Monday, March 12, 2012

ਓਲੰਪੀਅਨ ਪਰਗਟ ਸਿੰਘ ਦੇ ਨਾਅ ਇੱਕ ਹੋਰ ਰਿਕਾਰਡ


   ਓਲੰਪੀਅਨ ਪਰਗਟ ਸਿੰਘ ਦੇ ਨਾਅ ਇੱਕ ਹੋਰ ਰਿਕਾਰਡ
                         ਰਣਜੀਤ ਸਿੰਘ ਪ੍ਰੀਤ               
                            ਭਾਰਤੀ ਹਾਕੀ ਦੀ ਜਿਵੇਂ ਜਿਵੇਂ ਗੱਲ ਤੁਰਦੀ ਰਹੇਗੀ ,ਉਵੇਂ ਉਵੇਂ ਹੀ ਖੇਡ ਮੈਦਾਨ ਦੇ ਖਿਡਾਰੀ ਪਰਗਟ ਸਿੰਘ ਦੇ ਰਾਜਨੀਤੀ ਵਿੱਚ ਪ੍ਰਗਟ ਹੋਣ ਦੀ ਗੱਲ ਵੀ ਚਲਦੀ ਰਹੇਗੀ । ਉਹ ਪਹਿਲਾ ਓਲੰਪੀਅਨ ਹੈ ਜਿਸ ਨੇ ਸਿਆਸਤ ਵਿੱਚ ਵੀ ਪਨੈਲਟੀ ਕਾਰਨਰ ਤੋਂ ਗੋਲ ਕਰ ਵਿਖਾਇਆ ਹੈ । ਖੇਡ ਢਾਂਚੇ ਨੂੰ ਵਿਕਾਸ ਲੀਹਾਂ ਉੱਤੇ ਤੋਰਨ,ਅਤੇ ਵਿਸ਼ਵ ਕਬੱਡੀ ਕੱਪ ਸਫ਼ਲਤਾ ਸਹਿਤ ਨੇਪਰੇ ਚਾੜ੍ਹਨ ਨਾਲ ਉਹ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬ ਆ ਗਏ ਸਨ । ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।
                                     168 ਮੈਚਾਂ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ,313 ਕੌਮਾਂਤਰੀ ਮੈਚਾਂ ਵਿੱਚ ਚੀਨ ਦੀ ਦੀਵਾਰ ਬਣਨ ਵਾਲੇ, 5 ਫੁੱਟ 7 ਇੰਚ ਕੱਦ ਦੇ ਪਰਗਟ ਸਿੰਘ ਦਾ ਜਨਮ ਜਲੰਧਰ ਦੇ ਨੇੜੇ ਪਿੰਡ ਮਿੱਠਾਪੁਰ ਵਿੱਚ 5 ਮਾਰਚ 1965 ਨੂੰ ਹੋਇਆ । ਮੁਢਲੀ ਪੜ੍ਹਾਈ ਪਿੰਡ ਤੋਂ ਅਤੇ ਬੀ ਏ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਕੀਤੀ । ਉਹਨਾਂ ਦਾ ਵਿਆਹ ਬਰਿੰਦਰਜੀਤ ਨਾਲ ਹੋਇਆ ਅਤੇ ਬੇਟੇ ਹਰਤਾਸ ,ਬੇਟੀ ਹਰਨੂਰ ਦੇ ਪਿਤਾ ਬਣੇ । ਇਸ ਸਮੇ ਹੀ ਉਸ ਨੇ 18 ਸਾਲ ਦੀ ਉਮਰ ਵਿਚ ਕੈਨੇਡਾ ਵਿਖੇ ਜੂਨੀਅਰ ਵਿਸ਼ਵ ਕੱਪ ਖੇਡਿਆ ਪਰਗਟ ਸਿੰਘ ਬਤੌਰ ਫੁੱਲਬੈਕ ਜੂਨੀਅਰ ਅਤੇ ਸੀਨੀਅਰ ਟੀਮ ਦਾ ਅਹਿਮ ਹਿੱਸਾ ਬਣੇ ਰਹੇ । ਉਹਨਾਂ ਨੇ 1992 (ਬਾਰਸਿਲੋਨਾ) ਅਤੇ 1996 (ਅਟਲਾਂਟਾ) ਓਲੰਪਿਕ ਸਮੇ ਦੋ ਵਾਰੀ ਓਲੰਪਿਕ ਕਪਤਾਨ ਬਣਨ ਦਾ ਰਿਕਾਰਡ ਬਣਾਇਆਐਟਲਾਂਟਾ ਓਲੰਪਿਕ ਸਮੇ ਖੇਡ ਦਲ ਦੇ ਮੁਹਰੀ ਵਜੋਂ ਭਾਰਤੀ ਝੰਡਾ ਲੈ ਕੇ ਤੁਰਨ ਦਾ ਮਾਣ ਵੀ ਹਾਸਲ ਕੀਤਾ ।
                      ਸੁਰਜੀਤ ਸਿੰਘ ਯਾਦਗਾਰੀ ਟੂਰਨਾਮੈਟ ਸੁਸਾਇਟੀ ਜਲੰਧਰ ਦੇ ਮੀਤ ਪ੍ਰਧਾਨ,ਦੁਨੀਆਂ ਦੇ ਧੜੱਲੇਦਾਰ ਫੁੱਲਬੈਕ ਪਰਗਟ ਸਿੰਘ ਨੇ ਪਰਥ ਚੈਂਪੀਅਨਜ਼ ਟਰਾਫ਼ੀ 1985 ਦੌਰਾਂਨ ਜਰਮਨੀ ਵਿਰੁੱਧ ਭਾਰਤੀ ਟੀਮ ਦੇ 1-5 ਨਾਲ ਪਛੜਨਤੇ ਵੀ ਅਜਿਹਾ ਕਾਰਨਾਮਾ ਕਰ ਵਿਖਾਇਆ ਕਿ ਮੈਚ ਦੇ ਅਖੀਰਲੇ 6 ਮਿੰਟਾਂ ਵਿੱਚ 4 ਵਾਰੀ ਗੋਲ ਫੱਟਾ ਖੜਕਿਆ ਅਤੇ ਮੈਚ 5-5 ਗੋਲਾਂ ਨਾਲ ਬਰਾਬਰ ਤੇ ਖ਼ਤਮ ਹੋਇਆ । ਇਹੀ ਕਾਰਨਾਮਾ 1986 ਦੀ ਕਰਾਚੀ ਟਰਾਫ਼ੀ ਸਮੇ ਹਾਲੈਂਡ ਨੂੰ 3-2 ਨਾਲ ਮਾਤ ਦਿੰਦਿਆਂ ਦੁਹਰਾਇਆ।
                                       ਪਰਗਟ ਸਿੰਘ ਨੂੰ ਚੰਡੀਗੜ੍ਹ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ 1985 ਵਿੱਚ, ਅਰਜੁਨਾ ਐਵਾਰਡ ਅਤੇ ਦਿੱਲੀ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ 1989 ਵਿੱਚ,ਰਾਜੀਵ ਗਾਂਧੀ ਖੇਲ ਰਤਨ ਐਵਾਰਡ 1996 ਵਿੱਚ,ਪਦਮ ਸ਼੍ਰੀ ਐਵਾਰਡ 1998 ਵਿੱਚ,ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ 2006 ਵਿੱਚ ਮਿਲੇ ਹਨ । ਖੇਡ ਖੇਤਰ ਵਿੱਚ ਉਹ 1983 ਤੋਂ 1997 ਤੱਕ ਲਗਾਤਾਰ ਹਾਕੀ ਦੇ ਨਾਮੀ ਖਿਡਾਰੀ ਬਣੇ ਰਹੇ । ਉਹਨਾਂ ਨੇ ਓਲੰਪਿਕ ਖੇਡਾਂ,ਵਿਸ਼ਵ ਕੱਪ,ਚੈਂਪੀਅਨਜ਼ ਟਰਾਫ਼ੀ, ਏਸ਼ੀਆਈ ਖੇਡਾਂ, ਸੈਫ਼ਖੇਡਾਂ, ਏਸ਼ੀਆ ਕੱਪ, ਪਾਕਿਸਤਾਨ,ਇਟਲੀ,ਕੀਨੀਆਂ ਵਿਰੁੱਧ ਟੈਸਟ ਸੀਰੀਜ਼,ਇੰਦਰਾ ਗਾਂਧੀ ਗੋਲਡ ਕੱਪ,ਤੋਂ ਇਲਾਵਾ 1987 ਵਿੱਚ ਏਸ਼ੀਅਨ ਆਲ ਸਟਾਰਜ਼  ਇਲੈਵਨ ਦਾ ਕਪਤਾਨ ਬਣਕੇ ਅਫ਼ਰੀਕਾ ਦਾ ਦੌਰਾ ਕੀਤਾ ਅਤੇ ਇੰਟਰ-ਕਾਂਟੀਨੈਂਟਲ ਕੱਪ ਵੀ ਖੇਡਿਆ ਬਹੁਤ ਹੀ ਅਹਿਮ ਹਾਕੀ ਮੁਕਾਬਲਿਆਂ ਵਿੱਚ ਟੀਮ ਦੀ ਕਪਤਾਨੀ ਵੀ ਕੀਤੀ
                    ਇਸ ਦ੍ਰਿੜ ਇਰਾਦੇ ਵਾਲੇ ਖਿਡਾਰੀ ਨੇ ਪਹਿਲਾਂ ਰੇਲ ਕੋਚ ਫੈਕਟਰੀ ਵਿਚ ਫਿਰ ਅਲਕਲੀਜ਼ ਦੀ ਟੀਮ ਵਿਚ ਅਤੇ ਪੰਜਾਬ ਪੁਲੀਸ ਵਿੱਚ ਡੀ. ਐੱਸ. ਪੀ. ਬਣਨ ਮਗਰੋਂ 2005 ਵਿੱਚ ਪੰਜਾਬ ਖੇਡ ਵਿਭਾਗ ਦ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ । ਹਾਕੀ ਤੋਂ ਰਿਟਾਇਰ ਹੋ ਕੇ ਹਾਕੀ ਸਬੰਧੀ ਮੈਗਜ਼ੀਨ ਵੀ ਕੱਢਿਆ । ਹਾਕੀ ਦੀ ਬਿਹਤਰੀ ਲਈ ਮਹਿਲਾ ਹਾਕੀ ਦੀ ਪ੍ਰਧਾਨਗੀ ਵਾਲੀ ਚੋਣ ਵੀ ਵਿਦਿਆ ਸਟੋਕਸ ਵਿਰੁੱਧ 41-21 ਵੋਟਾਂ ਪੈਣ ਕਰਕੇ 20 ਵੋਟਾਂ ਦੇ ਫ਼ਰਕ ਨਾਲ ਹਾਰ ਗਏ । ਇਹ ਪਰਿਵਾਰ ਰਾਜਨੀਤੀ ਨਾਲ ਬਾਵਸਤਾ ਨਹੀਂ । ਸਿਰਫ਼ ਪਰਗਟ ਸਿੰਘ ਦੇ ਸਹੁਰਾ ਸਾਹਿਬ ਸ ਦਰਬਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਜਿੱਤੇ ਸਨ ਅਤੇ ਫਿਰ ਰਾਜਸਥਾਨ ਦੇ ਰਾਜਪਾਲ ਰਹਿੰਦਿਆਂ ਦਿਲ ਦਾ ਦੌਰਾ ਪੈਣ ਕਾਰਣ ਅਕਾਲ ਚਲਾਣਾ ਕਰ ਗਏ ਸਨ । ਪਰ ਹੁਣ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਛਾਉਣੀ ਤੋਂ ਕਾਂਗਰਸ ਦੇ ਤਕੜੇ ਦਾਅਵੇਦਾਰ ਉਮੀਦਵਾਰ ਜਗਬੀਰ ਸਿੰਘ ਬਰਾੜ ਨੂੰ 6797 ਵੋਟਾਂ ਨਾਲ ਹਰਾ ਕੇ ਪਰਗਟ ਸਿੰਘ ਵਿਧਾਇਕ ਬਣ ਗਏ ਹਨ । ਉਹਨਾਂ ਨੂੰ 48274 ਅਤੇ ਵਿਰੋਧੀ ਨੂੰ 41477 ਵੋਟਾਂ ਮਿਲੀਆਂ । ਹੁਣ ਸ਼ਾਇਦ ਖੇਡ ਮੰਤਰੀ ਵਜੋਂ ਝੰਡੀ ਵਾਲੀ ਕਾਰ ਵੀ ਮਿਲ ਜਾਵੇ ? ਅਤੇ ਖੇਡਾਂ ਨੂੰ ਪੂਰਾ ਪਰਫੁਲਤ ਕਰਨ ਦਾ ਸੁਨਹਿਰੀ ਮੌਕਾ ਵੀ । ਪਰ ਇਹ ਸਾਰਾ ਕੁੱਝ ਅਜੇ ਸਮੇ ਦੀ ਬੁੱਕਲ਼ ਵਿੱਚ ਹੈ । ਊਠ ਕਿਸ ਕਰਵਟ ਬਹਿੰਦਾ ਏ ,ਇਸ ਦਾ ਪਤਾ ਤਾਂ ਸਮਾਂ ਆਉਣ ਤੇ ਹੀ ਲ ਸਕੇਗਾ
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

No comments:

Post a Comment