Tuesday, February 21, 2012

ਮਲਕਾ-ਇ-ਹੁਸਨ –ਨੂਤਨ


                      ਮਲਕਾ-ਇ-ਹੁਸਨ ਨੂਤਨ
                                                             ਰਣਜੀਤ ਸਿੰਘ ਪ੍ਰੀਤ
                 ਗੱਲ 1939 ਦੀ ਇੱਕ ਪਾਰਟੀ ਸਮੇ ਇਓਂ ਵਾਪਰੀ ਕਿ ਇੱਕ ਤਿੱਖੇ-ਨੈਣ ਨਕਸ਼ਾਂ ਵਾਲੀ ਛੋਟੀ ਜਿਹੀ ਲੜਕੀ ਸਟੇਜ ਉੱਤੇ ਕੁੱਝ ਗਾਉਂਣ ਲਈ ਆਈ । ਉਹ ਇੱਧਰ-ਉੱਧਰ ਇਕੱਠ ਵੇਖ ਕੇ ਚੁੱਪ ਰਹੀ । ਉਹਦੇ ਘਬਰਾਹਟ ਨਾਲ ਬੁੱਲ ਸੁੱਕ ਰਹੇ ਸਨ । ਪਰ ਸੰਗਦਿਆਂ ਸੰਗਦਿਆਂ ਉਸ ਤੋਂ ਕੁੱਝ ਵੀ ਗਾ ਨਾ ਹੋਇਆ । ਉਹ ਉਵੇਂ ਹੀ ਅੰਦਰ ਭੱਜ ਗਈ । ਫਿਰ ਨਵੀਂ ਡਰੈੱਸ ਪਾ ਕੇ ਆਈ ਅਤੇ ਡਾਨਸ ਕਰਨ ਲੱਗੀ । ਸਾਰੇ ਹੱਸਣ ਅਤੇ ਤਾੜੀਆਂ ਮਾਰਨ ਲੱਗੇ । ਫ਼ਿਲਮੀ ਜਗਤ ਵਿੱਚ ਮੀਲ ਪੱਥਰ ਕਾਇਮ ਕਰਨ ਵਾਲੀ ਇਹੀ ਲੜਕੀ ਨੂਤਨ ਸੀ । ਜੋ ਪਹਿਲਾਂ ਨੂਤਨ ਸਮਰੱਥ ਅਖਵਾਈ ਅਤੇ ਫਿਰ ਨੂਤਨ ਬਹਿਲ ,ਉਂਜ ਭਾਵੇਂ ਉਸਨੂੰ ਨੂਤਨ ਦੇ ਨਾਅ ਨਾਲ ਹੀ ਪੁਕਾਰਿਆ ਜਾਂਦਾ ਰਿਹਾ ।
                    ਇਸ ਸੁਬਕ-ਸੂਖ਼ਮ ਜਿਹੀ ਅਦਾਕਾਰਾ ਦਾ ਜਨਮ ਕਿਸੇ ਸਮੇ ਸੀਤਾ ਦਾ ਰੋਲ ਕਰਨ ਵਾਲੀ ਸ਼ੌਭਨਾ ਸਮਰੱਥ ਦੀ ਕੁੱਖੋਂ ,ਨਿਰਮਾਤਾ ਨਿਰਦੇਸਲਕ ਕੁਮਾਰ ਸੇਨ ਸਮਰੱਥ ਦੇ ਘਰ 4 ਜੂਨ 1936 ਨੂੰ ਹੋਇਆ । ਵਿਰਸੇ ਵਿੱਚੋਂ ਮਿਲੀ ਅਦਾਕਾਰੀ ਨੇ ਰੰਗ ਵਿਖਾਇਆ ਅਤੇ 1945 ਵਿੱਚ ਨੂਤਨ ਨੇ ਬਾਲ ਕਲਾਕਾਰਾ ਵਜੋਂ ਨਲ-ਦਮਯੰਤੀ ਵਿੱਚ ਪਹਿਲਾ ਰੋਲ ਕੀਤਾ । ਫਿਰ ਸ਼ੋਭਨਾ ਅਤੇ ਕੁਮਾਰ ਸੇਨ ਸਮਰੱਥ ਦੀ ਫਿਲਮ ਹਮਾਰੀ ਬੇਟੀ (1950) ਵਿੱਚ ਕੀਤੀ, ਜਿਸ ਨਾਲ ਉਹਦੀ ਪਛਾਣ ਬਣੀ । ਇਸ ਤੋ ਮਗਰੋਂ ਜ਼ਿਆ ਸਰਹੱਦੀ ਦੀ ਕਹਾਣੀ ਹਮ ਲੋਗ ਵਿੱਚ ਜਦ ਮੁੱਖ ਭੂਮਿਕਾ ਨਿਭਾਈ ਤਾਂ ਉਦੋਂ ਉਹ 15 ਵਰ੍ਹਿਆਂ ਦੀ ਸੀ । ਇਸ ਦੌਰਾਂਨ ਅਜਿਹਾ ਵੀ ਵਾਪਰਿਆ ਕਿ ਨੂਤਨ ਦੇ ਮਾਂ ਪਿਓ ਵਿੱਚ ਅਨਬਣ ਹੋ ਗਈ ਅਤੇ ਕੁਮਾਰ ਸੇਨ ਤਿੰਨ ਧੀਆਂ ਅਤੇ ਇੱਕ ਪੁੱਤਰ ਨੂਤਨ,ਤਨੂਜਾ ਅਤੇ ਚਤੁਰਾ ਨੂੰ ਛੱਡ ਕਿ  ਤੁਰ ਗਏ । ਪਰ ਉਹਨਾਂ ਦੇ ਅੰਤ ਸਮੈ ਉਹਨਾਂ ਦੀ ਵੱਡੀ ਬੇਟੀ ਨੂਤਨ ਹੀ ਉਹਨਾਂ ਦੇ ਕੋਲ ਸੀ ।
              ਨੂਤਨ ਨੇ ਜਿੱਥੇ ਸਵਿੱਸ ਫ਼ਿਨਿਸ਼ਿੰਗ ਸਕੂਲ ਲਾ ਸੈਟੇਲਿਨੀ ਜੁਆਇਨ ਕਰਨ ਕਰਕੇ ,ਰੁਝੇਵਿਆਂ ਸਦਕਾ , ਭਰਪੂਰ ਰੁਝੇਵਿਆਂ ਵਾਲਾ ਫ਼ਿਲਮੀ ਕੈਰੀਅਰ ਹੀ ਛੱਡ ਦਿੱਤਾ ਸੀ । ਉੱਥੇ ਜਦ ਉਹ ਕਿਸ਼ੋਰ ਕੁਮਾਰ ਨਾਲ ਕੀਤੀ ਫ਼ਿਲਮ ਦਿੱਲੀ ਕਾ ਠੱਗ ਵਿੱਚ ਸਵਿੰਮ ਸੂਟ ਪਹਿਨਣ ਵਰਗਾ ਸਮਝੌਤਾ ਕਰਕੇ ਵਾਪਸ ਪਰਤੀ ਤਾਂ ਫ਼ਿਲਮੀ ਦੁਨੀਆਂ ਦੀਆਂ ਚੂਲਾਂ ਹਿਲਾਕੇ ਰੱਖ ਦਿੱਤੀਆਂ । ਇਸ ਅਦਾਕਾਰੀ ਦੇ ਭੂਚਾਲ ਝਟਕੇ ਫ਼ਿਲਮੀ ਨਗਰੀ ਨੂੰ ਕਰੰਟ ਵਾਂਗ ਲਗਦੇ ਰਹੇ ।
        ਜਿਸ ਲੜਕੀ ਨੂਤਨ ਨੂੰ ਉਸਦੀ ਮਾਂ ਮੇਰਾ ਸੰਤ ਕਹਿਕੇ ਬੁਲਾਉਂਦੀ ਸੀ, ਉਹ ਇੱਕ ਜਟਿਲ ਵਿਅਕਤੀਤਵ ਵਾਲੇ ਲੜਕੇ ਦੇ ਰੂਪ ਵਿੱਚ ਜੁਆਂਨ ਹੋਈ ਸੀ । ਜਿਸ ਦੇ ਹਾਵ-ਭਾਵ ਅਤੇ ਚਿਹਰੇ ਨੂੰ ਇੱਕ ਪੇਟਿੰਗ ਵਜੋਂ ਲਿਆ ਜਾਂਦਾ ਸੀ । ਇਸ ਵੱਲ ਰਿਸ਼ਤੇਦਾਰ ਵੀ ਬਹੁਤੀ ਤਵੱਜੋ ਨਹੀਂ ਸਨ ਦਿੰਦੇ । ਪਰ 1949 ਵਿੱਚ ਚੰਦੂ ਲਾਲ ਸ਼ਾਹ ਅਤੇ ਕੇ ਆਸਿਫ਼ ਨੇ ਜਦ ਉਸਨੂੰ ਰਾਜ ਕਪੂਰ ਅਤੇ ਦਲੀਪ ਕੁਮਾਰ ਨਾਲ ਮੁੱਖ ਅਦਾਕਾਰਾ ਵਜੌਂ ਲੈਣ ਦਾ ਐਲਾਨ ਕੀਤਾ,ਤਾਂ ਨੂਤਨ ਸਾਰੇ ਰਿਸ਼ਤੇਦਾਰਾਂ ਅਤੇ ਹੋਰਨਾਂ ਨੂੰ ਪਿਆਰੀ ਲੱਗਣ ਲੱਗੀ । ਪਰ ਬਦ- ਕਿਸਮਤੀ ਇਹ ਰਹੀ ਕਿ ਇਹ ਫ਼ਿਲਮ ਬਣ ਹੀ ਨਾ ਸਕੀ । ਸਨ 1950 ਵਿੱਚ ਜਦ ਉਹ ਮਿਸ ਇੰਡੀਆ ਬਣੀ ਤਾਂ ਉਸਦੀ ਖ਼ੂਬ ਚਰਚਾ ਹੋਈ ।
              ਨੂਤਨ ਨੇ ਫ਼ਿਲਮੀ ਕੈਰੀਅਰ ਦੌਰਾਂਨ ਕਰੀਬ 75 ਫ਼ਿਲਮਾਂ ਕੀਤੀਆਂ ,ਅਤੇ ਉਸ ਨੇ ਆਪਣੀ ਕਲਾ ਦੇ ਸਹਾਰੇ 40 ਸਾਲ ਫ਼ਿਲਮੀ ਜਗਤ ਨੂੰ ਆਪਣੇ ਨਾਲ ਜੋੜੀ ਰੱਖਿਆ । ਚਟਪਟੀ,ਅਤੇ ਗੰਭੀਰ ਅਦਾਕਾਰੀ ਨਾਲ ਦਰਸ਼ਕਾਂ ਦੀ ਚਹੇਤੀ ਬਣਨ ਵਾਲੀ ਨੂਤਨ ਦੀਆਂ ਹਰ ਸਾਲ ਕਰੀਬ ਤਿੰਨ-ਚਾਰ ਫ਼ਿਲਮਾਂ ਰਿਲੀਜ਼ ਹੁੰਦੀਆਂ ਰਹੀਆਂ । ਉਸ ਨੇ ਸ਼ਮੀ ਕਪੂਰ ਨਾਲ ਲੈਲਾ ਮਜਨੂੰ ,ਪਰਦੀਪ ਨਾਲ ਰਾਂਝਾ, ਦੇਵਾ ਆਨੰਦ ਨਾਲ ਪੇਇੰਗ ਗੈਸਟ ਅਤੇ ਤੇਰੇ ਘਰ ਕੇ ਸਾਹਮਣੇ ਵਰਗੀਆਂ ਫ਼ਿਲਮਾਂ ਵਿੱਚ ਵੱਖ਼ਰੀ ਕਿਸਮ ਦੇ ਰੋਲ ਕੀਤੇ । ਸੁਨੀਲ ਦੱਤ ਨਾਲ ਉਸ ਨੇ ਸਭ ਤੋਂ ਵੱਧ ਫ਼ਿਲਮਾਂ ਕੀਤੀਆਂ ,ਮਿਲਨ ਫ਼ਿਲਮ ਦਰਸ਼ਕਾਂ ਨੂੰ ਅੱਜ ਵੀ ਚੇਤੇ ਆਉਂਦੀ ਹੈ । ਨੂਤਨ ਨੇਅਨਾੜੀ”“:ਛਲੀਆ,ਕਨ੍ਹਈਆ,ਦਿਲ ਹੀ ਤੋ ਹੈ,ਵਰਗੀਆਂ ਰੁਮਾਂਟਿਕ ਫ਼ਿਲਮਾਂ ਰਾਜ ਕਪੂਰ ਨਾਲ ਕੀਤੀਆਂ । ਅਮਿਤਾਬ ਬੱਚਨ ਨਾਲ ਫ਼ਿਲਮ ਸੁਦਾਗਰ-1974ਕੀਤੀ ।
                     ਦਲੀਪ ਕੁਮਾਰ ਨਾਲ ਉਹ ਜੋਬਨ ਰੁੱਤੇ ਚਾਹ ਕਿ ਵੀ ਕੋਈ ਫ਼ਿਲਮ ਨਾ ਕਰ ਸਕੀ । ਪਰ ਉਹਦੀ ਖਵਾਇਸ਼ ਰਤਾ ਕੁ ਵਡੇਰੀ ਉਮਰੇ ਪੂਰੀ ਹੋਈ । ਜਦ ਉਸ ਨੇ ਸੁਭਾਸ਼ ਘਈ ਦੀ ਫ਼ਿਲਮ ਕਰਮਾਂ-1986 ਵਿੱਚ ਕੀਤੀ । ਮੁੰਬਈ ਬੰਦਰਗਾਹ ਉੱਤੇ ਫ਼ਿਲਮ ਛਬੀਲੀ ਦੀ ਸ਼ੂਟਿੰਗ ਸਮੇ ਨੂਤਨ ਦੇ ਸਬੰਧ ਜਲਸੈਨਾਂ ਦੇ ਲੈਫਟੀਨੈਂਟ ਰਜਨੀਸ਼ ਬਹਿਲ ਨਾਲ ਬਣੇ,ਜੋ 11 ਅਕਤੂਬਰ 1959 ਨੂੰ ਵਿਆਹ ਵਿੱਚ ਬਦਲ ਗਏ ਅਤੇ ਇਹਨਾਂ ਦੇ ਘਰ 1963 ਨੂੰ ਬੇਟੇ ਮੋਹਨੀਸ਼ ਬਹਿਲ ਦਾ ਜਨਮ ਹੋਇਆ । ਰਜਨੀਸ਼ ਬਹਿਲ ਨੇ ਹੀ ਸੂਰਤ ਔਰ ਸੀਰਤ ਨਿਰਦੇਸ਼ਤ ਕੀਤੀ । ਜਿਸ ਨੂੰ ਕੌਮਾਂਤਰੀ ਐਵਾਰੲਡ ਵੀ ਮਿਲਿਆ ਅਤੇ ਫ਼ਿਲਮ ਕਸਤੂਰੀ ਨੂੰ ਕੌਮੀ ਐਵਾਰਡ । ਦਿੱਖ ਦੀ ਪ੍ਰਵਾਹ ਨਾ ਕਰਨ ਵਾਲੀ ਅਤੇ ਲੋਕੇਸ਼ਨ ਜਾਂ ਫ਼ਿਲਮ ਮੁਤਾਬਕ ਸੀਨ ਵਿੱਚ ਜਾਨ ਪਾਉਣ ਵਾਲੀ ਗੱਲ ਦੇ ਸਿਰ ਪਲੋਸਣ ਵਾਲੀ ਨੂਤਨ ਨੇ ਜਦ ਲਤਾ ਮੰਗੇਸ਼ਕਰ ਦੇ ਇੱਕ ਭਜਨਮਨਮੋਹਨਾ ਬੜੇ ਝੂਠੇ ਉੱਤੇ ਅਦਾਕਾਰੀ ਕੀਤੀ ,ਤਾਂ ਇਹ ਵੇਖ ਕੇ ਲਤਾ ਜੀ ਨੇ ਕਿਹਾ ਇਹ ਸਿਰਫ਼ ਨੂਤਨ ਹੀ ਕਰ ਸਕਦੀ ਸੀ । ਨੂਤਨ ਨੂੰ ਫ਼ਿਲਮ ਸੀਮਾਂ-1956, ਸੁਜਾਤਾ-1959,ਬੰਦਿਨੀ-1963,ਮਿਲਨ-1967,ਮੈ ਤੁਲਸੀ ਤੇਰੇ ਆਂਗਨ ਕੀ-1978 ਵਿਚਲੇ ਰੋਲ ਸਦਕਾ ਫ਼ਿਲਮ ਫ਼ੇਅਰ ਐਵਾਰਡ ਮਿਲੇ । ਮੇਰੀ ਜੰਗ-1985 ਲਈ ਬੈਸਟ ਸਪੋਰਟਿੰਗ ਫ਼ਿਲਮ ਫ਼ੇਅਰ ਐਕਟਰੈੱਸ ਐਵਾਰਡ ਵੀ ਉਹਦੀ ਝੋਲੀ ਪਿਆ । ਛਲੀਆ-1960,ਸੁਦਾਗਰ-1973,ਅਨੁਰਾਗ-1973, ਲਈ ਉਹਦੀ ਨੌਮੀਨੇਸ਼ਨ ਵੀ ਹੋਈ । ਬੀ ਐਫ਼ ਜੇ ਏ ਬੈਸਟ ਐਕਟਰੈੱਸ ਐਵਾਰਡ ਬੰਦਿਨੀ-1963,ਮਿਲਨ-1973,ਅਤੇ ਸੁਦਾਗਰ-1973 ਲਈ ਵੀ ਨੂਤਨ ਦੇ ਹੀ ਹਿੱਸੇ ਰਹੇ । ਭਾਰਤ ਸਰਕਾਰ ਨੇ ਪਦਮ ਸ਼੍ਰੀ ਐਵਾਰਡ 1974 ਵਿੱਚ ਦਿੱਤਾ ।
          ਨੂਤਨ ਨੇ 1990-91 ਵਿੱਚ ਦੂਰਦਰਸ਼ਨ ਦੇ ਸੀਰੀਅਲ ਮੁਜਰਿਮ ਹਾਜ਼ਰ ਹੋ ਵਿੱਚ ਕਾਲੀਗੰਜ ਦੀ ਪਤਨੀ ਵਜੋਂ ਯਾਦਗਾਰੀ ਨਾਚ ਪੇਸ਼ ਵੀ ਪੇਸ਼ ਕੀਤਾ । ਉਹਦੇ ਜਿਉਂਦੇ ਜੀਅ ਉਹਦੀ ਆਖ਼ਰੀ ਫ਼ਿਲਮ ਕਾਨੂਂਨ ਆਪਨਾ ਆਪਨਾ-1989 ਵੱਚ ਰਿਲੀਜ਼ ਹੋਈ । ਫ਼ੇਫ਼ੜੇ ਦੇ ਕੈਂਸਰ ਨਾਲ ਪੀੜਤ ਨੂਤਨ ਨੂੰ  ਇਲਾਜ ਵੀ ਹੋਰ ਜ਼ਿੰਦਗੀ ਨਾ ਦੇ ਸਕਿਆ ਅਤੇ ਮਰਾਠੀ ਪਰਿਵਾਰ ਦੀ ਇਹ ਬੇਟੀ 21 ਫਰਵਰੀ 1991 ਨੂੰ 54 ਸਾਲ ਦੀ ਉਮਰ ਵਿੱਚ ਹੀ ਇਸ ਦੁਨੀਆਂ ਤੋਂ ਸਦਾ ਸਦਾ ਲਈ ਕੂਚ ਕਰ ਗਈ । ਉਸਦੇ ਸਦਾ ਲਈ ਰੁਖ਼ਸਤ ਹੋਣ ਮਗਰੋਂ ਉਸਦੀਆਂ ਦੋ ਫ਼ਿਲਮਾਂ ਨਸੀਬਵਾਲਾ-1992 ,ਅਤੇ ਇਨਸਾਨੀਅਤ-1994 ਵਿੱਚ ਦਰਸਕਾਂ ਨੇ ਨਮ ਅੱਖਾਂ ਨਾਲ ,ਉਸ ਨੂੰ ਯਾਦ ਕਰਦਿਆਂ ਵੇਖੀਆਂ ।               

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232
             www.ranjitsinghpreet.com
             www.rpreet.blogspot.com
             www.rspreet.blogspot.com

No comments:

Post a Comment