Wednesday, May 30, 2012

ਮਲੇਸ਼ੀਆ ਨੇ ਪਾਕਿਸਤਾਨ ਦੇ ਮਨਸੂਬਿਆਂ “ਤੇ ਫ਼ੇਰਿਆ ਪਾਣੀ


ਮਲੇਸ਼ੀਆ ਨੇ ਪਾਕਿਸਤਾਨ ਦੇ ਮਨਸੂਬਿਆਂ “ਤੇ ਫ਼ੇਰਿਆ ਪਾਣੀ

                                ਭਾਰਤ ਨੇ ਦੂਜੀ ਵਾਰੀ ਲਿਆ ਤੀਜਾ ਸਥਾਨ ,

                                                   ਰਣਜੀਤ ਸਿੰਘ ਪ੍ਰੀਤ

                      ਦੂਜੀ ਵਾਰੀ ਫਾਈਨਲ ਵਿੱਚ ਪਹੁੰਚੇ ਮਲੇਸ਼ੀਆ ਨੇ ਪਾਕਿਸਤਾਨ ਨੂੰ 2-1 ਨਾਲ ਹਰਾਕੇ ਪਹੁਲੀ ਵਾਰੀ ਜੂਨੀਅਰ ਏਸ਼ੀਆ ਕੱਪ ਹਾਕੀ ਮੁਕਾਬਲਾ ਜਿੱਤਣ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ। ਅੱਧੇ ਸਮੇਂ ਤੱਕ ਮਲੇਸ਼ੀਆ ਟੀਮ 2-0 ਨਾਲ ਅੱਗੇ ਸੀ। ਪਹਿਲਾ ਗੋਲ ਮਲੇਸ਼ੀਆ ਦੇ ਫ਼ੈਜ਼ਲ ਸਾਰੀ ਨੇ ਮੈਚ ਦੇ ਦੂਜੇ ਹੀ ਮਿੰਟ ਵਿੱਚ ਕਰਿਆ। ਦੂਜਾ ਗੋਲ ਸ਼ਮੀਮ ਮੁਹੰਮਦ ਨੇ 17ਵੇਂ ਮਿੰਟ ਵਿੱਚ ਕੀਤਾ। ਪਾਕਿਸਤਾਨ ਵੱਲੋਂ ਇੱਕੋ ਇੱਕ ਗੋਲ ਮੁਹੰਮਦ ਇਰਫਾਨ ਨੇ 42ਵੇਂ  ਮਿੰਟ ਵਿੱਚ ਕੀਤਾ। ਇਸ ਤਰ੍ਹਾਂ ਜੋ ਕਿਆਸਅਰਾਈਆਂ ਸਨ ਉਹ ਸਹੀ ਸਿੱਧ ਹੋਈਆਂ। ।ਮਲੇਸ਼ੀਆ ਟੀਮ ਕੋਈ ਵੀ ਮੈਚ ਨਹੀਂ ਹਾਰੀ ਅਤੇ ਉਸ ਸਿਰ ਸਿਰਫ਼ ਇੱਕ ਗੋਲ ਹੀ ਹੋਇਆ।


        ਤੀਜੇ ਸਥਾਨ ਲਈ ਭਾਰਤ ਅਤੇ ਦੱਖਣੀ ਕੋਰੀਆ ਦੇ ਮੈਚ ਵਿੱਚ ਦੋਨੌ ਟੀਮਾਂ ਬਹੁਤ ਸੰਭਲ ਕੇ ਖੇਡੀਆਂ। ਪਰ ਮੈਚ ਦੇ 47 ਵੇਂ ਮਿੰਟ ਵਿੱਚ ਕੋਰੀਆ ਦੇ ਸੀਯੁਨਗਜੀ ਨੇ ਪਨੈਲਟੀ ਕਾਰਨਰ ਤੋਂ ਗੋਲ ਕਰਦਿਆਂ ਟੀਮ ਨੂੰ ਲੀਡ ਦਿਵਾ ਦਿੱਤੀ। ਜਵਾਬ ਵਜੋਂ ਭਾਰਤ ਦੇ ਲੋਕੇਸ਼ ਥਿਮੰਨਾ ਨੇ 54 ਵੈਂ ਮਿੰਟ ਵਿੱਚ ਬਰਾਬਰੀ ਵਾਲਾ ਗੋਲ ਕਰ ਦਿੱਤਾ। ਆਖਰੀ ਸਮੇਂ ਤੱਕ ਇਹੀ ਸਕੋਰ ਰਿਹਾ।  ਵਾਧੂ ਸਮੇਂ ਦੇ ਦੂਜੇ ਭਾਗ ਵਿੱਚ ਅਕਾਸ਼ਦੀਪ ਨੇ ਗੋਲਡਨ ਗੋਲ ਕਰਕੇ ਟੀਮ ਨੂੰ 2-1 ਨਾਲ ਜੇਤੂ ਬਣਾ ਲਿਆ। ਇਸ ਤੋਂ ਪਹਿਲਾਂ ਤਾਂਬੇ ਦੇ ਤਮਗੇ ਲਈ ਦੋਨੋਂ ਮੁਲਕ ਇਪੋਹ ਵਿੱਚ 1992 ਨੂੰ ਖੇਡੇ ਸਨ। ਕੋਰੀਆ ਨੇ ਭਾਰਤ ਨੂੰ ਹਰਾਕੇ ਤੀਜਾ ਸਥਾਨ ਹਾਸਲ ਕੀਤਾ ਸੀ। ਕਰਾਚੀ ਵਿੱਚ 1987 ਨੂੰ ਤੀਜੇ ਸਥਾਨ ਲਈ ਭਾਰਤ ਨੇ ਮਲੇਸ਼ੀਆ ਨੂੰ ਹਰਾਇਆ ਸੀ।। ਭਾਰਤ ਨੇ ਤਾਂਬੇ ਦੇ ਤਮਗੇ ਲਈ 3 ਮੈਚ ਖੇਡੇ ਹਨ ,ਜਿੰਨਾ ਵਿੱਚੋਂ ਦੋ ਜਿੱਤੇ ਹਨ।।

                    1992 ਅਤੇ 2000 ਵਿੱਚ ਸਫ਼ਲਤਾ ਨਾਲ ਮੇਜ਼ਬਾਨੀ ਕਰਨ ਵਾਲੇ ਮਲੇਸ਼ੀਆ ਨੇ ਹੁਣ ਤੀਜੀ ਵਾਰੀ ਜੂਨੀਅਰ ਕੱਪ ਹਾਕੀ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਹੈ। ਮਲੇਸ਼ੀਆ ਨੇ ਫਾਈਨਲ ਵਿੱਚ ਦੂਜੀ ਵਾਰੀ ਸਥਾਨ ਬਣਾਇਆ ਹੈ।। ਪਰ ਉਸਦੀ ਵਿਸ਼ੇਸ਼ ਪ੍ਰਾਪਤੀ ਇਹ ਰਹੀ ਹੈ ਕਿ ਉਸ ਨੇ ਇਸ ਵਾਰੀ ਕੋੱਈ ਵੀ ਮੈਚ ਨਹੀਂ ਹਾਰਿਆ ਹੈ। ਪਾਕਿਸਤਾਨ ਅਤੇ ਮਲੇਸ਼ੀਆ ਲਈ ਫਾਈਨਲ ਦੀ ਬਰਾਬਰ ਮਹੱਤਤਾ ਸੀ। ਕਿਓਂਕਿ ਪਾਕਿਸਤਾਨ ਪਿਛਲੇ ਕਈ ਸਾਲਾਂ ਤੋਂ ਕਿਸੇ ਏਸ਼ੀਆਈ ਮੁਕਾਬਲੇ ਦੀ ਜਿੱਤ ਲਈ ਤਾਕ ਵਿੱਚ ਸੀ। ਦੂਜੇ ਬੰਨੇ ਮਲੇਸੀਆ ਵੱਲੋਂ ਫਾਈਨਲ ਜਿੱਤਣ ਲਈ ਬਹੁਤ ਸਾਲਾਂ ਤੋਂ ਔੜ ਲੱਗੀ ਹੋਈ ਸੀ। ਭਾਰਤ ਲਈ ਇਸ ਵਾਰੀ ਇਹ ਵਿਸ਼ੇਸ਼ ਮੌਕਾ ਸੀ ਕਿ ਉਹ ਜਿੱਤਾਂ ਦੀ ਹੈਟ੍ਰਿਕ ਬਣਾ ਲੈਂਦਾ। ਕਿਓਂਕਿ 2004 ਨੂੰ ਕਰਾਚੀ ਵਿੱਚ ਪਾਕਿਸਤਾਨ ਨੂੰ ਉਹ 5-2 ਨਾਲ ਅਤੇ 2008 ਵਿੱਚ ਹੈਦਰਾਬਾਦ ਵਿਖੇ ਦੱਖਣੀ ਕੋਰੀਆ ਨੂੰ 3-2 ਨਾਲ ਹਰਾਕੇ ਦੋ ਫਾਈਨਲ ਜਿੱਤ ਚੁੱਕਿਆ ਸੀ । ਮਲੇਸ਼ੀਆ ਨੇ ਇਸ ਵਾਰੀ ਫਾਈਨਲ ਪ੍ਰਵੇਸ਼ ਪਾ ਕੇ ਆਪਣੀ ਹਾਕੀ ਕਲਾ ਦਾ ਵਧੀਆ ਪ੍ਰਦਰਸ਼ਨ ਕੀਤਾ ਹੈ। ਜਦ ਪਾਕਿਸਤਾਨ ਨੇ ਮਲੇਸ਼ੀਆ ਦੀ ਪੂਲ ਮੈਚਾਂ ਵਿੱਚ ਖੇਡ ਵੇਖੀ ਤਾਂ ਉਸ ਨੂੰ ਇਹ ਚਿੰਤਾ ਹੋਣ ਲੱਗੀ ਕਿ ਕਿਤੇ ਉਸਦਾ ਸੈਮੀਫਾਈਨਲ ਇਸ ਟੀਮ ਨਾਲ ਪੈ ਜਾਵੇ। ਸਿੱਟੇ ਵਜੋਂ ਉਸ ਨੇ ਇਸ ਤੋਂ ਬਚਣ ਲਈ ਰਣਨੀਤੀ ਤਿਆਰ ਕਰ ਲਈ ਜਿਸ ਤਹਿਤ ਆਖ਼ਰੀ ਰਹਿੰਦੇ ਮੈਚ ਵਿੱਚ ਸ੍ਰੀ ਲੰਕਾ ਨੂੰ ਘੱਟੋ ਘੱਟ 12-0 ਨਾਲ ਹਰਾਉਣਾ ਜ਼ਰੂਰੀ ਸੀ। ਪਰ ਪਾਕਿਸਤਾਨ ਨੇ ਉਸ ਨੂੰ 14-0 ਨਾਲ ਹਰਾ ਦਿੱਤਾ। ।ਇਸ ਤੋਂ ਪਹਿਲਾਂ ਭਾਰਤ ਨੇ ਚੀਨ ਨਾਲ ਮੈਚ ਖੇਡਿਆ। ਉਸ ਵਿੱਚ ਭਾਰਤ ਦੀ ਮੱਠੀ ਖੇਡ ਸਦਕਾ ਭਾਰਤੀ ਟੀਮ ਬਹੁਤੇ ਗੋਲ ਕਰਕੇ ਪਾਕਿਸਤਾਨ ਨੂੰ ਸਖ਼ਤ ਚੁਣੌਤੀ ਨਾ ਦੇ ਸਕੀ। ਅਗਰ ਭਾਰਤੀ ਟੀਮ ਅਜਿਹਾ ਸੋਚ ਕਿ ਚਲਦੀ ਕਿ ਪਾਕਿਸਤਾਨ ਦਾ ਸ੍ਰੀਲੰਕਾ ਨਾਲ ਸੌਖਾ ਮੈਚ ਹੈ ਅਤੇ ਉਹ ਵੱਧ ਗੋਲ ਕਰਨ ਦਾ ਯਤਨ ਕਰੇਗਾ ਤਾਂ ਭਾਰਤ ਨੂੰ ਵੀ ਇਸ ਸੋਚ ਤਹਿਤ ਚੀਨ ਸਿਰ ਵੱਧ ਗੋਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਇਸ ਤੋਂ ਇਲਾਵਾ ਸੈਮੀਫਾਈਨਲ ਮੈਚ ਵਿੱਚੋਂ ਕੁੱਝ ਖਿਡਾਰੀਆਂ ਨੂੰ ਬਾਹਰ ਰੱਖਣਾ ਵੀ ਸ਼ਾਇਦ ਭਾਰਤ ਨੂੰ ਮਹਿੰਗਾ ਪਿਆ ਹੈ। ਸ਼ਾਇਦ ਅਜਿਹਾ ਸੋਚਿਆ ਗਿਆ ਹੋਵੇ ਕਿ ਫਾਈਨਲ ਵਿੱਚ ਇਹਨਾਂ ਖਿਡਾਰੀਆਂ ਨੂੰ ਪਾਕਿਸਤਾਨ ਵਿਰੁੱਧ ਖਿਡਾਵਾਂਗੇ। ਮਲੇਸ਼ੀਆ ਟੀਮ ਦੀ ਖੇਡ ਦੇ ਮੁਕਾਬਲੇ ਉਸ ਟੀਮ ਦਾ ਇਤਿਹਾਸ ਵੇਖਿਆ ਗਿਆ ਪ੍ਰਤੀਤ ਹੁੰਦਾ ਹੈ। ਇੱਕ ਗੱਲ ਹਾਕੀ ਮਾਹਿਰ ਇਹ ਵੀ ਮੰਨਦੇ ਹਨ ਕਿ ਵਿਸ਼ਵ ਸੀਰੀਜ਼ ਹਾਕੀ ਵਿੱਚ ਸਭ ਤੋਂ ਵੱਧ 19 ਗੋਲ ਕਰਨ ਵਾਲੇ ਗੁਰਜਿੰਦਰ ਨੂੰ ਟੀਮ ਵਿੱਚ ਹੀ ਸ਼ਾਮਲ ਨਹੀਂ ਸੀ ਕੀਤਾ ਗਿਆ।                
  ਮਲੇਸ਼ੀਆ ਅਤੇ ਪਾਕਿਸਤਾਨ ਨੇ ਇਸ ਤੋਂ ਪਹਿਲਾਂ ਜੂਨੀਅਰ ਏਸ਼ੀਆਈ ਕੱਪ ਹਾਕੀ ਦੇ ਇਤਿਹਾਸ ਵਿੱਚ 1992 ਨੂੰ ਇਪੋਹ ਵਿੱਚ ਹੀ ਫਾਈਨਲ ਖੇਡਿਆ ਸੀ। ਜੋ ਪਾਕਿਸਤਾਨ ਦੇ ਹਿੱਸੇ ਰਿਹਾ ਸੀ। ਹੁਣ ਤੱਕ ਖੇਡੇ ਗਏ 7 ਮੁਕਾਬਲਿਆਂ ਵਿੱਚ 15  ਮੁਲਕਾਂ ਨੇ ਹੀ ਸ਼ਿਰਕਤ ਕੀਤੀ ਹੈ ।। ਭਾਰਤ ਪਾਕਿਸਤਾਨ ,ਮਲੇਸ਼ੀਆ ,ਕੋਰੀਆ ਵਰਗੇ ਮੁਲਕਾਂ ਨੇ ਸਾਰੇ ਮੁਕਾਬਲੇ ਖੇਡੇ ਹਨ। ਸਿਰਫ ਚਾਰ ਮੁਲਕ ਹੀ ਅਜਿਹੇ ਹਨ ਜਿੰਨਾ ਨੇ ਸਫਾਈਨਲ ਖੇਡੇ ਹਨ।। ਭਾਰਤ,ਪਾਕਿਸਤਾਨ,ਮਲੇਸ਼ੀਆ,ਅਤੇ ਕੋਰੀਆ ।। ਸਭ ਤੋਂ ਵੱਧ 3 ਵਾਰੀ ਪਾਕਿਸਤਾਨ ਜੇਤੂ ਰਿਹਾ ਹੈ ।। ਇੱਕ ਵਾਰ ਕੋਰੀਆ, ਦੋ ਵਾਰ ਭਾਰਤ। ਦੋਹਾਂ ਗਰੁਪਾਂ ਵਿੱਚ ਕੁੱਲ 73 ਗੋਲ ,12 ਮੈਚਾਂ ਵਿੱਚ ਹੋਏ ਹਨ। ਸ੍ਰੀਲੰਕਾ ਅਤੇ ਇਰਾਨ ਨੇ ਕੋਈ ਗਰੁੱਪ ਮੈਚ ਨਹੀਂ ਜਿੱਤਿਆ। ਸਭ ਤੋਂ ਵੱਧ 30 ਗੋਲ ਸ੍ਰੀਲੰਕਾ ਸਿਰ ਹੋਏ ,ਅਤੇ ਸਭ ਤੋਂ ਵੱਧ 17 ਗੋਲ ਪਾਕਿਸਤਾਨ ਨੇ ਕੀਤੇ ।। ਕੋਈ ਵੀ ਟੀਮ ਅਜਿਹੀ ਨਹੀਂ ਰਹੀ ਜਿਸ ਸਿਰ ਗੋਲ ਨਾ ਹੋਇਆ ਹੋਵੇ। ਤੀਜਾ ਸਥਾਨ ਭਾਰਤ ਨੇ 2-1 ਨਾਲ ਦੱਖਣੀ ਕੋਰੀਆ ਨੂੰ ਹਰਾਕੇ ਹਾਸਲ ਕੀਤਾ। ਪੰਜਵੇਂ ਤੋਂ 8 ਵੇਂ ਸਥਾਨ ਵਾਲੇ ਮੈਚਾਂ ਵਿੱਚ ਜਪਾਨ ਨੇ ਚੀਨ ਨੂੰ 3-1 ਨਾਲ ਹਰਾਕੇ 5ਵਾਂ ਸਥਾਨ ਲਿਆ। ਇਰਾਨ ਨੇ ਸ੍ਰੀਲੰਕਾ ਨੂੰ 2-1 ਨਾਲ ਮਾਤ ਦੇ ਕੇ 7 ਵੀਂ ਪੁਜ਼ੀਸ਼ਨ ਹਾਸਲ ਕੀਤੀ ।। ਅਖ਼ੀਰਲਾ ਸਥਾਨ ਸ੍ਰੀਲੰਕਾ ਦੀ ਝੋਲੀ ਪਿਆ। ।

Friday, April 13, 2012

ਮੈਂ ਸਦਕੇ ਜਾਵਾਂ ਤੇਰੇ ਚੋਜ਼ ਨਿਆਰੇ ਨੇ


   ਤੈਨੂੰ ਪੁੱਤਰਾਂ ਨਾਲੋਂ ਵਧ ਕਿ ਸਿੰਘ ਪਿਆਰੇ ਨੇ
      ਮੈਂ ਸਦਕੇ ਜਾਵਾਂ ਤੇਰੇ ਚੋਜ਼ ਨਿਆਰੇ ਨੇ    
                                                  ਰਣਜੀਤ ਸਿੰਘ ਪ੍ਰੀਤ
                               ਜਦੋਂ ਅਪੀਲ ਦਲੀਲ ਵਕੀਲ ਦੀ ਗੱਲ ਨੇ ਬੁਰਕਾ ਪਹਿਨ ਲਿਆ,ਨਿਆਂ ਦੇ ਸਾਰੇ ਰਸਤੇ ਅਨਿਆਇ ਦੇ ਕੰਡਿਆਂ ਨਾਲ ਭਰ ਗਏ । ਤਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਰਾਇ ਜੀ ਨੇ ਇਸ ਦੇ ਸਖ਼ਤ ਵਿਰੋਧ ਦਾ ਰਸਤਾ ਅਖ਼ਤਿਆਰ ਕਰ ਲਿਆ । ਪਰ ਜੋ ਸ਼ਕਤੀ ਉਹਨਾਂ ਨੇ ਮੁਗ਼ਲ ਹਕੂਮਤ ਦੇ ਜ਼ਾਲਮ ਸ਼ਾਸ਼ਕਾਂ ਵਿਰੁੱਧ ਵਰਤਣੀ ਸੀ । ਉਹ ਸ਼ਕਤੀ ਉਹਨਾਂ ਨੂੰ ਪਹਾੜੀ ਰਾਜਿਆਂ ਖ਼ਿਲਾਫ਼ ਵੀ ਵਰਤਣੀ ਪਈ । ਜਿਸ ਦੀ ਉਹਨਾਂ ਨੂੰ ਉਮੀਦ ਨਹੀਂ ਸੀ । ਕਿਓਂਕਿ ਇਹਨਾਂ ਰਾਜਿਆਂ ਤੇ ਵੀ ਜ਼ਾਲਮ ਲੋਕਾਂ ਨੇ ਬਹੁਤ ਜ਼ੁਲਮ ਕੀਤੇ ਸਨ । ਸਾਰੇ ਹਾਲਾਤਾਂ ਦਾ ਜ਼ਾਇਜ਼ਾ ਲੈਂਦਿਆਂ ਗੁਰੂ ਸਾਹਿਬ ਨੇ ਸੇਵਕਾਂ ਨੂੰ ਜੰਗੀ ਲੋੜਾਂ ਵਾਲਾ ਸਾਮਾਨ ਹੀ ਭੇਂਟਾ ਵਜੋਂ ਲਿਆਉਂਣ ਲਈ ਕਿਹਾ । ਰਣਜੀਤ ਨਗਾਰਾ ਬਣਵਾਇਆ । ਸ਼ਿਕਾਰ ਖੇਡਣ ਲੱਗੇ ਅਤੇ ਸ਼ਿਕਾਰੀ ਪੰਛੀ ਬਾਜ਼ ਰੱਖਣਾ ਸ਼ੁਰੂ ਕੀਤਾ । ਕਿਲ੍ਹਾ ਪਾਉਂਟਾ ਸਾਹਿਬ ਦੀ ਨੀਂਹ ਰੱਖੀ ।
                 ਸ਼੍ਰੀ ਆਨੰਦਪੁਰ ਸਾਹਿਬ ਵਿਖੇ  ਕੇਸਗੜ੍ਹ ਕਿਲ੍ਹੇ ਦੇ ਸਥਾਨ ਤੇ ਆਪਣੀ ਸੋਚ ਨੂੰ ਪ੍ਰਪੱਕਤਾ ਪਰਦਾਨ ਕਰਨ ਲਈ  30 ਮਾਰਚ 1699 ਨੂੰ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਨੰਗੀ ਤਲਵਾਰ ਲਹਿਰਾਉਂਦਿਆਂ ਇੱਕ ਸੀਸ ਦੀ ਮੰਗ ਰੱਖੀ । ਅਜੇ ਸਾਰੇ ਹੈਰਾਂਨ ਹੋ ਹੀ ਰਹੇ ਸਨ ਕਿ ਦਇਆ ਰਾਮ ਹੱਥ ਬੰਨ੍ਹ ਖੜੋਤਾ । ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ । ਕੁੱਝ ਦੇਰ ਬਾਅਦ ਫਿਰ ਬਾਹਰ ਆਏ ,ਲਹੂ ਭਿੱਜੀ ਤਲਵਾਰ ਨਾਲ ਇੱਕ ਸਿਰ ਦੀ ਹੋਰ ਮੰਗ ਕੀਤੀ । ਤਾਂ ਧਰਮ ਦਾਸ ਉਠਿਆ । ਤੀਜੀ ਵਾਰ ਇੱਕ ਹੋਰ ਸੀਸ ਦੀ ਮੰਗ ਸਮੇ ਲਹੂ ਨੁਚੜਦੀ ਤਲਵਾਰ ਵੇਖ ਸੇਵਕਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ । ਪਰ ਏਸੇ ਦੌਰਾਂਨ ਹਿੰਮਤ ਰਾਇ ਗੁਰੂ ਜੀ ਕੋਲ ਜਾ ਪਹੁੰਚੇ । ਚੌਥੀ ਵਾਰੀ ਫਿਰ ਸੀਸ ਦੀ ਮੰਗ ਕੀਤੀ ਇਹ ਵੇਖ ਕਮਜ਼ੋਰ ਦਿਲ-ਡਰਪੋਕ ਖਿਸਕਣ ਲੱਗੇ । ਇਸ ਮੌਕੇ ਮੋਹਕਮ ਚੰਦ ਜੀ ਸੀਸ ਦੇਣ ਲਈ ਅੱਗੇ ਵਧੇ । ਪੰਜਵੇਂ ਸੀਸ ਦੀ ਮੰਗ ਸਮੇ ਸਾਹਿਬ ਚੰਦ ਜੀ ਨਿੱਤਰੇ ।
                ਇਸ ਪਿੱਛੋਂ ਗੁਰੂ ਗੋਬਿੰਦ ਰਾਇ ਜੀ ਨੇ ਨਵੇਂ ਨਿਖਰੇ ਰੂਪ ਵਿੱਚ ਉਹਨਾਂ ਪੰਜਾਂ ਨੂੰ ਤੰਬੂ ਤੋਂ ਬਾਹਰ ਲਿਆਂਦਾ । ਖੰਡੇ ਪਾਹੁਲ ਤਿਆਰ ਕਰਦਿਆਂ ਉਹਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਅਤੇ ਫਿਰ ਉਹਨਾਂ ਅੱਗੇ ਨਿਉਂਕਿ ਉਹਨਾਂ ਤੋਂ ਖ਼ੁਦ ਅੰਮ੍ਰਿਤ ਪਾਨ ਕੀਤਾ । ਚੇਲਾ ਗੁਰੂ ਅਤੇ ਗੁਰੂ ਚੇਲਾ ਅਖਵਾਇਆ । ਇਹਨਾਂ ਦੇ ਨਾਂ ਬਦਲਣ ਦੇ ਨਾਲ ਨਾਲ ਆਪਣਾ ਆਪ ਦਾ ਨਾਅ ਵੀ ਗੁਰੂ ਗੋਬਿੰਦ ਸਿੰਘ ਕਰ ਲਿਆ ।
                    ਸਿੱਖ ਧਰਮ ਦੇ ਇਤਿਹਾਸ ਵਿੱਚ ਪੰਜ ਪਿਆਰਿਆਂ ਨੂੰ ਬਹੁਤ ਸਤਿਕਾਰ ਅਤੇ ਪਿਆਰ ਨਾਲ ਵੇਖਿਆ ਜਾਂਦਾ ਹੈ । ਜੇ ਇਹਨਾਂ ਪੰਜ ਪਿਆਰਿਆਂ ਦੇ ਨਾਵਾਂ ਅਨੁਸਾਰ ਹੀ ਅਰਥਾਂ ਨੂੰ ਸਮਝਿਆ ਜਾਵੇ ਤਾਂ ਬਹੁਤ ਹੈਰਾਨੀਜਨਕ ਅਤੇ ਬਹੁਤ ਮਹੱਤਵ ਪੂਰਨ ਸਿਖਿਆ ਮਿਲਦੀ ਹੈ । ਪਹਿਲੇ ਸੀਸ ਦੇਣ ਵਾਲੇ ਸਨ ਭਾਈ ਦਇਆ ਸਿੰਘ ਜੀ,ਦਇਆ ਨੂੰ ਧਰਮ ਦੀ ਮਾਂ ਕਿਹਾ ਜਾਂਦਾ ਹੈ । ਜਿਸ ਆਦਮੀ ਦੇ ਦਿਲ-ਦਿਮਾਗ ਵਿੱਚ ਦਇਆ ਨਹੀਂ ਹੈ ,ਉਹਦੇ ਕੋਲ ਧਰਮ ਨਹੀਂ ਹੋ ਸਕਦਾ । ਦੂਜੇ ਸਥਾਨ ਤੇ ਸੀਸ ਦੇਣ ਵਾਲੇ ਸਨ ਭਾਈ ਧਰਮ ਸਿੰਘ ਜੀ ,ਜਦੋਂ ਮਨੁੱਖ ਕੋਲ ਦਇਆ ਆ ਵਸਦੀ ਹੈ ਤਾਂ ਉਸ ਕੋਲ ਧਰਮ ਆਪਣੇ ਆਪ ਆ ਜਾਂਦਾ ਹੈ । ਤੀਜੇ ਸਥਾਨ ਤੇ ਸੀਸ ਭੇਂਟਾ ਕਰਨ ਵਾਲੇ ਹਿੰਮਤ ਸਿੰਘ ਦਾ ਅਰਥ ਬਣਦਾ ਹੈ ,ਧਰਮ ਦਾ ਸਹੀ ਪਾਲਣ ਉਹੀ ਕਰ ਸਕਦਾ ਹੈ ,ਜਿਸ ਵਿੱਚ ਹਿੰਮਤ ਹੋਵੇ । ਮੋਹਕਮ ਸਿੰਘ ਅਰਥਾਤ ਮੋਹ+ਕਮ, ਮੋਹ,ਪਿਆਰ,ਨੂੰ ਕਮ (ਘੱਟ) ਕਰਨਾ,ਅਰਥਾਤ ਪੰਜ ਦੁਰ ਵਿਵਹਾਰਾਂ (ਕਾਮ,ਕ੍ਰੋਧ,ਲੋਭ,ਮੋਹ,ਹੰਕਾਰ) ਨੂੰ ਘਟਾਉਣਾ ,ਖ਼ਤਮ ਕਰਨਾ ਧਰਮ ਪਾਲਣ ਲਈ ਸਹਾਈ ਹੁੰਦਾ ਹੈ । ਇਹਨਾਂ ਤੱਥਾਂ ਨੂੰ ਮਿਲਾਕੇ ਅਰਥ ਬਣਦੇ ਹਨ ਸਾਹਿਬ ਦਾ ਤਿਆਰ ਹੋਣਾ । 
ਪੰਜ ਪਿਆਰੇ ;---
ਭਾਈ ਦਇਆ ਸਿੰਘ ਜੀ

  • ਸੱਭ ਤੋਂ ਪਹਿਲਾਂ ਸੀਸ ਭੇਂਟ ਕਰਨ ਵਾਲਾ
  • ਮੁੱਢਲਾ ਨਾਅ ; ਭਾਈ ਦਇਆ ਰਾਮ
  • ਖ਼ਾਲਸਾ ਦੀ ਸਾਜਨਾ ਸਮੇ ਉਮਰ 38 ਸਾਲ ਸੀ ।
  • ਅਮ੍ਰਿਤਪਾਨ ਪਿੱਛੋਂ; ਭਾਈ ਦਇਆ ਸਿੰਘ
  • ਜਨਮ ; 1661 ਲਾਹੌਰ,ਸੋਬਤੀ ਖੱਤਰੀ
  • ਪਿਤਾ ਦਾ ਨਾਅ;ਭਾਈ ਸੁੱਢਾ ਜੀ
  • ਮਾਤਾ ਦਾ ਨਾਅ; ਮਾਈ ਦਿਆਲੀ ਜੀ
  • ਦੀਨਾ ਸਾਹਿਬ ਠਹਿਰਨ ਦੌਰਾਂਨ ਗੁਰੂ ਜੀ ਦੇ ਬਚਨਾਂ ਦਾ ਪਾਲਣ ਕਰਦਿਆਂ ਭਾਈ ਧਰਮ ਸਿੰਘ ਦੇ ਨਾਲ ਜ਼ਫ਼ਰਨਾਮਾਂ ਲੈ ਕੇ ਔਰੰਗਜ਼ੇਬ ਕੋਲ ਗਏ ।
  • 7 ਅਤੇ 8 ਦਸੰਬਰ 1705 ਦੀ ਦਰਮਿਆਂਨੀ ਰਾਤ ਨੂੰ ਪੰਜ ਪਿਆਰਿਆਂ ਦੇ ਆਦੇਸ਼ ਅਨੁਸਾਰ ਗੁਰੂ ਸਾਹਿਬ ਦੇ ਨਾਲ ਹੀ ਚਮਕੌਰ ਦੀ ਗੜੀ ਵਿੱਚੋਂ ਨਿਕਲੇ । ਨਾਲ ਹੀ ਭਾਈ ਧਰਮ ਸਿੰਘ ਸੀ ।
  • ਅਕਾਲ ਚਲਾਣਾ;47 ਸਾਲ ਦੀ ਉਮਰ ਵਿੱਚ 1708 ਨੂੰ,ਨੰਦੇੜ ਸਾਹਿਬ ।(1768 ਬਿਕਰਮੀ ਨੂੰ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਵਿਖੇ )
ਭਾਈ ਧਰਮ ਸਿੰਘ ਜੀ
·        ਭਾਈ ਧਰਮ ਸਿੰਘ ਪੰਜਾਂ ਪਿਆਰਿਆਂ ਵਿਚੋਂ ਦੂਜੇ ਸਥਾਨ ਤੇ ਸਨ
·        ਮੁੱਢਲਾ ਨਾਂਅ ;ਧਰਮ ਦਾਸ
·        ਅੰਮ੍ਰਿਤ ਪਾਨ ਕਰਨ ਉਪਰੰਤ; ਭਾਈ ਧਰਮ ਸਿੰਘ
·        ਖ਼ਾਲਸਾ ਦੀ ਸਾਜਨਾ ਸਮੇ ਉਮਰ 33 ਸਾਲ ਸੀ ।
·        ਜਨਮ:1666 ਹਸਤਨਾਪੁਰ (ਉਤਰ ਪ੍ਰਦੇਸ਼),ਜੱਟ,(13 ਵਿਸਾਖ਼, 1727 ਬਿਕਰਮੀ)
·        ਪਿਤਾ ਦਾ ਨਾਅ ; ਭਾਈ ਸੰਤ ਰਾਮ (ਪਰਮ ਸੁਖ )
·        ਮਾਤਾ ਦਾ ਨਾਅ; ਸੱਭੋ ਜੀ (ਅਨੰਤੀ ਜੀ )
·        ਦੀਨਾ ਸਾਹਿਬ ਠਹਿਰਨ ਦੌਰਾਂਨ ਗੁਰੂ ਜੀ ਦੇ ਬਚਨਾਂ ਦਾ ਪਾਲਣ ਕਰਦਿਆਂ ਭਾਈ ਦਇਆ ਸਿੰਘ ਦੇ ਨਾਲ ਜ਼ਫ਼ਰਨਾਮਾਂ ਲੈ ਕੇ ਔਰੰਗਜ਼ੇਬ ਕੋਲ ਗਏ ।
·        7 ਅਤੇ 8 ਦਸੰਬਰ 1705 ਦੀ ਦਰਮਿਆਂਨੀ ਰਾਤ ਨੂੰ ਪੰਜ ਪਿਆਰਿਆਂ ਦੇ ਆਦੇਸ਼ ਅਨੁਸਾਰ ਗੁਰੂ ਸਾਹਿਬ ਦੇ ਨਾਲ ਹੀ ਚਮਕੌਰ ਦੀ ਗੜੀ ਵਿੱਚੋਂ ਨਿਕਲੇ । ਨਾਲ ਹੀ ਭਾਈ ਦਇਆ ਸਿੰਘ ਸਨ ।
·        ਅਕਾਲ ਚਲਾਣਾ;42 ਸਾਲ ਦੀ ਉਮਰ ਵਿੱਚ 1708 ਨੂੰ,ਨੰਦੇੜ ਸਾਹਿਬ । (1768 ਬਿਕਰਮੀ: ਨੂੰ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਜੀ ਵਿਖੇ)
ਭਾਈ ਹਿੰਮਤ ਸਿੰਘ ਜੀ
  • ਭਾਈ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਤੀਸਰੇ ਸਥਾਨ ਤੇ ਸਨ
  • ਮੁੱਢਲਾ ਨਾਂਅ ;ਹਿੰਮਤ ਰਾਇ
  • ਅੰਮ੍ਰਿਤ ਪਾਨ ਕਰਨ ਉਪਰੰਤ; ਭਾਈ ਹਿੰਮਤ ਸਿੰਘ
  • ਖ਼ਾਲਸਾ ਦੀ ਸਾਜਨਾ ਸਮੇ ਉਮਰ 38 ਸਾਲ ਸੀ ।
  • ਜਨਮ:1661 ਮੂਲ ਵਾਸੀ ਜਗਨਨਾਥਪੁਰੀ (ਉੜੀਸਾ),ਝਿਓਰ,(ਜਨਮ ਮਿਤੀ 15 ਜੇਠ 1721 ਬਿਕਰਮੀ (ਜਨਮ ਸਥਾਂਨ ਬਕਾਲਾ ਕਿਓਂਕਿ ਇਹਨਾਂ ਦੇ ਮਾਤਾ-ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਇਥੇ ਰਹਿੰਦੇ ਸਨ)
  • ਪਿਤਾ ਦਾ ਨਾਅ ; ਗੁਲਜ਼ਾਰੀ ਜੀ (ਮਾਲ ਦੇਊ )
  • ਮਾਤਾ ਦਾ ਨਾਅ; ਧੰਨੋ ਦੇਈ (ਦੇਈ )
  • ਅਕਾਲ ਚਲਾਣਾ; ਚਮਕੌਰ ਸਾਹਿਬ ਵਿਖੇ ਮੁਗ਼ਲ ਫ਼ੌਜ ਦਾ ਮੁਕਾਬਲਾ ਕਰਦੇ ਹੋਏ 44 ਸਾਲ ਦੀ ਉਮਰ ਵਿੱਚ ਦਸੰਬਰ 1705 (1761 ਬਿਕਰਮੀ) ਨੂੰ, ਸ਼ਹੀਦੀ ਪ੍ਰਾਪਤ ਕੀਤੀ।
  • ਇਹਨਾਂ ਦੀ ਯਾਦ ਵਿੱਚ ਤਰਨ ਤਾਰਨ ਵਿਖੇ ਬਾਬਾ ਹਿੰਮਤ ਸਿੰਘ ਜੀ ਹਾਲ / ਬੁੰਗਾ ਬਣਾਇਆ ਗਿਆ ਹੈ ,ਜਿੱਥੇ ਹਰ ਸਾਲ ਇਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ ।

ਭਾਈ ਮੋਹਕਮ ਸਿੰਘ ਜੀ
  • ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਸੀਸ ਦੇਣ ਵਾਲੇ ਚੌਥੇ ਸਥਾਨ ਤੇ ਸਨ
  • ਮੁੱਢਲਾ ਨਾਅ;ਮੋਹਕਮ ਚੰਦ
  • ਅੰਮ੍ਰਿਤ ਪਾਨ ਕਰਨ ਉਪਰੰਤ: ਭਾਈ ਮੋਹਕਮ ਸਿੰਘ
  • ਖ਼ਾਲਸਾ ਦੀ ਸਾਜਨਾ ਸਮੇ ਉਮਰ:36 ਸਾਲ
  • ਜਨਮ:1663 ਦਵਾਰਕਾ (ਗੁਜਰਾਤ) (5 ਚੇਤ 1736 ਬਿਕਰਮੀ)
  • ਪਿਤਾ ਦਾ ਨਾਅ ; ਭਾਈ ਤੀਰਥ ਚੰਦ (ਜਗਜੀਵਨ ਰਾਮ)
  • ਮਾਤਾ ਦਾ ਨਾਅ; ਦੇਵੀ ਬਾਈ ( ਸੰਭਲੀ ਜੀ)
  • ਅਕਾਲ ਚਲਾਣਾ; ਚਮਕੌਰ ਸਾਹਿਬ ਵਿਖੇ ਮੁਗ਼ਲ ਫ਼ੌਜ ਦਾ ਮੁਕਾਬਲਾ ਕਰਦੇ ਹੋਏ 42 ਸਾਲ ਦੀ ਉਮਰ ਵਿੱਚ 7 ਦਸੰਬਰ 1705 (1761 ਬਿਕਰਮੀ) ਨੂੰ, ।
ਭਾਈ ਸਾਹਿਬ ਸਿੰਘ ਜੀ
  • ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਪੰਜਵੇਂ ਸਥਾਨ ਤੇ ਸਨ
  • ਮੁੱਢਲਾ ਨਾਅ;ਸਾਹਿਬ ਚੰਦ
  • ਅੰਮ੍ਰਿਤ ਪਾਨ ਕਰਨ ਉਪਰੰਤ: ਭਾਈ ਸਾਹਿਬ ਸਿੰਘ
  • ਖ਼ਾਲਸਾ ਦੀ ਸਾਜਨਾ ਸਮੇ ਉਮਰ:37 ਸਾਲ
  • ਜਨਮ:1662 ਬਿਦਰ (ਕਰਨਾਟਕਾ) ਨਾਈ (5 ਮੱਘਰ 1732 ਬਿਕਰਮੀ)
  • ਪਿਤਾ ਦਾ ਨਾਅ ; ਭਾਈ ਗੁਰ ਨਰਾਇਣ
  • ਮਾਤਾ ਦਾ ਨਾਅ; ਅਨਕਾਮਾ ਬਾਈ
  • 11 ਸਾਲ ਦੀ ਉਮਰ ਵਿੱਚ ਇਸ ਦੇ ਮਾਤਾ ਪਿਤਾ ਇਸ ਨੂੰ ਦਸਮ ਗੁਰੂ ਜੀ ਦੇ ਸਪੁਰਦ ਕਰ ਗਏ ਸਨ ।
  • ਅਕਾਲ ਚਲਾਣਾ; ਚਮਕੌਰ ਸਾਹਿਬ ਵਿਖੇ ਮੁਗ਼ਲ ਫ਼ੌਜ ਦਾ ਮੁਕਾਬਲਾ ਕਰਦੇ ਹੋਏ 43 ਸਾਲ ਦੀ ਉਮਰ ਵਿੱਚ 7 ਦਸੰਬਰ 1705 (1761 ਬਿਕਰਮੀ) ਨੂੰ, ਗੁਰਪੁਰੀ ਜਾ ਬਿਰਾਜੇ ।
                **************************          
·       ਰਣਜੀਤ ਸਿੰਘ ਪ੍ਰੀਤ
·       ਭਗਤਾ-151206 (ਬਠਿੰਡਾ)
·       ਮੁਬਾਇਲ ਸੰਪਰਕ:98157-07232

Saturday, April 7, 2012

 ਦਿਨ ਉਹ ਵੀ ਨਹੀਂ ਰਹੇ,ਦਿਨ ਇਹ ਵੀ ਨਹੀਂ ਰਹਿਣੇ। ਪਰ-     ਯਾਦਾਂ ਦਾ ਸਹਾਰਾ ਦਿਨ ਬਿਤਾਉਂਣ ਦਾ ਜ਼ਰੀਆ ਬਣਿਆਂ   ਰਹੇਗਾ । ਰਣਜੀਤ ਸਿੰਘ ਪ੍ਰੀਤ

Saturday, March 31, 2012

Meena Kumari (Ranjit Singh Preet)


    ਜਾਨੇ ਵਾਲੇ ਕਭੀ ਨਹੀਂ ਆਤੇ----
                        ਰਣਜੀਤ ਸਿੰਘ ਪ੍ਰੀਤ
                    ਸਾਰੀ ਉਮਰ ਸੁਹਲ-ਸੁਬਕ ਜਿਹੇ ਨਾਜ਼ੁਕ ਬਦਨ ਉੱਤੇ ਸਮੇ ਦੀਆਂ ਜਰਵਾਣੀਆਂ ਛਮਕਾਂ ਦੀ ਮਾਰ ਹੰਢਾਉਂਦੀ ਮਹਿਜ਼ਬੀਨ ਬਾਨੋ ਦਾ ਜਨਮ ਪਹਿਲੀ ਅਗਸਤ 1932 ਨੂੰ ਚੁੱਪ ਫ਼ਿਲਮਾਂ ਦੀ ਸਾਬਕਾ ਅਭਿਨੇਤਰੀ,ਅਤੇ ਡਾਨਸਰ ਇਕਬਾਲ ਬੇਗ਼ਮ (ਕਾਮਿਨੀ) ਦੀ ਕੁੱਖੋਂ ,ਪਿਤਾ ਅਲੀ ਬਖ਼ਸ਼ ਦੇ ਘਰ ਮੁੰਬਈ ਵਿਖੇ ਵੱਡੀਆਂ ਬੇਟੀਆਂ ਖ਼ੁਰਸ਼ੀਦ ਅਤੇ ਮਧੂ ਪਿੱਛੋਂ ਹੋਇਆ । ਸ਼ੀਆ ਮੁਸਲਮਾਨ ਅਲੀ ਬਖ਼ਸ਼ ਦਾ ਕਲਾਕਾਰੀ ਸਬੰਧ ਪਾਰਸੀ ਥਿਏਟਰ ਅਤੇ ਹਰਮੋਨੀਅਮ ਪਲੇਅ ਕਰਨ ਤੋਂ ਇਲਾਵਾ ਉਰਦੂ ਕਵਿਤਾ ਲਿਖਣ ਨਾਲ ਵੀ ਸੀ ।
              ਆਪਣੀ ਦੂਜੀ ਬੀਵੀ ਇਕਬਾਨ ਬਾਨੋ ਦੇ ਕਹਿਣ ਤੇ ਅਲੀ ਬਖ਼ਸ਼ ਰੂਪਤਾਰਾ ਸਟੁਡੀਓ ਵਿੱਚ ਕਿਸੇ ਭੂਮਿਕਾ ਲਈ ਉਤਾਵਲਾ ਸੀ ਅਤੇ ਮਹਿਜ਼ਬੀਨ ਦੇ ਪੜ੍ਹਾਈ ਕਰਨੀ ਕਹਿਣ ਤੇ ਵੀ ਉਹ ਉਸ ਨੂੰ ਏਸੇ ਲਾਈਨ ਵਿੱਚ ਲਿਜਾਣ ਦਾ ਇੱਛੁਕ ਸੀ । ਮਹਿਜ਼ਬੀਨ ਅਜੇ 7 ਸਾਲ ਦੀ ਹੀ ਸੀ ,ਜਦੋਂ ਵਿਰਸੇ ਵਿੱਚੋਂ ਮਿਲੀ ਕਲਾ ਪ੍ਰਤਿਭਾ ਸਿਰ ਚੜ੍ਹ ਬੋਲ ਪਈ । ਪਰਕਾਸ਼ ਸਟੁਡੀਓ ਵਾਸਤੇ 1939 ਵਿੱਚ, ਵਿਜੇ ਭੱਟ ਦੁਆਰਾ ਨਿਰਦੇਸ਼ਤ ਫ਼ਿਲਮ ਫ਼ਰਜੰਦ-ਇ-ਵਤਨ / ਲੈਦਰਫੇਸ ਲਈ ਉਸ ਨੂੰ ਪਹਿਲੀ ਵਾਰ ਰੋਲ ਕਰਨ ਲਈ ਚੁਣਿਆਂ ਗਿਆ । ਕਈ ਫ਼ਿਲਮਾਂ ਕਰਨ ਮਗਰੋਂ 1941 ਨੂੰ ਫ਼ਿਲਮ ਬਹਿਨ ਵਿੱਚ ਬੇਬੀ ਮੀਨਾ ਦੇ ਨਾਅ ਨਾਲ ਪਾਤਰ ਬੀਨਾ ਦੀ ਭੂਮਿਕਾ ਨਿਭਾਈ । ਬੇਬੀ ਮੀਨਾ ਤੋਂ ਮੀਨਾਂ ਕੁਮਾਰੀ ਬਣੀ ਮਹਿਜ਼ਬੀਨ 1940 ਦੇ ਦਹਾਕੇ ਵਿੱਚ ਬਾਲ ਕਲਾਕਾਰਾ ਵਜੋਂ ਕੰਮ ਕਰਦਿਆਂ ਪਰਿਵਾਰ ਲਈ ਕਮਾਈ ਦਾ ਸਾਧਨ ਬਣ ਗਈ ।
                            1946 ਵਿੱਚ ਫ਼ਿਲਮ ਬੱਚੋਂ ਕੇ ਲੀਏ,ਬਹੁਤ ਚਰਚਾ ਵਿੱਚ ਰਹੀ । ਪਰ 1951 ਵਿੱਚ ਉਸਨੂੰ ਅਜਿਹੀ ਨਜ਼ਰ ਲੱਗੀ ਕਿ ਐਕਸੀਡੈਂਟ ਦੌਰਾਂਨ ਉਹਦੇ ਖੱਬੇ ਹੱਥ ਦੀ ਚੀਚੀ ਕੱਟੀ ਗਈ । ਉਸਦੀ ਸੇਵਾ ਸੰਭਾਲ ਉਸ ਤੋ 15 ਸਾਲ ਵੱਡੇ ਬਾਲ-ਬੱਚੇਦਾਰ ਫ਼ਿਲਮ ਡਾਇਰੈਕਟਰ ਕਮਾਲ ਅਮਰੋਹੀ ਨੇ ਕੀਤੀ । ਜੋ ਇਸ ਸਮੇ ਪਿਆਰ ਸਾਂਝ ਬਣੀ, ਉਹ 14 ਅਗਸਤ 1952 ਦੇ ਦਿਨ ਨਿਕਾਹ ਵਿੱਚ ਬਦਲ ਗਈ । ਅਬਰਾਰ ਅਲਵੀ ਦੀ ਨਿਰਦੇਸ਼ਨਾਂ ਤਹਿਤ ਰਹਿਮਾਨ ਨਾਲ ਛੋਟੀ ਬਹੂ ਵਜੋਂ ਸਾਹਿਬ ਬੀਵੀ ਔਰ ਗੁਲਾਮ (1962) ਵਿੱਚ ਆ ਕੇ ਉਸ ਨੇ ਤਹਿਲਕਾ ਮਚਾ ਦਿੱਤਾ । ਛੋਟੀ ਬਹੂ ਵੱਲੋਂ ਸਰਾਬ ਪੀਣ ਵਾਲੇ ਰੋਲ ਵਿੱਚ ਉਸ ਨੇ ਜਾਨ ਪਾ ਦਿੱਤੀ, ਕਿਓਂਕਿ ਉਹ ਖ਼ੁਦ ਵੀ  ਸ਼ਰਾਬ ਪੀਣ ਦੀ ਆਦੀ ਹੋ ਗਈ ਸੀ ।
                         1954 ਬੈਜੂ ਬਾਵਰਾ (ਗੌਰੀ)ਵਿੱਚ ਫ਼ਿਲਮਫ਼ੇਅਰ ਐਵਾਰਡ ਸਰਵੋਤਮ ਅਭਿਨੇਤਰੀ ਵਜੋਂ  ਹਾਸਲ ਕਰਨ ਵਾਲੀ ਉਹ ਪਹਿਲੀ ਹੀਰੋਇਨ ਬਣੀ । ਇਸ ਤੋਂ ਬਿਨਾ ਉਸ ਨੂੰ ਫ਼ਿਲਮਫ਼ੇਅਰ ਸਰਵੋਤਮ ਅਭਿਨੇਤਰੀ ਦਾ ਐਵਾਰਡ,1955 ਪਰਨਿਤਾ (ਲੋਲਿਤਾ), 1963 ਸਾਹਿਬ ਬੀਵੀ ਔਰ ਗੁਲਾਮ (ਛੋਟੀ ਬਹੂ), ਅਤੇ 1966ਕਾਜਲ (ਮਾਧਵੀ) ਲਈ ਵੀ ਮਿਲੇ । ਫ਼ਿਲਮਫ਼ੇਅਰ ਸਰਵੋਤਮ ਅਭਿਨੇਤਰੀ ਦਾ ਐਵਾਰਡ ਨੌਮੀਨੇਟਿਡ 1956 ਅਜ਼ਾਦ (ਸ਼ੋਭਾ),1959 ਸਹਾਰਾ (ਲੀਲਾ),1960 ਚਿਰਾਗ਼ ਕਹਾਂ ਰੌਸ਼ਨੀ ਕਹਾਂ (ਰਤਨਾ), 1963 ਆਰਤੀ (ਆਰਤੀ ਗੁਪਤਾ) ,1963 ਮੈ ਚੁੱਪ ਰਹੂੰਗੀ (ਗਾਇਤਰੀ) ,1964 ਦਿਲ ਏਕ ਮੰਦਰ (ਸੀਤਾ),1967 ਫੂਲ ਔਰ ਪੱਥਰ (ਸ਼ਾਂਤੀ ਦੇਵੀ), 1973 ਪਾਕੀਜ਼ਾ (ਨਰਗਿਸ/ਸਾਹਿਬਜਾਨ) ਸ਼ਾਮਲ ਹਨ । ਇਸ ਤੋਂ ਇਲਾਵਾ ਬੀ ਐਫ਼ ਜੀ ਏ ਵੱਲੋਂ 1963 ਸਰਵੋਤਮ ਅਦਾਕਾਰਾ (ਹਿੰਦੀ) ਆਰਤੀ,1965 ਸਰਵੋਤਮ ਅਦਾਕਾਰਾ (ਹਿੰਦੀ) ਦਿਲ ਏਕ ਮੰਦਰ,ਸਪੈਸ਼ਲ ਐਵਾਰਡ ਪਾਕੀਜ਼ਾ: ਵੀ ਮੀਨਾ ਕੁਮਾਰੀ ਦੇ ਹਿੱਸੇ ਰਹੇ ।
                 1939 ਤੋਂ 1972 ਤੱਕ ਲਗਾਤਾਰ 33 ਸਾਲਾਂ ਤੱਕ ਫਿਲਮੀ ਖ਼ੇਤਰ ਵਿੱਚ ਸਰਗਰਮ ਰਹਿਣ ਵਾਲੀ ਅਭਿਨੇਤਰੀ ਮੀਨਾ ਕੁਮਾਰੀ ਦਾ ਬਹੁਤੀ ਸ਼ਰਾਬ ਪੀਣ ਨਾਲ 1968 ਵਿੱਚ ਜਦ ਜਿਗਰ ਖ਼ਰਾਬ ਹੋ ਗਿਆ ਤਾਂ ਲੰਡਨ ਅਤੇ ਸਵਿਟਜ਼ਰਲੈਂਡ ਤੋਂ ਇਲਾਜ ਵੀ ਕਰਵਾਉਣਾ ਪਿਆ । ਵਾਪਸੀ ਤੇ ਮੀਨਾ ਕੁਮਾਰੀ ਨੇ ਸ਼ਰਾਬ ਪੀਣ ਤੋਂ ਨਰਾਜ਼ ਭੈਣ ਮਧੂ ਨਾਲ ਸਮਝੌਤਾ ਕਰਦਿਆਂ ਜਵਾਬ (1970), ਮੇਰੇ ਆਪਣੇ (1971) ਅਤੇ ਦੁਸ਼ਮਣ (1972)ਫ਼ਿਲਮਾਂ ਵਿੱਚ ਚਰਿੱਤਰ ਭੂਮਿਕਾਵਾਂ ਨਿਭਾਈਆਂ ।
                         ਮੀਨਾਂ ਕੁਮਾਰੀ ਦੀ ਬੱਚਾ ਪੈਦਾ ਕਰਨ ਵਾਲੀ ਇੱਛਾ ਅਤੇ ਕਮਾਲ ਅਮਰੋਹੀ ਦੀ ਮੀਨਾ ਦੇ ਸਯਦ ਹੋਣ ਦੀ ਵਜ੍ਹਾ ਕਰਕੇ ਆਨਾਕਾਨੀ ,ਦੋਹਾਂ ਦੇ ਟਕਰਾਅ ਦਾ ਕਾਰਣ ਬਣ ਗਈ । ਉਹ 1960 ਤੋਂ ਵੱਖ ਵੱਖ ਰਹਿਣ ਲੱਗੇ । ਮਾਰਚ 1964 ਵਿੱਚ ਤਲਾਕ ਹੋ ਗਿਆ । ਉਹਨੇ ਖ਼ਯਾਮ ਦੀ ਅਗਵਾਈ ਵਿੱਚ ਗਾਇਆ ਵੀ । ਪਰ ਉਹ ਬਹੁਤ ਪੀਂਦੀ,ਰੋਂਦੀ ਅਤੇ ਲਿਖਦੀ ਰਹੀ;-
ਦਿਲ ਸ਼ਾਦ ਜਬ ਸਾਥੀ ਪਾਇਆ,ਬੇ ਚੈਨੀ ਭੀ ਵੋਹ ਸਾਥ ਆਇਆ ।(ਨਿਕਾਹ ਸਮੇ)
ਤੁਮ ਕਿਆ ਕਰੋਗੇ ਸੁਨਕਰ ਮੁਝਸੇ ਮੇਰੀ ਕਹਾਣੀ,ਬੇ-ਲੁਤਫ਼ ਜ਼ਿੰਦਗੀ ਕੇ ਕਿੱਸੇ ਹੈਂ ਫੀਕੇ ਫੀਕੇ ।
ਤਲਾਕ ਤੋ ਦੇ ਰਹੇ ਹੋ ਨਜ਼ਰ-ਇ-ਕਹਿਰ ਕੇ ਸਾਥ,ਜਵਾਨੀ ਭੀ ਮੇਰੀ ਲੁਟਾ ਦੋ ਮਿਹਰ ਕੇ ਸਾਥ ।
               ਮੀਨਾ ਕੁਮਾਰੀ ਦੀ ਜ਼ਿੰਦਗੀ ਦੇ ਨੇੜਲੀ ਫ਼ਿਲਮ ਪਾਕੀਜ਼ਾ ਜਿਸ ਨੂੰ ਸ਼ਿਮਲੇ ਠਹਿਰਦਿਆਂ ਭੁੱਟੋ ਪਰਿਵਾਰ ਨੇ ਵੇਖਿਆ ਸੀ,1956 ਵਿੱਚ ਮੀਨਾਂ ਕੁਮਾਰੀ ਅਤੇ ਕਮਾਲ ਅਮਰੋਹੀ ਨੇ ਇਸ ਬਾਰੇ ਵਿਚਾਰ ਸਾਂਝੇ ਕੀਤੇ ਸਨ । ਪਰ ਉਹ ਮੀਨਾ ਦੀ ਸਿਹਤ ਖ਼ਰਾਬੀ ਅਤੇ ਕਮਾਲ ਅਮਰੋਹੀ ਨਾਲ ਵਿਗੜੇ ਸਬੰਧਾਂ ਸਦਕਾ 16 ਸਾਲਾਂ ਵਿੱਚ ਸੁਨੀਲ ਦੱਤ ਅਤੇ ਨਰਗਿਸ ਦੱਤ ਦੇ ਯਤਨ ਨਾਲ ਸਿਰੇ ਚੜ੍ਹੀ । ਥਕਾਵਟ,ਕਮਜ਼ੋਰੀ,ਅੰਦਰੂਨੀ ਤੜਫ਼ ਦੇ ਚਲਦਿਆਂ ਮੀਨਾ ਨੇ ਬੋਲ ਪੁਗਾਏ ਅਤੇ ਇਹ ਫ਼ਿਲਮ ਬਲੈਕ ਐਂਡ ਵਾਈਟ ਤੋਂ ਰੰਗੀਨ ਬਣਕੇ ਮੀਲ ਪੱਥਰ ਸਾਬਤ ਹੋਈ । ਜਦ 1972 ਵਿੱਚ ਇਸ ਫ਼ਿਲਮ ਨੂੰ ਰਿਲੀਜ਼ ਹੋਿਆਂ ਤਿੰਨ ਹਫ਼ਤੇ ਹੀ ਹੋਏ ਸਨ

                        ਤਾਂ ਸਿਰਫ਼ 40 ਵਰ੍ਹਿਆਂ ਦੀ ਅਦਾਕਾਰਾ ਮੀਨਾ ਕੁਮਾਰੀ 31  ਮਾਰਚ 1972 ਨੂੰ ਅੱਲਾ ਕੋਲ ਜਾ ਵਸੀ । ਉਹ ਸਿਰਫ਼ ਪਰਦੇ ਦੀ ਹੀ ਨਹੀਂ ਸਗੋਂ ਘਰੇਲੂ ਜ਼ਿੰਦਗੀ ਦੀ ਵੀ ਟ੍ਰੈਜਡੀ ਕੁਇਨ ਬਣੀ ਰਹੀ । ਏਥੋਂ ਤੱਕ ਕਿ ਉਹਦੀ ਮ੍ਰਿਤਕ ਦੇਹ ਨੂੰ ਘਰ ਲਿਜਾਣ ਦੀ ਬਜਾਇ ਹਸਪਤਾਲ ਵਿੱਚੋਂ ਸਿੱਧਾ ਹੀ ਨਾਰੀਅਲਵਾਦੀ ਮਜ਼ਗਾਂਓਂ ਮੁੰਬਈ ਦੇ ਰਹਿਮਤਾਬਾਦ ਕਬਰਸਤਾਨ ਵਿੱਚ ਲਿਜਾ ਕੇ ਸਪੁਰਦ-ਇ-ਖ਼ਾਕ ਕਰ ਦਿੱਤਾ ਗਿਆ । ਉਸਦੇ ਅੰਤ ਸਮੇ ਵੀ ਉਹਦੇ ਜਨਮ ਸਮੇ ਵਾਲੇ ਹਾਲਾਤ ਬਰਕਰਾਰ ਸਨ । ਉਦੋਂ ਵੀ ਕੁੱਝ ਕੁ ਘੰਟਿਆਂ ਦੀ ਮਹਿਜ਼ਬੀਨ ਨੂੰ ਪਤਾ ਨਹੀਂ ਸੀ ਕਿ ਡਾਕਟਰ ਦਾ ਭੁਗਤਾਨ ਨਾ ਹੋਣ ਦੀ ਵਜ੍ਹਾ ਕਰਕੇ ਉਸ ਦੇ ਵਾਲਦੈਨ ਉਸ ਨੂੰ ਅਨਾਥ ਆਸ਼ਰਮ ਛੱਡ ਆਏ ਹਨ । ਏਵੇਂ ਹੀ ਮ੍ਰਿਤਕ ਪਈ ਮੀਨਾ ਨੂੰ ਹੁਣ ਵੀ ਇਹ ਪਤਾ ਨਹੀਂ ਸੀ ਕਿ ਹਸਪਤਾਲ ਦੇ ਭੁਗਤਾਨ ਤੋਂ ਦੂਜੇ ਕਿਵੇ ਖਿਸਕ ਰਹੇ ਹਨ। ਮੀਨਾ ਕੁਮਾਰੀ ਦੀ ਸਿਨੇ-ਜਗਤ ਲਈ ਲਾਸਾਨੀ ਦੇਣ ਨੂੰ ਕਦੇ ਨਾ ਭੁਲਾਇਆ ਜਾ ਸਕਣ ਵਾਲੇ ਅਹਿਸੂਸਾਂ ਦਾ ਪੌਦਾ ਉਗ ਖਲੋਂਦਾ ਹੈ । ਫਿਰ ਅਜਿਹਾ ਅਹਿਸਾਸ, ਸਾਹਾਂ ਵਿੱਚ ਆ ਰਲਦਾ ਹੈ ਕਿਓਂਕਿ
ਜਾਨੇ ਵਾਲੇ ਕਭੀ ਨਹੀਂ ਆਤੇ
ਜਾਨੇ ਵਾਲੋਂ ਕੀ ਯਾਦ ਆਤੀ ਹੈ ।    
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ: 98157-07232

Tuesday, March 27, 2012

R.Dravid.ਦ੍ਰਾਵਿਡ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ


        ਦ੍ਰਾਵਿਡ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ
                                                           ਰਣਜੀਤ ਸਿੰਘ ਪ੍ਰੀਤ
          ਭਾਰਤ ਦੇ ਇਸ ਪ੍ਰਸਿੱਧ ਕ੍ਰਿਕਟ ਖਿਡਾਰੀ ਨੇ ਕੋਮਾਂਤਰੀ ਅਤੇ ਘਰੇਲੂ ਪਹਿਲੀ ਸ਼੍ਰੇਣੀ ਦੇ ਮੈਚਾਂ ਤੋ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ । ਇਸ ਸਮੇ ਭਾਰਤੀ ਟੀਮ ਵਿੱਚ ਖੇਡ ਰਹੇ ਤਿੰਨ ਸੀਨੀਅਰ ਖਿਡਾਰੀਆਂ ਵਿੱਚੋਂ ਉਹ ਇੱਕ ਹਨ । ਇਸ 39 ਸਾਲ 59 ਦਿਨਾਂ ਦੇ ਸੱਜੇ ਹੱਥ ਦੇ ਬੱਲੇਬਾਜ਼ ਅਤੇ ਸੱਜੀ ਬਾਂਹ ਦੇ ਆਫ਼ ਸਪਿਨਰ,ਵਿਕਟ ਕੀਪਰ  ਦਾ ਜਨਮ 11 ਜਨਵਰੀ 1973 ਨੂੰ ਇਦੌਰ (ਮੱਧ ਪ੍ਰਦੇਸ਼)ਵਿੱਚ ਹੋਇਆ । ਜਿਸ ਦਾ ਪੂਰਾ ਅਤੇ ਮੁਢਲਾ ਨਾਅ ਰਾਹੁਲ ਸ਼ਰਦ ਦ੍ਰਾਵਿਡ ਹੈ । ਪਿਆਰਾ ਨਾਅ ਜਿੰਮੀ । ਨਾਗਪੁਰ ਦੀ ਡਾਕਟਰ ਵਿਜੇਤਾ ਪਾਂਧੇਰਕਰ ਨਾਲ 4 ਮਈ 2003 ਨੂੰ ਜੀਵਨ ਸਾਥ ਬਣਿਆਂ ਅਤੇ ਆਪ ਦੇ ਘਰ 11 ਅਕਤੂਬਰ 2005 ਸਮਿਤ ਦ੍ਰਾਵਿਡ ਦਾ ਅਤੇ 26 ਅਪ੍ਰੈਲ 2009 ਵਿੱਚ ਐਨਵੇ ਦ੍ਰਾਵਿਡ ਦਾ ਜਨਮ ਹੋਇਆ ।
                 ਇਸ 5 ਫੁੱਟ 11ਇੰਚ ਦੇ ਖਿਡਾਰੀ ਨੇ ਆਪਣਾ ਪਹਿਲਾ ਟੈਸਟ ਮੈਚ 20 ਜੂਨ 1996 ਨੂੰ ਇੰਗਲੈਂਡ ਵਿਰੁੱਧ ਅਤੇ ਆਖ਼ਰੀ ਟੈਸਟ ਮੈਚ 24 ਜਨਵਰੀ 2012 ਨੂੰ ਆਸਟਰੇਲੀਆ ਖ਼ਿਲਾਫ਼ ਖੇਡਿਆ । ਪਹਿਲਾ ਇੱਕ ਦਿਨਾਂ ਮੈਚ 19ਨੰਬਰੀ ਸ਼ਰਟ ਵਾਲੇ ਇਸ ਖਿਡਾਰੀ ਨੇ 3 ਅਪ੍ਰੈਲ 1996 ਨੂੰ ਸ਼੍ਰੀਲੰਕਾ ਨਾਲ ,ਅਤੇ ਆਖ਼ਰੀ ਮੈਚ 16 ਸਤੰਬਰ 2011 ਨੂੰ ਇੰਗਲੈਡ ਵਿਰੁੱਧ ਖੇਡਿਆ । ਇੱਕੋ ਇੱਕ ਟੀ-20 ਮੈਚ 31 ਅਗਸਤ 2011 ਨੂੰ ਇੰਗਲੈਂਡ ਖ਼ਿਲਾਫ਼ ਖੇਡਿਆ । ਸਨ 1990 ਤੋਂ ਹੁਣ ਤੱਕ ਕਰਨਾਟਕ ਵੱਲੋਂ,2003 ਵਿੱਚ ਸਕਾਟਲੈਂਡ ਵੱਲੋਂ,2000 ਵਿੱਚ ਕੈਂਟ ਵੱਲੋਂ 2008-2010 ਵਿੱਚ ਰਾਇਲ ਚੈਲੇਂਜ ਬੰਗਲੌਰ ਵੱਲੋਂ,2011ਤੋਂ ਹੁਣ ਤੱਕ ਰਾਜਸਥਾਨ ਰਾਇਲਜ਼ ਵੱਲੋਂ ਖੇਡਣ ਵਾਲੇ ਰਾਹੁਲ ਦ੍ਰਾਵਿਡ ਨੇ ਕੁੱਲ ਖੇਡੇ 164ਟੈਸਟ ਮੈਚਾਂ ਵਿੱਚ 13288 ਰਨ 52.31 ਦੀ ਔਸਤ ਨਾਲ,ਜਿਨਾਂ ਵਿੱਚ ਉੱਚ ਸਕੋਰ 270,ਸੈਂਕੜੇ 36 ਅਤੇ ਅਰਧ ਸੈਂਕੜੇ 63 ਸ਼ਾਮਲ ਹਨ ।ਸਿਰਫ਼ ਇੱਕ ਵਿਕਟ 120 ਗੇਂਦਾਂ ਕਰਦਿਆਂ 39.00 ਦੀ ਔਸਤ ਨਾਲ, ਵਧੀਆਂ ਪ੍ਰਦਰਸ਼ਨ 1/18 ਰਖਦਿਆਂ 210 ਕੈਚ ਵੀ ਲਏ ਹਨ । ਇੱਕ ਦਿਨਾਂ ਮੈਚਾਂ ਦੀ ਗਿਣਤੀ 344 ਹੈ,ਇਹਨਾਂ ਵਿੱਚ 39.16 ਦੀ ਔਸਤ ਨਾਲ,12 ਸੈਕੜਿਆ,83 ਅਰਧ ਸੈਂਕੜਿਆ,ਉੱਚ ਸਕੋਰ 153 ਨਾਲ ਕੁੱਲ 10889 ਰਨ ਬਣਾਏ ਹਨ । ਕੁੱਲ 186 ਗੇਦਾਂ ਸੁਟਦਿਆਂ 42.50 ਦੀ ਔਸਤ ਨਾਲ 4 ਵਿਕਟਾਂ ਲਈਆਂ ਹਨ । ਚੰਗਾ ਪ੍ਰਦਰਸ਼ਨ 2/43 ਹੈ,ਜਦੋਂ ਕਿ 196 ਕੈਚ ਲਏ ਹਨ ਅਤੇ 14 ਖਿਡਾਰੀਆਂ ਨੂੰ ਸਟੰਪ ਆਉਟ ਕੀਤਾ ਹੈ।ਪਹਿਲੀ ਸ਼੍ਰੇਣੀ ਦੇ 298 ਮੈਚਾਂ ਵਿੱਚ 55.33 ਦੀ ਔਸਤ ਰਖਦਿਆਂ ,ਉੱਚ ਸਕੋਰ 270,ਸ਼ਤਕ 68, ਨੀਮ ਸੈਂਕੜੇ 117 ਦੀ ਮਦਦ ਨਾਲ ਕੁੱਲ 23794 ਦੌੜਾਂ ਬਣਾਈਆਂ ਹਨ । ਜਿੱਥੇ 353 ਕੈਚ ਅਤੇ ਇੱਕ ਸਟੰਪ ਆਊਟ ਨਾਲ,617 ਗੇਂਦਾਂ ਕਰਦਿਆਂ ਔਸਤ 54.60 ਰਖਦਿਆਂ 5 ਵਿਕਟਾਂ ਲਈਆਂ ਹਨ । ਵਧੀਆ ਪ੍ਰਦਰਸ਼ਨ 2/16 ਰਿਹਾ ਹੈ। ਏ ਸੂਚੀ ਦੇ 449ਮੈਚਾਂ ਵਿੱਚ 21 ਸੈਂਚੁਰੀ,112 ਹਾਫ਼ ਸੈਂਚੁਰੀ,ਉੱਚ ਸਕੋਰ 153,ਨਾਲ 42.30 ਦੀ ਔਸਤ ਰਖ ਕੇ ਕੁੱਲ 15271 ਰਨ ਬਣਾਏ ਹਨ । ਗੇਂਦਬਾਜ਼ ਵਜੋਂ 477 ਗੇਂਦਾਂ ਕਰਦਿਆਂ 105.25 ਦੀ ਔਸਤ ਨਾਲ 4 ਵਿਕਟਾਂ ਉਖੇੜੀਆਂ ਹਨ।ਯਾਦਗਾਰੀ 2/43 ਵਾਲੀ ਰਹੀ ਹੈ।ਕੁੱਲ 233 ਕੈਚ ਅਤੇ 17 ਖਿਡਾਰੀਆਂ ਨੂੰ ਸਟੰਪ ਆਉਟ ਵੀ ਕੀਤਾ ਹੈ । 

ਜਨਵਰੀ 2004 ਵਿੱਚ ਜ਼ਿਬਾਬਵੇ ਵਿਰੁੱਧ ਇੱਕ ਦਿਨਾਂ ਮੈਚ ਸਮੇ ਗੇਂਦ ਨਾਲ ਛੇੜ-ਛਾੜ ਕਰਨ ਕਰਕੇ ਵੀ ਦ੍ਰਾਵਿਡ ਵਿਵਾਦ ਵਿੱਚ ਰਿਹਾ । ਏਵੇ ਹੀ ਮਾਰਚ 2004 ਨੂੰ ਸੌਰਵ ਗਾਂਗੁਲੀ ਦੀ ਥਾਂ ਕਪਤਾਨੀ ਕਰਦਿਆਂ ਪਾਰੀ ਸਮਾਪਤ ਕਰਨ ਦਾ ਐਲਾਨ ਵੀ ਵਿਵਾਦ ਵਿੱਚ ਰਿਹਾ । ਕਿਓਂਕਿ ਸਚਿਨ ਤੇਂਦੂਲਕਰ 194 ਦੌੜਾਂ ਬਣਾਕੇ ਖੇਡ ਰਿਹਾ ਸੀ ।ਦੂਹਰੇ ਸੈਂਕੜੇ ਲਈ ਉਹਨੂੰ ਸਿਰਫ਼ 6 ਰਨ ਹੀ ਚਾਹੀਦੇ ਸਨ ਅਤੇ ਮੈਚ ਅਜੇ 16 ਓਵਰਾਂ ਦਾ ਬਾਕੀ ਸੀ । ਰਾਹੁਲ ਨੇ 2003-2007 ਤੱਕ 25 ਟੈਸਟ ਮੈਚਾਂ ਦੀ ਕਪਤਾਨੀ ਕੀਤੀ । ਜਿੰਨ੍ਹਾਂ ਵਿੱਚੋਂ 8 ਜਿੱਤੇ,6 ਹਾਰੇ,ਅਤੇ 11 ਬਰਾਬਰ ਰਹੇ । ਇੱਕ ਦਿਨਾਂ ਮੈਚਾਂ ਦਾ ਇਹ ਗਣਿਤ 79 ਖੇਡੇ,42 ਜਿੱਤੇ,33 ਹਾਰੇ,ਅਤੇ 4 ਬੇ-ਨਤੀਜਾ ਰਹੇ।
                         ਰਾਹੁਲ ਦ੍ਰਾਵਿੜ ਅਜਿਹਾ ਪਹਿਲਾ ਭਾਰਤੀ ਕ੍ਰਿਕਟਰ ਹੈ ਜਿਸ ਨੇ ਹਰੇਕ ਕ੍ਰਿਕਟ ਖੇਡਦੇ ਮੁਲਕ ਵਿਰੁੱਧ ਸੈਕੜਾ ਬਣਾਇਆ ਹੈ। ਇਸ ਖਿਡਾਰੀ ਦਾ ਇਹ ਵੀ ਰਿਕਾਰਡ ਹੈ ਕਿ ਇਸ ਨੇ ਜਦ ਉੱਚ ਸਕੋਰ 270 ਰਨ ਬਣਾਏ ਤਾਂ ਮਿੰਟਾਂ ਦੇ ਮੀਟਰ ਅਨੁਸਾਰ ਸੱਭ ਤੋਂ ਲੰਬਾ ਸਮਾਂ ਕਰੀਜ਼ ਤੇ ਬਿਤਾਇਆ ।ਟੈਸਟ ਮੈਚਾਂ ਵਿੱਚ ਸੱਭ ਤੋਂ ਵੱਧ ਕੈਚ ਲੈਣ ਦਾ ਰਿਕਾਰਡ ਹੈ। ਰਾਹੁਲ 120 ਇੱਕ ਦਿਨਾਂ ਮੈਚਾਂ ਵਿੱਚ ਜ਼ੀਰੋ ਉੱਤੇ ਆਊਟ ਨਹੀਂ ਹੋਇਆ। ਇਹ ਰਿਕਾਰਡ ਵੀ ਉਹਦੇ ਨਾਂਅ ਦਰਜ ਹੈ । ਹੁਣ ਦ੍ਰਾਵਿਡ ਉਭਰਦੇ ਖਿਡਾਰੀਆਂ ਲਈ ਵਰਦਾਨ ਬਣਨ ਦਾ ਯਤਨ ਜ਼ਰੂਰ ਕਰੇਗਾ । ਉਹਦਾ ਅਜਿਹਾ ਕਦਮ ਬਹੁਤ ਸਲਾਹੀਅਤ ਭਰਿਆ ਵੀ ਹੋਵੇਗਾ। ਜਿਸ ਦਾ ਸਤਿਕਾਰ ਵੀ ਹੋਵੇਗਾ ਅਤੇ ਬੇ-ਹੱਦ ਆਦਰ ਵੀ ।

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ; 98157-07232

Monday, March 26, 2012

ਆਸਟਰੇਲੀਆ ਨੇ ਕ੍ਰਿਕਟ ਦੀ ਬਾਦਸ਼ਾਹਤ ਖੁੱਸਣ ਨਾ ਦਿੱਤੀ


     ਆਸਟਰੇਲੀਆ ਨੇ ਕ੍ਰਿਕਟ ਦੀ ਬਾਦਸ਼ਾਹਤ ਖੁੱਸਣ ਨਾ ਦਿੱਤੀ
                                          ਰਣਜੀਤ ਸਿੰਘ ਪ੍ਰੀਤ
                          ਨਵੰਬਰ 1979 ਤੋਂ ਹੁਣ ਤੱਕ ਆਸਟਰੇਲੀਆ ਦੀ ਮੇਜ਼ਬਾਨੀ ਅਧੀਨ ਹੀ ਦਸੰਬਰ ਤੋਂ ਫਰਵਰੀ ਮਹੀਨਿਆਂ ਤੱਕ 50 ਓਵਰਾਂ ਤਹਿਤ ਹੁੰਦੀ ਆ ਰਹੀ, ਸੀ ਬੀ ਸੀਰੀਜ਼ (ਕਾਮਨਵੈਲਥ ਬੈਂਕ ਸੀਰੀਜ਼) ਜਿਸ ਨੂੰ ਤਿਕੋਨੀ ਕ੍ਰਿਕਟ ਲੜੀ ਵੀ ਕਹਿੰਦੇ ਹਨ । ਸਪੌਂਸਰਸ਼ਿੱਪ ਬਦਲਣ ਦੇ ਨਾਲ ਨਾਲ ਹੀ ਬੈਨਸਨ ਐਂਡ ਹੈਜ਼ਿਸ ਵਿਸ਼ਵ ਸੀਰੀਜ਼ ਕੱਪ ਬੈਨਸਨ ਐਂਡ ਹੈਜ਼ਿਸ ਵਿਸ਼ਵ ਸੀਰੀਜ਼ ਕਾਰਲਟਨ ਐਂਡ ਯੁਨਾਈਟਿਡ ਲੜੀ, ਕਾਰਲਟਨ ਸੀਰੀਜ਼ ਵਿਕਟੋਰੀਆ ਬਿੱਟਰ ਅਤੇ ਹੁਣ ਜਿਸ ਦਾ ਨਾਅ ਸੀ ਬੀ ਸੀਰੀਜ਼ ਹੈ । ਪਹਿਲਾਂ ਜੇਤੂ ਲਈ ਦੋ ਅੰਕ ਸਨ ਹੁਣ ਚਾਰ ਅੰਕ ਅਤੇ ਬੋਨਸ ਅੰਕ ਚਾਲੂ ਹੈ । ਰਾਊਂਡ ਰਾਬਿਨ ਅਧਾਰ ਤੇ 12 ਮੈਚ ਅਤੇ ਫਿਰ ਫਾਈਨਲ ਜੇਤ ਦਾ ਫੈਸਲਾ ਬੈਸਟ ਆਫ਼ ਥਿਰੀ ਨਾਲ ਹੁੰਦਾ ਹੈ ਪਹਿਲੇ ਮੁਕਾਬਲੇ ਦੇ ਫਾਈਨਲ ਵਿੱਚ 20 ਅਤੇ 22 ਜਨਵਰੀ 1980 ਨੂੰ  ਮੈਲਬੌਰਨ ਅਤੇ ਸਿਡਨੀ ਵਿਖੇ ਵੈਸਟ ਇੰਡੀਜ਼ ਨੇ ਇੰਗਲੈਂਡ ਨੂੰ 2 ਦੌੜਾਂ ਅਤੇ 8 ਵਿਕਟਾਂ  ਨਾਲ ਦੂਧੀਆ ਰੌਸ਼ਨੀ ਵਿੱਚ ਹਰਾਕੇ ਪਹਿਲੇ ਖ਼ਿਤਾਬ ਤੇ ਕਬਜ਼ਾ ਕੀਤਾ ਸੀ । ਭਾਰਤ ਨੇ ਸਿਰਫ਼ ਇੱਕ ਵਾਰ 3 ਫਰਵਰੀ ਤੋਂ 4 ਮਾਰਚ 2008 ਤੱਕ ਹੋਇਆ ਪਿਛਲਾ ਮੁਕਾਬਲਾ ਹੀ ਆਸਟਰੇਲੀਆ ਨੂੰ ਸਿਡਨੀ ਅਤੇ ਬਰਿਸਬਨ ਵਿੱਚ 2 ਅਤੇ 4 ਮਾਰਚ (ਦਿਨ/ਰਾਤ)ਨੂੰ ਹੋਏ ਫਾਈਨਲ ਵਿੱਚ 6 ਵਿਕਟਾਂ ਅਤੇ 9 ਦੌੜਾਂ ਨਾਲ ਮਾਤ ਦੇ ਕੇ ਜਿਤਿਆ ਹੈ ।             
                               ਇਸ ਵਾਰੀ ਦੇ ਆਸਟਰੇਲੀਆ ਟੂਰ ਅਤੇ ਸੀ ਬੀ ਸੀਰੀਜ਼ ਵਿੱਚ ਭਾਰਤੀ ਟੀਮ ਚਾਰੋਂ ਖਾਨੇ ਚਿੱਤ ਹੋਈ ਹੈ । ਜਿਸ ਨੇ ਚਾਰ ਦੇ ਚਾਰ ਟੈਸਟ ਮੈਚ ਹਾਰਦਿਆਂ ਪਹਿਲੀ ਫਰਵਰੀ ਵਾਲਾ ਟੀ-20 ਵੀ ਹਾਰਿਆ । ਪਰ 3 ਫਰਵਰੀ ਵਾਲਾ ਟੀ-20 ਅੱਠ ਵਿਕਟਾਂ ਨਾਲ ਜਿਤਿਆ । ਇਸ ਤੋ ਪਹਿਲਾਂ ਇੰਗਲੈਡ ਵਿੱਚ ਵੀ ਬੁਰੀ ਤਰ੍ਹਾਂ ਹਾਰ ਚੁੱਕੀ ਟੀਮ ਸੀ ਬੀ ਸੀਰੀਜ਼ ਦੇ ਤੀਹਵੇਂ ਮੁਕਾਬਲੇ ਦਾ ਪਹਿਲਾ ਮੈਚ ਵੀ 5 ਫਰਵਰੀ 2012 ਨੂੰ ਮੈਲਬੌਰਨ ਵਿੱਚ ਆਸਟਰੇਲੀਆ ਵਿਰੁੱਧ ਡੱਕ ਲੂਈਸ ਨਿਯਮ ਤਹਿਤ 65 ਦੌੜਾਂ ਨਾਲ ਹਾਰ ਗਈ । ਭਾਰਤ ਨੇ ਇਸ ਸੀਰੀਜ਼ ਤਹਿਤ 8 ਮੈਚ ਖੇਡੇ 3 ਜਿੱਤੇ,4 ਹਾਰੇ,ਇੱਕ ਮੈਚ ਸ਼੍ਰੀ ਲੰਕਾ ਨਾਲ ਟਾਈਡ ਰਿਹਾ ,ਇੱਕ ਬੋਨਸ ਅੰਕ ਨਾਲ 15 ਅੰਕ ਲਏ । ਕੁੱਲ 1793 ਰਨ ਬਣਾਏ ਅਤੇ ਭਾਰਤ ਸਿਰ 2103 ਸਕੋਰ ਹੋਇਆ । ਜਦੋਂ ਕਿ ਆਸਟਰੇਲੀਆ ਨੇ 8 ਮੈਚਾਂ ਵਿੱਚੋਂ 4 ਜਿੱਤੇ 4 ਹਾਰੇ 3 ਬੋਨਸ ਅੰਕਾਂ ਨਾਲ 19 ਅੰਕ ਲੈ ਕੇ ਦੂਜਾ ਸਥਾਨ ਲਿਆ । ਉਸ ਨੇ 1916 ਰਨ ਬਣਾਏ ਅਤੇ ਉਸ ਸਿਰ 1663 ਰਨ ਬਣੇ । ਪਰ ਸ਼੍ਰੀਲੰਕਾ ਨੇ 4 ਮੈਚ ਜਿੱਤੇ,3 ਹਾਰੇ ਇੱਕ ਟਾਈ ਰਖਦਿਆਂ ਵਧੀਆ ਰਨ ਰੇਟ ਨਾਲ 19 ਅੰਕ ਲੈ ਕੇ ਪਹਿਲਾ ਸਥਾਨ ਲਿਆ । ਇਸ ਨੇ 1977 ਰਨ ਬਣਾਏ ਅਤੇ ਇਸ ਸਿਰ 1920 ਰਨ ਹੀ ਬਣੇ । ਆਸਟਰੇਲੀਆ ਨੇ ਪਹਿਲਾ ਅਤੇ ਤੀਜਾ ਫਾਈਨਲ 4 ਮਾਰਚ ਬਰਿਸਬਨ ਅਤੇ 8 ਮਾਰਚ ਐਡੀਲੇਡ (ਦਿਨ /ਰਾਤ) ਦੇ ਮੈਚਾਂ ਵਿੱਚ 15 ਅਤੇ 16 ਰਨਜ਼ ਨਾਲ ਜਿੱਤਦਿਆਂ 19 ਵੀਂ ਵਾਰੀ ਖ਼ਿਤਾਬ ਹਾਸਲ ਕੀਤਾ । ਭਾਵੇ ਸ਼੍ਰੀ ਲੰਕਾ ਨੇ 6 ਮਾਰਚ ਵਾਲਾ ਦੂਜਾ ਫਾਈਨਲ 8 ਵਿਕਟਾਂ ਨਾਲ ਜਿੱਤ ਕੇ ਦਿਲਚਸਪੀ ਬਣਾਈ ਰੱਖੀ । ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਸੀਰੀਜ਼ ਦਾ ਉੱਚ ਸਕੋਰ 163(157) ਰਨ ਆਸਟਰੇਲੀਆ ਦੇ ਡੇਵਿਡ ਵਾਰਨਰ ਦਾ ਸ਼੍ਰੀਲੰਕਾ ਵਿਰੁੱਧ ਪਹਿਲੇ ਫਾਈਨਲ ਵਿੱਚ ਰਿਹਾ। ਦੂਜੇ ਫਾਈਨਲ ਵਿੱਚ ਆਸਟਰੇਲੀਆ ਦੇ ਮਾਈਕਲ ਕਲਾਰਕ ਨੇ 117(91) ਰਨ ਅਤੇ ਦਿਲਸ਼ਾਨ ਨੇ 106(119) ਰਨ ਬਣਾਏ । ਕੁੱਲ ਬਣੇ 6 ਸੈਂਕੜਿਆਂ ਵਿੱਚੋ ਅੱਧੇ ਫਾਈਨਲ ਵਿੱਚ ਹੀ ਬਣੇ । ਪਹਿਲੇ 9 ਮੈਚਾਂ ਵਿੱਚ ਕੋਈ ਸੈਂਕੜਾ ਨਹੀਂ ਸੀ ਬਣ ਸਕਿਆ । ਭਾਰਤ ਦੇ ਵਿਰਾਟ ਕੋਹਲੀ ਨੇ ਸ਼੍ਰੀਲੰਕਾ ਵਿਰੁੱਧ 133(86) ਰਨ ਬਣਾਏ । ਏਸੇ ਮੈਚ ਵਿੱਚ ਤਿਲਕਰਤਨੇ ਦਿਲਸ਼ਾਨ ਨੇ 160(165) ਰਨ ਨਾਟ ਆਊਟ ਸਕੋਰ ਕੀਤਾ । ਆਸਟਰੇਲੀਆ ਦੇ ਪੀਟਰ ਫੌਰਿਸਟ ਨੇ 104(138) ਰਨ ਟੀਮ ਲਈ ਜੋੜੇ ।
                            ਕੁੱਝ ਹੋਰ ਦਿਲਚਸਪ ਰਿਕਾਰਡ ਵੀ ਬਣੇ । ਪਰ ਸੀ ਬੀ ਸੀਰੀਜ਼ ਦਾ ਕੋਈ ਵੀ ਇਤਿਹਾਸਕ ਰਿਕਾਰਡ ਨਹੀਂ ਟੁੱਟ ਸਕਿਆ । ਇਸ ਵਾਰੀ ਸਭ ਤੋਂ ਵੱਧ 2 ਸੈਂਕੜਿਆਂ ਦੀ ਮਦਦ ਨਾਲ ਦਿਲਸ਼ਾਨ ਨੇ 513 ਰਨ ਬਣਾਏ ਅਤੇ ਸਭ ਤੋਂ ਵੱਧ 18 ਵਿਕਟਾਂ ਸ਼੍ਰੀਲੰਕਾ ਦੇ ਹੀ ਮਲਿੰਗਾ ਨੇ ਲਈਆਂ । ਟੀਮ ਉੱਚ ਸਕੋਰ 321/3 (36.4) ਭਾਰਤ ਦਾ ਸ਼੍ਰੀ ਲੰਕਾ ਵਿਰੁੱਧ ਹੌਬਰਟ ਵਿੱਚ ਰਿਹਾ । ਆਸਟਰੇਲੀਆ ਨੇ ਭਾਰਤ ਨੂੰ ਬਰਿਸਬਨ ਵਿੱਚ  110 ਦੌੜਾਂ ਨਾਲ,ਸ਼੍ਰੀਲੰਕਾ ਨੇ ਆਸਟਰੇਲੀਆਂ ਨੂੰ ਸਿਡਨੀ ਵਿੱਚ 8 ਵਿਕਟਾਂ ਨਾਲ, ਜਦੋਂ ਕਿ 101 ਗੇਂਦਾ ਵੀ ਬਾਕੀ ਸਨ ,ਵੱਡੇ ਜਿੱਤ ਮਾਰਜਿਨ ਰਹੇ ਹਨ । ਆਸਟਰੇਲੀਆ ਨੇ ਬਰਿਸਬਨ ਵਿੱਚ ਭਾਰਤ ਵਿਰੁੱਧ ਖੇਡਦਿਆਂ ਸਭ ਤੋਂ ਵੱਧ 26 ਵਾਧੂ ਰਨ ਦਿੱਤੇ । ਡੀ ਜੇ ਹਸੀ ਨੇ ਸਭ ਤੋਂ ਵੱਧ 5 ਨੀਮ ਸੈਂਕੜੇ ਬਣਾਏ । ਸਭ ਤੋਂ ਵੱਧ 4 ਛੱਕੇ ਮਾਈਕਲ ਕਲਾਰਕ ਨੇ ਲਾਏ । ਪਰ ਭਾਰਤ ਦੇ ਵਿਰਾਟ ਕੋਹਲੀ ਨੇ ਇਸ ਪੱਖ ਤੋ 16 ਚੌਕਿਆ ਅਤੇ 2 ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ ਰਨ ਬਣਾਏ । ਆਸਟਰੇਲੀਆ ਦਾ ਐਮ ਐਸ ਵਾਡੇ 17 ਕੈਚ ਅਤੇ 2 ਸਟੰਪ ਆਊਟ ਨਾਲ ਸਿਖਰ ਤੇ ਰਿਹਾ । ਪਲੇਅਰ ਆਫ਼ ਦਾ ਸੀਰੀਜ਼ ਤਿਲਕਰਤਨੇ ਦਿਲਸ਼ਾਨ ਅਖਵਾਇਆ
                          ਕ੍ਰਿਕਟ ਦੇ ਇਸ ਵਕਾਰੀ ਟੂਰਨਾਂਮੈਂਟ ਵਿੱਚ  ਹੁਣ ਤੱਕ 9 ਮੁਲਕ ਆਸਟਰੇਲੀਆ,ਵੈਸਟ ਇੰਡੀਜ਼,ਇੰਗਲੈਂਡ,ਨਿਊਜ਼ੀਲੈਂਡ,ਭਾਰਤ,ਪਾਕਿਸਤਾਨ,ਸ਼੍ਰੀਲੰਕਾ,ਦੱਖਣੀ ਅਫਰੀਕਾ,ਅਤੇ ਜ਼ਿੰਬਾਬਵੇ ਨੇ ਹੀ ਸ਼ਿਰਕਤ ਕੀਤੀ ਹੈ । ਸਾਰੇ ਦੇ ਸਾਰੇ 30 ਮਕੁਬਲਿਆਂ ਵਿੱਚ ਹਿੱਸਾ ਲੈਂਦਿਆਂ, ਆਸਟਰੇਲੀਆ ਨੇ ਸਭ ਤੋਂ ਵੱਧ 27 ਫਾਈਨਲ ਖੇਡਕੇ 19 ਜਿੱਤੇ ਹਨ । ਵੈਸਟ ਇੰਡੀਜ਼ ਨੇ 8 ਫਾਈਨਲਾਂ ਚੋ 6 ਜਿੱਤੇ ਹਨ। ਇੰਗਲੈਡ ਨੇ ਵੀ ਏਨੇ ਹੀ ਫਾਈਨਲ ਤਾਂ ਖੇਡੇ ਹਨ,ਪਰ ਜਿੱਤਾਂ ਦੋ ਹੀ ਹਨ ।  ਭਾਰਤ ਅਤੇ ਪਾਕਿਸਤਾਨ ਨੇ 4-4 ਫਾਈਨਲ ਖੇਡਦਿਆਂ 1-1 ਜਿੱਤਿਆ ਹੈ । ਦੱਖਣੀ ਅਫ਼ਰੀਕਾ 3 ਫਾਈਨਲਾਂ ਚੋ ਇੱਕ ਹੀ ਜਿੱਤ ਸਕਿਆ ਹੈ। ਨਿਊਜ਼ੀਲੈਂਡ ਨੇ 5 ਅਤੇ ਸ਼੍ਰੀਲੰਕਾ ਨੇ 3 ਫਾਈਨਲ ਖੇਡਕੇ ਕੋਈ ਨਹੀਂ ਜਿਤਿਆ । ਏਸੇ ਸੰਦਰਭ ਵਿੱਚ ਜੇ ਭਾਰਤੀ ਟੀਮ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਵੇਖੀਏ ਤਾਂ ਤੱਥ ਗਵਾਹ ਬਣਦੇ ਹਨ ਕਿ ਇਹ ਟੂਰ ਦੌਰਾਂਨ ਚੱਲਿਆ ਹੋਇਆ ਕਾਰਤੂਸ ਹੀ ਕਿਓਂ ਬਣਦੀ ਹੈ ? ਜਦੋਂ ਕਿ ਆਪਣੀ ਧਰਤੀ ਤੇ ਇੰਗਲੈਡ ਅਤੇ ਵੈਸਟ ਇੰਡੀਜ ਨੂੰ ਬੁਰੀ ਤਰ੍ਹਾਂ ਹਰਾਉਣ ਵਿੱਚ ਸਫ਼ਲ ਹੁੰਦੀ ਹੈ।ਅੱਜ ਕ੍ਰਿਕਟ ਪੰਡਤਾਂ ਨੂੰ ਇਸ ਸੁਆਲ ਦਾ ਜਵਾਬ ਲੱਭਣ ਦੀ ਜ਼ਰੂਰਤ ਹੈ,ਨਾਂ ਕਿ ਜਵਾਬ ਦਾ ਜਵਾਬ ਦੇਣ ਦੀ
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ :98157-07232

Saturday, March 24, 2012

West Indies Cricketer MORTON


           ਵਿਵਾਦਾਂ ਅਤੇ ਪ੍ਰਾਪਤੀਆਂ ਦਾ ਮੁਜੱਸਮਾਂ; ਮੌਰਟਨ
                                              ਰਣਜੀਤ ਸਿੰਘ ਪ੍ਰੀਤ
               ਹਿਲਾ ਐਵਾਰਡ 1996 ਨੂੰ ਅਤੇ ਆਖ਼ਰੀ 13 ਵਾਂ ਐਵਾਰਡ 27 ਮਾਰਚ 2009 ਨੂੰ ਹਾਸਲ ਕਰਨ ਵਾਲੇ,ਵੈਸਟ ਇੰਡੀਜ਼ ਦੇ ਨਾਮਵਰ ਕ੍ਰਿਕਟ ਖਿਡਾਰੀ ਰੁਨਾਕੋ ਸ਼ਕੂਰ ਮੌਰਟਨ ਦਾ ਜਨਮ ਗਿੰਗਰਲੈਂਡ (ਨੇਵਿਸ) ਵਿੱਚ 27 ਜੁਲਾਈ 1978 ਨੂੰ ਹੋਇਆ । ਘਰੇਲੂ ਮੈਦਾਨਾਂ ਦੇ ਸ਼ਾਹ ਸਵਾਰ ਇਸ ਖਿਡਾਰੀ ਨੇ 1996 ਤੋਂ 2010 ਤੱਕ ਲੀਵਾਰਡ ਇਸਲੈਂਡ ਲਈ ਅਤੇ ਫਿਰ 2010 ਤੋਂ 2012 ਤੱਕ ਟ੍ਰਿਨਦਾਦ ਐਂਡ ਟੋਬੈਗੋ ਲਈ ਆਪਣੀ ਖੇਡ ਜਾਰੀ ਰੱਖੀ । ਅੰਡਰ-19 ਯੂਥ ਕੌਮਾਂਤਰੀ ਵੰਨ ਡੇਅ ਮੈਚ 2,5 ਅਤੇ 7 ਅਕਤੂਬਰ 1996 ਨੂੰ ਪਾਕਿਸਤਾਨ ਵਿੱਰੁੱਧ ਖੇਡੇ ਅਤੇ 35 ਦੌੜਾਂ ਬਣਾਈਆਂ । ਪਹਿਲੇ ਦਰਜੇ ਦਾ ਪਹਿਲਾ ਮੈਚ ਰੈੱਡ ਸਟਰਿਪ ਕੱਪ ਤਹਿਤ 23 ਮਈ 1997 ਨੂੰ ਓਵਲ ਵਿੱਚ ਅਤੇ ਆਖ਼ਰੀ ਮੈਚ ਵੀ ਓਵਲ ਵਿੱਚ ਹੀ 11 ਮਾਰਚ 2011 ਨੂੰ ਰੀਜ਼ਨਲ ਕੰਪੀਟੀਸ਼ਨ ਖੇਡਿਆ । ਨੌਰਟਲ ਯੂਥ ਟੂਰਨਾਮੈਟ 27 ਜੁਲਾਈ 1996 ਨੂੰ ਅਤੇ ਆਖ਼ਰੀ ਮੈਚ 14 ਦਸੰਬਰ 2007 ਨੂੰ ਦੱਖਣੀ ਅਫਰੀਕਾ ਵਿਰੁੱਧ ਈਸਟ ਲੰਡਨ ਚ ਖੇਡਿਆ ।
                         ਪਹਿਲਾ ਟੈਸਟ ਮੈਚ ਸ਼੍ਰੀਲੰਕਾ ਵਿਰੁੱਧ 13 ਜੁਲਾਈ 2005 ਨੂੰ ਕੋਲੰਬੋ ਵਿੱਚ  ਖੇਡਿਆ । ਆਪਣੀ ਪਹਿਲੀ ਪਾਰੀ ਵਿੱਚ ਚਾਰ ਚੌਕੇ ,ਇੱਕ ਛੱਕੇ ਦੀ ਮਦਦ ਨਾਲ 74 ਗੇਂਦਾਤੇ 43 ਰਨ ਬਣਾਏ ਅਤੇ ਮੁਰਲੀਧਰਨ ਨੇ ਬੋਲਡ ਆਊਟ ਕੀਤਾ । 30 ਮਈ 2008 ਨੂੰ ਐਂਟੀਗੁਆ ਵਿੱਚ ਆਸਟਰੇਲੀਆ ਵਿਰੁੱਧ ਆਖ਼ਰੀ ਟੈਸਟ ਖੇਡਿਆ । ਰੁਨਾਕੋ ਨੇ 2 ਰਨ ਹੀ ਬਣਾਏ । ਇੱਕ ਰੋਜ਼ਾ ਪਹਿਲਾ ਮੈਚ 15 ਫਰਵਰੀ 2002 ਨੂੰ ਪਾਕਿਸਤਾਨ ਵਿਰੁੱਧ ਸ਼ਾਰਜਾਹ ਵਿਖੇ ਖੇਡਦਿਆਂ 16 ਰਨ ਹੀ ਬਣਾਏ ਅਤੇ ਮੁਹੰਮਦ ਸਮੀ ਨੇ ਬੋਲਡ ਕਰਿਆ । ਆਖ਼ਰੀ ਮੈਚ ਆਸਟਰੇਲੀਆ ਵਿਰੁੱਧ 9 ਫਰਵਰੀ 2010 ਨੂੰ ਓਵਲ ਵਿਖੇ ਖੇਡਦਿਆਂ 4 ਦੌੜਾਂ ਹੀ ਬਣਾਈਆਂ ।
                ਟੀ-20 ਖੇਤਰ ਦਾ ਪਹਿਲਾ ਕੌਮਾਂਤਰੀ ਮੈਚ 16 ਫਰਵਰੀ 2006 ਨੂੰ ਨਿਊਜ਼ੀਲੈਂਡ ਵਿਰੁੱਧ ਖੇਡਿਆ ਅਤੇ 4 ਰਨ ਹੀ ਬਣਾਏ । ਆਸਟਰੇਲੀਆ ਖ਼ਿਲਾਫ਼ ਆਖ਼ਰੀ ਮੈਚ 23 ਫਰਵਰੀ 2010 ਨੂੰ ਸਿਡਨੀ ਵਿੱਚ ਸਕੋਰ ਜ਼ੀਰੋ ਨਾਲ ਖੇਡਿਆ । ਉਂਜ ਆਖ਼ਰੀ ਟੀ-20 ਬਰਿਜਟਾਊਨ ਵਿੱਚ 23 ਜਨਵਰੀ 2011 ਨੂੰ ਕਰੀਬੀਅਨ ਮੁਕਾਬਲੇ ਦੇ ਫਾਈਨਲ ਵਜੋਂ ਅਤੇ ਲਿਸਟ ਏ ਮੈਚਾਂ ਵਿੱਚ 5 ਅਕਤੂਬਰ 1997 ਤੋਂ 9 ਫਰਵਰੀ 2010 ਤੱਕ ਸ਼ਾਮਲ ਰਿਹਾ।
                       ਮੌਰਟਨ ਨੇ 15 ਟੈਸਟ ਮੈਚਾਂ ਵਿੱਚ ਉੱਚ ਸਕੋਰ 70,ਅਤੇ 4 ਅਰਧ ਸੈਕੜਿਆਂ ਦੀ ਮਦਦ ਨਾਲ 573 ਦੌੜਾਂ ਬਣਾਈਆਂ । ਬਗੈਰ ਕੋਈ ਵਿਕਟ ਲਿਆ 66 ਗੇਂਦਾ ਵੀ ਕੀਤੀਆਂ ਅਤੇ 20 ਕੈਚ ਲਏ । 56 ਕੌਮਾਂਤਰੀ ਇੱਕ ਰੋਜ਼ਾ ਮੈਚਾਂ ਵਿੱਚ ਉੱਚ ਸਕੋਰ 110 ਰਨ,2 ਸੈਂਕੜੇ 10 ਅਰਧ ਸੈਂਕੜਿਆਂ ਨਾਲ 1519 ਰਨ ਬਣਾਏ । ਗੇਦਾਂ 6 ਕੀਤੀਆਂ ਅਤੇ 20 ਕੈਚ ਲਏ । ਪਹਿਲੀ ਸ਼੍ਰੇਣੀ ਦੇ ਖੇਡੇ 95 ਮੈਚਾਂ ਵਿੱਚ 14 ਸੈਂਚੁਰੀ,37 ਹਾਫ਼ ਸੈਂਚੁਰੀ,ਉੱਚ ਸਕੋਰ 231 ਨਾਲ 5980 ਰਨ ਬਣਾਏ । ਗੇਂਦਾਂ 473 ਤੇ 8 ਵਿਕਟਾਂ ਅਤੇ 105 ਕੈਚ ਲਏ । ਲਿਸਟ ਏ ਦੇ 120 ਮੈਚਾਂ ਵਿੱਚ ਉੱਚ ਸਕੋਰ 126 ਰਨ,5 ਸੈਂਕੜੇ,24 ਅਰਧ ਸੈਂਕੜੇ, ਕੁੱਲ 3642 ਦੌੜਾਂ ਬਣਾਈਆਂ । ਕੁੱਲ 210 ਗੇਂਦਾਂ ਕਰਦਿਆਂ 8 ਵਿਕਟਾਂ ਲਈਆਂ ਅਤੇ 48 ਕੈਚ ਲਏ ।
                 ਵੈਸਟ ਇੰਡੀਜ ਅਕਾਦਮੀ ਵੱਲੋਂ ਜੁਲਾਈ 2001 ਵਿੱਚ ਬੁਰੇ ਵਤੀਰੇ ਸਦਕਾ ਪਾਬੰਦੀ, ਚੈਂਪੀਅਨਸ ਟਰਾਫੀ ਚੋ ਸਤੰਬਰ 2002 ਨੂੰ ਬਾਹਰ, ਦਾਦੀ ਦੀ ਮੌਤ ਵਾਲਾ ਝੂਠ, ਜਨਵਰੀ 2004 ਵਿੱਚ ਛੁਰੇਬਾਜੀ ਦੀ ਘਟਨਾ, ਨਸ਼ਾ ਮਾਰੀਜੁਨਾ ਫੜ੍ਹੇ ਜਾਣਾ,ਜ਼ਮਾਨਤ ਹੋਣਾ ਅਤੇ ਟੀਮ ਵਿੱਚ  ਮਈ 2005 ਨੂੰ ਤੀਜੀ ਵਾਪਸੀ ਮਿਲਣਾ ਰੁਨਾਕੋ ਦੇ ਨਾਲ ਰਿਹਾ ਹੈ ।
                    ਰੁਨਾਕੋ ਮੌਰਟਿਨ 4 ਮਾਰਚ 2012 ਐਤਵਾਰ ਦੀ ਰਾਤ ਨੂੰ ਸਰ ਸੋਲੋਮਨ ਹੌਚੀ ਹਾਈਵੇਅ ਤੇ ਕਾਰ ਡ੍ਰਾਈਵ ਕਰਦਾ ਜਾ ਰਿਹਾ ਸੀ ਕਿ ਪਿੰਡ ਚੇਸ ਚਾਗੂਅਨਜ਼ ਵਿਖੇ ਉਹ ਕਾਰ ਤੋਂ ਕੰਟਰੋਲ ਗੁਆ ਬੈਠਾ ਅਤੇ ਕਾਰ ਪੋਲ ਨਾਲ ਟਕਰਾ ਗਈ । ਇਸ ਦੁਖਦਾਈ ਹਾਦਸੇ ਵਿੱਚ 33 ਸਾਲ 226 ਦਿਨ ਦਾ ਰੁਨਾਕੋ ਮੌਰਟਿਨ ਸਦਾ ਸਦਾ ਲਈ ਜ਼ਿੰਦਗੀ ਚੋਂ ਹੀ ਬੋਲਡ ਆਊਟ ਹੋ ਗਿਆ । ਪਰ ਉਹ ਕ੍ਰਿਕਟ ਪ੍ਰੇਮੀਆਂ ਦਾ ਚਹੇਤਾ ਬਣਕੇ ਯਾਦਾਂ ਦਾ ਹਿੱਸਾ ਬਣਿਆਂ ਰਹੇਗਾ ।

                           *********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232