18 ਅਕਤੂਬਰ ਬਰਸੀ ’ਤੇ
ਬੇ-ਆਸਰਿਆਂ
ਦਾ ਆਸਰਾ;ਸੰਤ ਬਾਬਾ ਮੋਹਨ ਸਿੰਘ ਜੀ
ਰਣਜੀਤ ਸਿੰਘ ਪ੍ਰੀਤ
ਇਸ ਦੁਨੀਆਂ ਉੱਤੇ ਬਹੁ-ਗਿਣਤੀ
ਲੋਕ ਅਜਿਹੇ ਹਨ,ਜੋ ਖਾ-ਪੀ ਕੇ ਸੌਂ ਜਾਂਦੇ ਹਨ,ਸੁਪਨੇ ਵੇਖ ਲੈਂਦੇ ਹਨ । ਇਹ ਲੋਕ ਇਸ ਧਰਤੀ ਲਈ ਬੋਝ
ਹਨ । ਪਰ ਇਹਨਾਂ ਤੋਂ ਉਲਟ ਕੁੱਝ ਅਜਿਹੇ ਵਿਅਕਤੀ ਵੀ ਹਨ,ਜੋ ਦੀਨ-ਦੁਖੀਆਂ ਦੀ ਸੇਵਾ ਸੰਭਾਲ ਕਰਦੇ
ਅਤੇ ਆਪ ਭੁੱਖੇ-ਪਿਆਸੇ ਰਹਿ ਕੇ, ਨਿੱਜ ਤੋਂ ਸਮੂਹਕ ਵੱਲ ਤੱਕਣ ਵਾਲੇ ਹਨ,ਇਹੀ ਬਾਬਾ,ਸੰਤ ਜਾਂ
ਮਹਾਂਪੁਰਸ਼ ਅਖਵਾਉਦੇ ਹਨ ਅਤੇ ਇਹੋ-ਜਿਹੀ ਸ਼ਖ਼ਸ਼ੀਅਤ ਦੇ ਮਾਲਿਕ ਹੀ ਸਨ ਬੇ ਸਹਾਰਿਆਂ ਦੇ ਸਹਾਰਾ ਬਾਬਾ
ਮੋਹਨ ਸਿੰਘ ਜੀ ।
ਜਿਹਨਾਂ ਨੇ ਭਗਤ ਪੂਰਨ ਸਿੰਘ ਜੀ ਵਾਂਗ
ਹੀ ਦੇਸ਼ ਦੀ ਵੰਡ ਅਤੇ ਖ਼ੂਨ-ਖ਼ਰਾਬੇ ਨੂੰ ਅੱਖ਼ੀ ਵੇਖਿਆ ਅਤੇ ਪਿੰਡੇ ‘ਤੇ ਹੰਢਾਇਆ ਸੀ । ਮਾਤਾ ਕਰਮ ਕੌਰ ਅਤੇ
ਪਿਤਾ ਕੱਥਾ ਸਿੰਘ ਦੇ ਘਰ 1891 ਨੂੰ ਪਾਕਿਸਤਾਨ ਵਿੱਚ ਜਨਮੇ ਸੰਤ ਬਾਬਾ ਮੋਹਣ ਸਿੰਘ ਜੀ ਨੇ
ਮਾਪਿਆਂ ਦੇ ਵਿਛੋੜੇ ਵਾਲੇ ਦਰਦ ਦੀ ਕਸਕ ਨੂੰ ਦਿਲ-ਦਿਮਾਗ ਵਿੱਚ ਸਾਂਭਦਿਆਂ ਭਗਤ ਪੂਰਨ ਸਿੰਘ ਵਾਂਗ
ਹੀ ਦੀਨ-ਦੁਖੀਆਂ,ਬਿਮਾਰ-ਅਪਾਹਜ ਸ਼ਰਨਾਰਥੀਆਂ ਦੀ ਕੈਪਾਂ ਵਿੱਚ ਸੇਵਾ ਸੰਭਾਲ ਕੀਤੀ । ਫਿਰ ਕੁੱਝ
ਸਮਾਂ ਜ਼ਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵੀ ਸੇਵਾ ਕਾਰਜਾਂ
ਵਿੱਚ ਜੁਟੇ ਰਹੇ । ਭਗਤ ਪੂਰਨ ਸਿੰਘ ਜੀ ਨਾਲ ਹੋਈ ਮੁਲਾਕਾਤ ਨੇ ਉਹਨਾਂ ਦੀ ਜ਼ਿੰਦਗੀ ਦੇ ਅਰਥ ਹੀ
ਬਦਲ ਦਿੱਤੇ ਅਤੇ ਉਹ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਰਹਿਣ ਸਮੇ,ਜਦੋਂ ਕਿਸੇ ਲਾ-ਵਾਰਸ
ਨੂੰ ਜਾਂ ਦਿਮਾਗੀ ਮਰੀਜ਼ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਭਗਤ ਜੀ ਕੋਲ ਲਿਜਾਂਦੇ,ਅਤੇ ਉੱਥੇ ਜਗ੍ਹਾ ਦੀ ਘਾਟ ਹੋਣ ਸਦਕਾ, ਵਾਪਸ
ਲਿਆਉਂਣਾ ਪੈਂਦਾ,ਤਾਂ ਬੜੀ ਮੁਸ਼ਕਲ ਹੁੰਦੀ । ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵੀ
ਅਪਾਹਜ,ਲਾ-ਵਾਰਸ ਆਉਂਦੇ,ਬਾਬਾ ਜੀ ਉਹਨਾਂ ਨੂੰ ਸੰਭਾਲਦੇ ਅਤੇ ਆਪ ਲੰਗਰ ਛਕਾਉਂਦੇ । ਇਹ ਵੇਖ,ਗੁਰਦੁਆਰਾ
ਸਾਹਿਬ ਦੇ ਤਤਕਲੀਨ ਮੈਨੇਜਰ ਨੇ ਸੁਝਾਅ ਦਿੱਤਾ ਕਿ ਉਹ ਏਥੇ ਪਟਿਆਲਾ ਵਿਖੇ ਹੀ ਅਜਿਹੇ ਲੋਕਾਂ ਨੂੰ
ਸੰਭਾਲਣਾ ਸ਼ੁਰੂ ਕਰ ਲੈਣ ।
ਇਸ ਸੁਝਾਅ ਦੇ ਨਾਲ ਹੀ ਪਾਸੀ
ਰੋਡ ‘ਤੇ 1983 ਨੂੰ ਐਲਾਟ ਕੀਤੀ ਜਗ੍ਹਾ
ਵਿੱਚ ਤੰਬੂਨੁਮਾ ਝੌਂਪੜੀ ਜਿਹੀ ਬਣਾਕੇ ਉਹ ਲੋੜਵੰਦਾਂ ਨੂੰ ਰੱਖਣ ਅਤੇ ਸੰਭਾਲਣ ਲੱਗੇ ਅਤੇ ਨਾਅ ਵੀ
ਪਿੰਗਲਾ ਆਸ਼ਰਮ ਪੈ ਗਿਆ । ਏਥੋਂ ਤੱਕ ਕਿ ਮਸ਼ਰੂਫੀਅਤ ਦਰਮਿਆਂਨ ਬਾਬਾ ਜੀ ਦੀ ਪੱਤਨੀ ਦਾ ਵੀ ਦਿਹਾਂਤ
ਹੋ ਗਿਆ ਅਤੇ ਉਹਨਾਂ ਦੇ ਛੋਟੇ ਬੇਟੇ ਬਲਬੀਰ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਦੇਵਾ ਯਤੀਮਖਾਨੇ
ਵਿੱਚ ਹੀ ਬਚਪਨ ਬਿਤਾਉਂਣਾ ਪਿਆ । ਬਾਬਾ ਮੋਹਨ ਸਿੰਘ ਜੀ ਲੋੜਾਂ ਦੀ ਪੂਰਤੀ ਲਈ ਮੰਗਣ ਲਈ ਜਾਂਦੇ
ਅਤੇ ਇਸ ਦਾਨ ਨਾਲ ਅਪਾਹਜ ਪਰਿਵਾਰ ਨੂੰ ਪਾਲਦੇ । ਬਿਮਾਰਾਂ ਨੂੰ ਹਸਪਤਾਲ ਲਿਜਾਣ ਲਈ ਰਿਕਸ਼ਾ ਵੀ ਆਪ
ਹੀ ਚਲਾ ਕੇ ਲਿਜਾਂਦੇ ਅਤੇ ਇਸ ਤੰਬੂ ਵਿੱਚ ਹੀ ਗਰਮੀਆਂ-ਸਰਦੀਆਂ-ਬਰਸਾਤਾਂ-ਝੱਖੜਾਂ ਦਾ ਸਾਹਮਣਾ
ਕਰਦੇ ।
ਲੋੜਵੰਦਾਂ ਦੀ ਗਿਣਤੀ ਤਾਂ ਵੱਧ ਗਈ,ਪਰ ਜਗ੍ਹਾ ਘਟ ਗਈ,ਤਾਂ ਮੌਕੇ ਦੇ ਡਿਪਟੀ ਕਮਿਸ਼ਨਰ ਐਸ
ਕੇ ਸਿਨਾਹ ਨੇ ਸਨੌਰ ਸੜਕ ‘ਤੇ
ਜਗ੍ਹਾ ਅਲਾਟ ਕਰ ਦਿੱਤੀ । ਜਿੱਥੇ ਦਾਨੀਆਂ ਦੀ ਮਦਦ ਨਾਲ ਉਸਾਰੇ ਆਸ਼ਰਮ ਨੂੰ ਆਲ ਇੰਡੀਆ ਪਿੰਗਲਾ
ਆਸ਼ਰਮ ਦੇ ਨਾਅ ਤਹਿਤ ਰਜਿਸਟਰਡ ਕਰਵਾਇਆ ਗਿਆ । ਪਰ ਸੰਤ ਬਾਬਾ ਮੋਹਨ ਸਿੰਘ ਜੀ 18 ਅਕਤੂਬਰ 1994
ਨੂੰ ਗੁਰਪੁਰੀ ਜਾ ਬਿਰਾਜੇ । ਉਹਨਾਂ ਦੀ ਬਰਸੀ ਹਰ ਸਾਲ 16 ਤੋਂ 18 ਅਕਤੂਬਰ ਤੱਕ ਮਨਾਈ ਜਾਂਦੀ ਹੈ
ਅਤੇ ਉਹਨਾ ਦੇ ਨਾਅ ਉੱਤੇ ਸਮਾਜ ਸੇਵੀ ਸ਼ਖ਼ਸ਼ੀਅਤ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ । ਇਹ ਸਾਰਾ
ਪ੍ਰਬੰਧ ਆਪਣੇ ਪਿਤਾ ਜੀ ਦੇ ਕਦਮ ਚਿੰਨ੍ਹਾ ‘ਤੇ ਚਲਦਿਆਂ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਜੀ ਚਲਾ ਰਹੇ ਹਨ ।
ਜਿੰਨ੍ਹਾਂ ਵਿੱਚ ਪਿਤਾ ਵਾਲੀਆਂ ਭਾਵਨਾਵਾਂ ਬਰਕਰਾਰ ਹਨ । (ਇਹ ਸਾਰਾ ਕੁੱਝ ਮੈਂ ਖ਼ੁਦ 10 ਅਕਤੂਬਰ
ਨੂੰ ਅੱਖੀਂ ਵੇਖ ਕਿ ਆਇਆ ਹਾਂ)
ਬਾਬਾ ਬਲਬੀਰ ਸਿੰਘ ਜੀ ਕਈ ਵਾਰ ਮੱਥੇ ‘ਤੇ ਹੱਥ ਰੱਖ ਸੋਚੀਂ ਪੈ ਜਾਂਦੇ ਹਨ,ਕਿ ਪਰਿਵਾਰ ਬਹੁਤ ਵਧ ਗਿਆ ਹੈ,
ਇਮਾਰਤ ਦੀ ਘਾਟ ਹੋ ਗਈ ਹੈ,ਐਂਬੂਲੈਂਸ ਦੀ ਵਿਸ਼ੇਸ਼ ਲੋੜ ਹੈ । ਜੇ ਕਰ ਵੱਡੇ ਘਰਾਣੇ ਇਧਰ ਧਿਆਂਨ ਦੇਣ
ਤਾਂ ਇਸ ਆਸ਼ਰਮ ਦੇ ਪਰਿਵਾਰ ਨੂੰ ਹੋਰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ । ਦਿੱਤਾ ਦਾਨ 80 ਜੀ
ਤਹਿਤ ਟੈਕਸ ਛੋਟ ਵਿੱਚ ਸ਼ਾਮਲ ਹੈ । ਏਥੇ ਰਹਿੰਦੇ ਛੋਟੇ ਛੋਟੇ ਲਾ-ਵਾਰਸ ਬੱਚੇ,ਅਤੇ
ਝੁਗੀਆਂ-ਝੌਂਪੜੀਆਂ ਵਾਲੇ ਬੱਚਿਆਂ ਲਈ ਚਲਦਾ ਸਕੂਲ,ਪਾਗਲ (ਪੁਰਸ਼,ਔਰਤਾਂ),ਅਪਾਹਜਾਂ,ਲਾ-ਵਰਸਾਂ ਦਾ
ਭੀੜ ਭੜੱਕਾ ਹੈ । ਸਰਕਾਰਾਂ ਖ਼ੁਲ੍ਹੇ ਦਰਬਾਰਾਂ ਵਿੱਚ ਨੋਟਾਂ ਦੀਆਂ ਬੋਰੀਆਂ ਵੰਡ ਰਹੀਆਂ ਹਨ । ਪਰ
ਇਹਨਾਂ ਲਾਚਾਰ ਅਤੇ ਲੋੜਵੰਦਾਂ ਨੂੰ ਭੁੱਖਿਆਂ ਮਰਨ ਲਈ ਬੇ-ਧਿਆਂਨਾ ਕੀਤਾ ਹੋਇਆ ਹੈ । ਐਨ ਆਰ ਆਈ
ਵੀਰਾਂ ਨੂੰ ਇਸ ਆਸ਼ਰਮ ਵੱਲ ਸੁਵੱਲੀ ਨਿਗ੍ਹਾ ਕਰਨ ਦੀ ਬਹੁਤ ਜ਼ਰੂਰਤ ਹੈ । ਕਿਓਂਕਿ ਮਜ਼ਬੂਰੀ ਵੱਸ ਜੋ
ਉਹ ਖ਼ੁਦ ਨਹੀਂ ਕਰ ਸਕਦੇ,ਉਹ ਅਜਿਹਾ ਕਰਨ ਵਾਲਿਆਂ ਦੇ ਮਦਦਗਾਰ ਬਣਕੇ ਇਹਨਾਂ ਲਾਵਾਰਸਾਂ ਦੇ ਵਾਰਸ
ਬਣ ਸਕਦੇ ਹਨ ਜਿਸ ਵਿੱਚ ਪੁੰਨ ਵੀ ਸ਼ਾਮਲ ਹੈ,ਮਨ ਦੀ ਤਸੱਲੀ ਵੀ ਅਤੇ ਫ਼ਲ ਵੀ । ਅਜਿਹਾ ਕਰਕੇ
ਤੁਸੀਂ ਵੇਖੋਗੇ ਕਿ ਕਿੰਨਾ ਮਾਨਸਿਕ ਸਕੂਨ ਮਿਲਦਾ ਹੈ ਅਤੇ ਕਿੰਨੀ ਵਧੀਆ ਨੀਂਦ ਆਉਂਦੀ ਹੈ ।
ਰਣਜੀਤ
ਸਿੰਘ ਪ੍ਰੀਤ
ਭਗਤਾ(ਬਠਿੰਡਾ)-151206
ਮੁਬਾਇਲ
ਸੰਪਰਕ; 98157-07232
No comments:
Post a Comment