Thursday, October 25, 2012

ਗੀਤਕਾਰੀ ਦਾ ਜਾਦੂਗਰ ;ਸਾਹਿਰ ਲੁਧਿਆਣਵੀ



     ਗੀਤਕਾਰੀ ਦਾ ਜਾਦੂਗਰ ;ਸਾਹਿਰ ਲੁਧਿਆਣਵੀ
                                        ਰਣਜੀਤ ਸਿੰਘ ਪ੍ਰੀਤ
                    ਅੱਜ ਕਿਸੇ ਵੀ ਭਾਸ਼ਾ ਦੇ ਗੀਤਾਂ ਵਿੱਚ ਪਹਿਲਾਂ ਵਾਲੀ ਤਾਜ਼ਗੀ ਅਤੇ ਗੰਭੀਰਤਾ ਨਹੀਂ ਰਹੀ । ਸ਼ਬਦਾਂ ਅਤੇ ਆਵਾਜ਼ ਦੀ ਥਾਂ ਸਾਜ਼ਾਂ ਦੇ ਜੰਮਘਟ ਨੇ ਲੈ ਲਈ ਹੈ । ਇੱਕ ਸਮਾਂ ਅਜਿਹਾ ਸੀ ਜਦ ਮੁੰਬਈ ਨਗਰੀ ਦੀਆਂ ਫ਼ਿਲਮਾਂ ਅਤੇ ਗੀਤ-ਸੰਗੀਤ ਮਰਜ਼ ਦੀ ਦੁਆ ਬਣਿਆਂ ਕਰਦਾ ਸੀ,ਪਰ ਅੱਜ ਦਾ ਧੂਮ ਧੜੱਕਾ ਮਰਜ਼ ਨੂੰ ਪੱਠੇ ਪਾ ਰਿਹਾ ਏ । ਹਸਰਤ ਜੈ ਪੁਰੀ,ਸ਼ਕੀਲ ਬਦਾਯੂਨੀ,ਇੰਦੀਵਰ,ਸ਼ੈਲੇਦਰ,ਮਜ਼ਰੂਹ ਸੁਲਤਾਨ ਪੁਰੀ ਆਦਿ ਸ਼ਬਦਾਂ ਅਤੇ ਹਾਵਾਂ-ਭਾਵਾਂ ਦੇ ਜਾਦੂਗਰ ਮੰਨੇ ਜਾਂਦੇ ਹਨ । ਇਹਨਾਂ ਦੇ ਨਾਲ ਹੀ ਇੱਕ ਹੋਰ ਨਾਅ ਦਾ ਜ਼ਿਕਰ ਸੁਰਖ਼ੀਆਂ ਬਣਿਆਂ ਕਰਦਾ ਸੀ,ਉਹ ਸ਼ਾਇਰ ਸੀ ਸਾਹਿਰ ਲੁਧਿਆਣਵੀ । ਜਿਸ ਦਾ ਪੂਰਾ ਅਤੇ ਮੁੱਢਲਾ ਨਾਅ ਅਬਦੁਲ ਸੀ ।
              ਇਸ ਦੇ ਜਨਮ ਸਥਾਨ ਬਾਰੇ ਦੋ ਰਾਵਾਂ ਪ੍ਰਚੱਲਤ ਹਨ 8 ਮਾਰਚ 1921 ਨੂੰ ਅਮੀਨਪੁਰ ਬਾਜ਼ਾਰ,ਲਾਇਲਪੁਰ ,ਫੈਸਲਾਬਾਦ ਪੰਜਾਬ (ਪਾਕਿਸਤਾਨ)ਵਿੱਚ ਹੋਇਆ ,ਦੂਸਰੇ ਮੱਤ ਅਨੁਸਾਰ ਲੁਧਿਆਣਾ ਪੰਜਾਬ ਵਿੱਚ ਜਾਗੀਰਦਾਰ ਚੌਧਰੀ ਫਜ਼ਲ ਮੁਹੰਮਦ ਦੀ ਗਿਆਰਵੀਂ ਬੀਵੀ ਸਰਦਾਰ ਬੇਗਮ ਦੀ ਕੁੱਖੋਂ ਹੋਇਆ । ਅੱਬੂ ਦੇ ਜ਼ੁਲਮੋ-ਸਿਤਮ ਅਤੇ 1934 ਵਿੱਚ ਹੋਰ ਨਿਕਾਹ ਕਰਨ ਸਦਕਾ,ਉਹ ਆਪਣੀ ਅੰਮੀ ਜਾਂਨ ਨਾਲ ਉਹਦੀ ਉਂਗਲੀ ਫੜ ਮਾਮੂੰ ਜਾਨ ਕੋਲ ਨਾਨਕੇ ਪਿੰਡ ਜਾ ਵਸਿਆ । ਸਾਹਿਰ ਨੇ ਜੋ ਵੇਖਿਆ ਅਤੇ ਪਿੰਡੇ ਉੱਤੇ ਹੰਢਾਇਆ ਉਸਦੀ ਕਸਕ ਉਸਨੂੰ ਉਮਰ ਭਰ ਕੁਰੇਦ ਦੀ ਰਹੀ
                     ਸਾਹਿਰ ਦੇ ਇਸ਼ਕ ਦੀ ਦਾਸਤਾਂ ਉਸਦੇ ਕਰੀਬੀ ਦੋਸਤ ਫ਼ੈਜ਼ ਉਲ ਹਸਨ ਮੁਤਾਬਕ ਤਪਦਿਕ ਨਾਲ ਮਰਨ ਵਾਲੀ ਪ੍ਰੇਮ ਚੌਧਰੀ ਤੋਂ ਸ਼ੁਰੂ ਹੁੰਦੀ ਹੈ । ਜਿਸ ਦੀ ਯਾਦ ਵਿੱਚ ਸਾਹਿਰ ਨੇ ਮਰਘਟਾ ਨਜ਼ਮ ਲਿਖੀ । ਫਿਰ 1939 ਵਿੱਚ ਸਾਹਿਰ ਦੀ ਜ਼ਿੰਦਗੀ ਵਿੱਚ ਈਸਰ ਕੌਰ ਨੇ ਦਸਤਕ ਦਿੱਤੀ । ਇਸ ਸਮੇ ਉਹ ਮਾਲਵਾ ਖ਼ਾਲਸਾ ਹਾਈ ਸਕੂਲ ਦੀ ਪੜ੍ਹਾਈ ਮਗਰੋਂ ਸਰਕਾਰੀ ਕਾਲਜ ਲੁਧਿਆਣਾ ਦਾ ਵਿਦਿਆਰਥੀ ਸੀ । ਛੁੱਟੀਆਂ ਤੋਂ ਪਹਿਲਾਂ ਦੋਨੋ ਇਕਾਂਤ ਲੁਕਵੀਂ ਥਾਂ ਬੈਠੇ ਸਨ,ਕਿ ਕਾਲਜ ਦੇ ਮਾਲੀ ਨੇ ਵੇਖ ਕਿ ਸਾਰੀ ਗੱਲ ਪ੍ਰਿੰਸੀਪਲ ਨੂੰ ਦੱਸ ਦਿੱਤੀ । ਈਸਰ ਕੌਰ ਉਚ ਸਟੇਟਸ ਦੇ ਪਰਿਵਾਰ ਵਿੱਚੋਂ ਸੀ,ਸਾਹਿਰ ਲੋਕਾਂ ਨੂੰ ਬੁਰਾਈਆਂ ਵਿਰੁੱਧ ਲਾਮਬੰਦ ਕਰਿਆ ਕਰਦਾ ਸੀ,ਸਿੱਟੇ ਵਜੋਂ ਲੜਕੀ ਦੇ ਮਾਪਿਆਂ ਦੀ ਲੁਕਵੀ ਦਖ਼ਲਅੰਦਾਜ਼ੀ ਨਾਲ ਦੋਹਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ । ਜਦ 1943 ਵਿੱਚ ਸਾਹਿਰ ਲਾਹੌਰ ਵਿਖੇ ਕਿਤਾਬ ਤਲਖ਼ੀਆਂ ਪ੍ਰਕਾਸ਼ਿਤ ਕਰਵਾਉਂਣ ਹਿੱਤ ਗਿਆ ਤਾਂ ਪੈੜਾਂ ਨਪਦੀ ਈਸਰ ਕੌਰ ਵੀ ਮਗਰੇ ਜਾ ਪਹੁੰਚੀ । ਦੋਨੋ ਇਕੱਠੇ ਰਹੇ । ਜਿੱਥੋਂ ਹੁਣ ਉਹ ਵਾਪਸ ਘਰ ਨਹੀਂ ਸੀ ਜਾ ਸਕਦੀ ਅਤੇ ਮੁੰਬਈ ਪਹੁੰਚ ਕਿਸੇ ਜਾਣੂੰ ਨਾਲ ਸ਼ਾਦੀ ਕਰਵਾ ਲਈ । ਇਹਨਾਂ ਹਾਲਾਤਾਂ ਵਿੱਚ ਇਹਨਾਂ ਸਤਰਾਂ ਦਾ ਜਨਮ ਹੋਇਆ

ਯੂੰ ਅਚਾਨਕ ਤੇਰੀ ਆਵਾਜ਼ ਕਹੀਂ ਸੇ ਆਈ ------------,

ਲਮ੍ਹਾ-ਲਮ੍ਹਾ ਤੇਰੀ ਖੁਸ਼ਬੂ ਸੇ ਮੁਅੱਤਰ ਗੁਜ਼ਰਾ

 ਬਿਛੜ ਗਯਾ ਹਰ ਸਾਥੀ ਦੇ ਕਰ, ਪਲ ਦੋ ਪਲ ਕਾ ਸਾਥ----------,

ਹਮਨੇ ਤੋ ਜਬ ਕਲੀਆਂ ਮਾਂਗੀਂ, ਕਾਂਟੋਂ ਕਾ ਹਾਰ ਮਿਲਾ!           

                        1940 ਵਿੱਚ ਸਾਹਿਰ ਪੜ੍ਹਾਉਂਦਾ ਸੀ ਅਤੇ ਅੰਮ੍ਰਿਤਾ ਪੱਤਰਕਾਰ ਵਜੋਂ ਕੰਮ ਕਰਦੀ ਸੀ,ਸਾਹਿਰ ਨੂੰ ਕੁੱਝ ਨਾ ਕੁੱਝ ਲਿਖਦੀ ਰਹਿੰਦੀ ਸੀ,ਇੱਕ ਵਾਰ ਝੂਠ ਬੋਲਣ ਕਰਕੇ ਪਿਤਾ ਤੋਂ ਥੱਪੜ ਵੀ ਖਾਣਾ ਪਿਆ । ਉਮਰ ਭਰ ਕੁਆਰਾ ਰਹਿਣ ਵਾਲਾ ਸਾਹਿਰ ਲੰਬੀ ਖ਼ਤੋ-ਖ਼ਿਤਾਬਤ ਮਗਰੋਂ ਦਿੱਲੀ ਦੇ ਹੋਟਲ ਕਲਾਰਿਜ਼ ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ,ਸੰਖੇਪ ਜਿਹੀ ਗੱਲਬਾਤ ਦੌਰਾਂਨ ਕੋਈ ਨਹੀਂ ਜਾਣਦਾ ਕਿ ਮਨ-ਮੁਟਾਵ ਕਿਓਂ ਹੋਇਆ ਅਤੇ ਦਿਲਾਂ ਵਿੱਚ ਦਰਦ ਸਾਂਭ ਸਦਾ ਸਦਾ ਲਈ ਅਲੱਗ ਹੋ ਗਏ । ਉਧਰ ਗਾਇਕਾ ਸੁਧਾ ਮਲਹੋਤਰਾ ਨਾਲ ਵੀ ਪਿਆਰ ਦੀ ਬਾਜ਼ੀ ਪੁੱਠੀ ਪੈ ਗਈ । ਪਰ ਗੁਰੂ ਦੱਤ ਦੁਆਰਾ ਨਿਰਦੇਸ਼ਤ ਦੇਵਾ ਆਨੰਦ ਦੀ ਫ਼ਿਲਮ ਬਾਜ਼ੀ ਤੋਂ ਉਸ ਨੂੰ ਖ਼ੂਬ ਪ੍ਰਸਿੱਧੀ ਮਿਲੀ। ਜਿੱਥੇ ਉਸਦੀਆਂ ਕਾਵਿ ਪੁਸਤਕਾਂ ਤਲਖ਼ੀਆਂ,ਆਓ ਕੋਈ ਖ਼ਵਾਬ ਬੁਨੇ,ਗਾਤਾ ਜਾਏ ਵਣਜਾਰਾ,ਅਤੇ ਪਰਛਾਈਆਂ ਨੇ ਅਮਿੱਟ ਪ੍ਰਛਾਵੇਂ ਬਣਾਏ,ਉੱਥੇ ਹਮਰਾਜ਼, ਹਮਦੋਨੋ, ਸ਼ਗੁਨ, ਗ਼ਜ਼ਲ,ਨੀਲ ਕਮਲ,ਬਰਸਾਤ ਕੀ ਰਾਤ,ਪਿਆਸਾ,ਚਿੱਤਰਲੇਖਾ,ਸਾਧਨਾ,ਕਭੀ ਕਭੀ ਵਰਗੀਆਂ ਲਾ ਜਵਾਬ ਫ਼ਿਲਮਾਂ ਦੇ ਗੀਤਾਂ ਨੇ ਬਾਦਸ਼ਾਹਤ ਦੇ ਝੰਡੇ ਗੱਡੇ । ਉਸ ਦੇ ਇਹਨਾਂ ਗੀਤਾਂ ਨੂੰ ਭਲਾ ਕੋਈ ਭੁਲਾ ਸਕਦਾ ਹੈ ;-

* ਯੇਹ ਦੇਸ਼ ਹੈ ਵੀਰ ਜਵਾਨੋ ਕਾ,*ਜੀਨੇ ਵਾਲੋਂ ਕੇ ਲੀਏ ਲਾਖ ਬਹਾਨੇ ਹੈ,*ਚੀਨੋਂ ਅਰਬ ਹਮਾਰਾ,ਹਿੰਦੋਸਤਾਂ ਹਮਾਰਾ,*ਰਾਤ ਜਿਤਨੀ ਭੀ ਸੰਗੀਨ ਹੋਗੀ,ਸੁਬਾਹ ਉਤਨੀ ਹੀ ਹੁਸੀਨ ਹੋਗੀ,* ਹਮ ਇੰਤਜ਼ਾਰ ਕਰੇਂਗੇ ਕਿਆਮਤ ਤੱਕ,*ਜ਼ਿੰਦਗੀ ਭਰ ਨਹੀਂ ਭੂਲੇਗੀ ਵੋਹ ਬਰਸਾਤ ਕੀ ਰਾਤ,*ਜੋ ਵਾਅਦਾ ਕੀਆ ਵੋਹ ਨਿਭਾਨਾ ਪੜ੍ਹੇਗਾ,*ਮਤਲਬ ਨਿਕਲ ਗਿਆ ਤੋ ਪਹਿਚਾਨਤੇ ਨਹੀਂ,*ਬਾਬੁਲ ਕੀ ਦੁਆਏਂ ਲੇਤੀ ਜਾ ।

             ਇਨਕਲਾਬੀ ਵਿਚਾਰਾਂ ਦ ਸ਼ਾਇਰ ਸਾਹਿਰ ਨੇ ਅਦਬ ਲਤੀਫ ਅਤੇ  ਅੰਬ ਦੇ ਲਤੀਵੇ, ਸ਼ਾਹਕਾਰ,ਸਵੇਰ ਦੀ ਸੰਪਾਦਨਾ ਵੀ ਕੀਤੀ । ਪ੍ਰੀਤਲੜੀ ਵਿੱਚ ਵੀ 1948 ਸਮੇ ਕੰਮ ਕੀਤਾ । ਵੰਡ ਸਮੇ ਉਹ ਪਾਕਿਸਤਾਨ ਨਹੀਂ ਗਿਆ,ਭਾਵੇਂ ਰਿਸ਼ਤੇਦਾਰ ਚਲੇ ਗਏ ਸਨ । ਮਹਾਂਰਾਸ਼ਟਰ ਵਿੱਚ ਸਾਹਿਰ ਕੁੱਝ ਸਮਾਂ ਕਾਰਜਕਾਰੀ ਮੈਜਿਸਟ੍ਰੇਟ ਵੀ ਰਿਹਾ ਅਤੇ ਉੱਥੇ ਕਈ ਸਥਾਨਾਂ ਦਾ ਨਾਅ ਉਹਨਾਂ ਦੇ ਨਾਅ ਨਾਲ ਜੋੜ ਕੇ ਵੀ ਰੱਖਿਆ ਗਿਆ ਹੈ । ਗੀਤਕਾਰ ਵਜੋਂ 1958 ਵਿੱਚ ਫ਼ਿਲਮ ਫੇਅਰ ਐਵਾਰਡ ਔਰਤ ਨੇ ਜਨਮ ਦੀਆ ਮਰਦੋਂ ਕੋ (ਸਾਧਨਾ) ਲਈ ਉਸ ਨੂੰ ਨੌਮੀਨੇਟਿਡ ਕੀਤਾ ਗਿਆ । ਜੋ ਵਾਦਾ ਕੀਆ ਵੋਹ ਨਿਭਾਨਾ ਪੜੇਗਾ (ਤਾਜ ਮਹਿਲ) ਫ਼ਿਲਮ ਵਾਲੇ ਗੀਤ ਲਈ 1964 ਵਿੱਚ ਫ਼ਿਲਮ ਫ਼ੇਅਰ ਸਨਮਾਨ ਮਿਲਿਆ । ਪਦਮਸ਼੍ਰੀ ਐਵਾਰਡ 1971 ਨੂੰ ਉਸਦੇ ਹਿੱਸੇ ਆਇਆ ਅਤੇ 1977 ਵਿੱਚ ਫਿਰ ਫ਼ਿਲਮ ਫ਼ੇਅਰ ਐਵਾਰਡ ਕਭੀ ਕਭੀ ਮੇਰੇ ਦਿਲ ਮੇ ਖ਼ਿਆਲ ਆਤਾ ਹੈ (ਕਭੀ ਕਭੀ) ਲਈ ਦਿੱਤਾ ਗਿਆ ।

                     ਗਰੀਬਾਂ ਅਤੇ ਔਰਤ ਜਾਤੀ ਬਾਰੇ ਬਹੁਤਾ ਜਾਗਰਿਤ ਰਹਿਣ ਵਾਲਾ, ਸਮਾਜਿਕ ਨਾ ਬਰਾਬਰੀਆਂ ਦੇ ਸੇਕ ਨਾਲ ਵਲੂੰਧਰਿਆਂ ਸਾਹਿਰ ਆਪਣੀਆਂ ਹੀ ਇਹਨਾਂ ਸਤਰਾਂ ਵਾਂਗ 25 ਅਕਤੂਬਰ 1980 ਨੂੰ ਯਾਦਾਂ ਦਾ ਗੁਲਦਸਤਾ ਛੱਡ ਆਪਣੇ ਦੋਸਤ ਡਾਕਟਰ ਆਰ ਪੀ ਕਪੂਰ ਦੀਆਂ ਬਾਹਾਂ ਵਿੱਚ ਦਿਲ ਦਾ ਦੌਰਾ ਪੈਣ ਸਦਕਾ 59 ਵਰ੍ਹਿਆਂ ਦੀ ਉਮਰ ਬਿਤਾ ਕੇ ਮੁੰਬਈ ਵਿੱਚ ਸਦਾ ਸਦਾ ਲਈ ਅਦਿਖ ਦੁਨੀਆਂ ਦਾ ਵਾਸੀ ਬਣ ਗਿਆ । ਸੌ ਵਾਰ ਉਹਦਾ ਨਾਅ ਲਿਖਣ ਵਾਲੀ ਅੰਮ੍ਰਿਤਾ ਨੇ ਕਿਹਾਕੋਈ ਹੋਰ ਸਾਹਿਰ ਪੈਦਾ ਨਹੀਂ ਹੌ ਸਕਦਾ ਉਹਦੀ ਇਹ ਗੱਲ ਸੱਚ ਹੈ,ਸੱਚ ਰਹੇਗੀ ।

ਜਿਸਮ ਕੀ ਮੌਤ ਕੋਈ ਮੌਤ ਨਹੀਂ ਹੋਤੀ ਹੈ,

ਜਿਸਮ ਮਿਟ ਜਾਨੇ ਸੇ,ਇਨਸਾਨ ਨਹੀਂ ਮਿਟ ਜਾਤੇ,

ਧੜਕਨੇ ਰੁਕਨੇ ਸੇ, ਅਰਮਾਂਨ ਨਹੀਂ ਮਿਟ ਜਾਤੇ,

ਹੋਂਠ ਸਿਲ ਜਾਨੇ ਸੇ ,ਐਲਾਨ ਨਹੀਂ ਰੁਕ ਜਾਤੇ ।

ਰਣਜੀਤ ਸਿੰਘ ਪ੍ਰੀਤ

ਭਗਤਾ(ਬਠਿੰਡਾ)-151206

ਮੁਬਾਇਲ ਸੰਪਰਕ;98157-07232

No comments:

Post a Comment