Monday, March 26, 2012

ਆਸਟਰੇਲੀਆ ਨੇ ਕ੍ਰਿਕਟ ਦੀ ਬਾਦਸ਼ਾਹਤ ਖੁੱਸਣ ਨਾ ਦਿੱਤੀ


     ਆਸਟਰੇਲੀਆ ਨੇ ਕ੍ਰਿਕਟ ਦੀ ਬਾਦਸ਼ਾਹਤ ਖੁੱਸਣ ਨਾ ਦਿੱਤੀ
                                          ਰਣਜੀਤ ਸਿੰਘ ਪ੍ਰੀਤ
                          ਨਵੰਬਰ 1979 ਤੋਂ ਹੁਣ ਤੱਕ ਆਸਟਰੇਲੀਆ ਦੀ ਮੇਜ਼ਬਾਨੀ ਅਧੀਨ ਹੀ ਦਸੰਬਰ ਤੋਂ ਫਰਵਰੀ ਮਹੀਨਿਆਂ ਤੱਕ 50 ਓਵਰਾਂ ਤਹਿਤ ਹੁੰਦੀ ਆ ਰਹੀ, ਸੀ ਬੀ ਸੀਰੀਜ਼ (ਕਾਮਨਵੈਲਥ ਬੈਂਕ ਸੀਰੀਜ਼) ਜਿਸ ਨੂੰ ਤਿਕੋਨੀ ਕ੍ਰਿਕਟ ਲੜੀ ਵੀ ਕਹਿੰਦੇ ਹਨ । ਸਪੌਂਸਰਸ਼ਿੱਪ ਬਦਲਣ ਦੇ ਨਾਲ ਨਾਲ ਹੀ ਬੈਨਸਨ ਐਂਡ ਹੈਜ਼ਿਸ ਵਿਸ਼ਵ ਸੀਰੀਜ਼ ਕੱਪ ਬੈਨਸਨ ਐਂਡ ਹੈਜ਼ਿਸ ਵਿਸ਼ਵ ਸੀਰੀਜ਼ ਕਾਰਲਟਨ ਐਂਡ ਯੁਨਾਈਟਿਡ ਲੜੀ, ਕਾਰਲਟਨ ਸੀਰੀਜ਼ ਵਿਕਟੋਰੀਆ ਬਿੱਟਰ ਅਤੇ ਹੁਣ ਜਿਸ ਦਾ ਨਾਅ ਸੀ ਬੀ ਸੀਰੀਜ਼ ਹੈ । ਪਹਿਲਾਂ ਜੇਤੂ ਲਈ ਦੋ ਅੰਕ ਸਨ ਹੁਣ ਚਾਰ ਅੰਕ ਅਤੇ ਬੋਨਸ ਅੰਕ ਚਾਲੂ ਹੈ । ਰਾਊਂਡ ਰਾਬਿਨ ਅਧਾਰ ਤੇ 12 ਮੈਚ ਅਤੇ ਫਿਰ ਫਾਈਨਲ ਜੇਤ ਦਾ ਫੈਸਲਾ ਬੈਸਟ ਆਫ਼ ਥਿਰੀ ਨਾਲ ਹੁੰਦਾ ਹੈ ਪਹਿਲੇ ਮੁਕਾਬਲੇ ਦੇ ਫਾਈਨਲ ਵਿੱਚ 20 ਅਤੇ 22 ਜਨਵਰੀ 1980 ਨੂੰ  ਮੈਲਬੌਰਨ ਅਤੇ ਸਿਡਨੀ ਵਿਖੇ ਵੈਸਟ ਇੰਡੀਜ਼ ਨੇ ਇੰਗਲੈਂਡ ਨੂੰ 2 ਦੌੜਾਂ ਅਤੇ 8 ਵਿਕਟਾਂ  ਨਾਲ ਦੂਧੀਆ ਰੌਸ਼ਨੀ ਵਿੱਚ ਹਰਾਕੇ ਪਹਿਲੇ ਖ਼ਿਤਾਬ ਤੇ ਕਬਜ਼ਾ ਕੀਤਾ ਸੀ । ਭਾਰਤ ਨੇ ਸਿਰਫ਼ ਇੱਕ ਵਾਰ 3 ਫਰਵਰੀ ਤੋਂ 4 ਮਾਰਚ 2008 ਤੱਕ ਹੋਇਆ ਪਿਛਲਾ ਮੁਕਾਬਲਾ ਹੀ ਆਸਟਰੇਲੀਆ ਨੂੰ ਸਿਡਨੀ ਅਤੇ ਬਰਿਸਬਨ ਵਿੱਚ 2 ਅਤੇ 4 ਮਾਰਚ (ਦਿਨ/ਰਾਤ)ਨੂੰ ਹੋਏ ਫਾਈਨਲ ਵਿੱਚ 6 ਵਿਕਟਾਂ ਅਤੇ 9 ਦੌੜਾਂ ਨਾਲ ਮਾਤ ਦੇ ਕੇ ਜਿਤਿਆ ਹੈ ।             
                               ਇਸ ਵਾਰੀ ਦੇ ਆਸਟਰੇਲੀਆ ਟੂਰ ਅਤੇ ਸੀ ਬੀ ਸੀਰੀਜ਼ ਵਿੱਚ ਭਾਰਤੀ ਟੀਮ ਚਾਰੋਂ ਖਾਨੇ ਚਿੱਤ ਹੋਈ ਹੈ । ਜਿਸ ਨੇ ਚਾਰ ਦੇ ਚਾਰ ਟੈਸਟ ਮੈਚ ਹਾਰਦਿਆਂ ਪਹਿਲੀ ਫਰਵਰੀ ਵਾਲਾ ਟੀ-20 ਵੀ ਹਾਰਿਆ । ਪਰ 3 ਫਰਵਰੀ ਵਾਲਾ ਟੀ-20 ਅੱਠ ਵਿਕਟਾਂ ਨਾਲ ਜਿਤਿਆ । ਇਸ ਤੋ ਪਹਿਲਾਂ ਇੰਗਲੈਡ ਵਿੱਚ ਵੀ ਬੁਰੀ ਤਰ੍ਹਾਂ ਹਾਰ ਚੁੱਕੀ ਟੀਮ ਸੀ ਬੀ ਸੀਰੀਜ਼ ਦੇ ਤੀਹਵੇਂ ਮੁਕਾਬਲੇ ਦਾ ਪਹਿਲਾ ਮੈਚ ਵੀ 5 ਫਰਵਰੀ 2012 ਨੂੰ ਮੈਲਬੌਰਨ ਵਿੱਚ ਆਸਟਰੇਲੀਆ ਵਿਰੁੱਧ ਡੱਕ ਲੂਈਸ ਨਿਯਮ ਤਹਿਤ 65 ਦੌੜਾਂ ਨਾਲ ਹਾਰ ਗਈ । ਭਾਰਤ ਨੇ ਇਸ ਸੀਰੀਜ਼ ਤਹਿਤ 8 ਮੈਚ ਖੇਡੇ 3 ਜਿੱਤੇ,4 ਹਾਰੇ,ਇੱਕ ਮੈਚ ਸ਼੍ਰੀ ਲੰਕਾ ਨਾਲ ਟਾਈਡ ਰਿਹਾ ,ਇੱਕ ਬੋਨਸ ਅੰਕ ਨਾਲ 15 ਅੰਕ ਲਏ । ਕੁੱਲ 1793 ਰਨ ਬਣਾਏ ਅਤੇ ਭਾਰਤ ਸਿਰ 2103 ਸਕੋਰ ਹੋਇਆ । ਜਦੋਂ ਕਿ ਆਸਟਰੇਲੀਆ ਨੇ 8 ਮੈਚਾਂ ਵਿੱਚੋਂ 4 ਜਿੱਤੇ 4 ਹਾਰੇ 3 ਬੋਨਸ ਅੰਕਾਂ ਨਾਲ 19 ਅੰਕ ਲੈ ਕੇ ਦੂਜਾ ਸਥਾਨ ਲਿਆ । ਉਸ ਨੇ 1916 ਰਨ ਬਣਾਏ ਅਤੇ ਉਸ ਸਿਰ 1663 ਰਨ ਬਣੇ । ਪਰ ਸ਼੍ਰੀਲੰਕਾ ਨੇ 4 ਮੈਚ ਜਿੱਤੇ,3 ਹਾਰੇ ਇੱਕ ਟਾਈ ਰਖਦਿਆਂ ਵਧੀਆ ਰਨ ਰੇਟ ਨਾਲ 19 ਅੰਕ ਲੈ ਕੇ ਪਹਿਲਾ ਸਥਾਨ ਲਿਆ । ਇਸ ਨੇ 1977 ਰਨ ਬਣਾਏ ਅਤੇ ਇਸ ਸਿਰ 1920 ਰਨ ਹੀ ਬਣੇ । ਆਸਟਰੇਲੀਆ ਨੇ ਪਹਿਲਾ ਅਤੇ ਤੀਜਾ ਫਾਈਨਲ 4 ਮਾਰਚ ਬਰਿਸਬਨ ਅਤੇ 8 ਮਾਰਚ ਐਡੀਲੇਡ (ਦਿਨ /ਰਾਤ) ਦੇ ਮੈਚਾਂ ਵਿੱਚ 15 ਅਤੇ 16 ਰਨਜ਼ ਨਾਲ ਜਿੱਤਦਿਆਂ 19 ਵੀਂ ਵਾਰੀ ਖ਼ਿਤਾਬ ਹਾਸਲ ਕੀਤਾ । ਭਾਵੇ ਸ਼੍ਰੀ ਲੰਕਾ ਨੇ 6 ਮਾਰਚ ਵਾਲਾ ਦੂਜਾ ਫਾਈਨਲ 8 ਵਿਕਟਾਂ ਨਾਲ ਜਿੱਤ ਕੇ ਦਿਲਚਸਪੀ ਬਣਾਈ ਰੱਖੀ । ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਸੀਰੀਜ਼ ਦਾ ਉੱਚ ਸਕੋਰ 163(157) ਰਨ ਆਸਟਰੇਲੀਆ ਦੇ ਡੇਵਿਡ ਵਾਰਨਰ ਦਾ ਸ਼੍ਰੀਲੰਕਾ ਵਿਰੁੱਧ ਪਹਿਲੇ ਫਾਈਨਲ ਵਿੱਚ ਰਿਹਾ। ਦੂਜੇ ਫਾਈਨਲ ਵਿੱਚ ਆਸਟਰੇਲੀਆ ਦੇ ਮਾਈਕਲ ਕਲਾਰਕ ਨੇ 117(91) ਰਨ ਅਤੇ ਦਿਲਸ਼ਾਨ ਨੇ 106(119) ਰਨ ਬਣਾਏ । ਕੁੱਲ ਬਣੇ 6 ਸੈਂਕੜਿਆਂ ਵਿੱਚੋ ਅੱਧੇ ਫਾਈਨਲ ਵਿੱਚ ਹੀ ਬਣੇ । ਪਹਿਲੇ 9 ਮੈਚਾਂ ਵਿੱਚ ਕੋਈ ਸੈਂਕੜਾ ਨਹੀਂ ਸੀ ਬਣ ਸਕਿਆ । ਭਾਰਤ ਦੇ ਵਿਰਾਟ ਕੋਹਲੀ ਨੇ ਸ਼੍ਰੀਲੰਕਾ ਵਿਰੁੱਧ 133(86) ਰਨ ਬਣਾਏ । ਏਸੇ ਮੈਚ ਵਿੱਚ ਤਿਲਕਰਤਨੇ ਦਿਲਸ਼ਾਨ ਨੇ 160(165) ਰਨ ਨਾਟ ਆਊਟ ਸਕੋਰ ਕੀਤਾ । ਆਸਟਰੇਲੀਆ ਦੇ ਪੀਟਰ ਫੌਰਿਸਟ ਨੇ 104(138) ਰਨ ਟੀਮ ਲਈ ਜੋੜੇ ।
                            ਕੁੱਝ ਹੋਰ ਦਿਲਚਸਪ ਰਿਕਾਰਡ ਵੀ ਬਣੇ । ਪਰ ਸੀ ਬੀ ਸੀਰੀਜ਼ ਦਾ ਕੋਈ ਵੀ ਇਤਿਹਾਸਕ ਰਿਕਾਰਡ ਨਹੀਂ ਟੁੱਟ ਸਕਿਆ । ਇਸ ਵਾਰੀ ਸਭ ਤੋਂ ਵੱਧ 2 ਸੈਂਕੜਿਆਂ ਦੀ ਮਦਦ ਨਾਲ ਦਿਲਸ਼ਾਨ ਨੇ 513 ਰਨ ਬਣਾਏ ਅਤੇ ਸਭ ਤੋਂ ਵੱਧ 18 ਵਿਕਟਾਂ ਸ਼੍ਰੀਲੰਕਾ ਦੇ ਹੀ ਮਲਿੰਗਾ ਨੇ ਲਈਆਂ । ਟੀਮ ਉੱਚ ਸਕੋਰ 321/3 (36.4) ਭਾਰਤ ਦਾ ਸ਼੍ਰੀ ਲੰਕਾ ਵਿਰੁੱਧ ਹੌਬਰਟ ਵਿੱਚ ਰਿਹਾ । ਆਸਟਰੇਲੀਆ ਨੇ ਭਾਰਤ ਨੂੰ ਬਰਿਸਬਨ ਵਿੱਚ  110 ਦੌੜਾਂ ਨਾਲ,ਸ਼੍ਰੀਲੰਕਾ ਨੇ ਆਸਟਰੇਲੀਆਂ ਨੂੰ ਸਿਡਨੀ ਵਿੱਚ 8 ਵਿਕਟਾਂ ਨਾਲ, ਜਦੋਂ ਕਿ 101 ਗੇਂਦਾ ਵੀ ਬਾਕੀ ਸਨ ,ਵੱਡੇ ਜਿੱਤ ਮਾਰਜਿਨ ਰਹੇ ਹਨ । ਆਸਟਰੇਲੀਆ ਨੇ ਬਰਿਸਬਨ ਵਿੱਚ ਭਾਰਤ ਵਿਰੁੱਧ ਖੇਡਦਿਆਂ ਸਭ ਤੋਂ ਵੱਧ 26 ਵਾਧੂ ਰਨ ਦਿੱਤੇ । ਡੀ ਜੇ ਹਸੀ ਨੇ ਸਭ ਤੋਂ ਵੱਧ 5 ਨੀਮ ਸੈਂਕੜੇ ਬਣਾਏ । ਸਭ ਤੋਂ ਵੱਧ 4 ਛੱਕੇ ਮਾਈਕਲ ਕਲਾਰਕ ਨੇ ਲਾਏ । ਪਰ ਭਾਰਤ ਦੇ ਵਿਰਾਟ ਕੋਹਲੀ ਨੇ ਇਸ ਪੱਖ ਤੋ 16 ਚੌਕਿਆ ਅਤੇ 2 ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ ਰਨ ਬਣਾਏ । ਆਸਟਰੇਲੀਆ ਦਾ ਐਮ ਐਸ ਵਾਡੇ 17 ਕੈਚ ਅਤੇ 2 ਸਟੰਪ ਆਊਟ ਨਾਲ ਸਿਖਰ ਤੇ ਰਿਹਾ । ਪਲੇਅਰ ਆਫ਼ ਦਾ ਸੀਰੀਜ਼ ਤਿਲਕਰਤਨੇ ਦਿਲਸ਼ਾਨ ਅਖਵਾਇਆ
                          ਕ੍ਰਿਕਟ ਦੇ ਇਸ ਵਕਾਰੀ ਟੂਰਨਾਂਮੈਂਟ ਵਿੱਚ  ਹੁਣ ਤੱਕ 9 ਮੁਲਕ ਆਸਟਰੇਲੀਆ,ਵੈਸਟ ਇੰਡੀਜ਼,ਇੰਗਲੈਂਡ,ਨਿਊਜ਼ੀਲੈਂਡ,ਭਾਰਤ,ਪਾਕਿਸਤਾਨ,ਸ਼੍ਰੀਲੰਕਾ,ਦੱਖਣੀ ਅਫਰੀਕਾ,ਅਤੇ ਜ਼ਿੰਬਾਬਵੇ ਨੇ ਹੀ ਸ਼ਿਰਕਤ ਕੀਤੀ ਹੈ । ਸਾਰੇ ਦੇ ਸਾਰੇ 30 ਮਕੁਬਲਿਆਂ ਵਿੱਚ ਹਿੱਸਾ ਲੈਂਦਿਆਂ, ਆਸਟਰੇਲੀਆ ਨੇ ਸਭ ਤੋਂ ਵੱਧ 27 ਫਾਈਨਲ ਖੇਡਕੇ 19 ਜਿੱਤੇ ਹਨ । ਵੈਸਟ ਇੰਡੀਜ਼ ਨੇ 8 ਫਾਈਨਲਾਂ ਚੋ 6 ਜਿੱਤੇ ਹਨ। ਇੰਗਲੈਡ ਨੇ ਵੀ ਏਨੇ ਹੀ ਫਾਈਨਲ ਤਾਂ ਖੇਡੇ ਹਨ,ਪਰ ਜਿੱਤਾਂ ਦੋ ਹੀ ਹਨ ।  ਭਾਰਤ ਅਤੇ ਪਾਕਿਸਤਾਨ ਨੇ 4-4 ਫਾਈਨਲ ਖੇਡਦਿਆਂ 1-1 ਜਿੱਤਿਆ ਹੈ । ਦੱਖਣੀ ਅਫ਼ਰੀਕਾ 3 ਫਾਈਨਲਾਂ ਚੋ ਇੱਕ ਹੀ ਜਿੱਤ ਸਕਿਆ ਹੈ। ਨਿਊਜ਼ੀਲੈਂਡ ਨੇ 5 ਅਤੇ ਸ਼੍ਰੀਲੰਕਾ ਨੇ 3 ਫਾਈਨਲ ਖੇਡਕੇ ਕੋਈ ਨਹੀਂ ਜਿਤਿਆ । ਏਸੇ ਸੰਦਰਭ ਵਿੱਚ ਜੇ ਭਾਰਤੀ ਟੀਮ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਵੇਖੀਏ ਤਾਂ ਤੱਥ ਗਵਾਹ ਬਣਦੇ ਹਨ ਕਿ ਇਹ ਟੂਰ ਦੌਰਾਂਨ ਚੱਲਿਆ ਹੋਇਆ ਕਾਰਤੂਸ ਹੀ ਕਿਓਂ ਬਣਦੀ ਹੈ ? ਜਦੋਂ ਕਿ ਆਪਣੀ ਧਰਤੀ ਤੇ ਇੰਗਲੈਡ ਅਤੇ ਵੈਸਟ ਇੰਡੀਜ ਨੂੰ ਬੁਰੀ ਤਰ੍ਹਾਂ ਹਰਾਉਣ ਵਿੱਚ ਸਫ਼ਲ ਹੁੰਦੀ ਹੈ।ਅੱਜ ਕ੍ਰਿਕਟ ਪੰਡਤਾਂ ਨੂੰ ਇਸ ਸੁਆਲ ਦਾ ਜਵਾਬ ਲੱਭਣ ਦੀ ਜ਼ਰੂਰਤ ਹੈ,ਨਾਂ ਕਿ ਜਵਾਬ ਦਾ ਜਵਾਬ ਦੇਣ ਦੀ
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ :98157-07232

No comments:

Post a Comment