Sunday, November 25, 2012

ਪੰਜਾਬੀਆਂ ਦੇ ਦਿਲਾਂ ਦੀ ਧੜਕਣ ; ਸੁਰਿੰਦਰ ਕੌਰ


     ਪੰਜਾਬੀਆਂ ਦੇ ਦਿਲਾਂ ਦੀ ਧੜਕਣ ; ਸੁਰਿੰਦਰ ਕੌਰ
                         ਰਣਜੀਤ ਸਿੰਘ ਪ੍ਰੀਤ          
           ਜਦੋਂ ਲੜਕੀ ਲਈ ਘਰੋਂ ਬਾਹਰ ਜਾਣਾ,ਪੜ੍ਹਾਈ ਕਰਨਾ,ਸੁੰਦਰ ਕਪੜੇ ਪਹਿਨਣਾ ਸਮਾਜ ਦੀਆਂ ਨਜ਼ਰਾਂ ਵਿੱਚ ਦਾਲ ਵਿਚਲੇ ਕੋਕੜੂਆਂ ਵਾਂਗ ਸੀ, ਠੀਕ ਉਸ ਸਮੇ ਪ੍ਰਕਾਸ਼ ਕੌਰ ਅਤੇ ਫਿਰ ਸੁਰਿੰਦਰ ਕੌਰ ਨੇ ਉਸਦੀ ਰੀਸੋ-ਰੀਸੀ ਇਹਨਾਂ ਗੱਲਾਂ ਤੋਂ ਬਗਾਵਤ ਕਰਦਿਆਂ ਸ਼ਰੇਆਮ ਗਾਇਕੀ ਖੇਤਰ ਨੂੰ ਅਪਣਾਇਆ । ਜਿਸ ਨੂੰ ਲੋਕ ਨਫ਼ਰਤ ਕਰਿਆ ਕਰਦੇ ਸਨ । ਨਾਈਟਿੰਗੇਲ ਆਫ਼ ਪੰਜਾਬ ਅਖਵਾਈ ਸੁਰਿੰਦਰ ਕੌਰ ਦਾ ਜਨਮ ਲਾਹੌਰ ਵਿੱਚ 25 ਨਵੰਬਰ 1929 ਪਿਤਾ ਨੂੰ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆ। ਉਸ ਦੀਆਂ ਚਾਰ ਭੈਣਾਂ, (ਪ੍ਰਕਾਸ਼ ਕੌਰ, ਮੁਹਿੰਦਰ ਕੌਰ, ਮਨਜੀਤ ਕੌਰ, ਤੇ ਨਰਿੰਦਰ ਕੌਰ) ਅਤੇ ਪੰਜ ਭਰਾ ਸਨ। ਪਰ ਹੁਣ ਇਹਨਾਂ ਵਿੱਚੋਂ ਮਨਜੀਤ ਕੌਰ ਦਾ ਸਾਥ ਹੀ ਉਸ ਲਈ ਬਾਕੀ ਰਹਿ ਗਿਆ ਸੀ । ਬਾਰਾਂ  ਸਾਲ ਦੀ ਉਮਰ ਵਿਚ ਸੁਰਿੰਦਰ ਕੌਰ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਦੇ ਨਾਲ ਹੀ ਮੁਸਲਿਮ ਉਸਤਾਦ ਇਨਾਇਤ ਹੁਸੈਨ ਅਤੇ ਹਿੰਦੂ ਉਸਤਾਦ ਪੰਡਿਤ ਮਨੀ ਪ੍ਰਸ਼ਾਦ ਤੋਂ ਸ਼ਾਸਤਰੀ ਸੰਗੀਤ ਦੀ ਸਿਖਿਆ ਹਾਸਲ ਕਰਨ ਲੱਗੀ | ਜਿਸ ਦੀ ਬਦੌਲਤ ਅਗਸਤ 1943 ਵਿਚ ਸੁਰਿੰਦਰ ਕੌਰ ਨੇ 13 ਸਾਲ ਦੀ ਉਮਰ ਵਿਚ ਪਹਿਲੀ ਵਾਰ ਲਾਹੋਰ ਰੇਡੀਓ ਤੇ ਗਾਇਆ | ਏਸੇ ਸਾਲ ਦੀ 31 ਅਗਸਤ ਨੂੰ ਐਚ ਐਮ ਵੀ ਨੇ ਦੋਹਾਂ ਭੈਣਾਂ ਦੀ ਆਵਾਜ਼ ਵਿੱਚ ਪਹਿਲਾ ਗੀਤ  “ਮਾਵਾਂ ਤੇ ਧੀਆਂ ਰਲ ਬੈਠੀਆਂ ” ਰਿਕਾਰਡ ਕਰਿਆ , ਜੋ ਬਹੁਤ ਸਲਾਹਿਆ ਗਿਆ ।
                      ਦੇਸ਼ ਵੰਡ ਸਮੇ ਉਹ ਪਰਿਵਾਰ ਦੇ ਨਾਲ ਹੀ ਗਾਜ਼ੀਆਬਾਦ (ਦਿੱਲੀ) ਆ ਵਸੀ ਅਤੇ ਫੇਰ ਮੁੰਬਈ ।  ਓਥੇ ਉਸਨੇ 1948 ਵਿਚ ਪਿਠਵਰਤੀ ਗਾਇਕਾ ਵਜੋਂ ਫਿਲਮ “ਸ਼ਹੀਦ” ਲਈ ਯਾਦਗਾਰੀ ਗੀਤ “ਬਦਨਾਮ ਨਾ ਹੋ ਜਾਏ ਮੁਹਬਤ ਕਾ ਫ਼ਸਾਨਾ” ਰਿਕਾਰਡ ਕਰਵਇਆ | ਸਨ 1952 ‘ਚ ਵਾਪਸ ਦਿੱਲੀ ਪਰਤੀ ਸੁਰਿੰਦਰ ਦਾ ਵਿਆਹ ਦਿੱਲੀ ਯੂਨੀਵਰਸਿਟੀ  ਵਿਚ ਪੰਜਾਬੀ ਸਾਹਿਤ ਦੇ ਲੇਕਚਰਾਰ ਜੋਗਿੰਦਰ ਸਿੰਘ ਸੋਢੀ ਨਾਲ ਕਰ ਦਿੱਤਾ ਗਿਆ । ਜੋ ਉਸਦਾ ਵਿਸ਼ੇਸ਼ ਸਹਾਇਕ ਅਤੇ ਸਹਿਯੋਗੀ ਬਣਿਆਂ । ਆਪ ਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ ,ਜਿੰਨ੍ਹਾਂ ਵਿੱਚੋਂ ਵੱਡੀ ਡੌਲੀ ਗੁਲੇਰੀਆਂ ਪੰਜਾਬੀ ਦੀ ਨਾਮਵਰ ਗਾਇਕਾ ਹੈ । *ਚੰਨ ਕਿਥਾ ਗੁਜਰੀ ਆ ਰਾਤ ਵੇ”,”*ਲੱਠੇ ਦੀ ਚਾਦਰ” ,” *ਸ਼ੋਕਣ ਮੇਲੇ ਦੀ” ,” *ਗੋਰੀ ਦੀਆਂ ਝਾਂਜਰਾਂ” “*ਸੜਕੇ-ਸੜਕੇ ਜਾਂਦੀਏ ਮੁਟਿਆਰੇ”* ਮਾਵਾਂ ਤੇ ਧੀਆਂ”, *“ਜੁੱਤੀ ਕਸੂਰੀ ਪੈਰੀ ਨਾ ਪੂਰੀ”, *“ਮਧਾਣੀਆਂ”, *“ਇਹਨਾ ਅੱਖੀਆ ‘ਚ ਪਾਵਾਂ ਕਿਵੇਂ ਕਜਲਾ” * “ਗਮਾਂ ਦੀ ਰਾਤ  ਲੰਮੀ ਏ ਜਾਂ ਮੇਰੇ ਗੀਤ” *“ਸੂਹੇ ਵੇ ਚੀਰੇ ਵਾਲਿਆ” ਵਰਗੇ ਕਈ ਯਾਦਗਾਰੀ ਗੀਤ ਵੀ ਰਿਕਾਰਡ ਕਰਵਾਏ | ਇਹੋ ਜਿਹੇ ਸਦਾ ਬਹਾਰ ਗੀਤਾਂ ਦੀ ਗਾਇਕਾ ਨੇ ਬਾਬਾ ਬੁਲੇ ਸ਼ਾਹ ਦੀਆਂ ਕਾਫੀਆਂ ਤੋਂ ਇਲਾਵਾ ਨੰਦ ਲਾਲ ਨੂਰਪੁਰੀ , ਅਮ੍ਰਿਤਾ ਪ੍ਰੀਤਮ ,ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੁੰ ਪ੍ਰਮੁੱਖਤਾ ਦਿੱਤੀ ।

                     ਆਸਾ ਸਿੰਘ ਮਸਤਾਨਾ,ਕਰਨੈਲ ਗਿੱਲ,ਹਰਚਰਨ ਗਰੇਵਾਲ , ਰੰਗੀਲਾ ਜੱਟ ਅਤੇ ਦੀਦਾਰ ਸੰਧੂ ਨਾਲ ਦੋਗਾਨਿਆ ਸਮੇਤ 2000 ਤੋਂ ਵਧੇਰੇ ਗੀਤ ਰਿਕਾਰਡ ਕਰਵਾਉਂਣ ਵਾਲੀ ਅਤੇ ਕਈ ਮੁਲਕਾਂ ਦੇ ਸਫ਼ਲ ਟੂਰ ਲਾਉਂਣ ਵਾਲੀ ਸੁਰਿੰਦਰ ਦੇ ਗੀਤਾਂ ਦੀ ਉਦੋਂ ਲੈਅ ਹੀ ਬਦਲ ਗਈ ਜਦ 1975 ਵਿੱਚ ਉਸ ਦੇ ਪਤੀ ਨੂੰ ਮੌਤ ਨੇ ਦਬੋਚ ਲਿਆ । ਪਰ ਉਹ ਕਸੀਸ ਵੱਟ ਇਹਨਾਂ ਹਾਲਾਤਾਂ ਵਿੱਚ ਆਪਣੀ ਬੇਟੀ ਰੁਪਿੰਦਰ ਕੌਰ (ਡੌਲੀ ਗੁਲੇਰੀਆ) ਅਤੇ ਦੋਹਤੀ ਸੁਨੈਨਾ ਨਾਲ ਮਿਲਕੇ ਗਾਉਂਦੀ ਰਹੀ । “ਸੁਰਿੰਦਰ ਕੌਰ: ਦ ਥ੍ਰੀ ਜਨਰੇਸ਼ਨਸ” ਨਾਅ ਦੀ ਐਲਬਮ ਵੀ 1995 ਵਿਚ ਰਿਲੀਜ ਹੋਈ ।   

               ਪੰਜਾਬ ਦੀ ਕੋਇਲ, ਸੰਗੀਤ ਨਾਟਕ ਅਕੈਡਮੀ ਐਵਾਰਡ (1984),ਮਿਲੇਨੀਅਮ ਪੰਜਾਬੀ ਸਿੰਗਰ ਐਵਾਰਡ,ਪਦਮ ਸ਼੍ਰੀ ਐਵਾਰਡ (2006),ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ (2002),ਇੰਡੀਅਨ ਨੈਸ਼ਨਲ ਅਕੈਡਮੀ ਸੰਗੀਤ ਡਾਨਸ ਅਤੇ ਥਿਏਟਰ ਵਰਗੇ ਐਵਾਰਡ-ਸਨਮਾਨ ਹਾਸਲ ਕਰਨ ਵਾਲੀ ਸੁਰਿੰਦਰ ਕੌਰ ਆਪਣੀ ਮਿੱਟੀ ਦੇ ਮੋਹ ਦੀ ਮਾਰੀ 2004 ਵਿੱਚ ਪੰਚਕੂਲਾ ਜਾ ਵਸੀ । ਉਸ ਨੇ ਜੀਰਕਪੁਰ ਵਿਖੇ ਵੀ ਘਰ ਬਣਾਇਆ । ਪਰ 22 ਦਸੰਬਰ 2005 ਨੂੰ ਉਹ ਹਰਟ ਅਟੈਕ ਦਾ ਸ਼ਿਕਾਰ ਹੋ ਗਈ ਅਤੇ ਪੰਚਕੂਲਾ ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਠੀਕ ਹੋਣ ਉਪਰੰਤ ਦਿੱਲੀ ਵਿਖੇ ਜਨਵਰੀ 2006 ਵਿੱਚ ਉਹ ਪਦਮ ਸ਼੍ਰੀ ਐਵਾਰਡ ਹਾਸਲ ਕਰਨ ਲਈ ਵੀ ਪਹੁੰਚੀ । ਸਿਹਤ ਦੀ ਖ਼ਰਾਬੀ ਸਦਕਾ 2006 ਵਿੱਚ ਉਸ ਨੂੰ ਇਲਾਜ ਲਈ ਅਮਰੀਕਾ ਵਿਖੇ ਰਹਿੰਦੀਆਂ ਆਪਣੀਆਂ ਲੜਕੀਆਂ ਕੋਲ ਜਾਣਾ ਪਿਆ । ਜਿੱਥੇ ਉਸ ਨੂੰ ਨਿਊ ਜਰਸੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ । ਪਰ ਹਸਪਤਾਲ ਵਿੱਚ ਹੀ ਪੰਜਾਬ ਦੀ ਇਸ ਮਹਾਂਨ ਗਾਇਕਾ ਨੇ 15 ਜੂਨ 2006 ਨੂੰ ਆਖ਼ਰੀ ਸਾਹ ਲਿਆ । ਪੰਜਾਬੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ । ਅੱਜ ਉਹ ਜਿਸਮਾਨੀ ਤੌਰ ‘ਤੇ ਤਾਂ ਭਾਵੇਂ ਸਾਡੇ ਵਿੱਚ ਨਹੀਂ ਰਹੀ,ਪਰ ਆਪਣੀ ਕਲਾ ਸਹਾਰੇ ਉਹ ਚੇਤਿਆਂ ਵਿੱਚੋਂ ਦੂਰ ਨਹੀਂ ਜਾ ਸਕਦੀ । ਖ਼ਾਸ਼ਕਰ ਉਤਨੀ ਦੇਰ,ਜਿਤਨੀ ਦੇਰ ਤੱਕ ਸਾਫ਼-ਸੁਥਰੀ ਗਾਇਕੀ ਗਾਉਂਣ ਅਤੇ ਸੁਣਨ ਵਾਲੇ ਮੌਜੂਦ ਹਨ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232

Saturday, November 17, 2012

ਗਾਇਕੀ ਦੇ ਅੰਬਰੋਂ ਟੁੱਟਿਆ ਤਾਰਾ ; ਬਿੰਦਰੱਖੀਆ


            ਗਾਇਕੀ ਦੇ ਅੰਬਰੋਂ ਟੁੱਟਿਆ ਤਾਰਾ ; ਬਿੰਦਰੱਖੀਆ
                                                ਰਣਜੀਤ ਸਿੰਘ ਪ੍ਰੀਤ
                             ਜੇ ਪਿਛਲੇ ਡੇਢ ਕੁ ਦਹਾਕੇ ਵੱਲ ਮੋੜਾ ਕੱਟੀਏ ਤਾਂ ਕਰਮਜੀਤ ਧੂਰੀ ਤੋਂ ਮਗਰੋਂ ਕੰਨ ਉੱਤੇ ਹੱਥ ਰੱਖ ਕੇ 42 ਸਕਿੰਟਾਂ ਦੀ ਲੰਬੀ ਹੇਕ ਦਾ ਰਿਕਾਰਡ ਬਨਾਉਂਣ ਵਾਲਾ ਸੁਟਜੀਤ ਬਿੰਦਰੱਖੀਆ ਦੂਜਿਆਂ ਤੋਂ ਮੁਹਰੀ ਬਣਿਆਂ ਰਿਹਾ । ਸ਼ਾਇਦ ਇਹ ਗੱਲ ਅੱਜ ਵੀ ਕਈਆਂ ਨੂੰ ਪਤਾ ਨਾ ਹੋਵੇ ਕਿ ਉਹ ਯੂਨੀਵਰਸਿਟੀ ਤੱਕ ਕੁਸ਼ਤੀਆਂ ਵੀ ਲੜਦਾ ਰਿਹਾ ਅਤੇ ਕਬੱਡੀ ਖੇਡਣਾ ਵੀ ਉਹਦਾ ਸ਼ੌਕ ਰਿਹਾ । ਆਨੰਦਪੁਰ ਸਾਹਿਬ ਅਤੇ ਰੋਪੜ ਦੇ ਕਾਲਜ ਵਿੱਚੋਂ ਬੀ ਏ ਕਰਨ ਸਮੇਂ ਕਾਲਜ ਦੀ ਭੰਗੜਾ ਟੀਮ ਲਈ,ਦਮਦਾਰ,ਉੱਚੀ ਅਤੇ ਸੁਰੀਲੀ ਆਵਾਜ਼ ਵਿੱਚ ਬੋਲੀਆਂ ਪਾਉਂਣਾ ਵੀ ਉਹਦਾ ਹਾਸਲ ਸੀ ।

          ਇਸ ਆਵਾਜ਼ ਦੇ ਭਲਵਾਨ ਸੁਰਜੀਤ ਦਾ ਜਨਮ ਪਿੰਡ ਬਿੰਦਰੱਖ (ਰੂਪਨਗਰ) ਵਿੱਚ 15 ਅਪ੍ਰੈਲ 1962 ਨੂੰ ਪਿਤਾ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਹੋਇਆ । ਸੁੱਚਾ ਸਿੰਘ ਖ਼ੁਦ ਭਲਵਾਨ ਸੀ ,ਅਤੇ ਇਲਾਕੇ ਵਿੱਚ ਉਹਦੀ ਝੰਡੀ ਸੀ । ਉਹ ਸੁਰਜੀਤ ਨੂੰ ਵੀ ਭਲਵਾਨ ਜਾਂ ਉਹਦੀਆਂ ਬੋਲੀਆਂ ਆਦਿ ਤੋਂ ਪ੍ਰਭਾਵਿਤ ਹੋ ਉਸ ਨੂੰ ਗਾਇਕ ਬਨਾਉਂਣ ਦਾ ਚਾਹਵਾਨ ਸੀ । ਸੁਰਜੀਤ ਨੇ ਸੰਗੀਤ ਸਿਖਿਆ ਅਤੁਲ ਸ਼ਰਮਾਂ ਤੋਂ ਹਾਸਲ ਕੀਤੀ । ਸਭ ਤੋਂ ਪਹਿਲਾਂ 1991 ਵਿੱਚ ਜੱਟ ਜਿਓਣਾ ਮੌੜ ਅਤੇ ਮੁੰਡੇ ਆਖਦੇ ਪਟਾਖਾ ਨਾਲ ਉਸ ਨੇ ਹਾਜ਼ਰੀ ਲਵਾਈ । ਫਿਰ ਦੁਪੱਟਾ ਤੇਰਾ ਸੱਤ ਰੰਗ ਦਾ,ਤੇਰੇ ’ਚ ਤੇਰਾ ਯਾਰ ਬੋਲਦਾ,ਬੱਸ ਕਰ ਬੱਸ ਕਰ,ਜੱਟ ਦੀ ਪਸੰਦ ਵਰਗੇ ਗੀਤਾਂ ਨੇ ਉਸ ਨੂੰ ਫਰਸ਼ ਤੋਂ ਅਰਸ਼ ‘ਤੇ ਪੁਚਾ ਦਿੱਤਾ । ਪਹਿਲਾਂ ਉਹ ਆਪਣੇ ਨਾਅ ਨਾਲ ਬੈਂਸ,ਸਾਗਰ ਵੀ ਲਿਖਦਾ ਰਿਹਾ। ਪਰ ਫਿਰ ਉਸ ਨੇ ਪਿੰਡ ਦਾ ਨਾਅ ਹੀ ਆਪਣੇ ਨਾਅ ਨਾਲ ਜੋੜ ਲਿਆ । ਪ੍ਰੀਤ ਕਮਲ ਨਾਲ 27 ਅਪ੍ਰੈਲ 1990 ਨੂੰ ਸ਼ਾਦੀ ਹੋੱਈ ਅਤੇ ਬੇਟੇ ਗੀਤਾਜ਼ ਬਿੰਦਰੱਖੀਆ (ਗਾਇਕ) ਅਤੇ ਬੇਟੀ ਮੀਨਾਜ਼ ਬਿੰਦਰੱਖੀਆ ਦਾ ਪਿਤਾ ਬਣਿਆਂ ।

              ਬਿੰਦਰੱਖੀਆ ਦੇ ਪਹਿਲਾਂ ਗਾਏ ਗੀਤਾਂ ਦਾ ਰੀਮਿਕਸ 1990 ਵਿੱਚ ਹੀ ਤਿਆਰ ਹੋ ਗਿਆ ਸੀ । ਏਥੇ ਮੇਰੀ ਨੱਥ ਡਿੱਗ ਪਈ ਨੇ ਧਮਾਲਾਂ ਪਾਈਆਂ ਸਨ । ਪਰ 1995 ਵਿੱਚ ਗਾਏ ਗੀਤ ਦੁਪੱਟਾ ਤੇਰਾ ਸੱਤ ਰੰਗ ਦਾ ਨੇ ਇੰਗਲੈਂਡ ਦੇ ਹਫ਼ਤਾਵਾਰੀ ਚਾਰਟ ਵਿੱਚ ਸਿਖਰਲਾ ਸਥਾਨ ਮੱਲ ਕੇ ਰਿਕਾਰਡ ਬਣਾਇਆ । ਆਕਾਸ਼ਵਾਣੀ ਜਲੰਧਰ ਤੋਂ ਪਹਿਲਾ ਗੀਤ ਸਾਡਾ ਚਿੜੀਆਂ ਦਾ ਚੰਬਾ ਵੇ  ਬਾਬਲ ਅਸੀਂ ਉੱਡ ਜਾਣਾ ਰਿਕਾਰਡ ਕਰਵਾਇਆ । ਏਥੋਂ ਤੱਕ ਕਿ ਬਿੰਦਰੱਖੀਏ ਦੀ ਭੰਗੜਾ ਟੀਮ ਨੇ ਦਿੱਲੀ ਦੀਆਂ 1982 ਵਾਲੀਆਂ ਏਸ਼ੀਆਈ ਖੇਡਾਂ ਸਮੇ ਵੀ ਧੰਨ ਧੰਨ ਕਰਵਾਈ । ਚੰਡੀਗੜ੍ਹ ਦੇ ਟੈਗੋਰ ਥਿਏਟਰ ਵਿੱਚ 1985 ਨੂੰ ਮੇਰੇ ਚਰਖੇ ਦੀ ਟੁੱਟ ਗਈ ਮਾਹਲ ਗਾ ਕੇ ਸਭ ਦੇ ਮਨ ਮੋਹ ਲਏ । ਆਰਟ ਲਿੰਕ ਮੁਹਾਲੀ, ਇਕ ਮਹਿਕਦੀ ਸ਼ਾਮ ਪ੍ਰੋਗਰਾਮ, ਟੈਗੋਰ ਥੀਏਟਰ ਵਿਚ 28 ਨਵੰਬਰ 1986 ਨੂੰ ਭਾਗ  ਲੈਂਦਿਆਂ ਸ਼ਹੀਦ ਭਗਤ ਸਿੰਘ ਸਨਮਾਨ ਵੀ ਹਾਸਲ ਕਰਿਆ ਅਤੇ ਏਥੇ ਹੀ ਸ਼ਮਸ਼ੇਰ ਸੰਧੂ ਨਾਲ ਮੁਲਾਕਾਤ ਹੋਈ । ਅਵਾਜ਼ ਦੀ ਵਿਲੱਖਣਤਾ ਅਤੇ ਸਟੇਜੀ ਹਾਵ ਭਾਵ ਆਮ ਗਾਇਕਾਂ ਤੋਂ ਵੱਖਰੇ ਸਨ । ਇਸ ਨੇ ਆਮ ਨਾਲੋਂ ਹਟ ਕੇ ਭੰਗੜਾ ਬੀਟ,ਮਿਰਜ਼ਾ,ਜੁਗਨੀ,ਲੋਕ ਤੱਥ,ਟੱਪੇ,ਬੋਲੀਆਂ,ਨੂੰ ਸਫ਼ਲਤਾ ਨਾਲ ਗਾ ਕੇ ਆਪਣੇ ਆਪ ਨੂੰ ਸਹੀ ਰੂਪ ਵਿੱਚ ਲੋਕ ਗਾਇਕ ਵਜੋਂ ਸਥਾਪਤ ਕੀਤਾ ।
                 28 ਸੋਲੋ ਹਿੱਟ ਕੈਸਿਟਾਂ ਤੋਂ ਬਿਨਾਂ 6 ਰੀਮਿਕਸ (3 ਧਾਰਮਿਕ,3 ਵੀਡੀਓ,3 ਅਖਾੜੇ )ਵੀ ਪੰਜਾਬੀਆਂ ਦੀ ਝੋਲੀ ਪਾਈਆਂ । ਸਭ ਤੋਂ ਵੱਧ ਸ਼ਮਸ਼ੇਰ ਸੰਧੂ ਦੇ ਗੀਤ ਗਾਉਂਣ ਵਾਲੇ ਬਿੰਦਰੱਖੀਏ ਨੇ ਕੁੱਲ 34 ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਅਤੇ ਬਹੁਤਿਆਂ ਨੂੰ ਅਤੁਲ ਸ਼ਰਮਾ ਨੇ ਸੰਗੀਤ ਨਾਲ ਨਿਖਾਰਿਆ-ਸ਼ਿੰਗਾਰਿਆ । ਅਣਖ ਜੱਟਾਂ ਦੀ, ਜ਼ੋਰਾਵਰ,ਬਦਲਾ ਜੱਟੀ ਦਾ,ਜੱਟ ਜਿਓਣਾ ਮੌੜ,ਕਚਹਿਰੀ,ਜੱਟ ਸੁੱਚਾ ਸੂਰਮਾਂ,ਵੈਰੀ, ਰੱਬ ਦੀਆਂ ਰੱਖਾ ਫ਼ਿਲਮਾਂ ਵਿੱਚ ਵੀ ਉਹਦੇ ਗੀਤ ਮੌਜੂਦ ਹਨ । ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਂਣੀਆਂ ,ਕਿਸੇ ਐਰੇ ਗੈਰੇ ਦੇ ਵੱਸ ਦਾ ਕੰਮ ਨਹੀਂ ਹੈ । ਮੁਖੜਾ ਕੈਸਿਟ ਨਾਲ ਉਹ ਡੀ ਜੇ ਦਾ ਕਿੰਗ ਅਖਵਾਇਆ । ਉਸਦੇ ਗਾਏ ਗੀਤ ਲੋਕ ਗੀਤਾਂ ਵਾਂਗ ਅੱਜ ਵੀ ਤਰੋ ਤਾਜ਼ਾ ਹਨ;- * ਵੰਗ ਵਰਗੀ ਕੁੜੀ*ਜਵਾਨੀ*ਗੱਭਰੂ ਗੁਲਾਬ ਵਰਗਾ*ਫੁੱਲ ਕੱਢਦਾ ਫੁਲਕਾਰੀ*ਅੱਡੀ ਉੱਤੇ ਘੁੰਮ*ਸੁਹਣੀ ਨਾਰ*ਇਸ਼ਕੇ ਦੀ ਅੱਗ ਅਤੇ ਹੁਸਨ ਕਮਾਲ ਦਾ ਨੇ ਕਮਾਲਾਂ ਕਰੀ ਰੱਖੀਆਂ ।
                  ਜਦ 17 ਨਵੰਬਰ 2003 ਨੂੰ ਸਵੇਰੇ ਸਵੇਰੇ ਲੋਕਾਂ ਨੇ ਖ਼ਬਰਾਂ ਸੁਣੀਆਂ ਤਾਂ ਪੰਜਾਬੀਆਂ ਦੇ ਤਾਂ ਹੋਸ਼ ਈ ਉੱਡ ਗਏ । ਇਹ ਖ਼ਬਰ ਵਾਰ ਵਾਰ ਦਿਖਾਈ-ਸੁਣਾਈ ਜਾ ਰਹੀ ਸੀ ਕਿ ਮੁਹਾਲੀ ਦੇ ਫੇਸ -7 ਵਿਖੇ ਆਪਣੇ ਨਿਵਾਸ ਉੱਤੇ ਸੁਰਜੀਤ ਬਿੰਦਰੱਖੀਆ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ । ਪੰਜਾਬੀ ਜਗਤ ਵਿੱਚ ਚੁੱਪ ਪਸਰ ਗਈ ਸੀ । ਪਰ ਜੋ ਭਾਣਾ ਵਾਪਰਨਾ ਸੀ ਉਹ ਤਾਂ  ਵਾਪਰ ਹੀ ਚੁੱਕਾ ਸੀ । ਬਿੰਦਰੱਖੀਏ ਦੀਆਂ ਆਪਣੀਆਂ ਗਾਈਆਂ ਇਹ ਗੱਲਾਂ ਸੱਚ ਹੋ ਗਈਆਂ ਸਨ ;-
ਹੋਵੀਂ ਨਾ ਨਰਾਜ਼ ਵੇ ਤੂੰ ਹੋਵੀਂ ਨਾ ਨਿਰਾਸ਼ ਵੇ,
ਡੋਲੀ ਵਿੱਚ ਮੈ ਨੀ ਜਾਣਾ ਜਾਊ ਮੇਰੀ ਲਾਸ਼ ਵੇ,
ਗੱਲਾਂ ਸੱਚੀਆਂ,ਭਾਵੇਂ ਨਾ ਸੱਚ ਜਾਣੀ,
ਮੈ ਕੱਲ੍ਹ ਤੱਕ ਨਹੀਂ ਰਹਿਣਾ
ਵੇ ਮੈ ਤਿੜਕੇ ਘੜੇ ਦਾ ਪਾਣੀ ।
                                  **********************************
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;9815707232

Thursday, November 15, 2012

ਭਾਰਤ-ਇੰਗਲੈਂਡ ਪਹਿਲਾ ਟੈਸਟ ਅੱਜ ਤੋਂ


      ਭਾਰਤ-ਇੰਗਲੈਂਡ ਪਹਿਲਾ ਟੈਸਟ ਅੱਜ ਤੋਂ
                                                    ਰਣਜੀਤ ਸਿੰਘ ਪ੍ਰੀਤ
                  ਇੰਗਲੈਂਡ ਕ੍ਰਿਕਟ ਟੀਮ ਏਲਿਸਟਰ ਕੁੱਕ ਦੀ ਕਪਤਾਨੀ ਅਧੀਨ 30 ਅਕਤੂਬਰ 2012 ਤੋਂ 27 ਜਨਵਰੀ 2013 ਤੱਕ 4 ਟੈਸਟ ਮੈਚ ,5 ਇੱਕ ਰੋਜ਼ਾ ਮੈਚ ਅਤੇ ਦੋ ਟੀ-20 ਮੈਚ ਖੇਡਣ ਲਈ ਭਾਰਤ ਆ ਚੁੱਕੀ ਹੈ। ਜਿਸ ਨੇ 30 ਅਕਤੂਬਰ ਤੋਂ  ਮੁੰਬਈ ਵਾਲੇ ਅਭਿਆਸੀ ਮੈਚ ਨਾਲ ਟੂਰ ਸ਼ੁਰੂ ਕਰਿਆ ਹੈ । ਦੋਹਾਂ ਮੁਲਕਾਂ ਦੇ ਕ੍ਰਿਕਟ ਸਬੰਧ 1932 ਵਿੱਚ ਲਾਰਡਜ਼ ਵਿਖੇ ਹੋਏ ਪਹਿਲੇ ਟੈਸਟ ਮੈਚ ਨਾਲ ਸ਼ੁਰੂ ਹੋਏ ਹਨ । ਉਦੋਂ ਇੰਗਲੈਂਡ ਨੇ 269 ਅਤੇ 275/8 ਰਨਜ਼ ਬਣਾਏ ਸਨ,ਪਰ ਭਾਰਤੀ ਟੀਮ 189,187 ਰਨਜ਼ ਹੀ ਬਣਾ ਸਕੀ ਸੀ। ਇਸ ਤਰ•ਾਂ ਇੰਗਲੈਂਡ ਟੀਮ 158 ਦੌੜਾਂ ਦੇ ਫ਼ਰਕ ਨਾਲ ਪਹਿਲੀ ਜੇਤੂ ਬਣੀ ਸੀ। ਇੰਗਲੈਂਡ ਟੀਮ ਨੇ 1933-34 ਵਿੱਚ ਭਾਰਤ ਦਾ ਦੌਰਾ ਕੀਤਾ। ਭਾਰਤ ਦੀ ਸਰ ਜਮੀਂ ਤੇ ਪਹਿਲਾ ਟੈਸਟ ਮੈਚ ਜਿਮਖਾਨਾ (ਮੁੰਬਈ) ਵਿਖੇ ਖੇਡਿਆ ਗਿਆ,ਇੰਗਲੈਂਡ ਟੀਮ 9 ਵਿਕਟਾਂ ਨਾਲ ਜੇਤੂ ਰਹੀ। ਦੋਹਾਂ ਮੁਲਕਾਂ ਦਰਮਿਆਂਨ ਹੁਣ ਤੱਕ 103 ਟੈਸਟ ਮੈਚ ਹੋਏ ਹਨ,ਜਿਹਨਾਂ ਵਿੱਚੋਂ ਭਾਰਤ ਨੇ 19 ਅਤੇ ਇੰਗਲੈਂਡ ਨੇ 38 ਜਿੱਤੇ ਹਨ।ਜਦੋਂ ਕਿ 46 ਮੈਚ ਬਰਾਬਰ ਰਹੇ ਹਨ। ਦੋਹਾਂ ਮੁਲਕਾਂ ਨੇ ਆਪਣੇ ਕ੍ਰਿਕਟ ਇਤਿਹਾਸ ਦਾ 100 ਟੈਸਟ ਮੈਚ 21 ਤੋਂ 25 ਜੁਲਾਈ 2011 ਤੱਕ ਲਾਰਡਜ਼ ਵਿੱਚ ਖੇਡਿਆ। ਜੋ ਇੰਗਲੈਂਡ ਨੇ ਜਿੱਤਿਆ, 103 ਵਾਂ ਟੈਸਟ ਮੈਚ 18 ਤੋਂ 22 ਅਗਸਤ ਤੱਕ ਕੇਨਿੰਗਸਟਨ ਓਵਲ (ਲੰਡਨ) ਵਿੱਚ ਹੋਇਆ। ਮੌਜੂਦਾ ਟੂਰ ਦੀ ਸ਼ੁਰੂਆਤ 104 ਵੇਂ ਟੈਸਟ ਮੈਚ ਨਾਲ ਅੱਜ15 ਨਵੰਬਰ ਤੋਂ ਹੋਣੀ ਹੈ। ਇੰਗਲੈਂਡ 1984-85 ਤੋਂ ਭਾਰਤ ਵਿੱਚ ਸਫ਼ਲ ਨਹੀਂ ਹੋ ਰਿਹਾ ਹੈ। ਜੇ ਕਰ ਭਾਰਤੀ ਟੀਮ ਇਹ ਟੈਸਟ ਲੜੀ 2-0 ਜਾਂ ਇਸ ਤੋਂ ਵੱਧ ਅੰਤਰ ਨਾਲ ਜਿੱਤ ਲੈਂਦੀ ਹੈ,ਤਾਂ ਭਾਰਤੀ ਟੀਮ ਰੈਂਕਿੰਗ ਵਿੱਚ 5 ਵੇਂ ਸਥਾਨ ਤੋਂ ਤੀਜੇ ਸਥਾਨ ਉੱਤੇ ਆ ਪਹੁੰਚੇਗੀ । ਜੇ ਇੰਗਲੈਂਡ ਟੀਮ ਇਹ ਟੈਸਟ ਲੜੀ 3-0 ਨਾਲ ਜਿੱਤਦੀ ਹੈ ਤਾਂ ਉਸਦਾ ਸਿਖ਼ਰਲਾ ਸਥਾਨ ਹੀ ਬਰਕਰਾਰ ਰਹੇਗਾ ।
                    ਇੰਗਲੈਂਡ ਅਤੇ ਭਾਰਤ ਦਰਮਿਆਨ ਪਹਿਲਾ ਇੱਕ ਰੋਜ਼ਾ ਮੈਚ 13 ਜੁਲਾਈ 1974 ਨੂੰ ਹੈਡਿੰਗਲੇ ਲੀਡਜ਼ ਵਿੱਚ ਹੋਇਆ ਅਤੇ 4 ਵਿਕਟਾਂ ਨਾਲ ਇੰਗਲੈਂਡ ਦੇ ਹਿੱਸੇ ਰਿਹਾ। ਹੁਣ ਤੱਕ ਦੋਹਾਂ ਮੁਲਕਾਂ ਨੇ 81 ਇੱਕ ਰੋਜ਼ਾ ਮੈਚ ਖੇਡੇ ਹਨ,ਜਿਹਨਾਂ ਵਿੱਚੋਂ ਭਾਰਤ ਨੇ 43, ਇੰਗਲੈਂਡ ਨੇ 33 ਜਿੱਤੇ ਹਨ,ਜਦੋਂ ਕਿ ਦੋ ਮੈਚ ਟਾਈਡ ਹੋਏ ਹਨ, 3 ਮੈਚ ਬੇ-ਸਿੱਟਾ ਰਹੇ ਹਨ। ਦੋਹਾਂ ਮੁਲਕਾਂ ਨੇ 5 ਟੀ-20 ਖੇਡੇ ਹਨ, ਭਾਰਤ ਨੇ 2 ਅਤੇ ਇੰਗਲੈਂਡ ਨੇ 3 ਜਿੱਤੇ ਹਨ। ਪਹਿਲਾ ਮੈਚ 19 ਸਤੰਬਰ 2007 ਨੂੰ ਡਰਬਨ ਵਿੱਚ ਭਾਰਤ ਨੇ 18 ਦੌੜਾਂ ਨਾਲ ਅਤੇ ਆਖ਼ਰੀ ਮੈਚ ਟੀ-20 ਵਿਸ਼ਵ ਕੱਪ 2012 ਦੌਰਾਂਨ 23 ਸਤੰਬਰ ਨੂੰ ਕੋਲੰਬੋ ਵਿੱਚ ਵੀ ਭਾਰਤ ਨੇ ਹੀ 90 ਦੌੜਾਂ ਦੇ ਫ਼ਰਕ ਨਾਲ ਜਿੱਤਿਆ ਹੈ।
   
              ਭਾਰਤ ਵਿੱਚ ਦੋਹਾਂ ਮੁਲਕਾਂ ਨੇ 40 ਇੱਕ ਰੋਜ਼ਾ ਮੈਚ ਖੇਡੇ ਹਨ,ਜਿਨ੍ਹਾਂ ਵਿੱਚੋ ਭਾਰਤ ਨੇ 26,ਇੰਗਲੈਂਡ ਨੇ 13 ਜਿੱਤੇ ਹਨ।। ਜਦੋਂ ਕਿ ਇੱਕ ਮੈਚ ਟਾਈ ਰਿਹਾ ਹੈ। ਭਾਰਤ ਦੇ ਸਚਿਨ ਤੇਂਦੂਲਕਰ ਨੇ 1455 ਦੌੜਾਂ (17 ਮੈਚ,37 ਪਾਰੀਆਂ),ਵੱਧ ਵਿਕਟਾਂ 36 ਹਰਭਜਨ ਸਿੰਘ (23 ਮੈਚ) ਦੇ ਹਿੱਸੇ ਰਹੀਆਂ ਹਨ। ਵਧੀਆ ਬੱਲੇਬਾਜ਼ੀ ਨਾਬਾਦ 138 ਦੌੜਾਂ ਯੁਵਰਾਜ ਸਿੰਘ ਦੀਆਂ (78 ਗੇਂਦਾਂ,ਤੇ) ਅਤੇ ਵਧੀਆ ਗੇਂਦਬਾਜ਼ੀ ਅਸ਼ੀਸ਼ ਨੈਹਿਰਾ ਦੀ 6 ਵਿਕਟਾਂ (23 ਰਨਜ਼) ਰਹੀ ਹੈ। ਇੰਗਲੈਂਡ ਵਿੱਚ 33 ਮੈਚ ਹੋਏ ਹਨ,ਭਾਰਤ ਨੇ 11 ਅਤੇ ਇੰਗਲੈਂਡ ਨੇ 18 ਮੈਚ ਜਿੱਤੇ ਹਨ। ਤਿੰਨ ਮੈਚਾਂ ਦਾ ਫ਼ੈਸਲਾ ਨਹੀ ਹੋਇਆ ਹੈ। ਇੱਕ ਮੈਚ ਟਾਈ ਰਿਹਾ ਹੈ। ਹੋਰਨਾਂ ਥਾਵਾਂ 'ਤੇ ਦੋਹਾਂ ਦੇਸ਼ਾਂ ਨੇ 8 ਮੈਚ ਖੇਡੇ ਹਨ,ਜਿਨ੍ਹਾਂ ਵਿੱਚੋਂ 6 ਭਾਰਤ ਨੇ,2 ਇੰਗਲੈਂਡ ਨੇ,ਜਿੱਤੇ ਹਨ। ਇੰਗਲੈਂਡ ਦੇ ਪਾਲ ਕੌਲਿੰਗਵੁੱਡ ਨੇ 866 ਰਨ (14 ਮੈਚ,31 ਪਾਰੀਆਂ),ਵੱਧ ਵਿਕਟਾਂ ਐਂਡਰਿਊ ਫਿਲਟਾਫ 37 (30 ਮੈਚ),ਵੱਧ ਸਕੋਰ ਐਂਡਰਿਊ ਸਟਰਾਸ 158 ਰਨਜ਼ (145 ਗੇਂਦਾਂ),ਅਤੇ ਵਧੀਆ ਗੇਂਦਬਾਜ਼ੀ ਰੋਨੀ ਇਰਾਨੀ ਦੀ 5 ਵਿਕਟਾਂ (26 ਦੌੜਾਂ),ਨਾਲ ਰਹੀ ਹੈ। ਇੰਗਲੈਂਡ ਪਿਛਲੇ ਤਿੰਨ ਦੌਰਿਆਂ ਦੌਰਾਨ ਭਾਰਤੀ ਟੀਮ ਤੋਂ ਇੱਕ ਰੋਜ਼ਾ ਮੈਚਾਂ ਵਿੱਚ 5-1,5-0 ਅਤੇ 5-0 ਨਾਲ ਮਾਤ ਖਾ ਚੁੱਕਿਆ ਹੈ। ਸ਼ੁਰੂ ਹੋ ਚੁੱਕੇ ਮੌਜੂਦਾ ਟੂਰ ਦੌਰਾਂਨ ਵਿਸ਼ੇਸ਼ ਗੱਲ ਇਹ ਵੀ ਹੈ ਕਿ ਕ੍ਰਿਕਟ ਨਾਲ ਸਬੰਧਤ ਤਿੰਨੋਂ ਵੰਨਗੀਆਂ ਦੇ ਮੁਕਾਬਲੇ ਹੋਣੇ ਹਨ ਅਤੇ ਭਾਰਤ ਨੇ ਆਪਣੇ ਬਿਹਤਰ ਪ੍ਰਦਰਸ਼ਨ ਦਾ ਪ੍ਰਗਟਾਵਾ ਕਰਨਾ ਹੈ।ਇਸ ਵਾਰ ਟੈਸਟ ਮੈਚ,ਇੱਕ ਰੋਜ਼ਾ ਮੈਚ ਅਤੇ ਟੀ-20 ਮੈਚ ਖੇਡੇ ਜਾਣੇ ਹਨ। ਫ਼ਿਲਮੀ ਅਦਾਕਾਰਾ ਸ਼ਰਮੀਲਾ ਟੈਗੋਰ ਨੇ ਇਸ ਸੀਰੀਜ਼ ਦਾ ਨਾਂਅ ਨਵਾਬ ਪਟੌਦੀ ਟਰਾਫ਼ੀ ਰੱਖਣ ਦੀ ਵੀ ਲਿਖਤੀ ਮੰਗ ਕੀਤੀ ਸੀ,ਪਰ ਉਸਦੀ ਇਹ ਮੰਗ ਇਹ ਕਹਕੇ ਖਾਰਜ ਕਰ ਦਿੱਤੀ ਕਿਓਂਕਿ 1951 ਤੋਂ ਇਹ ਲਡ਼ੀ ਪਹਿਲੇ ਕ੍ਰਿਕਟ ਸਕੱਤਰ ਐਂਥਨੀ ਡਿਮੈਲੋ ਦੇ ਨਾਅ ਨਾਲ ਚੱਲਦੀ ਆ ਰਹੀ ਹੈ ਅਤੇ ਇਸ ਵਿੱਚ ਤਬਦੀਲੀ ਕਰਨਾ ਮੁਨਾਸਿਬ ਨਹੀਂ ਹੈ । ਕਿਹੜੀ ਟੀਮ ਕਿੰਨੀ ਦਮ-ਖਮ ਵਾਲੀ ਰਹਿੰਦੀ ਹੈ,ਇਸ ਦਾ ਪਤਾ ਤਾਂ ਸਾਲ 2013 ਦੀ 27 ਜਨਵਰੀ ਨੂੰ ਹੀ ਸਪੱਸ਼ਟ ਹੋ ਸਕੇਗਾ। ਉਂਜ ਭਾਵੇਂ ਦੋ ਵੰਨਗੀਆਂ ਦੇ ਨਤੀਜੇ ਇਸ ਤੋਂ ਪਹਿਲਾਂ ਹੀ ਮਿਲ ਜਾਣਗੇ। ਦੋਹਾਂ ਮੁਲਕਾਂ ਦਾ 11 ਜਨਵਰੀ ਵਾਲਾ ਮੈਚ ਨਵੇਂ ਸਾਲ 2013 ਦਾ ਪਲੇਠਾ ਮੈਚ ਬਣੇਗਾ।
ਖੇਡੀ ਜਾਣ ਵਾਲੀ ਲੜੀ ਦਾ ਕੰਪਲੀਟ ਵੇਰਵਾ ਇਓਂ ਹੈ;-
ਟੈਸਟ ਮੈਚਾਂ ਦਾ ਵੇਰਵਾ;-
15 ਤੋਂ 19 ਨਵੰਬਰ  ਅਹਿਮਦਾਬਾਦ (ਪਹਿਲਾ ਟੈਸਟ,9.30)
23 ਤੋਂ 27 ਨਵੰਬਰ  ਮੁੰਬਈ (ਦੂਜਾ ਟੈਸਟ,9.30)
5 ਤੋਂ 9 ਦਸੰਬਰ ਤੀਜਾ ਟੈਸਟ (ਕੋਲਕਾਤਾ,9.30)
13 ਤੋਂ 17 ਦਸੰਬਰ ਚੌਥਾ ਟੈਸਟ (ਨਾਗਪੁਰ,9.30)
ਟੀ-20 ਮੈਚਾਂ ਦਾ ਵੇਰਵਾ;-
20 ਦਸੰਬਰ (ਪੂਨਾ,20.00 ਦਿਨ-ਰਾਤ)
22 ਦਸੰਬਰ  (ਮੁੰਬਈ,20.00 ਦਿਨ-ਰਾਤ)
ਇੱਕ ਰੋਜ਼ਾ ਮੈਚਾਂ ਦਾ ਵੇਰਵਾ ;-
11 ਜਨਵਰੀ (ਰਾਜਕੋਟ,14.30, ਦਿਨ-ਰਾਤ ) ਭਾਰਤ- ਇੰਗਲੈਂਡ ਦਾ ਨਵੇਂ ਸਾਲ ਦਾ ਪਲੇਠਾ ਮੈਚ। ।
15 ਜਨਵਰੀ (ਕੋਚੀ,14.30, ਦਿਨ-ਰਾਤ)
19 ਜਨਵਰੀ (ਰਾਂਚੀ,14.30, ਦਿਨ-ਰਾਤ)
23 ਜਨਵਰੀ (ਮੁਹਾਲੀ,12.00)
27 ਜਨਵਰੀ (ਧਰਮਸ਼ਾਲਾ,9.00,)
*************************************************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Tuesday, November 13, 2012

ਇਤਿਹਾਸਕ ਦ੍ਰਿਸ਼ਟੀ ਤੋਂ-ਦੀਵਾ


                   ਇਤਿਹਾਸਕ ਦ੍ਰਿਸ਼ਟੀ ਤੋਂ-ਦੀਵਾ
                                              ਰਣਜੀਤ ਸਿੰਘ ਪ੍ਰੀਤ
                 ਧਰਤੀ ਉੱਤੇ ਦੀਵਾ ਕਦੋਂ ਜਗਾਇਆ ਗਿਆ,ਇਹਦਾ ਪਿਛੋਕੜ ਕੀ ਹੈ,ਇਸ ਬਾਰੇ ਇਤਿਹਾਸਕ-ਮਿਥਿਹਾਸਕ ਜਾਣਕਾਰੀ ਬਹੁਤ ਘੱਟ ਮਿਲਦੀ ਹੈ । ਪਰ ਫਿਰ ਵੀ ਜੋ ਕੁੱਝ ਕੁ ਹਵਾਦਲੇ ਮਿਲਦੇ ਹਨ,ਉਹਨਾਂ ਰਾਹੀਂ ਇਸ ਦੀ ਹੋਂਦ ਨਾਲ ਜੁੜਨ ਦਾ ਯਤਨ ਕਰਾਂਗੇ। ਲੋਕ ਕਥਾਵਾਂ ਦਾ ਹਵਾਲਾ ਵੀ ਰੌਚਕ ਹੈ ।
                  ਮਿਸਰ ਦੀ ਲੋਕ ਕਥਾ ਮੁਤਾਬਕ ਇੱਕ ਦਿਨ ਦੇਰ ਸ਼ਾਮ ਨੂੰ ਸੂਰਜ ਨੇ ਅਪਣਾ ਦਿਨ ਦਾ ਸਫ਼ਰ ਨਿਬੇੜਦਿਆਂ ਅਤੇ ਮੱਸਿਆ ਦਾ ਖ਼ਿਆਲ ਕਰਦਿਆਂ ਲਲਕਾਰ ਦਿੱਤੀ ਕਿ “ ਹੈ ਕੋਈ ਮਾਈ ਦਾ ਲਾਲ ਜੋ ਮੇਰੀ ਥਾਂ ਰੌਸ਼ਨੀ ਕਰ ਸਕੇ ?” ਉਸ ਸਮੇ ਅਕਾਸ਼ ‘ਤੇ ਇੱਕ ਤਾਰਾ ਟਿਮ ਟਿਮਾਉਂਦਾ ਦਿਖਾਈ ਦਿੱਤਾ । ਉਸ ਨੂੰ ਵੇਖ ਕੇ ਹੀ ਧਰਤੀ ਉੱਤੇ ਦੀਵੇ ਦੀ ਕਲਪਨਾ ਜਗਮਗਾਈ ।
              ਇੱਕ ਯੂਨਾਨੀ ਲੋਕ ਕਥਾ ਦੇ ਜ਼ਿਕਰ ਅਨੁਸਾਰ ਇੱਕ ਔਰਤ ਇੱਕ ਸ਼ਾਮ ਨੂੰ ਕਿਸੇ ਬਰਤਨ ਵਿੱਚ ਘਿਓ ਗਰਮ ਕਰ ਰਹੀ ਸੀ ਤਾਂ ਅਸਮਾਨ ਵਿੱਚ ਉਡਦੀ ਇੱਲ੍ਹ ਕੋਲੋਂ ਚੂਹੇ ਦੀ ਪੂਛ ਇਸ ਬਰਤਨ ਵਿੱਚ ਇਸ ਤਰ੍ਹਾ ਡਿੱਗੀ ਕਿ ਉਸਦਾ ਇੱਕ ਸਿਰਾ ਅੱਗ ਦੀਆਂ ਲਾਟਾਂ ਵੱਲ ਨੂੰ ਹੋ ਗਿਆ ਅਤੇ ਉਹ ਅੱਗ ਲੱਗਣ ਨਾਲ ਅੱਜ ਦੇ ਦੀਵੇ ਦੀ ਬੱਤੀ ਵਾਂਗ ਜਲ ਕੇ ਰੌਸ਼ਨੀ ਕਰਨ ਲੱਗੀ । ਜਦ ਉਸ ਔਰਤ ਨੇ ਅਜਿਹਾ ਵੇਖਿਆ ਤਾਂ ਉਹਨੇ ਆਟੇ-ਮਿੱਟੀ ਦਾ ਅਣਘੜਤ ਜਿਹਾ ਦੀਵਾ ਬਣਾਇਆ ਅਤੇ ਉਹਦੇ ਵਿੱਚ ਘਿਓ ਪਾ ਕੇ ਕਪੜੇ ਦੀ ਬੱਤੀ ਜਿਹੀ ਬਣਾ ਕੇ ਰੌਸ਼ਨੀ ਕਰ ਲਈ ।
                        ਇਹ ਮੱਤ ਵੀ ਪ੍ਰਚੱਲਤ ਹੈ ਕਿ ਆਦਿ ਮਾਨਵ ਨੇ ਦੀਵੇ ਨੂੰ ਤਿਆਰ ਕਰਕੇ ਉਸ ਵਿੱਚ ਚਰਬੀ ਭਰੀ ਅਤੇ ਦਰੱਖਤਾਂ ਦੀ ਛਿਲੜ ਤੋਂ ਬੱਤੀਆਂ ਬਣਾ ਕੇ ਆਪਣੇ ਰਾਹਾਂ ਵਿੱਚ ਰੌਸ਼ਨੀ ਕੀਤੀ ।
               ਸੀਰੀਆ ਵਾਲੇ ਜੋ ਕਥਾ ਸਾਂਭੀ ਬੈਠੇ ਹਨ,ਉਸ ਮੁਤਾਬਕ ਪੁਰਾਤਨ ਯੁੱਗ ਵਿੱਚ ਇੱਕ ਅਜਿਹਾ ਰੁੱਖ ਸੀ,ਜਿਸ ਦੇ ਫ਼ਲ ਹੀ ਦੀਵਿਆਂ ਦੀ ਸ਼ਕਲ ਦੇ ਸਨ । ਜਦ ਅੰਨੇ੍ਹਰਾ ਹੁੰਦਾ ਤਾਂ ਇਹ ਆਪਣੇ ਆਪ ਰੌਸ਼ਨੀ ਦੇਣ ਲੱਗ ਪਿਆ ਕਰਦੇ ਸਨ । ਬਿਲਕੁੱਲ ਉਵੇਂ ਜਿਵੇਂ ਮੁਢਲੇ ਮਨੁੱਖ ਨੇ ਜੁਗਨੂਆਂ ਨੂੰ ਵੱਡੀ ਗਿਣਤੀ ਵਿੱਚ ਫੜ ਕੇ ਅਤੇ ਇੱਕ ਥਾਂ ‘ਤੇ ਰੱਖ ਕੇ ਚਾਨਣ ਲੈਣ ਦਾ ਯਤਨ ਕੀਤਾ ਸੀ । ਇਵੇਂ ਹੀ ਇਹਨਾਂ ਲੋਕਾਂ ਨੇ ਕੀਤਾ । ਪਰ ਇੱਕ ਵਾਰ ਜਦ ਇਹ ਰੁੱਖ ਹਨ੍ਹੇਰੀ ਨਾਲ ਡਿੱਗ ਕੇ ਤਬਾਹ ਹੋ ਗਿਆ,ਤਾਂ ਹੰਨ੍ਹੇਰਾ ਰਹਿਣ ਲੱਗਿਆ । ਮਨੁੱਖ ਨੇ ਉਸ ਰੁੱਖ ਦੇ ਫ਼ਲ ਵਰਗੀ ਕਿਸੇ ਹੋਰ ਚੀਜ਼ ਦੀ ਤਲਾਸ਼ ਲਈ ਯਤਨ ਆਰੰਭੇ।
                ਓਸੇ ਅਕਾਰ ਦਾ ਦੀਵਾ ਤਿਆਰ ਕਰਕੇ ਉਸ ਵਿੱਚ ਚਰਬੀ ਅਤੇ ਮਾਸ ਭਰਿਆ । ਫਿਰ ਰੁੱਖ ਦੀ ਟਾਹਣੀ ਉਸ ਵਿੱਚ ਖੁਭੋ ਕੇ ਉਸ ਨੂੰ ਜਲਾ ਲਿਆ । ਇਸ ਨਾਲ ਰੌਸ਼ਨੀ ਹੋ ਗਈ ਤਾਂ ਲੋਕਾਂ ਨੇ ਖ਼ੂਬ ਖ਼ੁਸ਼ੀਆਂ ਮਨਾਈਆਂ । ਇਸ ਮਗਰੋਂ ਸਿੱਪੀਆਂ ਵਿੱਚ ਚਰਬੀ ਭਰਕੇ ਜਲਾਉਣ ਦਾ ਦੌਰ ਵੀ ਚਲਦਾ ਰਿਹਾ ।
                  ਜਪਾਨੀਆਂ ਅਨੁਸਾਰ ਜਦੋਂ ਹੰਨ੍ਹੇਰੇ ਤੋਂ ਡਰਦੀ ਇੱਕ ਮੁਟਿਆਰ ਨੇ ਜੰਗਲ ਵਿੱਚੋਂ ਲੰਘਦਿਆਂ,ਡਰ ਕੇ ਚੀਖਾਂ ਮਾਰੀਆਂ ਤਾਂ ਵਣਦੇਵੀ ਦੀਵਾ ਲੈ ਕੇ ਹਾਜ਼ਰ ਹੋ ਗਈ । ਇਸ ਦੀਵੇ ਦੀ ਰੌਸ਼ਨੀ ਅਤੇ ਅਕਾਰ ਤੋਂ ਪ੍ਰਭਾਵਿਤ ਹੋ ਉਸ ਜਪਾਨਣ ਨੇ ਕਈ ਦੀਵੇ ਤਿਆਰ ਕੀਤੇ । ਲਕੜੀਆਂ ਦਾ ਰਸ ਉਹਨਾਂ ਵਿੱਚ ਪਾਇਆ ਅਤੇ ਟਾਹਣੀਆਂ ਨੂੰ ਉਸ ਵਿੱਚ ਬੱਤੀ ਵਾਂਗ ਰੱਖ ਕੇ ਜਲਾਉਂਦਿਆਂ ਰੌਸ਼ਨੀ ਕੀਤੀ ।
      ਦੀਵੇ ਨਾਲ ਸਬੰਧਤ ਹੀ ਇੱਕ ਘਟਨਾ ਹੋਰ ਮਿਲਦੀ ਹੈ ਕਿ ਇੱਕ ਦੀਵਾ ਆਸਾਮ ਦੇ ਜੁਰਹਾਟ ਜ਼ਿਲ੍ਹੇ ਦੇ ਇੱਕ ਵੈਸ਼ਨਵ ਮੱਠ ਵਿੱਚ ਜੋ ਦੀਵਾ ਸਥਾਨਕ ਲੋਕਾਂ ਨੇ 1528 ਵਿੱਚ ਪਹਿਲੀ ਵਾਰ ਜਲਾਇਆ ਸੀ ਉਹ 484 ਸਾਲਾਂ ਤੋਂ ਅੱਜ ਤੱਕ ਲਗਾਤਾਰ ਜਗੀ ਜਾ ਰਿਹਾ ਹੈ । ਕਿਹਾ ਜਾਂਦਾ ਹੈ ਕਿ ਆਸਾਮੀ ਸੰਤ ਮਾਧਵਦੇਵ ਨੇ ਇਸ ਨਾਮ ਘਰ ਦਾ ਨਿਰਮਾਣ ਕਰਵਾਇਆ ਸੀ । ਇਸ ਦੀਵੇ ਨੂੰ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਸਥਾਨ ਦੇ ਦਿੱਤਾ ਗਿਆ ਹੈ । ਭਾਵੇਂ ਕੁੱਝ ਵੀ ਹੈ ਦੀਵਾ ਰੌਸ਼ਨੀ ਵੰਡਾਦਾ ਹੈ ਅਤੇ ਆਪ ਜਲ ਕੇ ਮਨਾਂ ਦੇ ਹੰਨ੍ਹੇਰੇ ਨੂੰ ਰੌਸ਼ਨ ਕਰਨ ਦਾ ਸੰਦੇਸ਼ਾ ਦਿੰਦਾ ਹੈ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232

Thursday, October 25, 2012

ਸਦਾ ਲਈ ਤੁਰ ਗਿਆ ਹਾਸਿਆਂ ਦਾ ਵਣਜ਼ਾਰਾ ;ਭੱਟੀ



           ਸਦਾ ਲਈ ਤੁਰ ਗਿਆ ਹਾਸਿਆਂ ਦਾ ਵਣਜ਼ਾਰਾ ;ਭੱਟੀ
                                ਰਣਜੀਤ ਸਿੰਘ ਪ੍ਰੀਤ
        ਦਮਦਾਰ ਕਮੇਡੀਅਨ ,ਦਮਦਾਰ ਕਮੇਡੀ ਨਾਲ ਪੰਜਾਬੀਆਂ ਦੇ ਢਿੱਡੀ ਪੀੜਾਂ ਪਾਉਂਣ ਵਾਲਾ 57 ਵਰ੍ਹਿਆਂ ਦਾ ਜਸਪਾਲ ਭੱਟੀ ਇੱਕ ਨਾ ਭੁਲਾਈ ਜਾਣ ਵਾਲੀ ਪੀੜ ਪੰਜਾਬੀਆਂ ਲਈ ਛੱਡ ਬਠਿੰਡਾ ਤੋਂ ਜਲੰਧਰ ਜਾਣ ਸਮੇ ਸ਼ਾਹਕੋਟ ਵਿਖੇ ਟਰੱਕ ਯੂਨੀਅਨ ਦੇ ਸਾਹਮਣੇ ਵਾਲੀ ਟਾਹਲੀ ਨਾਲ ਕਾਰ ਟਕਰਾਉਂਣ ਸਦਕਾ ਰਾਤ ਨੂੰ ਕਰੀਬ 3.15 ਵਜੇ ਸਵੇਰੇ ਚਲਾਣਾ ਕਰ ਗਿਆ । ਉਹਨਾਂ ਦੀ ਫ਼ਿਲਮ ਪਾਵਰ ਕੱਟ 26 ਅਕਤੂਬਰ ਨੂੰ ਰਿਲੀਜ਼ ਹੋਣੀ ਹੇ ਅਤੇ ਕੁੱਝ ਘੰਟੇ ਪਹਿਲਾ ਹੀ ਇਹ ਹੋਣੀ ਵਾਪਰ ਗਈ । ਇਸ ਐਕਸੀਡੈਂਟ ਵਿੱਚ ਜ਼ਖ਼ਮੀ ਹੋਇਆ ਫ਼ਿਲਮ ਦਾ ਹੀਰੋ ਅਤੇ ਕਰੰਟ ਦੇ ਨਾਅ ਨਾਲ ਰੋਲ ਕਰਨ ਵਾਲਾ ਜਸਪਾਲ ਭੱਟੀ ਦਾ ਬੇਟਾ ਜਸਰਾਜ ਭੱਟੀ , ਫਿਲਮ ਵਿੱਚ ਬਿਜਲੀ ਦੇ ਨਾਅ ਨਾਲ ਕੰਮ ਕਰਨ ਵਾਲੀ ਮੁੱਖ ਅਦਾਕਾਰਾ ਸੁਰੀਲੀ ਗੌਤਮ ਅਤੇ ਨਵਨੀਤ ਜੋਸ਼ੀ ਨੂੰ ਲੁਧਿਆਣਾ ਦੇ ਹਸਪਤਾਲ ਜ਼ੇਰੇ ਇਲਾਜ ਹਨ । ਜਸਪਾਲ ਭੱਟੀ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਮਗਰੋਂ ਚੰਡੀਗੜ੍ਹ ਦੇ ਸੈਕਟਰ 19 ਵਿਖੇ ਉਹਨਾਂ ਦੇ ਨਿਵਾਸ ਸਥਾਨ ਉੱਤੇ ਲਿਜਾਇਆ ਗਿਆ ਅਤੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਖੇ ਸ਼ਾਮ 5 ਵਜੇ ਸਪੁਰਦ ਇ ਆਤਸ਼ -------- ।
                             ਭਰੂਣ ਹੱਤਿਆ,ਬੇ ਰੁਜ਼ਗਾਰੀ,ਮਹਿੰਗਾਈ ਅਤੇ ਹੋਰਨਾਂ ਲੋਕ ਮਸਲਿਆਂ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕਰਨ ਵਾਲੇ,ਤੰਦਰੁਸਤ ਕਮੇਡੀ ਦੇ ਸ਼ਾਹ ਸਵਾਰ, ਐਕਟਰ, ਡਾਇਰੈਕਟਰ, ਪ੍ਰਡਿਊਸਰ,ਦਾ ਟ੍ਰਿਬਿਊਨ ਦੇ ਸਾਬਕਾ ਕਾਟੂਨਿਸਟ, ਵਜੋਂ ਮੁਹਾਲੀ ਵਿਖੇ ਟ੍ਰੇਨਿੰਗ ਅਤੇ ਸਟੁਡੀਓ ਜੌਕੀ ਫੈਕਟਰੀ ਦੇ ਨਾਅ ਨਾਲ ਚਲਾਉਂਣ ਵਾਲੇ,ਹਿੰਦੀ ਫ਼ਿਲਮਾਂ ਵਿੱਚ ਵੀ ਧਾਂਕ ਜਮਾਉਂਣ ਵਾਲੇ, ਨਾਨ ਸੈਂਸ ਕਲੱਬ ਨਾਲ ਆਪਣੇ ਜ਼ਬਰਦਸਤ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ,ਉਲਟਾ-ਪੁਲਟਾ,ਫਲਾਪ ਸ਼ੋਅ,ਫੁੱਲ ਟੈਨਸ਼ਨ,ਹਾਇ ਜ਼ਮਿੰਦਗੀ ਬਾਇ ਜ਼ਿੰਦਗੀ ਸੀਰੀਅਲਾਂ ਰਾਹੀਂ ਵਿਲੱਖਣ ਪੈੜਾਂ ਪਾਉਣ ਵਾਲੇ ਜਸਪਾਲ ਭੱਟੀ ਨੇ ਅੰਮ੍ਰਿਤਸਰ ਵਿੱਚ 3 ਮਾਰਚ 1955 ਨੂੰ ਇਸ ਦੁਨੀਆਂ ਦੀ ਪਹਿਲੀ ਕਿਰਨ ਵੇਖੀ । ਮੁਢਲੀ ਪੜ੍ਹਾਈ ਪੂਰੀ ਕਰਨ ਮਗਰੋਂ ਸਰਕਾਰੀ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਇਲੈਕਟਰੀਕਲ ਇੰਜਨੀਅਰ ਦੀ ਡਿਗਰੀ ਹਾਸਲ ਕੀਤੀ ਪੜ੍ਹਾਈ ਦੌਰਾਂਨ ਹੀ ਮਜਾਕੀਆ ਸੁਭਾਅ ਸਦਕਾ ਅਤੇ ਆਮ ਲੋਕਾਂ ਵਿੱਚ ਨਾਨਸੈਂਸ ਕਲੱਬ ਬਨਾਉਂਣ ਦੀ ਵਜ੍ਹਾ ਕਰਕੇ ਜਾਣੇ-ਪਛਾਣੇ ਵਿਅਕਤੀ ਬਣ ਗਏ ਸਨ ।
     24 ਮਾਰਚ 1985 ਨੂੰ ਸਵੀਤਾ ਭੱਟੀ ਨਾਲ ਵਿਆਹ ਹੋਣ ਮਗਰੋਂ ਬੇਟੇ ਜਸਰਾਜ ਅਤੇ ਬੇਟੀ ਰਾਬੀਆ ਭੱਟੀ ਦੇ ਪਿਤਾ ਜਸਪਾਲ ਭੱਟੀ ਨੇ ਦੂਰਦਰਸ਼ਨ ਦੇ ਸੀਰੀਅਲ ਫਲਾਪ ਸ਼ੋਅ ਵਿੱਚ ਵੀ ਸੁਵੀਤਾ ਭੱਟੀ ਨਾਲ ਉਹਦੇ ਪਤੀ ਵਜੋਂ ਹੀ ਭੂਮਿਕਾ ਨਿਭਾਈ  । ਘੱਟ ਤੋਂ ਘੱਟ ਬੱਜਟ ਵਾਲੇ ਇਸ ਸੀਰੀਅਲ ਦੀ ਪ੍ਰੋਡਿਊਸਰ ਵੀ ਸਵੀਤਾ ਹੀ ਸੀ । ਇਹਨਾ ਨਾਲ ਵਿਵੇਕ ਸ਼ੌਕ ਦਾ ਹੋਣਾ ਸੋਨੇ ‘ਤੇ ਸੁਹਾਗੇ ਵਾਂਗ ਰਿਹਾ । ਫਲਾਪ ਸ਼ੋਅ ਵਾਂਗ ਹੀ ਲੋਕਾਂ ਦੀ ਮਨ ਪਸੰਦ ਦਾ ਸੀਰੀਅਲ ਉਲਟਾ ਪੁਲਟਾ ਦੇ ਵੀ ਜਸਪਾਲ ਜੀ ਖ਼ੁਦ ਹੀ ਐਕਟਰ , ਡਾਇਰੈਕਟਰ ਸਨ । ਪੁਲੀਸ ਉੱਤੇ ਵਿਅੰਗ ਕਰਦੀ ਫਿਲਮ ਮਹੌਲ ਠੀਕ ਹੈ (1999) ਉਹਨਾਂ ਦੀ ਪਹਿਲੀ ਵੱਡੀ ਫ਼ਿਲਮ ਸੀ । ਜਿਸ ਵਿੱਚ ਪੁਲੀਸ ਅਫਸਰ ਦਾ ਰੋਲ ਲੋਕਾਂ ਨੂੰ ਅੱਜ ਵੀ ਭੁੱਲ ਨਹੀਂ ਸਕਿਆ ਹੈ । ਫ਼ਿਲਮ ਫਨਾ ਵਿੱਚ ਜੌਲੀ ਗੁੱਡ ਸਿੰਘ ਵਜੋਂ ਅਤੇ ਪ੍ਰਿੰਸੀਪਲ ਵਜੋਂ ਕੋਈ ਮੇਰੇ ਦਿਲ ਸੇ ਪੂਛੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ । ਸਬ ਟੀਵੀ ਦੇ ਕਮੇਡੀ ਕਾ ਕਿੰਗ ਕੌਣ ਅਤੇ 52 ਕਿਸ਼ਤਾਂ ਵਾਲਾ ਸੀਰੀਅਲ ਥੈਂਕ ਯੂ ਜੀਜਾ ਜੀ, ਸਟਾਰ ਪਲੱਸ ਦੇ ਸ਼ੋਅ ਨੱਚ ਬੱਲੀਏ ਵਿੱਚ ਵੀ ਉਹਨਾਂ ਆਪਣੀ ਪਤਨੀ ਸਵੀਤਾ ਨਾਲ ਮਿਲਕੇ ਧੁੰਮਾਂ ਪਾਈਆਂ ।
              ਮੈਡ ਆਰਟਸ ਸਕੂਲ ਚੰਡੀਗੜ੍ਹ ਵਿਖੇ ਚਲਾਉਣ ਵਾਲੇ ਜਸਪਾਲ ਭੱਟੀ ਦੀ ਫ਼ਿਲਮ ਜੀਜਾ ਜੀ ਨੇ ਵੀ ਖ਼ੂਬ ਧਮਾਲਾਂ ਪਾਈਆਂ । ਉਹਨਾਂ ਨੂੰ ਹੋਰਨਾਂ ਇਨਾਮਾਂ ਸਨਮਾਨਾ ਤੋਂ ਇਲਾਵਾ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਗੋਲਡਨ ਕਲਾ ਐਵਾਰਡ ਵੀ ਮਿਲਿਆ । ਉਹਨਾਂ ਕੁੱਲ ਮਿਲਾਕੇ 24 ਮੂਵੀ ਨਿਭਾਈਆਂ । ਪਹਿਲੀ ਮੂਵੀ 1999 ਵਿੱਚ ਕਾਲਾ ਸਾਮਰਾਜਯ,ਰਹੀ ਅਤੇ ਆਖ਼ਰੀ ਮੂਵੀ ਰਹੀ ਪਾਵਰ ਕੱਟ । ਜਿਸ ਦੇ 40 ਦਿਨਾਂ ਪ੍ਰਮੋਸ਼ਨ ਅਭਿਅਨ ਦਾ ਹਾਦਸੇ ਵਾਲੇ ਦਿਨ ਆਖਰੀ ਦਿਨ ਸੀ । ਜੋ ਬਹੁਤ ਦੁਖਦਾਈ ਰਿਹਾ ।               
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232                

ਗੀਤਕਾਰੀ ਦਾ ਜਾਦੂਗਰ ;ਸਾਹਿਰ ਲੁਧਿਆਣਵੀ



     ਗੀਤਕਾਰੀ ਦਾ ਜਾਦੂਗਰ ;ਸਾਹਿਰ ਲੁਧਿਆਣਵੀ
                                        ਰਣਜੀਤ ਸਿੰਘ ਪ੍ਰੀਤ
                    ਅੱਜ ਕਿਸੇ ਵੀ ਭਾਸ਼ਾ ਦੇ ਗੀਤਾਂ ਵਿੱਚ ਪਹਿਲਾਂ ਵਾਲੀ ਤਾਜ਼ਗੀ ਅਤੇ ਗੰਭੀਰਤਾ ਨਹੀਂ ਰਹੀ । ਸ਼ਬਦਾਂ ਅਤੇ ਆਵਾਜ਼ ਦੀ ਥਾਂ ਸਾਜ਼ਾਂ ਦੇ ਜੰਮਘਟ ਨੇ ਲੈ ਲਈ ਹੈ । ਇੱਕ ਸਮਾਂ ਅਜਿਹਾ ਸੀ ਜਦ ਮੁੰਬਈ ਨਗਰੀ ਦੀਆਂ ਫ਼ਿਲਮਾਂ ਅਤੇ ਗੀਤ-ਸੰਗੀਤ ਮਰਜ਼ ਦੀ ਦੁਆ ਬਣਿਆਂ ਕਰਦਾ ਸੀ,ਪਰ ਅੱਜ ਦਾ ਧੂਮ ਧੜੱਕਾ ਮਰਜ਼ ਨੂੰ ਪੱਠੇ ਪਾ ਰਿਹਾ ਏ । ਹਸਰਤ ਜੈ ਪੁਰੀ,ਸ਼ਕੀਲ ਬਦਾਯੂਨੀ,ਇੰਦੀਵਰ,ਸ਼ੈਲੇਦਰ,ਮਜ਼ਰੂਹ ਸੁਲਤਾਨ ਪੁਰੀ ਆਦਿ ਸ਼ਬਦਾਂ ਅਤੇ ਹਾਵਾਂ-ਭਾਵਾਂ ਦੇ ਜਾਦੂਗਰ ਮੰਨੇ ਜਾਂਦੇ ਹਨ । ਇਹਨਾਂ ਦੇ ਨਾਲ ਹੀ ਇੱਕ ਹੋਰ ਨਾਅ ਦਾ ਜ਼ਿਕਰ ਸੁਰਖ਼ੀਆਂ ਬਣਿਆਂ ਕਰਦਾ ਸੀ,ਉਹ ਸ਼ਾਇਰ ਸੀ ਸਾਹਿਰ ਲੁਧਿਆਣਵੀ । ਜਿਸ ਦਾ ਪੂਰਾ ਅਤੇ ਮੁੱਢਲਾ ਨਾਅ ਅਬਦੁਲ ਸੀ ।
              ਇਸ ਦੇ ਜਨਮ ਸਥਾਨ ਬਾਰੇ ਦੋ ਰਾਵਾਂ ਪ੍ਰਚੱਲਤ ਹਨ 8 ਮਾਰਚ 1921 ਨੂੰ ਅਮੀਨਪੁਰ ਬਾਜ਼ਾਰ,ਲਾਇਲਪੁਰ ,ਫੈਸਲਾਬਾਦ ਪੰਜਾਬ (ਪਾਕਿਸਤਾਨ)ਵਿੱਚ ਹੋਇਆ ,ਦੂਸਰੇ ਮੱਤ ਅਨੁਸਾਰ ਲੁਧਿਆਣਾ ਪੰਜਾਬ ਵਿੱਚ ਜਾਗੀਰਦਾਰ ਚੌਧਰੀ ਫ਼ਜ਼ਲ ਮੁਹੰਮਦ ਦੀ ਗਿਆਰਵੀਂ ਬੀਵੀ ਸਰਦਾਰ ਬੇਗਮ ਦੀ ਕੁੱਖੋਂ ਹੋਇਆ । ਅੱਬੂ ਦੇ ਜ਼ੁਲਮੋ-ਸਿਤਮ ਅਤੇ 1934 ਵਿੱਚ ਹੋਰ ਨਿਕਾਹ ਕਰਨ ਸਦਕਾ,ਉਹ ਆਪਣੀ ਅੰਮੀ ਜਾਂਨ ਨਾਲ ਉਹਦੀ ਉਂਗਲੀ ਫੜ ਮਾਮੂੰ ਜਾਨ ਕੋਲ ਨਾਨਕੇ ਪਿੰਡ ਜਾ ਵਸਿਆ । ਸਾਹਿਰ ਨੇ ਜੋ ਵੇਖਿਆ ਅਤੇ ਪਿੰਡੇ ਉੱਤੇ ਹੰਢਾਇਆ ਉਸਦੀ ਕਸਕ ਉਸਨੂੰ ਉਮਰ ਭਰ ਕੁਰੇਦ ਦੀ ਰਹੀ ।
                     ਸਾਹਿਰ ਦੇ ਇਸ਼ਕ ਦੀ ਦਾਸਤਾਂ ਉਸਦੇ ਕਰੀਬੀ ਦੋਸਤ ਫ਼ੈਜ਼ ਉਲ ਹਸਨ ਮੁਤਾਬਕ ਤਪਦਿਕ ਨਾਲ ਮਰਨ ਵਾਲੀ ਪ੍ਰੇਮ ਚੌਧਰੀ ਤੋਂ ਸ਼ੁਰੂ ਹੁੰਦੀ ਹੈ । ਜਿਸ ਦੀ ਯਾਦ ਵਿੱਚ ਸਾਹਿਰ ਨੇ ਮਰਘਟਾ ਨਜ਼ਮ ਲਿਖੀ । ਫਿਰ 1939 ਵਿੱਚ ਸਾਹਿਰ ਦੀ ਜ਼ਿੰਦਗੀ ਵਿੱਚ ਈਸਰ ਕੌਰ ਨੇ ਦਸਤਕ ਦਿੱਤੀ । ਇਸ ਸਮੇ ਉਹ ਮਾਲਵਾ ਖ਼ਾਲਸਾ ਹਾਈ ਸਕੂਲ ਦੀ ਪੜ੍ਹਾਈ ਮਗਰੋਂ ਸਰਕਾਰੀ ਕਾਲਜ ਲੁਧਿਆਣਾ ਦਾ ਵਿਦਿਆਰਥੀ ਸੀ । ਛੁੱਟੀਆਂ ਤੋਂ ਪਹਿਲਾਂ ਦੋਨੋ ਇਕਾਂਤ ਲੁਕਵੀਂ ਥਾਂ ਬੈਠੇ ਸਨ,ਕਿ ਕਾਲਜ ਦੇ ਮਾਲੀ ਨੇ ਵੇਖ ਕਿ ਸਾਰੀ ਗੱਲ ਪ੍ਰਿੰਸੀਪਲ ਨੂੰ ਦੱਸ ਦਿੱਤੀ । ਈਸਰ ਕੌਰ ਉਚ ਸਟੇਟਸ ਦੇ ਪਰਿਵਾਰ ਵਿੱਚੋਂ ਸੀ,ਸਾਹਿਰ ਲੋਕਾਂ ਨੂੰ ਬੁਰਾਈਆਂ ਵਿਰੁੱਧ ਲਾਮਬੰਦ ਕਰਿਆ ਕਰਦਾ ਸੀ,ਸਿੱਟੇ ਵਜੋਂ ਲੜਕੀ ਦੇ ਮਾਪਿਆਂ ਦੀ ਲੁਕਵੀ ਦਖ਼ਲਅੰਦਾਜ਼ੀ ਨਾਲ ਦੋਹਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ । ਜਦ 1943 ਵਿੱਚ ਸਾਹਿਰ ਲਾਹੌਰ ਵਿਖੇ ਕਿਤਾਬ ਤਲਖ਼ੀਆਂ ਪ੍ਰਕਾਸ਼ਿਤ ਕਰਵਾਉਂਣ ਹਿੱਤ ਗਿਆ ਤਾਂ ਪੈੜਾਂ ਨਪਦੀ ਈਸਰ ਕੌਰ ਵੀ ਮਗਰੇ ਜਾ ਪਹੁੰਚੀ । ਦੋਨੋ ਇਕੱਠੇ ਰਹੇ । ਜਿੱਥੋਂ ਹੁਣ ਉਹ ਵਾਪਸ ਘਰ ਨਹੀਂ ਸੀ ਜਾ ਸਕਦੀ ਅਤੇ ਮੁੰਬਈ ਪਹੁੰਚ ਕਿਸੇ ਜਾਣੂੰ ਨਾਲ ਸ਼ਾਦੀ ਕਰਵਾ ਲਈ । ਇਹਨਾਂ ਹਾਲਾਤਾਂ ਵਿੱਚ ਇਹਨਾਂ ਸਤਰਾਂ ਦਾ ਜਨਮ ਹੋਇਆ

ਯੂੰ ਅਚਾਨਕ ਤੇਰੀ ਆਵਾਜ਼ ਕਹੀਂ ਸੇ ਆਈ ------------,

ਲਮ੍ਹਾ-ਲਮ੍ਹਾ ਤੇਰੀ ਖੁਸ਼ਬੂ ਸੇ ਮੁਅੱਤਰ ਗੁਜ਼ਰਾ

 “ਬਿਛੜ ਗਯਾ ਹਰ ਸਾਥੀ ਦੇ ਕਰ, ਪਲ ਦੋ ਪਲ ਕਾ ਸਾਥ----------,

ਹਮਨੇ ਤੋ ਜਬ ਕਲੀਆਂ ਮਾਂਗੀਂ, ਕਾਂਟੋਂ ਕਾ ਹਾਰ ਮਿਲਾ!”           

                        1940 ਵਿੱਚ ਸਾਹਿਰ ਪੜ੍ਹਾਉਂਦਾ ਸੀ ਅਤੇ ਅੰਮ੍ਰਿਤਾ ਪੱਤਰਕਾਰ ਵਜੋਂ ਕੰਮ ਕਰਦੀ ਸੀ,ਸਾਹਿਰ ਨੂੰ ਕੁੱਝ ਨਾ ਕੁੱਝ ਲਿਖਦੀ ਰਹਿੰਦੀ ਸੀ,ਇੱਕ ਵਾਰ ਝੂਠ ਬੋਲਣ ਕਰਕੇ ਪਿਤਾ ਤੋਂ ਥੱਪੜ ਵੀ ਖਾਣਾ ਪਿਆ । ਉਮਰ ਭਰ ਕੁਆਰਾ ਰਹਿਣ ਵਾਲਾ ਸਾਹਿਰ ਲੰਬੀ ਖ਼ਤੋ-ਖ਼ਿਤਾਬਤ ਮਗਰੋਂ ਦਿੱਲੀ ਦੇ ਹੋਟਲ ਕਲਾਰਿਜ਼ ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ,ਸੰਖੇਪ ਜਿਹੀ ਗੱਲਬਾਤ ਦੌਰਾਂਨ ਕੋਈ ਨਹੀਂ ਜਾਣਦਾ ਕਿ ਮਨ-ਮੁਟਾਵ ਕਿਓਂ ਹੋਇਆ ਅਤੇ ਦਿਲਾਂ ਵਿੱਚ ਦਰਦ ਸਾਂਭ ਸਦਾ ਸਦਾ ਲਈ ਅਲੱਗ ਹੋ ਗਏ । ਉਧਰ ਗਾਇਕਾ ਸੁਧਾ ਮਲਹੋਤਰਾ ਨਾਲ ਵੀ ਪਿਆਰ ਦੀ ਬਾਜ਼ੀ ਪੁੱਠੀ ਪੈ ਗਈ । ਪਰ ਗੁਰੂ ਦੱਤ ਦੁਆਰਾ ਨਿਰਦੇਸ਼ਤ ਦੇਵਾ ਆਨੰਦ ਦੀ ਫ਼ਿਲਮ ਬਾਜ਼ੀ ਤੋਂ ਉਸ ਨੂੰ ਖ਼ੂਬ ਪ੍ਰਸਿੱਧੀ ਮਿਲੀ। ਜਿੱਥੇ ਉਸਦੀਆਂ ਕਾਵਿ ਪੁਸਤਕਾਂ ਤਲਖ਼ੀਆਂ,ਆਓ ਕੋਈ ਖ਼ਵਾਬ ਬੁਨੇ,ਗਾਤਾ ਜਾਏ ਵਣਜਾਰਾ,ਅਤੇ ਪਰਛਾਈਆਂ ਨੇ ਅਮਿੱਟ ਪ੍ਰਛਾਵੇਂ ਬਣਾਏ,ਉੱਥੇ ਹਮਰਾਜ਼, ਹਮਦੋਨੋ, ਸ਼ਗੁਨ, ਗ਼ਜ਼ਲ,ਨੀਲ ਕਮਲ,ਬਰਸਾਤ ਕੀ ਰਾਤ,ਪਿਆਸਾ,ਚਿੱਤਰਲੇਖਾ,ਸਾਧਨਾ,ਕਭੀ ਕਭੀ ਵਰਗੀਆਂ ਲਾ ਜਵਾਬ ਫ਼ਿਲਮਾਂ ਦੇ ਗੀਤਾਂ ਨੇ ਬਾਦਸ਼ਾਹਤ ਦੇ ਝੰਡੇ ਗੱਡੇ । ਉਸ ਦੇ ਇਹਨਾਂ ਗੀਤਾਂ ਨੂੰ ਭਲਾ ਕੋਈ ਭੁਲਾ ਸਕਦਾ ਹੈ ;-

* ਯੇਹ ਦੇਸ਼ ਹੈ ਵੀਰ ਜਵਾਨੋ ਕਾ,*ਜੀਨੇ ਵਾਲੋਂ ਕੇ ਲੀਏ ਲਾਖ ਬਹਾਨੇ ਹੈ,*ਚੀਨੋਂ ਅਰਬ ਹਮਾਰਾ,ਹਿੰਦੋਸਤਾਂ ਹਮਾਰਾ,*ਰਾਤ ਜਿਤਨੀ ਭੀ ਸੰਗੀਨ ਹੋਗੀ,ਸੁਬਾਹ ਉਤਨੀ ਹੀ ਹੁਸੀਨ ਹੋਗੀ,* ਹਮ ਇੰਤਜ਼ਾਰ ਕਰੇਂਗੇ ਕਿਆਮਤ ਤੱਕ,*ਜ਼ਿੰਦਗੀ ਭਰ ਨਹੀਂ ਭੂਲੇਗੀ ਵੋਹ ਬਰਸਾਤ ਕੀ ਰਾਤ,*ਜੋ ਵਾਅਦਾ ਕੀਆ ਵੋਹ ਨਿਭਾਨਾ ਪੜ੍ਹੇਗਾ,*ਮਤਲਬ ਨਿਕਲ ਗਿਆ ਤੋ ਪਹਿਚਾਨਤੇ ਨਹੀਂ,*ਬਾਬੁਲ ਕੀ ਦੁਆਏਂ ਲੇਤੀ ਜਾ ।

             ਇਨਕਲਾਬੀ ਵਿਚਾਰਾਂ ਦੇ ਸ਼ਾਇਰ ਸਾਹਿਰ ਨੇ ‘ਅਦਬ – ਏ – ਲਤੀਫ ਅਤੇ  “ਅੰਬ ਦੇ ਲਤੀਵੇ”, ”ਸ਼ਾਹਕਾਰ”,”ਸਵੇਰ “ ਦੀ ਸੰਪਾਦਨਾ ਵੀ ਕੀਤੀ । ਪ੍ਰੀਤਲੜੀ ਵਿੱਚ ਵੀ 1948 ਸਮੇ ਕੰਮ ਕੀਤਾ । ਵੰਡ ਸਮੇ ਉਹ ਪਾਕਿਸਤਾਨ ਨਹੀਂ ਗਿਆ,ਭਾਵੇਂ ਰਿਸ਼ਤੇਦਾਰ ਚਲੇ ਗਏ ਸਨ । ਮਹਾਂਰਾਸ਼ਟਰ ਵਿੱਚ ਸਾਹਿਰ ਕੁੱਝ ਸਮਾਂ ਕਾਰਜਕਾਰੀ ਮੈਜਿਸਟ੍ਰੇਟ ਵੀ ਰਿਹਾ ਅਤੇ ਉੱਥੇ ਕਈ ਸਥਾਨਾਂ ਦਾ ਨਾਅ ਉਹਨਾਂ ਦੇ ਨਾਅ ਨਾਲ ਜੋੜ ਕੇ ਵੀ ਰੱਖਿਆ ਗਿਆ ਹੈ । ਗੀਤਕਾਰ ਵਜੋਂ 1958 ਵਿੱਚ ਫ਼ਿਲਮ ਫੇਅਰ ਐਵਾਰਡ “ ਔਰਤ ਨੇ ਜਨਮ ਦੀਆ ਮਰਦੋਂ ਕੋ” (ਸਾਧਨਾ) ਲਈ ਉਸ ਨੂੰ ਨੌਮੀਨੇਟਿਡ ਕੀਤਾ ਗਿਆ । ਜੋ ਵਾਦਾ ਕੀਆ ਵੋਹ ਨਿਭਾਨਾ ਪੜੇਗਾ (ਤਾਜ ਮਹਿਲ) ਫ਼ਿਲਮ ਵਾਲੇ ਗੀਤ ਲਈ 1964 ਵਿੱਚ ਫ਼ਿਲਮ ਫ਼ੇਅਰ ਸਨਮਾਨ ਮਿਲਿਆ । ਪਦਮਸ਼੍ਰੀ ਐਵਾਰਡ 1971 ਨੂੰ ਉਸਦੇ ਹਿੱਸੇ ਆਇਆ ਅਤੇ 1977 ਵਿੱਚ ਫਿਰ ਫ਼ਿਲਮ ਫ਼ੇਅਰ ਐਵਾਰਡ ਕਭੀ ਕਭੀ ਮੇਰੇ ਦਿਲ ਮੇ ਖ਼ਿਆਲ ਆਤਾ ਹੈ (ਕਭੀ ਕਭੀ) ਲਈ ਦਿੱਤਾ ਗਿਆ ।

                     ਗਰੀਬਾਂ ਅਤੇ ਔਰਤ ਜਾਤੀ ਬਾਰੇ ਬਹੁਤਾ ਜਾਗਰਿਤ ਰਹਿਣ ਵਾਲਾ, ਸਮਾਜਿਕ ਨਾ ਬਰਾਬਰੀਆਂ ਦੇ ਸੇਕ ਨਾਲ ਵਲੂੰਧਰਿਆਂ ਸਾਹਿਰ ਆਪਣੀਆਂ ਹੀ ਇਹਨਾਂ ਸਤਰਾਂ ਵਾਂਗ 25 ਅਕਤੂਬਰ 1980 ਨੂੰ ਯਾਦਾਂ ਦਾ ਗੁਲਦਸਤਾ ਛੱਡ ਆਪਣੇ ਦੋਸਤ ਡਾਕਟਰ ਆਰ ਪੀ ਕਪੂਰ ਦੀਆਂ ਬਾਹਾਂ ਵਿੱਚ ਦਿਲ ਦਾ ਦੌਰਾ ਪੈਣ ਸਦਕਾ 59 ਵਰ੍ਹਿਆਂ ਦੀ ਉਮਰ ਬਿਤਾ ਕੇ ਮੁੰਬਈ ਵਿੱਚ ਸਦਾ ਸਦਾ ਲਈ ਅਦਿਖ ਦੁਨੀਆਂ ਦਾ ਵਾਸੀ ਬਣ ਗਿਆ । ਸੌ ਵਾਰ ਉਹਦਾ ਨਾਅ ਲਿਖਣ ਵਾਲੀ ਅੰਮ੍ਰਿਤਾ ਨੇ ਕਿਹਾ”ਕੋਈ ਹੋਰ ਸਾਹਿਰ ਪੈਦਾ ਨਹੀਂ ਹੌ ਸਕਦਾ “। ਉਹਦੀ ਇਹ ਗੱਲ ਸੱਚ ਹੈ,ਸੱਚ ਰਹੇਗੀ ।

“ਜਿਸਮ ਕੀ ਮੌਤ ਕੋਈ ਮੌਤ ਨਹੀਂ ਹੋਤੀ ਹੈ,

ਜਿਸਮ ਮਿਟ ਜਾਨੇ ਸੇ,ਇਨਸਾਨ ਨਹੀਂ ਮਿਟ ਜਾਤੇ,

ਧੜਕਨੇ ਰੁਕਨੇ ਸੇ, ਅਰਮਾਂਨ ਨਹੀਂ ਮਿਟ ਜਾਤੇ,

ਹੋਂਠ ਸਿਲ ਜਾਨੇ ਸੇ ,ਐਲਾਨ ਨਹੀਂ ਰੁਕ ਜਾਤੇ ।“

ਰਣਜੀਤ ਸਿੰਘ ਪ੍ਰੀਤ

ਭਗਤਾ(ਬਠਿੰਡਾ)-151206

ਮੁਬਾਇਲ ਸੰਪਰਕ;98157-07232

Monday, October 22, 2012

ਰੁਮਾਂਟਿਕ ਫ਼ਿਲਮਾਂ ਦਾ ਜਾਦੂਗਰ ਸੀ ; ਯਸ਼ ਚੋਪੜਾ



            ਰੁਮਾਂਟਿਕ ਫ਼ਿਲਮਾਂ ਦਾ ਜਾਦੂਗਰ ਸੀ ; ਯਸ਼ ਚੋਪੜਾ
                                              ਰਣਜੀਤ ਸਿੰਘ ਪ੍ਰੀਤ
                             ਫ਼ਿਲਮੀ ਨਗਰੀ ਦੀ ਚਕਾਚੌਂਧ ਵੇਖ ਕਿ ਬਹੁਤੇ ਲੜਕੇ-ਲੜਕੀਆਂ ਆਪਣੀ ਹੋਸ਼ ਗੁਆ ਬੈਠਦੇ ਹਨ । ਉਹ ਇਸ ਤੜਕ-ਭੜਕ ਵਿੱਚ ਸ਼ਾਮਲ ਹੋਣ ਲਈ ਕਈ ਤਰ੍ਹਾਂ ਦੇ ਹਥ ਕੰਡੇ ਵੀ ਵਰਤਦੇ ਹਨ । ਮੰਜ਼ਿਲ ‘ਤੇ ਅਪੜਨ ਲਈ ਪੌੜੀਆਂ ਵੀ ਲਭਦੇ ਹਨ । ਪਰ ਮਿਹਨਤੀ ਅਤੇ ਸਿਰੜੀ ਲੋਕਾਂ ਨੂੰ ਇਹਨਾਂ ਗੱਲਾਂ ਦੀ ਕੋਈ ਜ਼ਰੂਰਤ ਹੀ ਨਹੀਂ ਪੈਂਦੀ । ਸਫ਼ਲਤਾ ਆਪਣੇ ਆਪ ਉਹਨਾਂ ਦੇ ਕਦਮ ਚੁੰਮਦੀ ਹੈ । ਇਸ ਮਿਹਨਤ ਵਾਲੀ ਕਸੌਟੀ ‘ਤੇ ਹੀ ਖ਼ਰਾ ਉਤਰਦਾ ਨਾਅ ਸੀ “ ਯਸ਼ ਰਾਜ ਚੋਪੜਾ । ਅਰਥਾਤ ਯਸ਼ ਚੋਪੜਾ । ਇਸ ਰੁਮਾਂਟਿਕ ਡਾਇਰੈਕਟਰ,ਪ੍ਰੋਡਿਊਸਰ ਨੇ 27 ਸਤੰਬਰ ਨੂੰ ਹੀ ਆਪਣਾ ਜਨਮ ਦਿਨ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਸੀ ਅਤੇ ਕੁੱਝ ਕੁ ਦਿਨ ਪਹਿਲਾਂ ਹੀ ਫ਼ਿਲਮਾਂ ਤੋਂ ਬਾਹਰ ਰਹਿਣ ਦਾ ਐਲਾਨ ਕੀਤਾ ਸੀ । ਪਰ ਕਿਸੇ ਨੂੰ ਇਹ ਕੀ ਪਤਾ ਸੀ ਕਿ 13 ਅਕਤੂਬਰ ਨੂੰ ਲੀਲਾਵਤੀ ਹਸਪਤਾਲ ਮੁੰਬਈ ਵਿੱਚ ਡੇਂਘੂ ਨਾਲ ਪੀੜਤ ਹੋਣ ਮਗਰੋਂ ਦਾਖ਼ਲ ਕਰਵਾਏ ਯਸ਼ ਜੀ ਨੂੰ ਏਨੀ ਛੇਤੀ ਇਸ ਦੁਨੀਆਂ ਤੋਂ ਹੀ ਸਦਾ ਸਦਾ ਲਈ ਰੁਖ਼ਸਤ ਹੋਣ ਦਾ ਸੱਦਾ ਆ ਜਾਵੇਗਾ।
                        ਬਲਦੇਵ ਰਾਜ ਚੋਪੜਾ ਜਿਨਾਂ ਨੂੰ ਫਿਲਮੀ ਜਗਤ ਵਿੱਚ (ਬੀ ਆਰ ਚੋਪੜਾ) ਦੇ ਨਾਅ ਨਾਲ ਜਾਣਿਆਂ ਜਾਂਦਾ ਹੈ ਤੋਂ ਇਲਾਵਾ, 5 ਹੋਰ ਭਰਾਵਾਂ ਦਾ ਭਰਾ,ਅਤੇ ਇੱਕ ਭੈਣ ਦਾ ਲਾਡਲਾ ਵੀਰ, ਚੋਪੜਾ ਪਰਿਵਾਰ ਵਿੱਚ ਅੱਠਵੇਂ ਬੱਚੇ ਵਜੋਂ ਲਾਹੌਰ ਵਿਖੇ  27 ਸਤੰਬਰ 1932 ਨੂੰ ਜਨਮਿਆਂ । ਥੋਹੜਾ ਵੱਡਾ ਹੋਇਆ ਤਾਂ ਫ਼ਿਲਮੀ ਪੱਤਰਕਾਰ ਵੱਡੇ ਭਰਾਤਾ ਬੀ ਆਰ ਚੋਪੜਾ ਨਾਲ ਹੀ ਜ਼ਿਆਦਾ ਸਮਾਂ ਬਿਤਾਉਣ ਲੱਗਿਆ । ਉਹ 1945 ਵਿੱਚ ਜਲੰਧਰ ਵਿਖੇ ਪੜ੍ਹਦਾ ਰਿਹਾ ਅਤੇ ਫਿਰ ਏਥੋਂ ਉਹ ਲੁਧਿਆਣਾ ਜਾ ਪਹੁੰਚਿਆ । ਉਸਦਾ ਭਰਾ ਉਸ ਨੂੰ ਇੰਜਨੀਰਿੰਗ ਦੀ ਡਿਗਰੀ ਤੱਕ ਪੜਾਉਣ ਦਾ ਚਾਹਵਾਨ ਸੀ । ਪਰ ਫ਼ਿਲਮਾਂ ਵਿੱਚ ਰੁਚੀ ਸਦਕਾ ਉਹ ਮਾਂ ਦੇ ਅਸ਼ੀਰਵਾਦ ਨਾਲ ਜਦ ਮੁੰਬਈ ਲਈ ਰਵਾਨਾ ਹੋਇਆ ਤਾਂ ਉਸਦੀ ਜੇਬ ਵਿੱਚ 200 ਰੁਪਏ ਸਨ । ਉੱਥੇ ਉਸ ਨੇ ਆਈ ਐਸ ਜੌਹਰ ਨਾਲ ਬਤੌਰ ਸਹਾਇਕ ਡਾਇਰੈਕਟਰ ਕੰਮ ਕਰਨਾ ਸ਼ੁਰੂ ਕਰਿਆ ਅਤੇ ਏਕ ਹੀ ਰਾਸਤਾ (1956),ਨਇਆ ਦੌਰ (1957),ਸਾਧਨਾ (1958) ਫਿਲਮਾਂ ਲਈ ਕੰਮ ਵੀ ਕਰਿਆ । ਇਸ ਤੋਂ ਅਗਲੇ ਹੀ ਸਾਲ 1959 ਵਿੱਚ ਬੀ ਆਰ ਚੋਪੜਾ ਨੇ ਫ਼ਿਲਮ “ ਧੂਲ ਕਾ ਫ਼ੂਲ “ ਯਸ਼ ਚੋਪੜਾ ਨੂੰ ਸੌਂਪ ਦਿੱਤੀ । ਪਰ ਜਦ 1965 ਵਿੱਚ ਫ਼ਿਲਮ ਵਕਤ ਆਈ ਤਾਂ ਉਸ ਨੇ ਯਸ਼ ਜੀ ਨੂੰ ਖ਼ੂਬ ਸ਼ੁਹਰਤ ਦਿੰਦਿਆਂ ਉਹਦਾ ਵਕਤ ਹੀ ਬਦਲ ਕੇ ਰੱਖ ਦਿੱਤਾ । ਯਸ਼ ਜੀ ਨੇ ਕੁੱਲ 22 ਫਿਲਮਾਂ ਦੀ ਡਾਇਰੈਕਸ਼ਨ ਕੀਤੀ।

                  1970 ਵਿੱਚ ਯਸ਼ ਚੋਪੜਾ ਨੇ ਪਾਮਿਲਾ ਸਿੰਘ ਨਾਲ ਵਿਆਹ ਕਰਵਾ ਲਿਆ ਅਤੇ ਆਪ ਦੇ ਘਰ ਦੋ ਬੇਟੇ ਨਿਰਮਾਤਾ ਅਦਿਤਯ ਚੋਪੜਾ (ਜਨਮ 1971),ਅਦਾਕਾਰ ਨਿਰਮਾਤਾ ਉਦੇ ਚੋਪੜਾ (ਜਨਮ 1973) ਨੇ ਜਨਮ ਲਿਆ । ਏਸੇ ਹੀ ਸਾਲ ਉਹਨਾਂ ਆਪਣੀ ਯਸ਼ ਰਾਜ ਫ਼ਿਲਮਜ਼ ਨਾਅ ਨਾਲ ਫ਼ਿਲਮ ਪ੍ਰੋਡਕਸ਼ਨ ਕੰਪਨੀ ਦਾ ਅਗਾਜ਼ ਵੀ ਕੀਤਾ ਅਤੇ ਏਸੇ ਸਾਲ 1973 ਵਿੱਚ ਹੀ ਪਹਿਲੀ ਫ਼ਿਲਮ ਦਾਗ ਪ੍ਰੋਡਿਊਸ ਕੀਤੀ । ਅਮਿਤਾਬ ਬਚਨ ਨੂੰ ਐਂਗਰੀ ਯੰਗਮੈਨ 1975 ਵਿੱਚ ਆਈ ਫ਼ਿਲਮ ਦੀਵਾਰ ਨੇ ਬਣਾਇਆ ,ਏਵੇਂ ਹੀ 1993 ਵਿੱਚ ਡਰ ਫ਼ਿਲਮ ਨੇ ਸ਼ਾਹਰੁਖ ਖ਼ਾਨ ਨੂੰ ਫ਼ਿਲਮਾਂ ਦਾ ਸ਼ਾਹਸਵਾਰ ਬਣਨ ਦੇ ਰਸਤੇ ਪਾਇਆ । ਪਰ ਯਸ਼ ਚੋਪੜਾ ਜੀ 13 ਨਵੰਬਰ ਨੂੰ ਦਿਵਾਲੀ ‘ਤੇ ਰਿਲੀਜ਼ ਹੋਣ ਵਾਲੀ ਆਪਣੀ ਆਖ਼ਰੀ ਫ਼ਿਲਮ ਜਬ ਤੱਕ ਹੈ ਜਾਨ (2012) ਦੀ ਹਲਚਲ ਨੂੰ ਵੇਖਣ ਤੋਂ ਪਹਿਲਾਂ ਹੀ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਬੀਤੇ ਕੱਲ੍ਹ 21 ਅਕਤੂਬਰ ਨੂੰ 6.30 ਵਜੇ ਇਸ ਦੁਨੀਆਂ ਤੋਂ ਸਦਾ ਸਦਾ ਲਈ ਰੁਖ਼ਸਤ ਹੋ ਗਏ ।

             ਜਿੱਥੇ ਉਹਨਾਂ ਦੀਆਂ ਫ਼ਿਲਮਾਂ ,ਵਕਤ,ਦਾਗ,ਏ ਪੋਇਮ ਆਫ਼ ਲਵ, ਵਿਜੈ, ਮਸ਼ਾਲ, ਲਮਹੇਂ, ਚਾਂਦਨੀ,ਦਿਲ ਤੋਂ ਪਾਗਲ ਹੈ,ਵੀਰ ਯਾਰਾ ਆਦਿ ਨੇ ਬੁਲੰਦੀਆਂ ਛੁਹੀਆਂ ਉੱਥੇ ਕਈ ਸਿਖਾਂਦਰੂ ਅਦਾਕਾਰਾਂ ਨੂੰ ਵੀ ਸਥਾਪਤੀ ਦੇ ਰਾਹ ਤੋਰਿਆ । ਉਹਨਾਂ ਨੂੰ 6 ਕੌਮੀ ਐਵਾਰਡਾਂ ਤੋਂ ਇਲਾਵਾ,11 ਫ਼ਿਲਮ ਫ਼ੇਅਰ ਐਵਾਰਡ ਵੀ ਮਿਲੇ । ਕੁੱਝ ਦਿਨ ਪਹਿਲਾਂ ਹੀ ਫ਼ਿਲਮਾਂ ਤੋਂ ਲਾਂਭੇ ਹੋਣ ਦਾ ਐਲਾਨ ਕਰਨ ਵਾਲੇ ਯਸ਼ ਜੀ ਜਿੱਥੇ ਪੰਜਾਬੀ ਫ਼ਿਲਮ ਬਨਾਉਂਣ ਦੀ ਗੱਲ ਅਧੂਰੀ ਛੱਡ ਗਏ ਉੱਥੇ ਫ਼ਿਲਮਾਂ ਛੱਡਣ ਵਾਂਗ ,ਇਹ ਦੁਨੀਆਂ ਵੀ ਛੱਡ ਗਏ । ਪਰ ਲਗਦਾ ਨਹੀਂ ਕਿ ਉਹਨਾਂ ਦੇ ਜਾਨਦਾਰ ਕਾਰਜ ਸਦਕਾ ਅਤੇ ਸਦਾ ਬਹਾਰ ਡਾਇਰੈਕਟਰ ਵਜੋਂ ਅਦਾ ਕੀਤੇ ਰੋਲ ਸਦਕਾ ਉਹਨਾਂ ਨੂੰ ਕੋਈ ਭੁਲਾ ਸਕੇਗਾ ? ਜਾਂ ਉਹ ਕਿਸੇ ਦੇ ਚੇਤਿਆਂ ‘ਚੋਂ ਵਿਸਰ ਜਾਣਗੇ ।


ਰਣਜੀਤ ਸਿੰਘ ਪ੍ਰੀਤ
ਭਗਤਾ(ਬਠਿੰਡਾ)-151206
ਮੁਬਾਇਲ ਸੰਪਰਕ;98157-07232