ ਸਦਾ ਦੀ ਨੀਂਦ ਸੌਂ ਗਈ । ਐਨੀ ਮਕਬੂਲੀਅਤ ਵਾਲੀ ਅਦਾਕਾਰਾ ,ਜਿਸ ਬਾਰੇ ਪਹਿਲਾਂ ਹੀ ਇਹ ਦੱਸ ਦਿੱਤਾ ਗਿਆ ਸੀ ਕਿ ਉਹ ਪਤਾ ਨਹੀਂ ਕਿਸ ਦਿਨ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਏ ,ਨੂੰ ਕੋਈ ਵੀ ਇਨਾਮ-ਸਨਮਾਨ ਨਾਂ ਦਿੱਤਾ ਗਿਆ । ਭਾਵੇਂ ਉਹਦੇ ਕਈ ਰੋਲ ਅਤੇ ਉਹਦੀਆਂ ਕਈ ਫ਼ਿਲਮਾਂ ਬਹੁਤ ਹਿੱਟ ਰਹੀਆਂ । ਜਿਉਂਦੇ ਜੀਅ ਉਹਦੀ ਇਹ ਸੱਧਰ ਖ਼ੁਦਕਸ਼ੀਆਂ ਕਰਦੀ ਰਹਿ ਗਈ ਅਤੇ ਉਸ ਦੇ ਨਾਲ ਹੀ ਦਫ਼ਨ ਹੋ ਗਈ । ਜਿਸਦਾ ਉਹਦੇ ਚਹੇਤਿਆਂ ਨੂੰ ਕੱਲ੍ਹ ਵੀ ਗਿਲਾ ਸੀ ,ਅੱਜ ਵੀ ਗਿਲਾ ਹੈ ਅਤੇ ਇਹ ਕੱਲ੍ਹ ਨੂੰ ਵੀ ਬਰਕਰਾਰ ਰਹੇਗਾ ।  
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232
             www.ranjitsinghpreet.com
             www.rpreet.blogspot.com
             www.rspreet.blogspot.com

Tuesday, February 21, 2012

ਮਲਕਾ-ਇ-ਹੁਸਨ –ਨੂਤਨ


                      ਮਲਕਾ-ਇ-ਹੁਸਨ ਨੂਤਨ
                                                             ਰਣਜੀਤ ਸਿੰਘ ਪ੍ਰੀਤ
                 ਗੱਲ 1939 ਦੀ ਇੱਕ ਪਾਰਟੀ ਸਮੇ ਇਓਂ ਵਾਪਰੀ ਕਿ ਇੱਕ ਤਿੱਖੇ-ਨੈਣ ਨਕਸ਼ਾਂ ਵਾਲੀ ਛੋਟੀ ਜਿਹੀ ਲੜਕੀ ਸਟੇਜ ਉੱਤੇ ਕੁੱਝ ਗਾਉਂਣ ਲਈ ਆਈ । ਉਹ ਇੱਧਰ-ਉੱਧਰ ਇਕੱਠ ਵੇਖ ਕੇ ਚੁੱਪ ਰਹੀ । ਉਹਦੇ ਘਬਰਾਹਟ ਨਾਲ ਬੁੱਲ ਸੁੱਕ ਰਹੇ ਸਨ । ਪਰ ਸੰਗਦਿਆਂ ਸੰਗਦਿਆਂ ਉਸ ਤੋਂ ਕੁੱਝ ਵੀ ਗਾ ਨਾ ਹੋਇਆ । ਉਹ ਉਵੇਂ ਹੀ ਅੰਦਰ ਭੱਜ ਗਈ । ਫਿਰ ਨਵੀਂ ਡਰੈੱਸ ਪਾ ਕੇ ਆਈ ਅਤੇ ਡਾਨਸ ਕਰਨ ਲੱਗੀ । ਸਾਰੇ ਹੱਸਣ ਅਤੇ ਤਾੜੀਆਂ ਮਾਰਨ ਲੱਗੇ । ਫ਼ਿਲਮੀ ਜਗਤ ਵਿੱਚ ਮੀਲ ਪੱਥਰ ਕਾਇਮ ਕਰਨ ਵਾਲੀ ਇਹੀ ਲੜਕੀ ਨੂਤਨ ਸੀ । ਜੋ ਪਹਿਲਾਂ ਨੂਤਨ ਸਮਰੱਥ ਅਖਵਾਈ ਅਤੇ ਫਿਰ ਨੂਤਨ ਬਹਿਲ ,ਉਂਜ ਭਾਵੇਂ ਉਸਨੂੰ ਨੂਤਨ ਦੇ ਨਾਅ ਨਾਲ ਹੀ ਪੁਕਾਰਿਆ ਜਾਂਦਾ ਰਿਹਾ ।
                    ਇਸ ਸੁਬਕ-ਸੂਖ਼ਮ ਜਿਹੀ ਅਦਾਕਾਰਾ ਦਾ ਜਨਮ ਕਿਸੇ ਸਮੇ ਸੀਤਾ ਦਾ ਰੋਲ ਕਰਨ ਵਾਲੀ ਸ਼ੌਭਨਾ ਸਮਰੱਥ ਦੀ ਕੁੱਖੋਂ ,ਨਿਰਮਾਤਾ ਨਿਰਦੇਸਲਕ ਕੁਮਾਰ ਸੇਨ ਸਮਰੱਥ ਦੇ ਘਰ 4 ਜੂਨ 1936 ਨੂੰ ਹੋਇਆ । ਵਿਰਸੇ ਵਿੱਚੋਂ ਮਿਲੀ ਅਦਾਕਾਰੀ ਨੇ ਰੰਗ ਵਿਖਾਇਆ ਅਤੇ 1945 ਵਿੱਚ ਨੂਤਨ ਨੇ ਬਾਲ ਕਲਾਕਾਰਾ ਵਜੋਂ ਨਲ-ਦਮਯੰਤੀ ਵਿੱਚ ਪਹਿਲਾ ਰੋਲ ਕੀਤਾ । ਫਿਰ ਸ਼ੋਭਨਾ ਅਤੇ ਕੁਮਾਰ ਸੇਨ ਸਮਰੱਥ ਦੀ ਫਿਲਮ ਹਮਾਰੀ ਬੇਟੀ (1950) ਵਿੱਚ ਕੀਤੀ, ਜਿਸ ਨਾਲ ਉਹਦੀ ਪਛਾਣ ਬਣੀ । ਇਸ ਤੋ ਮਗਰੋਂ ਜ਼ਿਆ ਸਰਹੱਦੀ ਦੀ ਕਹਾਣੀ ਹਮ ਲੋਗ ਵਿੱਚ ਜਦ ਮੁੱਖ ਭੂਮਿਕਾ ਨਿਭਾਈ ਤਾਂ ਉਦੋਂ ਉਹ 15 ਵਰ੍ਹਿਆਂ ਦੀ ਸੀ । ਇਸ ਦੌਰਾਂਨ ਅਜਿਹਾ ਵੀ ਵਾਪਰਿਆ ਕਿ ਨੂਤਨ ਦੇ ਮਾਂ ਪਿਓ ਵਿੱਚ ਅਨਬਣ ਹੋ ਗਈ ਅਤੇ ਕੁਮਾਰ ਸੇਨ ਤਿੰਨ ਧੀਆਂ ਅਤੇ ਇੱਕ ਪੁੱਤਰ ਨੂਤਨ,ਤਨੂਜਾ ਅਤੇ ਚਤੁਰਾ ਨੂੰ ਛੱਡ ਕਿ  ਤੁਰ ਗਏ । ਪਰ ਉਹਨਾਂ ਦੇ ਅੰਤ ਸਮੈ ਉਹਨਾਂ ਦੀ ਵੱਡੀ ਬੇਟੀ ਨੂਤਨ ਹੀ ਉਹਨਾਂ ਦੇ ਕੋਲ ਸੀ ।
              ਨੂਤਨ ਨੇ ਜਿੱਥੇ ਸਵਿੱਸ ਫ਼ਿਨਿਸ਼ਿੰਗ ਸਕੂਲ ਲਾ ਸੈਟੇਲਿਨੀ ਜੁਆਇਨ ਕਰਨ ਕਰਕੇ ,ਰੁਝੇਵਿਆਂ ਸਦਕਾ , ਭਰਪੂਰ ਰੁਝੇਵਿਆਂ ਵਾਲਾ ਫ਼ਿਲਮੀ ਕੈਰੀਅਰ ਹੀ ਛੱਡ ਦਿੱਤਾ ਸੀ । ਉੱਥੇ ਜਦ ਉਹ ਕਿਸ਼ੋਰ ਕੁਮਾਰ ਨਾਲ ਕੀਤੀ ਫ਼ਿਲਮ ਦਿੱਲੀ ਕਾ ਠੱਗ ਵਿੱਚ ਸਵਿੰਮ ਸੂਟ ਪਹਿਨਣ ਵਰਗਾ ਸਮਝੌਤਾ ਕਰਕੇ ਵਾਪਸ ਪਰਤੀ ਤਾਂ ਫ਼ਿਲਮੀ ਦੁਨੀਆਂ ਦੀਆਂ ਚੂਲਾਂ ਹਿਲਾਕੇ ਰੱਖ ਦਿੱਤੀਆਂ । ਇਸ ਅਦਾਕਾਰੀ ਦੇ ਭੂਚਾਲ ਝਟਕੇ ਫ਼ਿਲਮੀ ਨਗਰੀ ਨੂੰ ਕਰੰਟ ਵਾਂਗ ਲਗਦੇ ਰਹੇ ।
        ਜਿਸ ਲੜਕੀ ਨੂਤਨ ਨੂੰ ਉਸਦੀ ਮਾਂ ਮੇਰਾ ਸੰਤ ਕਹਿਕੇ ਬੁਲਾਉਂਦੀ ਸੀ, ਉਹ ਇੱਕ ਜਟਿਲ ਵਿਅਕਤੀਤਵ ਵਾਲੇ ਲੜਕੇ ਦੇ ਰੂਪ ਵਿੱਚ ਜੁਆਂਨ ਹੋਈ ਸੀ । ਜਿਸ ਦੇ ਹਾਵ-ਭਾਵ ਅਤੇ ਚਿਹਰੇ ਨੂੰ ਇੱਕ ਪੇਟਿੰਗ ਵਜੋਂ ਲਿਆ ਜਾਂਦਾ ਸੀ । ਇਸ ਵੱਲ ਰਿਸ਼ਤੇਦਾਰ ਵੀ ਬਹੁਤੀ ਤਵੱਜੋ ਨਹੀਂ ਸਨ ਦਿੰਦੇ । ਪਰ 1949 ਵਿੱਚ ਚੰਦੂ ਲਾਲ ਸ਼ਾਹ ਅਤੇ ਕੇ ਆਸਿਫ਼ ਨੇ ਜਦ ਉਸਨੂੰ ਰਾਜ ਕਪੂਰ ਅਤੇ ਦਲੀਪ ਕੁਮਾਰ ਨਾਲ ਮੁੱਖ ਅਦਾਕਾਰਾ ਵਜੌਂ ਲੈਣ ਦਾ ਐਲਾਨ ਕੀਤਾ,ਤਾਂ ਨੂਤਨ ਸਾਰੇ ਰਿਸ਼ਤੇਦਾਰਾਂ ਅਤੇ ਹੋਰਨਾਂ ਨੂੰ ਪਿਆਰੀ ਲੱਗਣ ਲੱਗੀ । ਪਰ ਬਦ- ਕਿਸਮਤੀ ਇਹ ਰਹੀ ਕਿ ਇਹ ਫ਼ਿਲਮ ਬਣ ਹੀ ਨਾ ਸਕੀ । ਸਨ 1950 ਵਿੱਚ ਜਦ ਉਹ ਮਿਸ ਇੰਡੀਆ ਬਣੀ ਤਾਂ ਉਸਦੀ ਖ਼ੂਬ ਚਰਚਾ ਹੋਈ ।
              ਨੂਤਨ ਨੇ ਫ਼ਿਲਮੀ ਕੈਰੀਅਰ ਦੌਰਾਂਨ ਕਰੀਬ 75 ਫ਼ਿਲਮਾਂ ਕੀਤੀਆਂ ,ਅਤੇ ਉਸ ਨੇ ਆਪਣੀ ਕਲਾ ਦੇ ਸਹਾਰੇ 40 ਸਾਲ ਫ਼ਿਲਮੀ ਜਗਤ ਨੂੰ ਆਪਣੇ ਨਾਲ ਜੋੜੀ ਰੱਖਿਆ । ਚਟਪਟੀ,ਅਤੇ ਗੰਭੀਰ ਅਦਾਕਾਰੀ ਨਾਲ ਦਰਸ਼ਕਾਂ ਦੀ ਚਹੇਤੀ ਬਣਨ ਵਾਲੀ ਨੂਤਨ ਦੀਆਂ ਹਰ ਸਾਲ ਕਰੀਬ ਤਿੰਨ-ਚਾਰ ਫ਼ਿਲਮਾਂ ਰਿਲੀਜ਼ ਹੁੰਦੀਆਂ ਰਹੀਆਂ । ਉਸ ਨੇ ਸ਼ਮੀ ਕਪੂਰ ਨਾਲ ਲੈਲਾ ਮਜਨੂੰ ,ਪਰਦੀਪ ਨਾਲ ਰਾਂਝਾ, ਦੇਵਾ ਆਨੰਦ ਨਾਲ ਪੇਇੰਗ ਗੈਸਟ ਅਤੇ ਤੇਰੇ ਘਰ ਕੇ ਸਾਹਮਣੇ ਵਰਗੀਆਂ ਫ਼ਿਲਮਾਂ ਵਿੱਚ ਵੱਖ਼ਰੀ ਕਿਸਮ ਦੇ ਰੋਲ ਕੀਤੇ । ਸੁਨੀਲ ਦੱਤ ਨਾਲ ਉਸ ਨੇ ਸਭ ਤੋਂ ਵੱਧ ਫ਼ਿਲਮਾਂ ਕੀਤੀਆਂ ,ਮਿਲਨ ਫ਼ਿਲਮ ਦਰਸ਼ਕਾਂ ਨੂੰ ਅੱਜ ਵੀ ਚੇਤੇ ਆਉਂਦੀ ਹੈ । ਨੂਤਨ ਨੇਅਨਾੜੀ”“:ਛਲੀਆ,ਕਨ੍ਹਈਆ,ਦਿਲ ਹੀ ਤੋ ਹੈ,ਵਰਗੀਆਂ ਰੁਮਾਂਟਿਕ ਫ਼ਿਲਮਾਂ ਰਾਜ ਕਪੂਰ ਨਾਲ ਕੀਤੀਆਂ । ਅਮਿਤਾਬ ਬੱਚਨ ਨਾਲ ਫ਼ਿਲਮ ਸੁਦਾਗਰ-1974ਕੀਤੀ ।
                     ਦਲੀਪ ਕੁਮਾਰ ਨਾਲ ਉਹ ਜੋਬਨ ਰੁੱਤੇ ਚਾਹ ਕਿ ਵੀ ਕੋਈ ਫ਼ਿਲਮ ਨਾ ਕਰ ਸਕੀ । ਪਰ ਉਹਦੀ ਖਵਾਇਸ਼ ਰਤਾ ਕੁ ਵਡੇਰੀ ਉਮਰੇ ਪੂਰੀ ਹੋਈ । ਜਦ ਉਸ ਨੇ ਸੁਭਾਸ਼ ਘਈ ਦੀ ਫ਼ਿਲਮ ਕਰਮਾਂ-1986 ਵਿੱਚ ਕੀਤੀ । ਮੁੰਬਈ ਬੰਦਰਗਾਹ ਉੱਤੇ ਫ਼ਿਲਮ ਛਬੀਲੀ ਦੀ ਸ਼ੂਟਿੰਗ ਸਮੇ ਨੂਤਨ ਦੇ ਸਬੰਧ ਜਲਸੈਨਾਂ ਦੇ ਲੈਫਟੀਨੈਂਟ ਰਜਨੀਸ਼ ਬਹਿਲ ਨਾਲ ਬਣੇ,ਜੋ 11 ਅਕਤੂਬਰ 1959 ਨੂੰ ਵਿਆਹ ਵਿੱਚ ਬਦਲ ਗਏ ਅਤੇ ਇਹਨਾਂ ਦੇ ਘਰ 1963 ਨੂੰ ਬੇਟੇ ਮੋਹਨੀਸ਼ ਬਹਿਲ ਦਾ ਜਨਮ ਹੋਇਆ । ਰਜਨੀਸ਼ ਬਹਿਲ ਨੇ ਹੀ ਸੂਰਤ ਔਰ ਸੀਰਤ ਨਿਰਦੇਸ਼ਤ ਕੀਤੀ । ਜਿਸ ਨੂੰ ਕੌਮਾਂਤਰੀ ਐਵਾਰੲਡ ਵੀ ਮਿਲਿਆ ਅਤੇ ਫ਼ਿਲਮ ਕਸਤੂਰੀ ਨੂੰ ਕੌਮੀ ਐਵਾਰਡ । ਦਿੱਖ ਦੀ ਪ੍ਰਵਾਹ ਨਾ ਕਰਨ ਵਾਲੀ ਅਤੇ ਲੋਕੇਸ਼ਨ ਜਾਂ ਫ਼ਿਲਮ ਮੁਤਾਬਕ ਸੀਨ ਵਿੱਚ ਜਾਨ ਪਾਉਣ ਵਾਲੀ ਗੱਲ ਦੇ ਸਿਰ ਪਲੋਸਣ ਵਾਲੀ ਨੂਤਨ ਨੇ ਜਦ ਲਤਾ ਮੰਗੇਸ਼ਕਰ ਦੇ ਇੱਕ ਭਜਨਮਨਮੋਹਨਾ ਬੜੇ ਝੂਠੇ ਉੱਤੇ ਅਦਾਕਾਰੀ ਕੀਤੀ ,ਤਾਂ ਇਹ ਵੇਖ ਕੇ ਲਤਾ ਜੀ ਨੇ ਕਿਹਾ ਇਹ ਸਿਰਫ਼ ਨੂਤਨ ਹੀ ਕਰ ਸਕਦੀ ਸੀ । ਨੂਤਨ ਨੂੰ ਫ਼ਿਲਮ ਸੀਮਾਂ-1956, ਸੁਜਾਤਾ-1959,ਬੰਦਿਨੀ-1963,ਮਿਲਨ-1967,ਮੈ ਤੁਲਸੀ ਤੇਰੇ ਆਂਗਨ ਕੀ-1978 ਵਿਚਲੇ ਰੋਲ ਸਦਕਾ ਫ਼ਿਲਮ ਫ਼ੇਅਰ ਐਵਾਰਡ ਮਿਲੇ । ਮੇਰੀ ਜੰਗ-1985 ਲਈ ਬੈਸਟ ਸਪੋਰਟਿੰਗ ਫ਼ਿਲਮ ਫ਼ੇਅਰ ਐਕਟਰੈੱਸ ਐਵਾਰਡ ਵੀ ਉਹਦੀ ਝੋਲੀ ਪਿਆ । ਛਲੀਆ-1960,ਸੁਦਾਗਰ-1973,ਅਨੁਰਾਗ-1973, ਲਈ ਉਹਦੀ ਨੌਮੀਨੇਸ਼ਨ ਵੀ ਹੋਈ । ਬੀ ਐਫ਼ ਜੇ ਏ ਬੈਸਟ ਐਕਟਰੈੱਸ ਐਵਾਰਡ ਬੰਦਿਨੀ-1963,ਮਿਲਨ-1973,ਅਤੇ ਸੁਦਾਗਰ-1973 ਲਈ ਵੀ ਨੂਤਨ ਦੇ ਹੀ ਹਿੱਸੇ ਰਹੇ । ਭਾਰਤ ਸਰਕਾਰ ਨੇ ਪਦਮ ਸ਼੍ਰੀ ਐਵਾਰਡ 1974 ਵਿੱਚ ਦਿੱਤਾ ।
          ਨੂਤਨ ਨੇ 1990-91 ਵਿੱਚ ਦੂਰਦਰਸ਼ਨ ਦੇ ਸੀਰੀਅਲ ਮੁਜਰਿਮ ਹਾਜ਼ਰ ਹੋ ਵਿੱਚ ਕਾਲੀਗੰਜ ਦੀ ਪਤਨੀ ਵਜੋਂ ਯਾਦਗਾਰੀ ਨਾਚ ਪੇਸ਼ ਵੀ ਪੇਸ਼ ਕੀਤਾ । ਉਹਦੇ ਜਿਉਂਦੇ ਜੀਅ ਉਹਦੀ ਆਖ਼ਰੀ ਫ਼ਿਲਮ ਕਾਨੂਂਨ ਆਪਨਾ ਆਪਨਾ-1989 ਵੱਚ ਰਿਲੀਜ਼ ਹੋਈ । ਫ਼ੇਫ਼ੜੇ ਦੇ ਕੈਂਸਰ ਨਾਲ ਪੀੜਤ ਨੂਤਨ ਨੂੰ  ਇਲਾਜ ਵੀ ਹੋਰ ਜ਼ਿੰਦਗੀ ਨਾ ਦੇ ਸਕਿਆ ਅਤੇ ਮਰਾਠੀ ਪਰਿਵਾਰ ਦੀ ਇਹ ਬੇਟੀ 21 ਫਰਵਰੀ 1991 ਨੂੰ 54 ਸਾਲ ਦੀ ਉਮਰ ਵਿੱਚ ਹੀ ਇਸ ਦੁਨੀਆਂ ਤੋਂ ਸਦਾ ਸਦਾ ਲਈ ਕੂਚ ਕਰ ਗਈ । ਉਸਦੇ ਸਦਾ ਲਈ ਰੁਖ਼ਸਤ ਹੋਣ ਮਗਰੋਂ ਉਸਦੀਆਂ ਦੋ ਫ਼ਿਲਮਾਂ ਨਸੀਬਵਾਲਾ-1992 ,ਅਤੇ ਇਨਸਾਨੀਅਤ-1994 ਵਿੱਚ ਦਰਸਕਾਂ ਨੇ ਨਮ ਅੱਖਾਂ ਨਾਲ ,ਉਸ ਨੂੰ ਯਾਦ ਕਰਦਿਆਂ ਵੇਖੀਆਂ ।               

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232
             www.ranjitsinghpreet.com
             www.rpreet.blogspot.com
             www.rspreet.blogspot.com

Saturday, February 18, 2012

ਓਲੰਪਿਕ ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ ਅੱਜ ਤੋਂ


        ਓਲੰਪਿਕ ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ ਅੱਜ ਤੋਂ 
       ਭਾਰਤ ਦਾ ਪਹਿਲਾ ਮੈਚ ਰਾਤ 8 ਵਜੇ ਸਿੰਘਾਪੁਰ ਨਾਲ
                                                              ਰਣਜੀਤ ਸਿੰਘ ਪ੍ਰੀਤ
                                       ਲੰਡਨ ਓਲੰਪਿਕ -2012 ਲਈ ਹੁਣ ਤੱਕ ਪੁਰਸ਼ ਅਤੇ ਮਹਿਲਾ ਵਰਗ ਦੀਆਂ 9-9 ਟੀਮਾਂ ਕੁਆਲੀਫ਼ਾਈ ਕਰ ਚੁੱਕੀਆਂ ਹਨ । ਦੋਹਾਂ ਵਰਗਾਂ ਲਈ 3-3 ਟੀਮਾਂ ਨੇ 16 ਫਰਵਰੀ ਤੋਂ 6 ਮਈ 2012 ਤੱਕ ਖੇਡੇ ਜਾਣ ਵਾਲੇ ਤਿੰਨ ਮੁਕਾਬਲਿਆਂ ਵਿੱਚੋਂ ਕੁਆਲੀਫ਼ਾਈ ਕਰਨਾਂ ਹੈ । ਦੱਖਣੀ ਅਫ਼ਰੀਕਾ ਦੀ ਮਹਿਲਾ ਟੀਮ ਨੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਸੀ,ਪਰ ਉਸ ਵੱਲੋਂ ਕੁਆਲੀਫਾਈ ਗੇੜ ਰਾਹੀਂ ਪ੍ਰਵੇਸ਼ ਪਾਉਂਣ ਦੀ ਗੱਲ ਆਖਣ ਨਾਲ  ਅਰਜਨਟੀਨਾ ਨੂੰ ਸਿੱਧਾ ਦਾਖ਼ਲਾ ਮਿਲ ਗਿਆ ਹੈ । ਤਿੰਨ ਕੁਆਲੀਫਾਈ ਮੁਕਾਬਲਿਆਂ ਵਿੱਚ 18-18 ਟੀਮਾਂ ਨੇ 6-6 ਦੇ ਹਿਸਾਬ ਨਾਲ ਸ਼ਿਰਕਤ ਕਰਨੀ ਹੈ । ਇਸ ਤਰ੍ਹਾਂ 3 ਮਹਿਲਾ ਟੀਮਾਂ,ਅਤੇ 3 ਪੁਰਸ਼ ਟੀਮਾਂ ਜੇਤੂ ਰਹਿ ਕਿ ਓਲੰਪਿਕ ਲਈ ਕੁਆਲੀਫਾਈ ਕਰਨਗੀਆਂ । ਪੁਰਸ਼ ਅਤੇ ਮਹਿਲਾ ਵਰਗ ਦਾ ਪਹਿਲਾ ਗੇੜ ਭਾਰਤ ਦੇ ਮੇਜਰ ਧਿਆਂਨ ਚੰਦ ਨੈਸ਼ਨਲ ਸਟੇਡੀਅਮ ਵਿੱਚ 18 ਤੋਂ 26 ਫ਼ਰਵਰੀ ਤੱਕ,ਖੇਡਿਆ ਜਾਣਾ ਹੈ । ਜਿਸ ਵਿੱਚ ਵਿਸ਼ਵ ਹਾਕੀ ਰੈਕਿੰਗ '10ਵੇਂ ਸਥਾਨ ਦੀ ਭਾਰਤੀ ਟੀਮ ਨੇ, ਕੈਨੇਡਾ, ਫਰਾਂਸ,ਪੋਲੈਂਡ,ਸਿੰਗਾਪੁਰ,ਅਤੇ ਇਟਲੀ ਨਾਲ ਖੇਡਦਿਆਂ, ਪੁਰਸ਼ ਵਰਗ ਵਿੱਚੋਂ ਜੇਤੂ ਹੋ ਕੇ ਕੁਆਲੀਫ਼ਾਈ ਕਰਨਾਂ ਹੈ। ਸਾਨੂੰ ਉਹ ਵੀ ਦੁਖਦਾਈ ਪਲ ਯਾਦ ਹਨ, ਜਦੋਂ ਸਿਡਨੀ ਓਲੰਪਿਕ ਸਮੇ ਇਸ ਓਲੰਪਿਕ ਕੁਆਫ਼ਾਇਰ ਮੁਕਾਬਲੇ ਵਿੱਚ ਖੇਡ ਰਹੀ ਪੋਲੈਂਡ ਟੀਮ ਨੇ ਸੈਮੀਫਾਈਨਲ ਦੇ ਬਹੁਤ ਕਰੀਬ ਪਹੁੰਚੀ  ਭਾਰਤੀ ਟੀਮ ਨੂੰ ਹਰਾ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ । ਇਸ ਤੋਂ ਬਿਨਾ ਦੂਜੀਆਂ ਟੀਮਾਂ ਦੀ ਜੋ ਵਿਸ਼ਵ ਪੱਧਰ 'ਤੇ ਕਾਰਗੁਜ਼ਾਰੀ ਵੇਖੀ ਪਰਖ਼ੀ ਗਈ ਹੈ, ਉਸ ਅਨੁਸਾਰ ਕੋਈ ਵੀ ਟੀਮ ਭਾਰਤ ਲਈ ਮੁਸ਼ਕਿਲ ਖੜ੍ਹੀ ਕਰ ਸਕਦੀ ਹੈਕੁਝ ਚਿਰ ਪਹਿਲਾਂ ਚੈਂਪੀਅਨਜ਼ ਚੈਲੰਜ ਟੂਰਨਾਮੈਂਟ 'ਚ ਛੁਪੇ ਰੁਸਤਮ ਬੈਲਜ਼ੀਅਮ ਨੇ ਜਿਸ ਤਰ੍ਹਾਂ ਭਾਰਤ ਨੂੰ ਲੀਗ ਮੈਚ '3-3 ਦੀ ਬਰਾਬਰੀ ਤੇ ਰੋਕਿਆ,ਉੱਥੇ ਫਿਰ ਫਾਈਨਲ ਮੈਚ ਦੇ ਆਖਰੀ ਪਲਾਂ ਵਿਚ ਜਿੱਤ ਹਾਸਲ ਕਰਕੇ ਅਗਲੇ ਵਰ੍ਹੇ ਦੀ ਚੈਂਪੀਅਨਜ਼ ਟਰਾਫੀ ਖੇਡਣ ਤੋਂ ਵੀ ਵਾਂਝਾ ਕਰ ਦਿੱਤਾ । ਓਲੰਪਿਕ ਲਈ ਕੁਆਲੀਫਾਈ ਕਰਨ ਲਈ ਇਵੇਂ ਹੀ ਮਹਿਲਾ ਵਰਗ ਵਿੱਚ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ,ਇਟਲੀ, ਕੈਨੇਡਾ, ਯੂਕਰੇਨ, ਪੋਲੈਂਡ ਨਾਲ ਜ਼ੋਰ ਅਜ਼ਮਾਈ ਕਰਨੀ ਹੈ ।
                             ਪੁਰਸ਼ਵਰਗ ਦਾ ਦੂਜਾ ਗੇੜ ਡਬਲਿਨ (ਆਇਰਲੈਂਡ) ਵਿੱਚ 10 ਤੋਂ 18 ਮਾਰਚ ਤੱਕ,ਅਤੇ ਮਹਿਲਾ ਵਰਗ ਦਾ ਦੂਜਾ ਗੇੜ ਬੀਰਸਚੌਟ (ਬੈਲਜੀਅਮ) ਵਿੱਚ 17 ਤੋਂ 25 ਮਾਰਚ ਤੱਕ ਹੋਣਾ ਹੈ। ਜਦੋਂ ਕਿ ਤੀਜਾ ਅਤੇ ਆਖ਼ਰੀ ਪੁਰਸ਼,ਮਹਿਲਾ ਵਰਗ ਦਾ ਕੁਆਲੀਫ਼ਾਈ ਗੇੜ ਮੁਕਾਬਲਾ ਕਾਕਾਮਿਗਾਹਰਾ (ਜਪਾਨ) ਵਿੱਚ 25 ਅਪ੍ਰੈਲ ਤੋਂ 6 ਮਈ 2012 ਤੱਕ ਖੇਡਿਆ ਜਾਣਾ ਹੈ । ਭਾਰਤ ਨੂੰ ਪਿਛਲੇ ਕੁੱਝ ਓਲੰਪਿਕ ਮੁਕਾਬਲਿਆਂ ਲਈ ਨਮੋਸ਼ੀ ਭਰਿਆ ਕੁਆਲੀਫ਼ਾਈ ਮੁਕਾਬਲਾ ਖੇਡਣਾ ਪੈ ਰਿਹਾ ਹੈ। ਜਦੋਂ ਕਿ ਬਹੁਤ ਮੁਲਕ ਸਿੱਧੇ ਤੌਰ ਤੇ ਹੀ ਕੁਆਲੀਫ਼ਾਈ ਕਰ ਜਾਂਦੇ ਹਨ। ਕੌਣ ਭੁਲਾ ਸਕਦਾ ਹੈ 9 ਮਾਰਚ, 2008 ਦਾ ਉਹ ਮਨਹੂਸ ਦਿਨ ਜਦੋਂ ਸੈਂਟਿਆਗੋ (ਚਿੱਲੀ) ਵਿਖੇ ਖੇਡੇ ਜਾਣ ਵਾਲੇ ਬੀਜਿੰਗ ਉਲੰਪਿਕਸ-2008 ਲਈ, ਕੁਆਲੀਫਾਈ ਮੁਕਾਬਲੇ ਦੇ ਫਾਈਨਲ ਵਿੱਚ ਭਾਰਤੀ ਟੀਮ  ਬ੍ਰਿਟੇਨ ਤੋਂ  2-0 ਨਾਲ ਹਾਰ ਕੇ ਉਲੰਪਿਕ ਇਤਿਹਾਸ ਵਿੱਚ ਪਹਿਲੀ ਵਾਰ ਉਲੰਪਿਕ ਤੱਕ ਅਪੜਨ ਤੋਂ ਵਾਂਝੀ ਰਹਿ ਗਈ ਸੀ ਵਿਸ਼ਵ ਹਾਕੀ ਇਤਿਹਾਸ ਦੇ ਅੰਕੜੇ ਗਵਾਹ ਹਨ ਕਿ ਭਾਰਤ ਅਜੇ ਤੱਕ ਕਦੇ ਵੀ ਵਿਸ਼ਪ ਕੱਪ ਕੁਆਲੀਫਾਇਰ ਜਾਂ ਉਲੰਪਿਕਸ ਕੁਆਲੀਫਾਇਰ ਮੁਕਾਬਲਾ ਨਹੀਂ ਜਿੱਤ ਸਕਿਆ ਹੈਗੱਲ 1991 'ਚ ਆਕਲੈਂਡ (ਨਿਊਜ਼ੀਲੈਂਡ) ਵਿਖੇ ਖੇਡੇ ਜਾਣ ਵਾਲੇ ਉਲੰਪਿਕ ਕੁਆਲੀਫਾਇਰ ਮੁਕਾਬਲੇ ਤੋਂ ਸ਼ੁਰੂ ਕਰਦੇ ਹਾਂ । ਜਿੱਥੇ ਭਾਰਤ ਫਾਈਨਲ ਹਾਰ ਕੇ ਦੂਜੇ ਸਥਾਨ 'ਤੇ ਰਿਹਾ ਸੀਬਾਰਸੀਲੋਨਾ (ਸਪੇਨ) ਵਿਖੇ 1995 'ਚ ਉਲੰਪਿਕ ਕੁਆਲੀਫਾਇਰ ਟੂਰਨਾਮੈਂਟ ਸਮੇ ਵੀ ਭਾਰਤ ਦਾ ਦੂਜਾ ਸਥਾਨ ਸੀ ਅਤੇ 2003 'ਚ ਏਥਨਜ਼ ਉਲੰਪਿਕ ਲਈ ਕੁਆਲੀਫਾਇਰ ਟੂਰਨਾਮੈਂਟ ' ਮੈਡਰਿਡ (ਸਪੇਨ) ਵਿਖੇ ਭਾਰਤ ਚੌਥੇ ਸਥਾਨ 'ਤੇ ਹੀ ਰਹਿ ਸਕਿਆ ਸੀਪਰ ਉਦੋਂ ਕੁਆਲੀਫਾਇਰ ਟੂਰਨਾਮੈਂਟ ਦਾ ਫਾਰਮਿਟ ਕੁਝ ਵੱਖਰੀ ਤਰ੍ਹਾਂ ਦਾ ਸੀਇਸ ਲਈ ਏਸ਼ੀਅਨ ਖੇਡਾਂ 'ਚ ਚੰਗੀ ਕਾਰਗੁਜ਼ਾਰੀ ਨਾ ਦਿਖਾ ਕੇ ਵੀ ਭਾਰਤ ਉਲੰਪਿਕ ਹਾਕੀ ਲਈ ਕੁਆਲੀਫਾਈ ਕਰ ਜਾਂਦਾ ਰਿਹਾ ਹੈ । ਪਰ ਮੌਜੂਦਾ ਸਮੇਂ ਉਲੰਪਿਕ ਕੁਆਲੀਫਾਇਰ ਟੂਰਨਾਮੈਂਟ ਦਾ ਜੋ ਫਾਰਮਿਟ ਹੈ, ਉਸ ਅਨੁਸਾਰ ਇਸ ਵਾਰੀ ਦੇ ਕੁਆਲੀਫ਼ਾਈ ਗੇੜ ਵਿੱਚ ਵੀ ਕਈ ਚੁਣੌਤੀਆਂ ਮੌਜੂਦ ਹਨ । ਭਾਰਤੀ ਟੀਮ ਤੋਂ ਇਹ ਤਾਂ ਉਮੀਦਾਂ ਲਗਦੀਆਂ ਹਨ ਕਿ ਉਹ ਇਸ ਕੁਆਲੀਫਾਇਰ ਟੂਰਨਾਮੈਂਟ ਦੇ ਫਾਈਨਲ ਵਿਚ ਤਾਂ ਪਹੁੰਚ ਸਕਦੀ ਹੈ । ਪਰ ਇਸ ਟੂਰਨਾਮੈਂਟ 'ਚ ਚੈਂਪੀਅਨ ਬਣ ਕੇ ਉਲੰਪਿਕਸ ਲਈ ਟਿਕਟ ਕਟਾਉਣੀ ਸੌਖੀ ਨਹੀਂ ਹੈ । ਆਪਣੀ ਮੇਜ਼ਬਾਨੀ ਅਧੀਨ   ਆਪਣੇ ਹੀ ਦੇਸ਼ ਵਾਸੀਆਂ ਦੇ ਵੱਡੇ ਇਕੱਠ ਸਾਹਮਣੇ, ਤਾੜੀਆਂ ਦੀ ਗੂੰਜ , ਉਤਸ਼ਾਹਿਤ ਅਤੇ ਪ੍ਰੇਰਿਤ ਕਰਦੇ ਉੱਚੇ-ਉੱਚੇ ਨਾਅਰਿਆਂ ਨਾਲ ਲਬਰੇਜ਼ ਖੇਡ ਮੈਦਾਨ ਦੀ ਫਿਜ਼ਾ 'ਚ ਕੌਣ ਚਾਹੇਗਾ ਕਿ ਉਹ ਚੈਂਪੀਅਨ ਨਾ ਬਣ ਸਕੇ ? ਪਰ ਫਾਈਨਲ ਜਿੱਤਣ ਦਾ ਘਰੇਲੂ ਮੈਦਾਨ ਵਿੱਚ ਮਨੋਵਿਗਿਆਨਕ ਦਬਾਅ ਵੀ ਵੱਖਰਾ ਹੁੰਦਾ ਹੈਘਰੇਲੂ ਮੈਦਾਨ 'ਚ ਹਾਰਨ ਦੀ ਨਮੋਸ਼ੀ ਦਾ ਵੀ ਖਿਡਾਰੀਆਂ 'ਤੇ ਬਹੁਤ ਜ਼ਿਆਦਾ ਮਾਨਸਿਕ ਦਬਾਅ ਬਣਿਆਂ ਰਹਿੰਦਾ ਹੈਬੀਜਿੰਗ ਉਲੰਪਿਕਸ 'ਚੋਂ ਬਾਹਰ ਰਹਿਣ ਦੀ ਨਮੋਸ਼ੀ ਦਾ ਅਹਿਸਾਸ ਅਤੇ ਹੁਣ ਲੰਡਨ ਉਲੰਪਿਕਸ 'ਚ ਇਹ ਫਾਈਨਲ ਮੈਚ ਹਾਰ ਕੇ ਬਾਹਰ ਹੋਣ ਦਾ ਡਰ 70 ਮਿੰਟਾਂ ਦੇ ਫਾਈਨਲ ਵਿੱਚ ਮਨੋਵਿਗਿਆਨਕ ਅਸਰ ਹੰਢਾਉਂਣਾਂ ਵੀ ਸੌਖਾ ਨਹੀਂ ਹੈ। ਇਹ  ਉਲੰਪਿਕ ਹਾਕੀ ਦੇ ਬਾਦਸ਼ਾਹ  ਲਈ ਵੱਡੇ ਵੱਕਾਰ ਦਾ ਸਬੱਬ ਵੀ ਹੋਵੇਗਾ ਹਾਕੀ ਸੰਸਥਾਵਾਂ ਦੀ ਖਿੱਚੋਤਾਣ ਦਰਮਿਆਂਨ ਹੁਣ ਭਰਤ ਸ਼ੇਤਰੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਦੀ ਕਾਰਗੁਜ਼ਾਰੀ ਵੇਖਣ ਦਾ ਮੌਕਾ ਵੀ ਮਿਲੇਗਾ । ਅਜਿਹੀ ਖਿਚੋਤਾਣ ਸਦਕਾ ਹੀ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਹੀ ਨਹੀਂ ਸੀ ਖੁੱਸੀ,ਸਗੋਂ ਮੇਜ਼ਬਾਨ ਵਜੋਂ ਟਰਾਫ਼ੀ ਖੇਡਣ ਤੋਂ ਵੀ ਭਾਰਤੀ ਟੀਮ ਖੁੰਜ ਗਈ ਸੀ,ਅਤੇ ਬੈਲਜੀਅਮ ਤੋਂ ਹਾਰਨ ਕਰਕੇ ਇਸ ਸਾਲ ਦੀ ਟਰਾਫ਼ੀ ਤੋਂ ਵੀ ਬਾਹਰ ਹੋ ਗਿਆ ਹੈ ।
 ਓਲੰਪਿਕ ਕੁਆਲੀਫਾਈ ਮੁਕਾਬਲੇ ਵਿੱਚ ਕਿਸ ਟੀਮ ਨੇ ,ਕਿਸ ਟੀਮ ਨਾਲ,ਕਿਸ ਤਾਰੀਖ਼ ਨੂੰ ਕਿੰਨੇ ਵਜੇ ਮੈਚ ਖੇਡਣਾਂ ਹੈ,ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ:-
ਪੁਰਸ਼ ਵਰਗ:
18 ਫਰਵਰੀ: ਕੈਨੇਡਾ ਬਨਾਮ ਇਟਲੀ(2 ਵਜੇ),ਫ਼ਰਾਂਸ- ਪੋਲੈਂਡ(4 ਵਜੇ),ਭਾਰਤ-ਸਿੰਗਾਪੁਰ(8 ਵਜੇ),
19 ਫਰਵਰੀ: ਪੋਲੈਂਡ-ਕੈਨੇਡਾ(12 ਵਜੇ), ਸਿੰਗਾਪੁਰ -ਫ਼ਰਾਂਸ(4 ਵਜੇ),ਭਾਰਤ- ਇਟਲੀ (8 ਵਜੇ),
21 ਫਰਵਰੀ: ਸਿੰਗਾਪੁਰ -ਕੈਨੇਡਾ(2 ਵਜੇ),ਪੋਲੈਂਡ- ਇਟਲੀ (4ਵਜੇ),ਭਾਰਤ-ਫਰਾਂਸ(8 ਵਜੇ),
22 ਫਰਵਰੀ: ਸਿੰਗਾਪੁਰ -ਪੋਲੈਂਡ(12 ਵਜੇ),ਫਰਾਂਸ- ਇਟਲੀ (4 ਵਜੇ),ਭਾਰਤ-ਕੈਨੇਡਾ(8 ਵਜੇ),
24 ਫਰਵਰੀ: ਇਟਲੀ - ਸਿੰਗਾਪੁਰ (2 ਵਜੇ),ਫਰਾਂਸ-ਕੈਨੇਡਾ(4 ਵਜੇ),ਭਾਰਤ-ਪੋਲੈਂਡ(8 ਵਜੇ),
26 ਫਰਵਰੀ;ਕਲਾਸੀਫਿਕੇਸ਼ਨ ਮੈਚ:- ਸੱਭ ਤੋਂ ਘੱਟ ਅੰਕਾਂ ਵਾਲੀਆਂ ਦੋ ਟੀਮਾਂ ਦਾ 5ਵੇਂ,6ਵੇਂ ਸਥਾਨ ਲਈ ਮੈਚ(3 ਵਜੇ),ਵਿਚਕਾਰ ਰਹੀਆਂ ਦੋਨੋਂ ਟੀਮਾਂ ਦਾ ਤੀਜੇ-ਚੌਥੇ ਸਥਾਨ ਲਈ ਮੈਚ(5.30 ਵਜੇ), ਟਾਪਰ ਅੰਕਾਂ ਵਾਲੀਆਂ ਦੋ ਟੀਮਾਂ ਦਰਮਿਆਂਨ ਓਲੰਪਿਕ ਕੁਆਲੀਫਾਈ ਕਰਨ ਵਾਲਾ ਮੈਚ(ਰਾਤ 8 ਵਜੇ),।  

ਮਹਿਲਾ ਵਰਗ:-
18 ਫਰਵਰੀ;ਦੱਖਣੀ ਅਫ਼ਰੀਕਾ ਬਨਾਮ ਪੋਲੈਂਡ(10 ਵਜੇ),ਇਟਲੀ-ਕੈਨੇਡਾ(12 ਵਜੇ),ਭਾਰਤ-ਯੂਕਰੇਨ(6 ਵਜੇ),
19 ਫਰਵਰੀ: ਇਟਲੀ- ਪੋਲੈਂਡ(10 ਵਜੇ),ਦੱਖਣੀ ਅਫਰੀਕਾ-ਯੂਕਰੇਨ(2 ਵਜੇ),ਭਾਰਤ-ਕੈਨੇਡਾ(6 ਵਜੇ),
21 ਫਰਵਰੀ: ਕੈਨੇਡਾ-ਯੂਕਰੇਨ(10 ਵਜੇ),ਇਟਲੀ-ਦੱਖਣੀ ਅਫਰੀਕਾ(12 ਵਜੇ),ਪੋਲੈਂਡ-ਭਾਰਤ(6 ਵਜੇ),
22 ਫਰਵਰੀ: ਯੂਕਰੇਨ-ਇਟਲੀ(10 ਵਜੇ),ਕੈਨੇਡਾ-ਪੋਲੈਂਡ(2 ਵਜੇ),ਭਾਰਤ-ਦੱਖਣੀ ਅਫਰੀਕਾ(6 ਵਜੇ),
24 ਫਰਵਰੀ:ਦੱਖਣੀ ਅਫਰੀਕਾ-ਕੈਨੇਡਾ(10 ਵਜੇ),ਯੂਕਰੇਨ-ਪੋਲੈਂਡ(12 ਵਜੇ),
ਇਟਲੀ-ਭਾਰਤ(6 ਵਜੇ),
26 ਫਰਵਰੀ;ਕਲਾਸੀਫਿਕੇਸ਼ਨ ਮੈਚ:- ਸੱਭ ਤੋਂ ਘੱਟ ਅੰਕਾਂ ਵਾਲੀਆਂ ਦੋ ਟੀਮਾਂ ਦਾ 5 ਵੇਂ,6 ਵੇਂ ਸਥਾਨ ਲਈ ਮੈਚ(3 ਵਜੇ),ਵਿਚਕਾਰ ਰਹੀਆਂ ਦੋਨੋਂ ਟੀਮਾਂ ਦਾ ਤੀਜੇ-ਚੌਥੇ ਸਥਾਨ ਲਈ ਮੈਚ(5.30 ਵਜੇ), ਟਾਪਰ ਅੰਕਾਂ ਵਾਲੀਆਂ ਦੋ ਟੀਮਾਂ ਦਰਮਿਆਂਨ ਓਲੰਪਿਕ ਕੁਆਲੀਫਾਈ ਕਰਨ ਵਾਲਾ ਮੈਚ(ਰਾਤ 8 ਵਜੇ),।  
                        **********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Friday, February 10, 2012


     ਅਰਜਨਟੀਨਾਂ ਬਣਿਆਂ ਮਹਿਲਾ ਹਾਕੀ ਚੈਂਪੀਅਨਜ਼ ਟਰਾਫ਼ੀ ਚੈਂਪੀਅਨ
                                                ਰਣਜੀਤ ਸਿੰਘ ਪ੍ਰੀਤ
                         ਅਰਜਨਟੀਨਾ ਦੇ ਸ਼ਹਿਰ ਰੋਸਾਰੀਓ ਵਿੱਚ 20ਵੀਂ ਮਹਿਲਾ ਚੈਂਪੀਅਨਜ਼ ਟਰਾਫ਼ੀ 28 ਜਨਵਰੀ ਤੋਂ 5 ਫਰਵਰੀ ਤੱਕ ਖੇਡੀ ਗਈ । ਜਿਸ ਵਿੱਚ ਸ਼ਾਮਲ ਹੋਈਆਂ 8 ਟੀਮਾਂ ਨੂੰ ਪੂਲ ਏ:ਹਾਲੈਂਡ,ਇੰਗਲੈਂਡ,ਚੀਨ ,ਜਪਾਨ,ਅਤੇ ਪੂਲ ਬੀ ਜਰਮਨੀ,ਦੱਖਣੀ ਕੋਰੀਆ,ਨਿਊਜ਼ੀਲੈਂਡ,ਅਰਜਨਟੀਨਾ ਅਨੁਸਾਰ ਵੰਡਿਆ ਗਿਆ ਸੀ । ਇਸ ਵਰਗ ਦਾ ਪਹਿਲਾ ਮੁਕਾਬਲਾ 1987 ਵਿੱਚ ਹਾਲੈਂਡ ਨੇ ਐਮਸਤਲਵੀਨ ਵਿੱਚ ਆਸਟਰੇਲੀਆ ਨੂੰ ਹਰਾਕੇ ਜਿੱਤਿਆ ਸੀ । ਸਨ 2011 ਦਾ 19ਵਾਂ ਮੁਕਾਬਲਾ ਵੀ ਹਾਲੈਂਡ ਨੇ ਆਪਣੀ ਹੀ ਮੇਜ਼ਬਾਨੀ ਅਧੀਨ ਐਮਸਟਰਡਮ ਵਿੱਚ ਅਰਜਨਟੀਨਾ ਨੂੰ 3-3 ਨਾਲ ਬਰਾਬਰ ਰਹਿਣ ਮਗਰੋਂ, ਪਨੈਲਟੀ ਸਟਰੌਕ ਜ਼ਰੀਏ 3-2 ਨਾਲ ਹਰਾਕੇ ਜਿੱਤਿਆ । ਅਗਲਾ 21ਵਾਂ ਮੁਕਾਬਲਾ 2014 ਨੁੰ ਭਾਰਤ ਵਿੱਚ ਹੋਣਾ ਹੈ । ਹੁਣ ਤੱਕ 7 ਮੁਲਕ ਹੀ ਫਾਈਨਲ ਖੇਡੇ ਹਨ । ਹਾਲੈਂਡ-ਆਸਟਰੇਲੀਆ ਨੇ 10-10 ਫਾਈਨਲ ਖੇਡ ਕੇ 6-6 ਜਿੱਤਾਂ ਹਾਸਲ ਕੀਤੀਆਂ ਹਨ,ਪਰ 8 ਵਾਰੀ ਤੀਜਾ ਸਥਾਨ ਲੈਣ ਕਰਕੇ ਹਾਲੈਂਡ ਸਿਖ਼ਰਤੇ ਹੈ । ਆਸਟਰੇਲੀਆ ਨੇ 2 ਵਾਰ ਤੀਜਾ ਅਤੇ 3 ਵਾਰ ਚੌਥਾ ਸਥਾਨ ਲਿਆ ਹੈ । ਅਰਜਨਟੀਨਾਂ ਨੇ 8 ਫਾਈਨਲ ਖੇਡੇ ਹਨ,5 ਵਾਰੀ ਖ਼ਿਤਾਬ ਜੇਤੂ ਬਣਿਆਂ ਹੈ । ਤਿੰਨ ਵਾਰੀ ਦੂਜੀ ਅਤੇ ਇੱਕ ਵਾਰੀ ਤੀਜੀ ਪੁਜ਼ੀਸ਼ਨ ਮੱਲੀ ਹੈ । ਜਰਮਨੀ ਨੇ 6,ਚੀਨ ਨੇ 3 ਅਤੇ ਦੱਖਣੀ ਕੋਰੀਆ ਨੇ 2, ਫਾਈਨਲ ਖੇਡ ਕੇ ਇੱਕ-ਇੱਕ ਹੀ ਜਿੱਤਿਆ ਹੈ । ਇੰਗਲੈਂਡ ਨੇ 5 ਫਰਵਰੀ ਨੂੰ  ਇੱਕ ਫਾਈਨਲ ਖੇਡ ਕੇ ,ਉਹੀ ਅਰਜਨਟੀਨਾ ਤੋਂ 1-0 ਨਾਲ ਹਾਰਿਆ ਹੈ । ਪਰ ਫਾਈਨਲ ਖੇਡਣ ਵਾਲੇ 7 ਵੇਂ ਮੁਲਕ ਵਜੋਂ ਆਪਣਾ ਨਾਂ ਦਰਜ ਕਰਵਾਉਣ ਵਿੱਚ ਸਫ਼ਲ ਰਿਹਾ ਹੈ ।
                      ਲੰਡਨ ਓਲੰਪਿਕ ਤੋਂ ਪਹਿਲਾਂ ਦਾ ਇਹ ਅਹਿਮ ਮੁਕਾਬਲਾ ਸੀ,ਜਿਸ ਦਾ ਮੁਢਲਾ ਰਾਊਂਡ ਰੌਬਿਨ ਗੇੜ 28 ਜਨਵਰੀ ਤੋਂ 31 ਜਨਵਰੀ ਤੱਕ ਚੱਲਿਆ । ਜਦੋਂ ਕਿ 2 ਫਰਵਰੀ ਤੋਂ 5 ਫਰਵਰੀ ਤੱਕ ਨਾਕ-ਆਊਟ ਗੇੜ ਖੇਡਿਆ ਗਿਆ । ਕੁੱਲ ਮਿਲਾਕੇ ਖੇਡੇ ਗਏ 24 ਮੈਚਾਂ ਵਿੱਚ 110 ਗੋਲ ਹੋਏ । ਦੋਹਾਂ ਗਰੁੱਪਾਂ ਵਿੱਚੋਂ 2-2 ਦੇ ਹਿਸਾਬ ਨਾਲ ਰੋਜ਼ਾਨਾ 4-4 ਮੈਚ ਖੇਡੇ ਗਏ । ਜਨਵਰੀ 30,ਪਹਿਲੀ ਫਰਵਰੀ ਅਤੇ 4 ਨੂੰ ਅਰਾਮ ਦੇ ਦਿਨ ਸਨ ।  ਉਦਘਾਟਨੀ ਮੈਚ ਹਾਲੈਂਡ ਅਤੇ ਚੀਨ ਦਰਮਿਆਂਨ ਹੋਇਆ ,ਜੋ 3-1 ਨਾਲ ਹਾਲੈਂਡ ਦੇ ਹਿੱਸੇ ਰਿਹਾ । ਪੂਲ ਏ ਵਿੱਚ ਹਾਲੈਂਡ ਦੀ ਟੀਮ 2 ਜਿੱਤਾਂ, ਇੱਕ ਬਰਾਬਰੀ ਸਦਕਾ 9 ਗੋਲ ਕਰਕੇ ,4 ਕਰਵਾਕੇ +5 ਦੇ ਗਣਿਤ ਅਨੁਸਾਰ 7 ਅੰਕਾਂ ਨਾਲ ਸ਼ਿਖਰਤੇ ਰਹੀ । ਏਸੇ ਹੀ ਜਿੱਤਾਂ ਹਾਰਾਂ ਦੇ ਹਿਸਾਬ ਨਾਲ 7 ਅੰਕ ਲੈ ਕੇ ਇੰਗਲੈਂਡ ਟੀਮ ਦੂਜੇ ਸਥਾਨ ਤੇ ਰਹੀ । ਫ਼ਰਕ ਸਿਰਫ਼ ਇਹ ਰਿਹਾ ਕਿ ਇਸ ਨੇ 8 ਗੋਲ ਕੀਤੇ ਅਤੇ 3 ਗੋਲ ਕਰਵਾਏ । ਚੀਨਣਾਂ ਨੇ ਇੱਕ ਮੈਚ ਜਿੱਤ ਕੇ 3 ਅੰਕ ਲਏ,ਜਦੋਂ ਕਿ ਜਪਾਨ ਦੀ ਟੀਮ ਕੋਈ ਵੀ ਮੈਚ ਨਾ ਜਿੱਤ ਸਕੀ,ਅਤੇ ਨਾ ਹੀ ਉਸਦੀ ਝੋਲੀ ਕੋਈ ਅੰਕ ਪਿਆ ।
                       ਪੂਲ ਬੀ ਵਿੱਚ ਪਹਿਲਾ ਮੈਚ ਜਰਮਨੀ ਨੇ ਕੋਰੀਆ ਨੂੰ 4-2 ਨਾਲ ਹਰਾ ਕੇ ਜਿੱਤਿਆ । ਪਰ ਏਸੇ ਹੀ ਗੋਲ ਅੰਤਰ ਨਾਲ ਅਰਜਨਟੀਨਾਂ ਤੋਂ ਹਾਰ ਦਾ ਦੁੱਖ ਝੱਲਿਆ । ਪਰ ਫਿਰ ਵੀ 2 ਜਿੱਤਾਂ ਇੱਕ ਹਾਰ ਸਦਕਾ ਜਰਮਨੀ 9 ਗੋਲ ਕਰਕੇ,7 ਕਰਵਾਕੇ ,+2 ਅਨੁਸਾਰ 6 ਅੰਕਾਂ ਨਾਲ ਪੂਲ ਵਿੱਚੋਂ ਟਾਪਰ ਬਣਿਆਂ । ਅਰਜਨਟੀਨਾਂ ਇੱਕ ਮੈਚ ਜਿੱਤ ਕੇ,2 ਬਰਾਬਰ ਖੇਡਕੇ,8 ਗੋਲ ਕਰਕੇ 6 ਕਰਵਾਕੇ ,+2 ਮੁਤਾਬਕ 5 ਅੰਕਾਂ ਨਾਲ ਪੂਲ ਵਿੱਚੋਂ ਦੋਮ ਰਿਹਾ । ਕੋਰੀਆ,ਨਿਊਜ਼ੀਲੈਂਡ ਨੇ 2-2 ਬਰਾਬਰੀਆਂ ,1-1 ਹਾਰ ਨਾਲ ,-2,-2 ਗੋਲ ਅੰਤਰ ਤਹਿਤ 2-2 ਅੰਕ ਹੀ ਹਾਸਲ ਕੀਤੇ । ਪਰ ਕੋਰੀਆ ਦਾ 6 ਗੋਲ ਕਰਨ , 8 ਕਰਵਾਉਂਣ ਨਾਲ ਪੂਲ ਵਿੱਚ ਤੀਜਾ ਸਥਾਨ ਰਿਹਾ । ਜਦੋਂ ਕਿ ਨਿਊਜ਼ੀਲੈਂਡ ਦੇ ਗੋਲਾਂ ਦਾ ਹਿਸਾਬ-ਕਿਤਾਬ 5,7 ਰਿਹਾ ।
              ਪਹਿਲੇ ਰਾਊਂਡ ਰੌਬਿਨ ਦੌਰ ਦੇ ਮੈਚਾਂ ਮਗਰੋਂ 2 ਫਰਵਰੀ ਤੋਂ ਨਾਕ ਆਊਟ ਗੇੜ (ਕੁਆਰਟਰ ਫਾਈਨਲ) ਸ਼ੁਰੂ ਹੋਇਆ ਅਤੇ 4 ਮੈਚ ਖੇਡੇ ਗਏ । ਹਾਲੈਂਡ ਨੇ ਨਿਊਜ਼ੀਲੈਂਡ ਨੂੰ 3-0 ਨਾਲ,ਜਰਮਨੀ ਨੇ ਜਪਾਨ ਨੂੰ 3-2 ਨਾਲ,ਇੰਗਲੈਂਡ ਨੇ ਕੋਰੀਆ ਨੂੰ 4-1 ਨਾਲ,ਅਤੇ ਮੇਜ਼ਬਾਨ ਅਰਜਨਟੀਨਾ ਨੇ ਚੀਨ ਨੂੰ 3-2 ਨਾਲ ਸ਼ਿਕੱਸ਼ਤ ਦਿੰਦਿਆ ,ਕਦਮ ਅੱਗੇ ਵਧਾਏ । ਇਸ ਗੇੜ ਵਿੱਚੋਂ ਹਾਰੀਆਂ 4 ਟੀਮਾਂ ਨੇ 3 ਫਰਵਰੀ ਨੂੰ ਦੋ ਕਰਾਸਓਵਰ ਮੈਚ ਖੇਡੇ,ਜਿਨ੍ਹਾਂ ਵਿੱਚ ਜਪਾਨ ਨੇ ਕੋਰੀਆ ਨੂੰ 4-3 ਨਾਲ,ਅਤੇ ਨਿਊਜ਼ੀਲੈਂਡ ਨੇ ਚੀਨ ਨੂੰ 3-2 ਨਾਲ ਮਾਤ ਦਿੱਤੀ । ਇਹਨਾਂ ਦੋਹਾਂ ਮੈਚਾਂ ਦਾ ਫ਼ੈਸਲਾ ਗੋਲਡਨ ਗੋਲ ਜ਼ਰੀਏ ਹੋਇਆ । ਕੁਆਰਟਰ ਫਾਈਨਲ ਦੀਆਂ ਜੇਤੂ ਟੀਮਾਂ ਨੇ 4 ਫਰਵਰੀ ਨੂੰ ਸੈਮੀਫਾਈਨਲ ਮੈਚ ਖੇਡੇ । ਜਿਨ੍ਹਾਂ ਵਿੱਚ ਇੰਗਲੈਂਡ ਨੇ ਜਰਮਨੀ ਨੂੰ 2-0 ਨਾਲ,ਅਰਜਨਟੀਨਾਂ ਨੇ ਹਾਲੈਂਡ ਨੂੰ 2-2 ਤੇ ਬਰਾਬਰ ਰਹਿਣ ਮਗਰੋਂ ,ਪਨੈਲਟੀ ਸ਼ੂਟ ਆਊਟ ਰਾਹੀਂ 2-0 ਨਾਲ ਹਰਾ ਕੇ ਫਾਈਨਲ ਪ੍ਰਵੇਸ਼ ਪਾਇਆ ।
                                ਵੀਹਵੀਂ ਚੈਂਪੀਅਨਜ਼ ਟਰਾਫ਼ੀ ਦੇ ਅਖ਼ੀਰਲੇ ਦਿਨ 5 ਫਰਵਰੀ ਨੂੰ ਵੀ 4 ਮੈਚ ਹੀ ਖੇਡੇ ਗਏ । ਸੱਤਵੇਂ ਅੱਠਵੇਂ ਸਥਾਨ ਲਈ ਚੀਨ ਅਤੇ ਕੋਰੀਆ ਦਾ ਮੈਚ 3-3 ਨਾਲ ਬਰਾਬਰ ਰਹਿਣਤੇ ਪਨੈਲਟੀ ਸ਼ੂਟ ਆਊਟ ਰਾਹੀਂ 3-2 ਨਾਲ ਕੋਰੀਆ ਦੇ ਹਿੱਸੇ ਰਿਹਾ । ਪੰਜਵੇਂ ਸਥਾਨ ਲਈ ਜਪਾਨ ਨੇ ਨਿਊਜ਼ੀਲੈਂਡ ਨੂੰ 4-3 ਨਾਲ ਮਾਤ ਦਿੱਤੀ । ਤੀਜੀ ਪੁਜ਼ੀਸ਼ਨ ਹਾਲੈਂਡ ਨੇ ਜਰਮਨੀ ਨੂੰ 5-4 ਨਾਲ ਹਰਾਕੇ ਹਾਸਲ ਕੀਤੀ । ਟਰਾਫ਼ੀ ਦਾ ਇਹੀ ਉੱਚ ਮੈਚ ਸਕੋਰ ਰਿਹਾ । ਫਾਈਨਲ ਵਿੱਚ ਅਰਜਨਟੀਨਾਂ ਨੇ ਪਹਿਲੀ ਵਾਰੀ ਫਾਈਨਲ ਤੱਕ ਅਪੜੇ ਇੰਗਲੈਂਡ ਨੂੰ 1-0 ਨਾਲ ਸ਼ਿਕੱਸ਼ਤ ਦਿੰਦਿਆਂ ਪੰਜਵੀ ਵਾਰ ਖ਼ਿਤਾਬ ਉੱਤੇ ਕਬਜ਼ਾ ਕਰਕੇ ਜਿੱਤ ਦਾ ਜਸ਼ਨ ਮਨਾਇਆ । ਟਰਾਫ਼ੀ ਦੀ ਵਧੀਆ ਖਿਡਾਰਨ ਅਰਜਨਟੀਨਾਂ ਦੀ ਲੂਸੀਆਨਾ ਆਇਮਰ,ਏਸੇ ਮੁਲਕ ਦੀ ਵਧੀਆ ਗੋਲ ਕੀਪਰ ਬਿਲਿਨ ਸੂਕੀ ਅਖਵਾਈ । ਫ਼ੇਅਰ ਪਲੇਅ ਟਰਾਫ਼ੀ ਜਰਮਨੀ ਨੇ ਜਿੱਤੀ । ਜਦੋਂ ਕਿ ਇੰਗਲੈਂਡ ਦੀ ਕਰਿਸਟਾ ਕੁਲਿਨ,ਜਪਾਨ ਦੀ ਰਿਕਾ ਕੋਮਾਜ਼ਾਵਾ,ਅਤੇ ਕੋਰੀਆ ਦੀ ਲੀ ਸਿਓਨ ਓਕ 5-5 ਗੋਲ ਕਰਕੇ ਟਾਪ ਸਕੋਰਰ ਰਹੀਆਂ । ਪਰ ਹੁਣ ਤੱਕ ਦੇ ਚੈਂਪੀਅਨਜ਼ ਟਰਾਫ਼ੀ ਇਤਿਹਾਸ ਵਿੱਚ ਕੋਰੀਆ ਦੀ ਲਿਮ ਕਿਏ ਸੂਕ ਨੇ 8 ਗੋਲ,ਅਤੇ ਆਸਟਰੇਲੀਆ ਦੀ ਜੈਕੀ ਪਰੀਰਿਆ 7 ਗੋਲ ਕਰਨ ਕਰਕੇ ਸ਼ਿਖ਼ਰਲੀ ਪਾਇਦਾਨ ਉੱਤੇ ਕਾਇਮ ਹਨ ।
                                          ***********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Saturday, February 4, 2012

ਬਾਲ ਸਾਹਿਤ ( ਦੋ ਬਾਲ ਕਿਤਾਬਾਂ ਦੇ ਰਿਵਿਊ)

                                   ਬਾਲ ਸਾਹਿਤ

ਬਾਲਾਂ ਦੀਆਂ ਮਨੋਰੰਜਕ ਖੇਡਾਂ
ਲੇਖਕ : ਰਣਜੀਤ ਸਿੰਘ ਪ੍ਰੀਤ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਸਫੇ : 36, ਕੀਮਤ : 45 ਰੁਪਏ

                                    ਵਿਚਾਰ ਅਧੀਨ ਪੁਸਤਕ ਬਾਲਾਂ ਦੀਆਂ ਉਨ੍ਹਾਂ ਖੇਡਾਂ ਬਾਰੇ ਸੰਪੂਰਨ ਤੇ ਮਹੱਤਵਪੂਰਨ ਜਾਣਕਾਰੀ ਦਿੰਦੀ ਹੈ, ਜਿਨ੍ਹਾਂ ਨੂੰ ਅਜੋਕੇ ਬੱਚੇ ਬਿਲਕੁਲ ਭੁਲਾਈ ਬੈਠੇ ਹਨ। ਹਾਲਾਤ ਤਾਂ ਇਹ ਹਨ ਕਿ ਬੱਚੇ ਇਨ੍ਹਾਂ ਖੇਡਾਂ ਤੋਂ ਬਿਲਕੁਲ ਹੀ ਅਣਜਾਣ ਹਨ, ਉਨ੍ਹਾਂ ਨੂੰ ਤਾਂ ਇਨ੍ਹਾਂ ਦੇ ਨਾਂਅ ਵੀ ਨਹੀਂ ਪਤਾ। ਉਹ ਇਨ੍ਹਾਂ ਖੇਡਾਂ ਨੂੰ ਖੇਡਣ ਦੀ ਬਜਾਏ ਕੰਪਿਊਟਰ ਤੇ ਇੰਟਰਨੈੱਟ 'ਤੇ ਵੀਡੀਓ ਗੇਮਾਂ ਖੇਡਣ ਨੂੰ ਹੀ ਤਰਜੀਹ ਦਿੰਦੇ ਹਨ। ਇਸ ਦਾ ਅਸਰ ਸਾਰਿਆਂ ਦੇ ਸਾਹਮਣੇ ਹੈ। ਉਨ੍ਹਾਂ ਦੀ ਸਰੀਰਕ, ਮਾਨਸਿਕ ਤੇ ਬੌਧਿਕ ਸਮਰੱਥਾ 'ਚ ਕਮੀ ਆਈ ਹੈ। ਮੋਟਾਪਾ ਤੇ ਹੋਰ ਗੰਭੀਰ ਬਿਮਾਰੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਉਨ੍ਹਾਂ ਨੂੰ ਪੰਜਾਬ ਦੀਆਂ ਖੇਡਾਂ ਨਾਲ ਕਿਸੇ ਤਰ੍ਹਾਂ ਦੁਬਾਰਾ ਜੋੜਿਆ ਜਾਵੇ। ਲੇਖਕ ਰਣਜੀਤ ਸਿੰਘ ਪ੍ਰੀਤ ਦੀ ਇਹ ਪੁਸਤਕ 23 ਮਨੋਰੰਜਕ ਖੇਡਾਂ ਬਾਰੇ ਜਾਣਕਾਰੀ ਦਿੰਦੀ ਹੋਈ ਬੱਚਿਆਂ ਨੂੰ ਉਨ੍ਹਾਂ ਦੀਆਂ ਰਵਾਇਤੀ ਖੇਡਾਂ ਨਾਲ ਜੋੜਨ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਲੇਖਕ ਨੇ ਇਸ ਵਿਚ ਹੋਰਾਂ ਖੇਡਾਂ ਤੋਂ ਇਲਾਵਾ ਬਾਂਦਰ ਕਿੱਲਾ, ਖਿੱਚ ਧੂਹ, ਪਿੱਠੂ, ਚੋਰ-ਸਿਪਾਹੀ, ਡੰਡ ਪਰੰਬਲ ਆਦਿ ਖੇਡਾਂ ਦਾ ਜ਼ਿਕਰ ਕੀਤਾ ਹੈ। ਉਸ ਨੇ ਇਸ ਪੁਸਤਕ ਰਾਹੀਂ ਇਹ ਵੀ ਦੱਸਿਆ ਕਿ ਕਿਹੜੀ ਖੇਡ ਕਿਵੇਂ ਖੇਡੀ ਜਾਂਦੀ ਸੀ, ਉਸ ਨੂੰ ਕਿੰਨੇ ਖਿਡਾਰੀ ਖੇਡ ਸਕਦੇ ਸਨ, ਖੇਡ ਦੇ ਨਿਯਮ ਜਾਂ ਸ਼ਰਤਾਂ ਕੀ ਹੁੰਦੀਆਂ ਸਨ। ਬਹੁਤ ਹੀ ਥੋੜ੍ਹੇ ਸ਼ਬਦਾਂ ਵਿਚ ਲੇਖਕ ਮਨੋਰੰਜਨ ਦੇ ਨਾਲ-ਨਾਲ ਬੜੀ ਸੋਹਣੀ ਜਾਣਕਾਰੀ ਦੇ ਗਿਆ ਹੈ। ਛਪਾਈ ਤੇ ਦਿੱਖ ਪੱਖੋਂ ਵੀ ਕਿਤਾਬ ਕਾਬਲੇ ਤਾਰੀਫ਼ ਹੈ। ਹਰੇਕ ਖੇਡ ਨਾਲ ਬਣੇ ਚਿੱਤਰਾਂ ਨੇ ਸੋਨੇ 'ਤੇ ਸੁਹਾਗੇ ਵਾਲੀ ਗੱਲ ਕੀਤੀ ਹੈ। ਸੋ, ਆਸ ਹੈ ਕਿ ਆਧੁਨਿਕਤਾ ਦੇ ਦੌਰ ਵਿਚ ਜੀਅ ਰਹੇ ਅੱਜ ਦੇ ਬੱਚੇ ਇਸ ਕਿਤਾਬ ਦਾ ਜ਼ਰੂਰ ਲਾਹਾ ਲੈਣਗੇ।
ਬੱਚਿਆਂ ਲਈ ਮਨੋਰੰਜਕ ਖੇਡਾਂ
ਲੇਖਕ : ਰਣਜੀਤ ਸਿੰਘ ਪ੍ਰੀਤ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਸਫੇ : 20, ਕੀਮਤ : 25 ਰੁਪਏ
ਲੇਖਕ ਰਣਜੀਤ ਸਿੰਘ ਪ੍ਰੀਤ ਦੀ ਇਹ ਪੁਸਤਕ ਵੀ ਬੱਚਿਆਂ ਦੀਆਂ ਉਨ੍ਹਾਂ ਖੇਡਾਂ ਨਾਲ ਸਬੰਧਤ ਹੈ, ਜਿਨ੍ਹਾਂ ਨੂੰ ਅੱਜ ਦੇ ਬੱਚੇ ਵਿਸਾਰ ਚੁੱਕੇ ਹਨ। ਆਕਾਰ ਵਿਚ ਬਹੁਤ ਹੀ ਛੋਟੀ ਪੁਸਤਕ ਵਿਚ 15 ਰਵਾਇਤੀ ਖੇਡਾਂ ਦਾ ਸੰਖੇਪ ਵਿਚ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਕੋਟਲਾ ਛਪਾਕੀ, ਕੂਕਾਂ ਕਾਂਗੜੇ, ਬਾਬੇ ਨਾਨਕ ਦਾ ਘਰ, ਦਿਨ-ਰਾਤ, ਊਚ-ਨੀਚ ਦਾ ਪਾਪੜਾ, ਚੋਰ ਚੌਕੀਦਾਰ ਆਦਿ ਖੇਡਾਂ ਬਾਰੇ ਬਹੁਤ ਚੰਗੀ ਜਾਣਕਾਰੀ ਦਿੱਤੀ ਗਈ ਹੈ। ਚੰਗੀ ਗੱਲ ਹੋਣੀ ਸੀ ਜੇ ਬਾਲਾਂ ਦੀਆਂ ਖੇਡਾਂ ਨਾਲ ਸਬੰਧਤ ਉਪਰੋਕਤ ਇਨ੍ਹਾਂ ਦੋਵਾਂ ਪੁਸਤਕਾਂ ਨੂੰ ਇਕ ਕਰਕੇ ਛਾਪਿਆ ਜਾਂਦਾ। ਇਕੋ ਕਿਤਾਬ ਵਿਚ ਸਾਰਾ ਮੈਟਰ ਸ਼ਾਮਿਲ ਕਰ ਹੋ ਸਕਦਾ ਸੀ। ਇਸ ਤਰ੍ਹਾਂ ਕਰਨ ਨਾਲ ਪਾਠਕਾਂ ਨੂੰ ਇਕੋ ਕਿਤਾਬ ਵਿਚ ਸਾਰੀਆਂ ਖੇਡਾਂ ਬਾਰੇ ਲੋੜੀਂਦੀ ਜਾਣਕਾਰੀ ਹਾਸਲ ਹੋ ਜਾਣੀ ਸੀ। ਵੈਸੇ ਛਪਾਈ ਤੇ ਦਿੱਖ ਪੱਖੋਂ ਪ੍ਰਕਾਸ਼ਕ ਤੇ ਲੇਖਕ ਵਧਾਈ ਦੇ ਪਾਤਰ ਹਨ। ਬਾਕੀ ਚਿੱਤਰ ਛਾਪ ਕੇ ਪੁਸਤਕ ਨੂੰ ਹੋਰ ਵੀ ਖਿੱਚ-ਭਰਪੂਰ ਬਣਾਉਣ ਦਾ ਯਤਨ ਪ੍ਰਸੰਸਾਯੋਗ ਹੈ। ਅੱਜ ਦੇ ਬੱਚਿਆਂ ਲਈ ਅਜਿਹੀਆਂ ਪੁਸਤਕਾਂ ਦੀ ਬਹੁਤ ਜ਼ਰੂਰਤ ਭਾਸਦੀ ਹੈ, ਕਿਉਂਕਿ ਬੱਚੇ ਖੇਡਾਂ ਨੂੰ ਪੂਰੀ ਤਰ੍ਹਾਂ ਭੁਲਾ ਕੇ ਕੰਪਿਊਟਰ ਅਤੇ ਮੋਬਾਈਲ ਦੀ ਦੁਨੀਆ ਵਿਚ ਗ੍ਰਸਤ ਹੋ ਚੁੱਕੇ ਹਨ। ਖੇਡਾਂ ਵਿਚੋਂ ਉਨ੍ਹਾਂ ਦੀ ਰੁਚੀ ਉੱਕਾ ਹੀ ਖਤਮ ਹੋ ਰਹੀ ਹੈ। ਲੇਖਕ ਰਣਜੀਤ ਸਿੰਘ ਪ੍ਰੀਤ ਨੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ।

-ਮਨਦੀਪ ਸਿੰਘ ਚਿੱਟੀ