Monday, December 31, 2012

ਵਧਾਈ ਕਾਰਡਾਂ ਦੀ ਦੁਨੀਆਂ

            ਵਧਾਈ ਕਾਰਡਾਂ ਦੀ ਦੁਨੀਆਂ
                              ਰਣਜੀਤ ਸਿੰਘ ਪ੍ਰੀਤ
                       ਅੱਜ ਬਾਜ਼ਾਰ ਵਿੱਚ ਰੰਗ ਬਰੰਗੇ,ਰੰਗ ਬਰੰਗੀਆਂ ਤਸਵੀਰਾਂ ਵਾਲੇ,ਲੱਚਰ ਭਾਸ਼ਾ ਲੱਚਰ ਫੋਟੋਆਂ ਵਾਲੇ,ਤਹਿ ਖੋਲ੍ਹਣ ਉੱਤੇ ਆਈ ਲਵ ਯੂ ਜਾਂ ਹੋਰ ਕਈ ਕਿਸਮ ਦੀਆਂ ਆਵਾਜ਼ਾਂ ਪੈਦਾ ਕਰਨ ਵਾਲੇ ਕਾਰਡ ਵਿਕਿਆ ਕਰਦੇ ਹਨ । ਪਰ ਪਹਿਲੋਂ ਪਹਿਲ ਕਪੜੇ,ਚਮੜੇ,ਜਾਂ ਪੱਤਿਆਂ-ਟਾਹਣੀਆਂ ਦੀ ਵਰਤੋਂ ਵੀ ਕੀਤੀ ਜਾਂਦੀ ਰਹੀ ਹੈ । ਇਹ ਕਾਰਡ ਨਵੇਂ ਸਾਲ ਦੀ ਆਮਦ ਮੌਕੇ,ਦੀਵਾਲੀ,ਦੁਸਹਿਰੇ,ਜਨਮ ਦਿਨ,ਵਿਸਾਖੀ ਜਾਂ ਹੋਰ ਅਹਿਮ ਦਿਹਾੜਿਆਂ ਮੌਕੇ ਦੋਸਤ ਆਪਣੇ ਦੂਜੇ ਦੋਸਤਾਂ ਨੂੰ ਵਧਾਈ ਸੰਦੇਸ਼ ਵਜੋਂ ਭੇਜਿਆ ਕਰਦੇ ਹਨ । ਪਰ ਸੱਭ ਤੋਂ ਪਹਿਲਾਂ ਇਹਨਾਂ ਕਾਰਡਾਂ ਦੀ ਵਰਤੋਂ ਕ੍ਰਿਸਮਿਸ ਮੌਕੇ ਹੋਈ । ਇਸ ਕਾਰਡ ਉੱਤੇ ਲੋਕ ਨਾਚ ਕਰਦੇ ਦਿਖਾਏ ਗਏ ਸਨ । ਇਤਿਹਾਸਕ ਹਵਾਲੇ ਮਿਲਦੇ ਹਨ ਕਿ 1843 ਵਿੱਚ ਕਲਕੌਟ ਹਰਸਲੇ ਨੇ ਪਹਿਲਾ ਕਾਰਡ ਡਿਜ਼ਾਇਨ ਕਰਿਆ । ਡਾਕ ਖਰਚਿਆਂ ਨੂੰ ਵੀ ਸੋਧਿਆ ਗਿਆ । ਮਾਰਕਸ ਵਾਰਡ ਅਤੇ ਸਹਿ,ਗੁਡਾਲ ਅਤੇ ਚਾਰਲਸ ਬੇਨੇਟ ਵਰਗੀਆਂ ਕੰਪਨੀਆਂ ਨੇ ਵੱਡੇ ਪੱਧਰ ਉੱਤੇ 1960 ਵਿੱਚ ਕਾਰਡ ਉਤਪਾਦਨ ਸ਼ੁਰੂ ਕੀਤਾ । ਗਰੀਨ ਵੇਅ ਅਤੇ ਵਾਲਟਰ ਕਰੇਨ ਵਰਗੇ ਵੀ ਇਸ ਕਾਰਜ ਵਿੱਚ ਜੁਟੇ ਰਹੋ । ਹਲਮਾਰਕ ਕਾਰਡ,ਅਮਰੀਕਨ ਗਰੀਟਿੰਗਜ਼ ਨੇ ਵੀ ਬਹੁਤ ਵੱਡੀ ਪੱਧਰ ਉੱਤੇ ਕਾਰਡ ਤਿਆਰ ਕੀਤੇ । ਇੰਗਲੈਂਡ ਵਿੱਚ ਇੱਕ ਬਿਲਿਅਨ ਪੌਂਡਜ਼,ਤੱਕ ਹਰੇਕ ਸਾਲ ਵਿੱਕਰੀ ਹੋਣ ਲੱਗੀ । ਔਸਤ 55 ਕਾਰਡ ਇੱਕ ਵਿਅਕਤੀ ।
                      ਚੀਨ ਤੋਂ ਸ਼ੁਰੂ ਹੋਣ ਵਾਲੇ ਸੰਦੇਸ਼ਾ ਕਾਰਡਾਂ ਨੇ ਮਿਸਰ ਆਦਿ ਰਾਹੀਂ ਪੱਛਮੀ ਮੁਲਕਾਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ । ਚੌਧਵੀਂ-ਪੰਦਰਵੀਂ ਸਦੀ ਵਿੱਚ ਜੋ ਕਾਰਡ ਵਰਤੇ ਜਾਂਦੇ ਸਨ,ਉਹਨਾਂ ਦਾ ਕੁੱਝ ਨਮੂਨਾ ਬਰਤਾਨੀਆਂ ਦੇ ਮਿਊਜ਼ਿਮ ਵਿੱਚ ਵੀ ਮੌਜੂਦ ਹੈ ।ਦਸੰਬਰ ਮਹੀਨੇ ਇਹਨਾਂ ਕਾਰਡਾਂ ਦੀ ਵਰਤੋਂ ਵੱਡੀ ਪੱਧਰ ਉੱਤੇ ਹੋਣ ਲੱਗੀ । ਗਰੀਟਿੰਗ ਕਾਰਡ ਐਸੋਸੀਏਸ਼ਨ ਵੀ ਹੋਂਦ ਵਿੱਚ ਆ ਗਈ । ਸੀਜ਼ਨਲ ਕਾਰਡਾਂ ਦਾ ਹੁਨਰ ਵਪਾਰੀ ਲੋਕਾਂ ਦੇ ਸਿਰ ਚੜ੍ਹ ਬੋਲਿਆ । ਉਹਨਾਂ ਨੇ ਆਪਣੇ ਗਾਹਕਾਂ ਨੂੰ ਇਹ ਭੇਜਣੇ ਸ਼ੁਰੂ ਕੀਤੇ । ਖੁਸ਼ ਛੁਟੀਆਂ,ਖੁਸ਼ ਮੌਸਮ ਵਰਗੇ ਕਾਰਡ ਵੀ ਵਰਤੇ ਜਾਣ ਲੱਗੇ।ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜੌਹਨ ਬੀਡਰ ਦਾ ਮੰਨਣਾ ਸੀ ਕਿ ਇਹ ਇੱਕ ਵਧੀਆ ਅਤੇ ਕਾਰਗਰ ਢੰਗ ਹੈ । ਜਿਸ ਦਾ ਪ੍ਰਭਾਵ ਵਧੀਆ ਰਹਿੰਦਾ ਹੈ।
                       ਸਟੈਂਡਰਡ ਗਰੀਟਿੰਗ ਕਾਰਡ ਲਈ ਉੱਚ ਕੁਆਲਟੀ ਦਾ ਕਾਗਜ਼ ਵਰਤਿਆ ਜਾਂਦਾ ਹੈ । ਗੋਲ ਲੀਫ, ਰਿਬਿਨਜ਼, ਗਲਿੱਟਰ ਇਸ ਦੀਆਂ ਉਦਾਹਰਣਾਂ ਹਨ । ਫੋਟੋ ਗਰੀਟਿੰਗ ਕਾਰਡਾਂ ਵਿੱਚ ਵਿਚਕਾਰੋਂ ਕਾਰਡ ਨੂੰ ਕੱਟ ਕਿ ਹੇਠਾਂ ਤੋਂ ਫੋਟੋ ਦਰਸਾਈ ਜਾਂਦੀ ਹੈ । ਇਹਨਾਂ ਵਿੱਚ ਬਹੁਤੇ ਮਸ਼ਹੂਰ ਛੁਟੀਆਂ ਗਰੀਟਿੰਗਜ਼, ਕ੍ਰਿਸਮਿਸ,ਹਾਂਨੁਕਾਹ ਅਤੇ ਬੇਬੀ ਸ਼ਾਵਰ ਪਸੰਦ ਕੀਤੇ ਜਾਂਦੇ ਹਨ । ਪਰਸੋਨਾਲਾਈਜ਼ਿਡ ਗਰੀਟਿੰਗ ਕਾਰਡਜ਼, ਰਿਯੁਸਏਬਲ ਗਰੀਟਿੰਗ ਕਾਰਡਜ਼,ਮਿਊਜ਼ੀਕਲ ਗਰੀਟਿੰਗ ਕਾਰਡਜ਼,ਇਲੈਕਟਰਾਨਿਕਸ ਗਰੀਟਿੰਗ ਕਾਰਡਜ਼, ਪੌਪ ਅਪ ਕਾਰਡਜ਼,ਆਦਿ ਬਹੁਤ ਮਕਬੂਲ ਰਹੇ ਹਨ ।
                         ਅੱਜ ਦੇ ਦੌਰ ਵਿੱਚ ਅਜਿਹਾ ਰੁਝਾਨ ਬਹੁਤ ਘਟ ਗਿਆ ਹੈ । ਉਸੇ ਗੱਲ ਵਾਂਗ "ਹੁਣ ਚਿੱਠੀਆਂ ਪਾਉਣੀਆਂ ਭੁੱਲ ਗਏ,ਜਦੋਂ ਦਾ ਟੈਲੀਫ਼ੋਨ ਲੱਗਿਆ" ਵਾਲੀ ਗੱਲ ਵਾਂਗ ਫੋਨ ਉੱਤੇ ਹੀ ਵਧਾਈ ਸੰਦੇਸ਼ ਦੇ ਦਿੱਤਾ ਜਾਂਦਾਂ ਹੈ ਜਾਂ ਮੁਬਾਇਲ ਉੱਤੇ ਸੰਦੇਸ਼ਾ ਭੇਜ ਕਿ ਹੀ ਬੁੱਤਾ ਸਾਰ ਲਿਆ ਜਾਂਦਾ ਹੈ । ਅੱਗੋਂ ਜਵਾਬ ਦੇਣ ਵਾਲਾ ਵੀ ਇਹੀ ਮੈਸੇਜ਼ ਭੇਜਦਾ ਹੈ " ਸੇਮ ਟੂ ਯੂ, ਧੰਨਵਾਦ"। ਕਾਰਡ ਖਰੀਦਣ -ਭੇਜਣ ਦਾ ਸਿਲਸਿਲਾ ਬਹੁਤੀਆਂ ਹੋਰ ਗੱਲਾਂ ਵਾਂਗ ਦਮ ਤੋੜ ਰਿਹਾ ਹੈ । ਭਾਵੇਂ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਵੱਡੇ ਵੱਡੇ ਪ੍ਰੋਗਰਾਮ ਕੀਤੇ ਜਾਂਦੇ ਹਨ । ਸੈਂਕੜੇ ਪੈਲਸਾਂ ਵਿੱਚ ਸ਼ਬਾਬ,ਸ਼ਰਾਬ,ਕਬਾਬ ਦਾ ਸਾਰੀ ਸਾਰੀ ਰਾਤ ਬੋਲਬਾਲਾ ਰਿਹਾ ਕਰਦਾ ਹੈ । ਕੀ ਪੱਛਮੀ ਸਭਿਅਤਾ ਦੀ ਦੇਣ ਇਹ ਸਿਲਸਿਲਾ ਸਾਡੀ ਸਭਿਅਤਾ ਨਾਲ ਮੇਲ ਖਾਦਾ ਹੈ ? ਕੀ ਇਸ ਨੂੰ ਨੱਥ ਪਾਉਂਣ ਦੀ ਲੋੜ ਹੈ ? ਜਾਂ ਮੁਸ਼ਕਲ ਹਾਲਾਤ ਵੇਖ ਕੇ ਕਬੂਤਰ ਵਾਂਗ ਅੱਖਾਂ ਮੀਚਿਆਂ ਸਰ ਜਾਵੇਗਾ ? ਇਹ ਤਾਂ ਫੈਸਲਾ ਆਪਣੇ ਸਾਰਿਆਂ ਦੇ ਹੀ ਹੱਥ ਹੈ ਕਿ ਅਸੀਂ ਕੀ ਹਾਂ,ਸਾਡੀ ਗੈਰਤ ਕੀ ਹੈ ? ਜਾਂ ਅਸੀਂ ਬੇ-ਗੈਰਤੇ ਹੋ ਗਏ ਹਾਂ ?

ਬਹੁਤ ਅਸੂਲਪ੍ਰਸਤ ਸਨ; ਬਾਲਕ੍ਰਿਸ਼ਨ ਸਿੰਘ

 

ਬਹੁਤ ਅਸੂਲਪ੍ਰਸਤ ਸਨ; ਬਾਲਕ੍ਰਿਸ਼ਨ ਸਿੰਘ
ਰਣਜੀਤ ਸਿੰਘ ਪ੍ਰੀਤ
             ਭਾਰਤੀ ਹਾਕੀ ਦੇ ਸੁਨਿਹਰੀ ਦੌਰ ਨੂੰ ਦੁਨੀਆਂ ਜਾਣਦੀ ਹੈ। ਇਸ ਦੌਰ ਦੌਰਾਂਨ ਹਾਕੀ ਦੇ ਨਾਇਕ ਵੀ ਕਿਸੇ ਤੋਂ ਭੁੱਲੇ ਨਹੀਂ ਹਨ । ਭਾਰਤ ਵਿੱਚ ਭਾਵੇਂ ਇਹਨਾਂ ਨਾਇਕਾਂ ਦੀ ਸਥਿੱਤੀ ਅਜੋਕੀ ਹਾਕੀ ਵਰਗੀ ਹੀ ਹੈ । ਜਿੱਥੇ ਕੁੱਝ ਖਿਡਾਰੀ ਪਾਕਿਸਤਾਨ ਅਤੇ ਭਾਰਤ ਵੱਲੋਂ ਵੀ ਖੇਡੇ ਹਨ,ਉੱਥੇ ਇੱਕ ਅਜਿਹਾ ਖਿਡਾਰੀ ਵੀ ਇਤਿਹਾਸ ਦਾ ਮਾਣਮੱਤਾ ਪੰਨਾ ਹੈ,ਜਿਸ ਨੇ ਓਲੰਪੀਅਨ ਬਣੀ ਟੀਮ ਦੇ ਖਿਡਾਰੀ ਤੋਂ ਇਲਾਵਾ,ਕੋਚ ਵਜੋਂ ਤਿਆਰ ਕੀਤੀ ਟੀਮ ਵੀ ਓਲੰਪੀਅਨ ਬਣੀ ਹੈ । ਇਸ ਅਹਿਮ ਪ੍ਰਾਪਤੀ ਦਾ ਮਾਣ ਹਾਸਲ ਕਰਨ ਵਾਲਾ ਹੈ,ਅਥਲੀਟ, ਗੌਲਫਰ,ਹਾਕੀ ਖਿਡਾਰੀ ਹਾਕੀ ਕੋਚ ਬਾਲਕ੍ਰਿਸ਼ਨ ਸਿੰਘ । ਜਿਸ ਦਾ ਜਨਮ 10 ਮਾਰਚ 1933 ਨੂੰ 1924 ਅਤੇ 1928 ਦੀਆਂ ਓਲੰਪਿਕ ਖੇਡਾਂ ਵਿੱਚ ਲੰਬੀ ਛਾਲ ਈਵੈਂਟ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਪਹਿਲੇ ਅਥਲੀਟ ਬ੍ਰਿਗੇਡੀਅਰ ਦਲੀਪ ਸਿੰਘ ਦੇ ਘਰ ਹੋਇਆ ।       
                         ਘਰ ਵਿੱਚੋਂ ਅਥਲੈਟਿਕਸ ਦੀ ਲੱਗੀ ਜਾਗ ਸਦਕਾ ਬਾਲਕ੍ਰਿਸ਼ਨ ਵੀ ਇਸ ਖੇਤਰ ਵਿੱਚ ਸ਼ਾਮਲ ਹੋ ਗਏ । ਪੰਜਾਬ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰਨ ਸਮੇ ਬਾਲਕ੍ਰਿਸ਼ਨ ਸਿੰਘ ਨੇ 1949 ਵਿੱਚ ਪਹਿਲੇ ਸਾਲ ਦੀ ਪੜ੍ਹਾਈ ਸਮੇ ਹੀ ਯੂਨੀਵਰਸਿਟੀ ਦੇ ਮੁਕਾਬਲਿਆਂ ਵਿੱਚੋਂ ਤੀਹਰੀ ਛਾਲ ਲਗਾ ਕੇ ਨਵਾਂ ਰਿਕਾਰਡ ਬਣਾਇਆ । ਦੂਜੇ ਸਾਲ ਕੁੱਲ ਹਿੰਦ ਅੰਤਰ ਯੂਨੀਵਰਸਿਟੀ ਮੀਟ ਸਮੇਂ ਬੰਗਲੂਰੂ ਵਿਖੇ ਏਸੇ ਈਵੈਂਟ ਵਿੱਚੋਂ ਸੁਨਹਿਰੀ ਤਮਗਾ ਜਿੱਤਿਆ,ਉਹਨਾਂ ਲੰਬੀ ਛਾਲ ਰਿਕਾਰਡ ਬਣਾਕੇ ਜਿੱਤੀ ਅਤੇ ਫਿਰ ਯੂਨੀਵਰਸਿਟੀ ਦੇ ਕਲਰ ਹੋਲਡਰ ਬਣੇ । ਉਹ ਅਥਲੈਟਿਕਸ ਦੇ ਨਾਲ ਨਾਲ 1950 ਤੋਂ 1954 ਤੱਕ ਹਾਕੀ ਵੀ ਖੇਡਦੇ ਰਹੇ ।
                        1955 ਵਿੱਚ ਉਹ ਭਾਰਤੀ ਹਾਕੀ ਟੀਮ ਦੇ ਮੈਂਬਰ ਬਣਕੇ ਵਾਰਸਾ (ਪੋਲੈਂਡ) ਵਿਖੇ ਪਹਿਲੀ ਵਾਰ ਮੈਦਾਨ ਵਿੱਚ ਉਤਰੇ । ਘਰੇਲੂ ਹਾਕੀ ਵਿੱਚ ਰੇਲਵੇ ਵੱਲੋਂ ਖੇਡਣ ਵਾਲੇ ਬਾਲਕ੍ਰਿਸ਼ਨ ਸਿੰਘ ਨੇ 1963 ਅਤੇ 1964 ਵਿੱਚ ਆਪਣੀ ਟੀਮ ਨੂੰ ਕੌਮੀ ਜੇਤੂ ਵੀ ਬਣਾਇਆ । ਬਾਲਕ੍ਰਿਸ਼ਨ ਸਿੰਘ ਜੀ 1956 ਮੈਲਬੌਰਨ ਓਲੰਪਿਕ ਸਮੇ ਸੋਨ ਤਮਗਾ ਅਤੇ 1960 ਰੋਮ ਓਲੰਪਿਕ ਸਮੇ ਚਾਂਦੀ ਦਾ ਤਮਗਾ ਪ੍ਰਾਪਤ ਕਰਨ ਵਾਲੀ ਟੀਮ ਦੇ ਵੀ ਮੈਬਰ ਸਨ । ਇਵੇਂ ਹੀ 1958 ਦੀਆਂ ਏਸ਼ੀਆਈ ਖੇਡਾਂ ਸਮੇ ਪਾਕਿਸਤਾਨ ਨਾਲ ਫਾਈਨਲ ਗੋਲ ਰਹਿਤ ਬਰਾਬਰ ਰਿਹਾ,ਪਰ ਗੋਲ ਔਸਤ ਦੇ ਅਧਾਰ 'ਤੇ ਪਾਕਿਸਤਾਨ ਨੂੰ ਜੇਤੂ ਐਲਾਨਿਆਂ ਗਿਆ । ਚਾਂਦੀ ਦਾ ਤਮਗਾ ਜਿੱਤਣ ਵਾਲੀ ਟੀਮ ਵਿੱਚ ਵੀ ਬਾਲਕ੍ਰਿਸ਼ਨ ਸਿੰਘ ਸ਼ਾਮਲ ਸਨ।
                       ਸਰਗਰਮ ਹਾਕੀ ਤੋਂ ਸੰਨਿਆਸ ਲੈਂਦਿਆਂ ਉਹਨਾਂ ਕੌਮੀ ਖੇਡ ਇੰਸਟੀਚਿਊਟ (ਐਨ ਆਈ ਐਸ) ਪਟਿਆਲਾ ਵਿਖੇ ਉਘੇ ਹਾਕੀ ਖਿਡਾਰੀ ਮੇਜਰ ਧਿਆਂਨ ਚੰਦ ਦੀ ਅਗਵਾਈ ਵਿੱਚ ਵੀ ਕੰਮ ਕਰਿਆ । ਜਦ ਕੋਚਿੰਗ ਟ੍ਰੇਨਿੰਗ ਲਈ ਟੈਸਟ ਹੋਇਆ ਤਾਂ ਬਾਲਕ੍ਰਿਸ਼ਨ ਸਿੰਘ ਨੇ 93 % ਅੰਕ ਪ੍ਰਾਪਤ ਕਰਕੇ ਟਾਪਰ ਰਹਿਣ ਦਾ ਮਾਣ ਹਾਸਲ ਕਰਿਆ । ਐਨ ਆਈ ਐਸ ਵਿੱਚ ਹੀ ਉਹ ਕੋਚਾਂ ਨੂੰ ਟਰੇਂਡ ਕਰਨ ਲਈ ਅਧਿਆਪਕ ਵਜੋਂ ਵੀ ਕਾਰਜਕ੍ਰਤ ਰਹੇ । ਏਥੋਂ ਹੀ 1992 ਵਿੱਚ ਉਹ ਐਨ ਆਈ ਐਸ ਪਟਿਅਲਾ ਦੇ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ । ਇਸ ਸਮੇ ਹੀ ਉਹਨਾਂ ਬਾਰਸਿਲੋਨਾ ਓਲੰਪਿਕ 1992 ਵਿੱਚ ਬਤੌਰ ਕੋਚ ਆਖ਼ਰੀ ਜ਼ਿੰਮੇਵਾਰੀ ਨਿਭਾਈ । ਉਹ ਸਮੇ ਦੇ ਪਾਬੰਦ,ਗਲਤ ਸਮਝੌਤਿਆਂ ਦੇ ਵਿਰੋਧੀ,ਟੋਟਲ ਹਾਕੀ ਦੇ ਹਮਾਇਤੀ ਅਤੇ ਬਾਸਕਿਟਬਾਲ ਖੇਡ ਵਾਂਗ ਇਕੱਠਿਆਂ ਹਮਲਾ ਕਰਨਾ ਅਤੇ ਇਕੱਠਿਆਂ ਸੁਰੱਖਿਆ ਕਰਨ ਦੇ ਤਜ਼ੁਰਬੇ ਨੂੰ 1992 ਓਲੰਪਿਕ ਸਮੇ ਅਜ਼ਮਾਉਣ ਵਾਲੇ ਉਹ ਪਹਿਲੇ ਕੋਚ ਸਨ । ਅਨੁਸ਼ਾਸ਼ਣ ਦਾ ਉਹਨਾਂ ਉਮਰ ਭਰ ਪੱਲਾ ਨਹੀਂ ਸੀ ਛੱਡਿਆ ।
                        ਜਦ ਉਹਨਾਂ 1965 ਵਿੱਚ ਆਸਟਰੇਲੀਆ ਦੀ ਮਹਿਲਾ ਟੀਮ ਨੂੰ 5 ਮਹੀਨੇ ਸਿਖਲਾਈ ਦਿੱਤੀ ਤਾਂ ਉੱਥੋਂ ਦੇ ਪ੍ਰਧਾਨ ਮੰਤਰੀ ਮੈਕਾਲਮ ਫ਼ਰੇਜ਼ਰ ਉਹਨਾਂ ਤੋਂ ਬਹੁਤ ਮੁਤਾਸਰ ਹੋਏ ਅਤੇ ਬਹੁਤ ਸ਼ਲਾਘਾ ਕੀਤੀ । ਉਥੋਂ ਦੇ ਅੰਪਾਇਰਾਂ ਅਤੇ ਹੋਰ ਹਾਕੀ ਮਾਹਿਰਾਂ ਨੇ ਵੀ ਉਹਨਾਂ ਨੂੰ ਹਾਕੀ ਦਾ ਸਰਦਾਰ ਮੰਨਿਆਂ । ਇਸ ਉਪਰੰਤ ਉਹ ਮੁਰਾਰ ਜੀ ਡਿਸਾਈ ਨੂੰ ਵੀ ਮਿਲੇ।  
                       ਜਿੱਥੇ ਉਹਨਾਂ 1956,1960 ਓਲੰਪਿਕ ਸਮੇ ਖਿਡਾਰੀ ਵਜੋਂ ਹਿੱਸਾ ਲਿਆ ਅਤੇ 1956 ਮੈਲਬੌਰਨ ਵਿੱਚ ਓਲੰਪਿਕ ਗੋਲਡ ਮੈਡਲ ਜੇਤੂ ਰਹੀ ਟੀਮ ਦੇ ਮੈਂਬਰ ਰਹੇ,ਉੱਥੇ 1980 ਮਾਸਕੋ ਓਲੰਪਿਕ ਸਮੇ ਬਤੌਰ ਕੋਚ ਉਹਨਾਂ ਦੀ ਟੀਮ ਨੇ ਸੋਨ ਤਮਗਾ ਜਿੱਤਿਆ । ਉਹਨਾਂ ਦਾ ਇਹ ਵੀ ਰਿਕਾਰਡ ਹੈ ਕਿ ਉਹ ਚਾਰ ਓਲੰਪਿਕ ਟੀਮਾਂ ਦੇ ਕੋਚ ਵੀ ਰਹੇ । ਮੈਕਸੀਕੋ ਓਲੰਪਿਕ 1968 ਸਮੇਂ ਭਾਰਤੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ,ਉਦੋਂ ਵੀ ਬਾਲਕ੍ਰਿਸ਼ਨ ਸਿੰਘ ਹੀ ਟੀਮ ਦੇ ਕੋਚ ਸਨ । ਪਰ ਮੁੰਬਈ ਵਿਸ਼ਵ ਕੱਪ ਸਮੇ ਭਾਰਤੀ ਟੀਮ ਪਛੜ ਗਈ । ਦਿੱਲੀ ਏਸ਼ੀਆਈ ਖੇਡਾਂ -1982 ਸਮੇਂ ਜੇਤੂ ਰਹੀ ਭਾਰਤੀ ਮਹਿਲਾ ਟੀਮ ਨੂੰ ਵੀ ਬਾਲਕ੍ਰਿਸ਼ਨ ਸਿੰਘ ਨੇ ਹੀ ਸਿਖਲਾਈ ਦਿੱਤੀ ਸੀ । ਇਹ ਪਹਿਲਾ ਭਾਰਤੀ ਹਾਕੀਕੋਚ ਸੀ ਜਿਸ ਨੇ 4-4-2-1 ਦਾ ਫਾਰਮੂਲਾ ਅਪਣਾਇਆ ।
                    ਹਾਕੀ ਵਿੱਚ ਨਵੀਆਂ ਪਿਰਤਾਂ ਪਾਉਣ ਵਾਲੇ,ਹਾਕੀ ਖਿਡਾਰੀ ਅਤੇ ਹਾਕੀ ਕੋਚ ਵਜੋਂ ਸੇਵਾਵਾਂ ਨਿਭਾਉਣ ਵਾਲੇ ਬਾਲਕ੍ਰਿਸ਼ਨ ਸਿੰਘ 31 ਦਸੰਬਰ 2004 ਸ਼ੁਕਰਵਾਰ ਨੂੰ ਪਟਿਆਲਾ ਵਿਖੇ 79 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਤੋਂ ਸਦਾ ਸਦਾ ਲਈ ਰੁਖ਼ਸਤ ਹੋ ਗਏ । ਪਰ ਉਹਨਾਂ ਵੱਲੋਂ ਪਾਈਆਂ ਅਮਿੱਟ ਪੈੜਾਂ ਸਦਾ ਕਾਇਮ ਰਹਿਣਗੀਆਂ ,ਜਿੰਨ੍ਹਾਂ ਦੀ ਬਦੌਲਤ ਉਹ ਵੀ ਚੇਤਿਆਂ ਦੀ ਨਗਰੀ ਦੇ ਵਾਸੀ ਬਣੇ ਰਹਿਣਗੇ
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ ; 98157-07232

Thursday, December 27, 2012

ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਬਾਦਸ਼ਾਹ ਬਣਿਆਂ ਪਾਕਿਸਤਾਨ



   ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਬਾਦਸ਼ਾਹ       
              ਬਣਿਆਂ ਪਾਕਿਸਤਾਨ
                                               ਰਣਜੀਤ ਸਿੰਘ ਪ੍ਰੀਤ
                      ਦੂਜੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 20 ਦਸੰਬਰ ਤੋਂ 27 ਦਸੰਬਰ 2012 ਤੱਕ ਦੋਹਾ (ਕਤਰ) ਵਿੱਚ ਖੇਡੀ ਗਈ ਪਹਿਲੀ ਚੈਂਪੀਅਨਜ਼ ਟਰਾਫ਼ੀ ਓਰਡਸ (ਚੀਨ) ਵਿਖੇ 3 ਤੋਂ 11 ਸਤੰਬਰ 2011 ਤੱਕ ਖੇਡੀ ਗਈ ਸੀ । ਜਿਸ ਵਿੱਚ ਦੱਖਣੀ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਪਾਨ, ਚੀਨ,ਅਤੇ ਭਾਰਤ ਨੇ ਸ਼ਮੂਲੀਅਤ ਕੀਤੀ ਸੀ ਅਤੇ ਉਦਘਾਟਨੀ ਮੈਚ 3 ਸਤੰਬਰ ਨੂੰ ਚੀਨ ਵਿਰੁੱਧ ਭਾਰਤ ਨੇ ਟੂਰਨਾਂਮੈਂਟ ਦੇ ਰਿਕਾਰਡ ਗੋਲ ਅੰਤਰ 5-0 ਨਾਲ ਜਿੱਤਿਆ ਸੀ । ਇਸ ਜਿੱਤ ਤੋਂ ਇਲਾਵਾ ਭਾਰਤੀ ਟੀਮ ਨੇ ਜਪਾਨ ਨਾਲ 1-1, ਮਲੇਸ਼ੀਆਂ ,ਪਾਕਿਸਤਾਨ ਨਾਲ 2-2 ਦੀ ਬਰਾਬਰੀ ਕੀਤੀ ਅਤੇ ਦੱਖਣੀ ਕੋਰੀਆ ਨੂੰ 5-3 ਨਾਲ,ਹਰਾਕੇ 9 ਅੰਕ ਪ੍ਰਾਪਤ ਕੀਤੇ । ਮਲੇਸ਼ੀਆ ਹੱਥੋਂ ਜਪਾਨ ਦੀ ਹੋਈ ਹਾਰ ਨੇ ਭਾਰਤ ਨੂੰ ਫਾਈਨਲ ਵਿੱਚ ਪੁਚਾਇਆ । ਜੇ ਜਪਾਨ ਜਿੱਤ ਜਾਂਦਾ ਤਾਂ ਉਹਦੇ 7 ਅੰਕਾਂ ਤੋਂ 10 ਅੰਕ ਹੋਣ ਨਾਲ ਫਾਈਨਲ ਉਸਨੇ ਖੇਡਣਾ ਸੀ । 
                           ਪਾਕਿਸਤਾਨ ਨੇ 10 ਅੰਕਾਂ ਦੀ ਪ੍ਰਾਪਤੀ ਲਈ ਮਲੇਸ਼ੀਆ ਨੂੰ 3-2 ਨਾਲ,ਚੀਨ ਨੂੰ 4-1 ਨਾਲ, ਦੱਖਣੀ ਕੋਰੀਆ ਨੂੰ 3-2 ਨਾਲ ਮਾਤ ਦਿੰਦਿਆਂ ਜਪਾਨ ਤੋਂ 1-3 ਨਾਲ ਹਾਰ ਖਾਧੀ ਅਤੇ ਭਾਰਤ ਨਾਲ 2-2ਤੇ ਬਰਾਬਰ ਰਿਹਾ ਦੱਖਣੀ ਕੋਰੀਆ ਨੇ ਚੀਨ ਨੂੰ 2-1 ਨਾਲ ਹਰਾਕੇ 5ਵਾਂ,ਮਲੇਸ਼ੀਆ ਨੇ ਜਪਾਨ ਨੂੰ 1-0 ਨਾਲ ਮਾਤ ਦੇ ਕੇ ਤੀਜਾ,ਅਤੇ ਪਨੈਲਟੀ ਸ਼ੂਟ ਆਊਟ ਰਾਹੀਂ ਭਾਰਤ ਨੇ ਪਾਕਿਸਤਾਨ ਨੂੰ 4-2 ਨਾਲ ਹਰਾਕੇ ਪਹਿਲਾ ਏਸ਼ੀਆਈ ਚੈਂਪੀਅਨਜ਼ ਬਣਨ ਦਾ ਮਾਣ ਹਾਸਲ ਕਰਿਆ ਸੀ । ਖੇਡੇ ਗਏ 18 ਮੈਚਾਂ ਵਿੱਚ 81 ਗੋਲ ਹੋਏ । ਸਭ ਤੋਂ ਵੱਧ 19 ਗੋਲ ਭਾਰਤ ਨੇ ਕੀਤੇ,ਅਤੇ 10 ਗੋਲ ਕਰਵਾਏ । ਇੱਕ ਮੈਚ ਵਿੱਚ ਸਭ ਤੋਂ ਵੱਧ 8 ਗੋਲ 6 ਸਤੰਬਰ ਨੂੰ ਭਾਰਤਕੋਰੀਆਂ ਮੈਚ ਦੌਰਾਨ ਹੋਏ ।
                 ਇਸ ਵਾਰੀ ਹਾਕੀ ਦੇ ਇਸ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੀ ਥਾਂ ਓਮਾਨ ਦੀ ਟੀਮ ਸ਼ਾਮਲ ਹੋਈ । ਸ਼ਾਮਲ ਹੋਈਆਂ6 ਏਸ਼ੀਅਨ  ਟੀਮਾਂ ਵਿੱਚ  ਭਾਰਤ, ਪਾਕਿਸਤਾਨ, ਚੀਨ, ਓਮਾਨ,ਮਲੇਸ਼ੀਆ,ਅਤੇ ਜਪਾਨ ਨੇ ਹਿੱਸਾ ਲੈਂਦਿਆਂ 18 ਮੈਚ ਰਾਊਂਡ ਰੌਬਿਨ ਅਤੇ ਪਲੇਆਫ਼ ਦੇ ਅਧਾਰ ਤੇ ਖੇਡੇ

                  ਭਾਰਤ ਨੇ ਖ਼ਿਤਾਬ ਦੀ ਰੱਖਿਆ ਲਈ 18 ਮੈਂਬਰੀ ਟੀਮ ਵਿੱਚ ਗੋਲਕੀਪਰ ਪੀ ਆਰ ਸ਼੍ਰੀਜੇਸ਼,ਪੀ ਟੀ ਰਾਓ,ਫੁੱਲ ਬੈਕ ਟੀਮ ਦਾ ਉਪ-ਕਪਤਾਨ ਵੀ ਆਰ ਰਘੂਨਾਥ, ਰਵਿੰਦਰ ਪਾਲ,ਹਰਬੀਰ ਸਿੰਘ,ਹਾਫ਼ਬੈਕ;ਕਪਤਾਨ ਸਰਦਾਰ ਸਿੰਘ,ਕੋਥਾਜੀਤ ਸਿੰਘ, ਬਰਿੰਦਰ ਲਾਕੜਾ, ਮਨਪ੍ਰੀਤ ਸਿੰਘ,ਗੁਰਮੇਲ ਸਿੰਘ,ਫਾਰਵਰਡ;ਐਸ ਵੀ ਸੁਨੀਲ,ਗੁਰਵਿੰਦਰ ਸਿੰਘ ਚੰਦੀ,ਦਾਨਿਸ਼ ਮੁਜ਼ਤਬਾ,ਐਸ ਕੇ ਉਥੱਪਾ,ਨਿਤਿਨ ਥਮਈਆ,ਯੁਵਰਾਜ ਬਾਲਮੀਕੀ,ਧਰਮਵੀਰ ਸਿੰਘ,ਆਕਾਸ਼ਦੀਪ ਸਿੰਘ ਤੋਂ ਇਲਾਵਾ ਡਰੈਗ ਫਲਿੱਕਰ ਸੰਦੀਪ ਸਿੰਘ ਅਤੇ ਸ਼ਿਵੇਂਦਰ ਸਿੰਘ ਨੂੰ ਰਾਖਵੇਂ ਖਿਡਾਰੀਆਂ ਵਜੋਂ ਸ਼ਾਮਲ ਕੀਤਾ ਗਿਆ ਸੀ ਰਾਊਂਡ ਰਾਬਿਨ ਅਧਾਰ ਉੱਤੇ ਖੇਡੇ ਗਏ ਮੈਚਾਂ ਦੌਰਾਂਨ ਭਾਰਤ ਨੇ ਚੀਨ ਨੂੰ 4-0 ਨਾਲ,ਜਪਾਨ 3-1 ਨਾਲ,ਉਮਾਨ ਨੂੰ 11-0 ਨਾਲ,ਪਾਕਿਸਤਾਨ ਨੂੰ 2-1 ਨਾਲ ਹਰਾਕੇ ਫਾਈਨਲ ਪਰਵੇਸ਼  ਪਾਇਆ ਪਰ ਮਲੇਸ਼ੀਆ ਤੋਂ 3-5 ਨਾਲ ਹਾਰ ਦਾ ਸਾਹਮਣਾ ਕਰਦਿਆਂ 12 ਅੰਕ ਲਏ । ਪਾਕਿਸਤਾਨੀ ਟੀਮ ਨੇ ਉਮਾਨ ਨੂੰ 8-3 ਨਾਲ,ਚੀਨ ਨੂੰ 5-2 ਨਾਲ,ਮਲੇਸ਼ੀਆ ਨਾਲ 3-3 ਦੀ ਬਰਾਬਰੀ,ਜਪਾਨ ਨੂੰ 5-2 ਨਾਲ,ਮਾਤ ਦਿੱਤੀ ਅਤੇ 10 ਅੰਕ ਲੈ ਕੇ ਫਾਈਨਲ ਦਾਖ਼ਲਾ ਪਾਇਆ । ਮਲੇਸ਼ੀਆ ਨੇ ਜਪਾਨ ਅਤੇ ਉਮਾਨ ਨੂੰ 4-1 ਨਾਲ ਹਰਾਕੇ ਅਤੇ ਚੀਨ ਤੋਂ 2-1 ਨਾਲ ਹਾਰਕੇ 10 ਅੰਕ ਹਾਸਲ ਕੀਤੇ । ਚੀਨ ਨੇ ਜਪਾਨ ਨੂੰ 4-2 ਨਾਲ,ਉਮਾਨ ਨੂੰ 6-1 ਨਾਲ ਹਰਾਕੇ 9 ਅੰਕ ਲਏ । ਜਪਾਨ ਨੇ ਉਮਾਨ ਨੂੰ 7-1 ਨਾਲ ਹਰਾਕੇ 3 ਅੰਕ ਅਤੇ ਉਮਾਨ ਟੀਮ ਕੋਈ ਮੈਚ ਨਾ ਜਿੱਤ ਸਕੀ । ਪਰ ਆਖ਼ਰੀ ਪੁਜ਼ਿਸ਼ਨ ਵਾਲੇ ਮੈਚ ਵਿੱਚ ਉਸ ਨੇ ਜਪਾਨ ਨੂੰ 2-1 ਨਾਲ ਹਰਾਕੇ ਪੰਜਵਾਂ,ਮਲੇਸ਼ੀਆ ਨੇ ਚੀਨ ਨੂੰ 3-1 ਨਾਲ ਹਰਾਕੇ ਤੀਜਾ,ਅਤੇ ਫਾਈਨਲ ਪਾਕਿਸਤਾਨ ਨੇ ਭਾਰਤ ਨੂੰ 5-4 ਨਾਲ ਹਰਾਕੇ ਜਿੱਤਿਆ । ਇਸ ਵਾਰੀ ਵੀ ਕੁੱਲ 18 ਮੈਚ ਹੋਏ ਜਿੰਨ੍ਹਾਂ ਵਿੱਚ 108 ਗੋਲ ਹੋਏ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;9815707232

Sunday, December 23, 2012

ਭਾਰਤ-ਪਾਕਿਸਤਾਨ ਕ੍ਰਿਕਟ ਸਬੰਧਾਂ ਦੀ ਰੌਚਕ ਗਾਥਾ



ਭਾਰਤ-ਪਾਕਿਸਤਾਨ ਕ੍ਰਿਕਟ ਸਬੰਧਾਂ ਦੀ ਰੌਚਕ ਗਾਥਾ
                            ਰਣਜੀਤ ਸਿੰਘ ਪ੍ਰੀਤ
             ਭਾਰਤ -ਪਾਕਿਸਤਾਨ ਕ੍ਰਿਕਟ ਸੀਰੀਜ਼ ਹੋਣਾ ਇੱਕ ਸੁਭਾਗਾ ਮੌਕਾ ਹੈ । ਭਾਰਤ ਵਿੱਚ ਦੋਨੋਂ ਮੁਲਕਾਂ ਦੇ ਜਿੱਥੇ ਦਿੱਲੀ ਵਿਖੇ ਖੇਡੇ ਗਏ ਪਹਿਲੇ ਟੈਸਟ ਮੈਚ ਸਮੇ ਭਾਰਤ ਦੀ 70 ਦੌੜਾਂ ਨਾਲ 16 ਅਕਤੂਬਰ 1952 ਤੋਂ ਸਬੰਧ ਬਣੇ ਸਨ,ਉਥੇ ਦੋਹਾਂ ਮੁਲਕਾਂ ਨੇ ਆਖ਼ਰੀ ਟੈਸਟ ਮੈਚ 8 ਤੋਂ 12 ਦਸੰਬਰ 2007 ਤੱਕ ਬੰਗਲੌਰ ਵਿੱਚ ਬਰਾਬਰੀ 'ਤੇ ਖੇਡਿਆ ਸੀ। ਹੁਣ 25 ਦਸੰਬਰ ਕ੍ਰਿਸਮਿਸ ਦੇ ਦਿਨ ਤੋਂ ਦੋਨੋ ਮੁਲਕ ਫਿਰ ਇੱਕ ਦੂਜੇ ਨਾਲ ਪਿਆਰ ਸਾਂਝ ਤਹਿਤ ਕ੍ਰਿਕਟ ਮੈਚਾਂ ਦੀ ਸੀਰੀਜ਼ ਖੇਡਣ ਲਈ ਮੈਦਾਨ ਵਿੱਚ ਨਿੱਤਰ ਰਹੇ ਹਨ । ਇਸ ਪ੍ਰੋਗਰਾਮ ਤਹਿਤ 2 ਮੈਚ ਟੀ-20 ਅਤੇ 3 ਇੱਕ ਰੋਜ਼ਾ ਮੈਚ ਸ਼ਾਮਲ ਹਨ । ਦੋਹਾਂ ਮੁਲਕਾਂ ਨੇ ਹੁਣ ਤੱਕ 121 ਇੱਕ ਰੋਜ਼ਾ ਮੈਚ ਖੇਡੇ ਹਨ । ਜਿੰਨ੍ਹਾ ਵਿੱਚੋਂ ਭਾਰਤ ਨੇ 48 ਅਤੇ ਪਾਕਿਸਤਾਨ ਨੇ 69 ਜਿੱਤੇ ਹਨ । ਜਦੋਂ ਕਿ 4 ਮੈਚ ਬੇ-ਨਤੀਜਾ ਰਹੇ ਹਨ । ਦੋਹਾਂ ਦਰਮਿਆਂਨ ਪਹਿਲਾ ਇੱਕ ਰੋਜ਼ਾ ਮੈਚ ਅਯੂਬ ਨੈਸ਼ਨਲ ਸਟੇਡੀਅਮ ਕੋਇਟਾ ਵਿਖੇ ਪਹਿਲੀ ਅਕਤੂਬਰ 1978 ਨੂੰ ਭਾਰਤ ਨੇ 4 ਦੌੜਾਂ ਨਾਲ ਜਿੱਤਿਆ ਸੀ । ਦੋਹਾਂ ਮੁਲਕਾਂ ਦੀਆਂ ਟੀਮਾਂ ਨੇ ਆਖ਼ਰੀ ਇੱਕ ਦਿਨਾਂ ਮੈਚ ਏਸ਼ੀਆ ਕੱਪ ਦੌਰਾਂਨ ਸ਼ੇਰ ਇ ਬੰਗਲਾ ਨੈਸ਼ਨਲ ਸਟੇਡੀਅਮ ਮੀਰਪੁਰ ਵਿਖੇ 18 ਮਾਰਚ 2012 ਦੇ ਐਤਵਾਰ ਨੂੰ ਖੇਡਿਆ ਅਤੇ ਇਹ ਵੀ ਭਾਰਤ ਨੇ 6ਵਿਕਟਾਂ ਨਾਲ ਜਿੱਤਿਆ । ਪਾਕਿਸਤਾਨ ਵਿੱਚ ਖੇਡੇ ਗਏ 27 ਮੈਚਾਂ ਵਿੱਚੋਂ ਭਾਰਤ ਨੇ 10 ਅਤੇ ਪਾਕਿਸਤਾਨ ਨੇ 17 ਮੈਚ ਜਿੱਤੇ ਹਨ । ਏਨੇ ਹੀ ਮੈਚ ਭਾਰਤ ਵਿੱਚ ਹੋਏ ਹਨ,ਜਿੰਨ੍ਹਾਂ ਵਿੱਚੋਂ ਪਾਕਿਸਤਾਨ ਨੇ 14,ਭਾਰਤ ਨੇ 11 ਵਿੱਚ ਜਿੱਤ ਹਾਸਲ ਕੀਤੀ ਹੈ ਅਤੇ 2 ਮੈਚ ਬੇ-ਨਤੀਜਾ ਰਹੇ ਹਨ । ਦੋਹਾਂ ਮੁਲਕਾਂ ਨੇ 67 ਮੈਚ ਦੋਹਾਂ ਮੁਲਕਾਂ ਹੋਰ ਕਿਸੇ ਸਥਾਨ ਉੱਤੇ ਖੇਡੇ ਹਨ,ਇਹਨਾਂ ਵਿੱਚੋਂ  ਪਾਕਿਸਤਾਨ ਨੇ 38, ਭਾਰਤ ਨੇ 27 ਜਿੱਤੇ ਹਨ । ਜਦੋਂ ਕਿ 2 ਮੈਚ ਬੇ- ਸਿੱਟਾ ਰਹੇ ਹਨ । ਵਸੀਮ ਅਕਰਮ ਵੱਲੋਂ 48 ਮੈਚਾਂ ਵਿੱਚ 60 ਵਿਕਟਾਂ ਲੈਣ ਦਾ,ਸਾਈਦ ਅਨਵਰ ਵੱਲੋਂ ਚਿੰਤਬਰਮ ਸਟੇਡੀਅਮ ਵਿੱਚ 21 ਮਈ 1997 ਨੂੰ ਨਿੱਜੀ ਉੱਚ ਸਕੋਰ 194 ਦੌੜਾਂ ਦਾ ਅਤੇ ਸਚਿਨ ਤੇਂਦੂਲਕਰ ਵੱਲੋਂ 66 ਪਾਰੀਆਂ ਵਿੱਚ 2474 ਰਨ ਬਣਾ ਕੇ ਰਿਕਾਰਡ ਬਣਾਇਆ ਹੋਇਆ ਹੈ ।
                              ਦੋਨੋਂ ਮੁਲਕ ਟੀ-20 ਵਰਗ ਵਿੱਚ ਇੱਕ-ਦੂਜੇ ਨਾਲ 3 ਵਾਰੀ ਖੇਡੇ ਹਨ । ਇਹਨਾਂ ਵਿੱਚੋਂ 2 ਮੈਚ ਭਾਰਤ ਨੇ ਜਿੱਤੇ ਹਨ ,ਜਦੋਂ ਕਿ ਇੱਕ ਮੈਚ ਟਾਈਡ ਰਿਹਾ ਹੈ । ਵਿਸ਼ਵ ਕੱਪ ਦੌਰਾਂਨ ਦੋਨੋਂ ਮੁਲਕ ਕਿੰਗਜ਼ਮੀਡ,ਡਰਬਨ (ਦੱਖਣੀ ਅਫਰੀਕਾ) ਵਿਖੇ ਕੱਪ ਦੇ 10 ਵੇਂ ਮੈਚ ਵਜੋਂ ਗਰੁੱਪ ਡੀ ਵੱਲੋਂ 14 ਸਤੰਬਰ 2007 ਨੂੰ ਖੇਡੇ । ਦੋਹਾਂ ਦੀ ਪਹਿਲੀ ਹੀ ਭਿੜਤ ਰਿਕਾਰਡ ਬਣ ਗਈ । ਵਿਸ਼ਵ ਕੱਪ ਵਿੱਚ ਅੱਜ ਤੱਕ ਦਾ ਇਹੀ ਅਜਿਹਾ ਇੱਕੋ ਇੱਕ ਹੈਰਤ ਅੰਗੇਜ਼  ਰਿਕਾਰਡ ਬਣਿਆਂ ਕਿ ਜਦ ਮੈਚ ਟਾਈਡ ਹੋ ਗਿਆ,ਤਾਂ ਕ੍ਰਿਕਟ ਇਤਿਹਾਸ ਵਿੱਚ ਪਹਿਲਾ ਫੈਸਲਾ 3-0 ਨਾਲ ਬਾਲ ਆਊਟ ਜ਼ਰੀਏ ਭਾਰਤ ਦੇ ਹਿੱਸੇ ਰਿਹਾ । ਦੋਹਾਂ ਦਾ ਆਖ਼ਰੀ ਟੀ-20 ਸੁਪਰ ਅੱਠ ਦੇ ਗਰੁੱਪ ਦੋ ਵਿੱਚ ਆਰ ਪਰੇਮਦਾਸਾ ਸਟੇਡੀਅਮ ਕੋਲੰਬੋ ਵਿਖੇ 30 ਸਤੰਬਰ 2012 ਨੂੰ ਹੋਇਆ ਅਤੇ ਇਹ ਭਾਰਤ ਨੇ 8 ਵਿਕਟਾਂ ਦੇ ਫ਼ਰਕ ਨਾਲ ਜਿੱਤਿਆ ।
                           ਦੋਨੋ ਮੁਲਕਾਂ ਦੇ ਤਿੰਨ ਕ੍ਰਿਕਟਰ ਹੀ ਅਜਿਹੇ ਹਨ ਜੋ ਦੋਹਾਂ ਦੇਸ਼ਾਂ ਵੱਲੋਂ ਖੇਡੇ ਹਨ । ਅਮਿਰ ਇਲਾਹੀ ਨੇ ਭਾਰਤ ਵੱਲੋਂ ਸਿਡਨੀ ਵਿੱਚ 1947 ਨੂੰ ਇੱਕ ਟੈਸਟ ਮੈਚ ਖੇਡਿਆ । ਇਹੀ ਖਿਡਾਰੀ ਇਸ ਮਗਰੋਂ 1952-53 ਵਿੱਚ ਪਾਕਿਸਤਾਨੀ ਟੀਮ ਦਾ ਵੀ ਮੈਂਬਰ ਬਣਿਆਂ । ਗੁਲ ਮੁਹੰਮਦ ਭਾਰਤ ਦੀ ਟੀਮ ਵਿੱਚ 1946 - 1955 ਨੂੰ ਖੇਡਿਆ । ਜਦ ਭਾਰਤੀ ਟੀਮ ਨੇ 1951-52 ਵਿੱਚ ਪਾਕਿਸਤਾਨ ਦਾ ਪਹਿਲਾ ਟੂਰ ਲਾਇਆ,ਤਾਂ ਗੁਲ ਮੁਹੰਮਦ ਭਾਰਤੀ ਟੀਮ ਦਾ ਮੈਂਬਰ ਸੀ । ਫਿਰ ਇਸ ਨੇ ਇੱਕ ਟੈਸਟ ਮੈਚ ਵਿੱਚ 1956 ਨੂੰ  ਆਸਟਰੇਲੀਆ ਵਿਰੁੱਧ ਕਰਾਚੀ ਵਿਖੇ ਪਾਕਿਸਤਾਨ ਵੱਲੋਂ ਖੇਡਦਿਆਂ ਜ਼ੌਹਰ ਦਿਖਾਏ । ਅਬਦੁਲ ਹਫ਼ੀਜ਼ ਕਾਰਦਾਰ ਨੇ ਭਾਰਤ ਵੱਲੋਂ 1946 - 1948 ਅਤੇ ਪਾਕਿਸਤਾਨ ਵੱਲੋਂ 1948 - 1958 ਨੂੰ ਖੇਡਣ ਦਾ ਮਾਣ ਹਾਸਲ ਕਰਿਆ ।
 ਮੌਜੂਦਾ ਟੂਰ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ ;-
25 ਦਸੰਬਰ;ਪਹਿਲਾ ਟੀ-20,ਸਮਾਂ 19.00 ਵਜੇ ,ਐਮ ਚਿੰਨਾਸਵਾਮੀ ਸਟੇਡੀਅਮ ਬੰਗਲੂਰੂ।
28 ਦਸੰਬਰ ; ਦੂਜਾ ਟੀ-20 ਸਮਾਂ 05.00 ਵਜੇ, ਸਰਦਾਰ ਪਟੇਲ ਸਟੇਡੀਅਮ ਮੋਟੇਰਾ,ਅਹਿਮਦਾਬਾਦ ।
30 ਦਸੰਬਰ ; ਪਹਿਲਾ ਵੰਨ ਡੇਅ ,ਸਮਾਂ ਸਵੇਰੇ 09.00 ਵਜੇ,ਐਮ ਏ ਚਿੰਤਬਰਮ ਸਟੇਡੀਅਮ ਚਿਪੁਕ ਚੇਨੱਈ।
3 ਜਨਵਰੀ 2013, ਦੂਜਾ ਵੰਨ ਡੇਅ ,ਸਮਾਂ;12.00 ਵਜੇ,ਈਡਨ ਗਾਰਡਨ ਕੋਲਕਾਤਾ ।
6 ਜਨਵਰੀ ; ਤੀਜਾ ਵੰਨ ਡੇਅ ,ਸਮਾਂ 12.00 ਵਜੇ, ਫ਼ਿਰੋਜ਼ਸ਼ਾਹ ਕੋਟਲਾ ਦਿੱਲੀ ।
 
ਰਣਜੀਤ ਸਿੰਘ ਪ੍ਰੀਤ    
ਭਗਤਾ (ਬਠਿੰਡਾ)-151206
ਬੇ-ਤਾਰ;98157-07232

Friday, December 21, 2012

ਤੁਰ ਗਿਆ ਹਾਕੀ ਦਾ ਇੱਕ ਹੋਰ ਹੀਰਾ ਪੁੱਤ



          ਤੁਰ ਗਿਆ ਹਾਕੀ ਦਾ ਇੱਕ ਹੋਰ ਹੀਰਾ ਪੁੱਤ
                               ਰਣਜੀਤ ਸਿੰਘ ਪ੍ਰੀਤ
                              ਐਂਗਲੋ ਇੰਡੀਅਨ ਭਾਰਤੀ ਹਾਕੀ ਖਿਡਾਰੀ,ਧਿਆਨ ਚੰਦ ਅਤੇ ਰੂਪ ਸਿੰਘ ਵਾਂਗ ਹੀ ਦੁਨੀਆਂ ਭਰ ਵਿੱਚ ਆਪਣੇ ਸਟਿੱਕ ਵਰਕ ਦਾ ਲੋਹਾ ਮੰਨਵਾਉਣ ਵਾਲੇ ਲੈਸਲੀ ਵਾਲਟਰ ਕਲਾਡੀਅਸ ਦਾ ਜਨਮ ਬਿਲਾਸਪੁਰ (ਮੱਧ ਪ੍ਰਦੇਸ਼ )ਵਿੱਚ 25 ਮਾਰਚ 1927 ਨੂੰ ਹੋਇਆ । ਪੰਜ ਫੁੱਟ 4 ਇੰਚ ਕੱਦ ਵਾਲੇ ਰਾਈਟ ਹਾਫ਼ ਪੁਜ਼ੀਸ਼ਨ ਦੇ ਇਸ ਖਿਡਾਰੀ ਨੇ 1948 ਤੋਂ 1960 ਤੱਕ ਵਧੀਆ ਖੇਡ ਦਾ ਪ੍ਰਦਰਸ਼ਨ ਕਰਿਆ ।
             ਭਾਰਤੀ ਹਾਕੀ ਦਾ ਇਹ ਅਨਮੋਲ ਹੀਰਾ ਜਦ 1948 ਦੀਆਂ ਲੰਦਨ ਓਲੰਪਿਕ ਖੇਡਾਂ ਸਮੇ ਕਿਸ਼ਨ ਲਾਲ ਦੀ ਕਪਤਾਨੀ ਅਧੀਨ ਪਹਿਲੀ ਵਾਰੀ ਮੈਦਾਨ ਵਿੱਚ ਨਿਤਰਿਆ,ਇਸ ਟੀਮ ਦਾ ਮੈਨੇਜਰ ਡਾ.ਏ ਸੀ ਚੈਟਰ ਜੀ,ਸਹਾਇਕ ਮੈਨੇਜਰ ਪੰਕਜ ਗੁਪਤਾ ਸੀ । ਇਸ ਵਾਰੀ ਵੀ ਭਾਰਤੀ ਟੀਮ 1928,1932 ਅਤੇ 1936 ਵਾਂਗ ਇੱਕ ਵਾਰ ਫਿਰ ਸੋਨ ਤਮਗਾ ਜੇਤੂ ਬਣੀ । ਹੈਲਸਿੰਕੀ 1952 ਓਲੰਪਿਕ ਮੌਕੇ ਲੈਸਲੀ ਕਲਾਡੀਅਸ ਕੰਵਰਦਿਗਵਿਜੇ ਸਿੰਘ ਬਾਬੂ ਦੀ ਕਪਤਾਨੀ ਅਧੀਨ ਖੇਡਿਆ । ਭਾਰਤੀ ਟੀਮ ਸੋਨ ਤਮਗਾ ਚੁੰਮਣ ਵਿੱਚ ਫਿਰ ਸਫ਼ਲ ਰਹੀ । ਮੈਲਬੌਰਨ 1956 ਓਲੰਪਿਕ ਸਮੇ ਵੀ ਜਦ ਭਾਰਤੀ ਟੀਮ ਨੇ ਗੋਲਡ ਮੈਡਲ ਜਿੱਤਿਆ,ਤਾਂ ਲੈਸਲੀ ਕਲਾਡੀਅਸ ਟੀਮ ਦਾ ਮੈਂਬਰ ਸੀ । ਇਸ ਖਿਡਾਰੀ ਨੇ ਓਲੰਪਿਕ ਵਿੱਚ ਪਹਿਲਾ ਗੋਲ 28 ਨਵੰਬਰ 1956 ਨੂੰ ਅਮਰੀਕਾ ਸਿਰ ਕਰਿਆ । ਕੁੱਲ ਮਿਲਾਕੇ ਇਸ ਮੈਚ ਵਿੱਚ 16-0 ਸਕੋਰ ਭਾਰਤ ਦੇ ਹਿੱਸੇ ਰਿਹਾ । ਭਾਰਤੀ ਟੀਮ ਨੇ ਇੱਕ ਵਾਰ ਫਿਰ ਸੋਨ ਤਮਗਾ ਹਾਸਲ ਕਰਿਆ । ਰੋਮ ਓਲੰਪਿਕ 1960 ਸਮੇ ਲੈਸਲੀ ਕਲਾਡੀਅਸ ਦੀ ਕਪਤਾਨੀ ਅਧੀਨ ਭਾਰਤੀ ਟੀਮ ਫਾਈਨਲ ਤੱਕ ਪਹੁੰਚੀ । ਪਰ ਪਾਕਿਸਤਾਨ ਨੇ ਭਾਰਤ ਨੂੰ ਇੱਕ ਗੋਲ ਨਾਲ ਮਾਤ ਦਿੰਦਿਆਂ ਪਹਿਲੀ ਵਾਰ ਓਲੰਪਿੳਨ ਬਣਨ ਦਾ ਮਾਣ ਹਾਸਲ ਕਰਿਆ । ਭਾਰਤੀ ਟੀਮ ਦੇ ਪੱਲੇ ਪਹਿਲੀ ਵਾਰ ਚਾਂਦੀ ਦਾ ਤਮਗਾ ਰਿਹਾ ।
                                ਹਾਕੀ ਨਾਲ ਜੁੜੇ ਇਸ ਪਰਿਵਾਰ ਦੇ ਰੌਬਰਟ ਕਲਾਡੀਅਸ ਨੇ 1978 ਦੇ ਵਿਸ਼ਵ ਕੱਪ ਵਿੱਚ ਆਪਣੇ ਪਿਤਾ ਵਾਂਗ ਹੀ ਖੇਡਣ ਦਾ ਮਾਣ ਹਾਸਲ ਕਰਿਆ ਸੀ । ਇਸ ਹਾਕੀ ਸਿਤਾਰੇ ਨੇ ਅਜੇ ਹੋਰ ਖੇਡ ਰੌਸ਼ਨੀ ਵੰਡਣੀ ਸੀ,ਪਰ ਇੱਕ ਸੜਕ ਹਾਦਸੇ ਵਿੱਚ ਇਹ ਚੱਲ ਵਸਿਆ । ਲੈਸਲੀ ਕਲਾਡੀਅਸ ਦਾ ਇੱਕ ਬੇਟਾ ਹੁਣ ਉਹਨਾਂ ਨਾਲ ਕੋਲਕਾਤਾ ਵਿੱਚ ਅਤੇ ਦੋ ਹੋਰ ਬੇਟੇ ਮੈਲਬੌਰਨ ਵਿਖੇ ਰਹਿ ਰਹੇ ਹਨ।
                1978 ਦੀਆਂ ਬੈਂਕਾਕ ਏਸ਼ੀਆਈ ਖੇਡਾਂ ਸਮੇ ਭਾਰਤੀ ਹਾਕੀ ਟੀਮ ਦੇ ਮੈਨੇਜਰ ਦੀ ਭੂਮਿਕਾ ਨਿਭਾਉਣ ਵਾਲਾ , 1971 ਵਿੱਚ ਪਦਮ ਸ਼੍ਰੀ ਐਵਾਰਡ ਪ੍ਰਾਪਤ ਕਰਤਾ ,ਅਤੇ ਸਮੇ ਸਮੇ ਕਈ ਹੋਰ ਅਹਿਮ ਸਨਮਾਨ ਹਾਸਲ ਕਰਨ ਵਾਲਾ,ਮਿਡਫੀਲਡਰ ਵਜੋਂ 100 ਤੋਂ ਵੱਧ ਮੈਚ ਖੇਡਣ ਵਾਲਾ ਪਹਿਲਾ ਭਾਰਤੀ, ਲੈਸਲੀ ਕਲਾਡੀਅਸ 85 ਵਰ੍ਹਿਆਂ ਦੀ ਉਮਰ ਵਿੱਚ ਕੋਲਕਾਤਾ ਵਿਖੇ ਜਿਗਰ ਦੀ ਬਿਮਾਰੀ ਨਾਲ 20 ਦਸੰਬਰ ਨੂੰ ਹਾਕੀ ਪ੍ਰੇਮੀਆਂ ਤੋਂ ਸਦਾ ਸਦਾ ਲਈ ਵਿਛੜ ਗਿਆ । ਪਰ ਉਹਦੀ ਖੇਡ ਦਾ ਜ਼ਿਕਰ ਹਾਕੀ ਖੇਡ ਦੇ ਪ੍ਰਚੱਲਤ ਰਹਿਣ ਤੱਕ ਚਲਦਾ ਰਹੇਗਾ ।

Monday, December 10, 2012

ਚੈਪੀਅਨਜ਼ ਟਰਾਫ਼ੀ ਦਾ ਰਿਕਾਰਡ ਹੋਲਡਰ ਆਸਟਰੇਲੀਆ


     ਚੈਪੀਅਨਜ਼ ਟਰਾਫ਼ੀ ਦਾ ਰਿਕਾਰਡ ਹੋਲਡਰ ਆਸਟਰੇਲੀਆ
                         ਰਣਜੀਤ ਸਿੰਘ ਪ੍ਰੀਤ
                               34 ਵੀਂ ਚੈਪੀਅਨਜ਼ ਟਰਾਫ਼ੀ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਸਟੇਟ ਨੈੱਟ ਬਾਲ ਐਂਡ ਹਾਕੀ ਸੈਂਟਰ ਮੈਦਾਨ ਵਿੱਚ ਪਹਿਲੀ ਦਸੰਬਰ ਤੋਂ 9 ਦਸੰਬਰ ਤੱਕ ਖੇਡੀ ਗਈ । ਜਿਸ ਵਿੱਚ ਸ਼ਾਮਲ 8 ਟੀਮਾਂ ਨੂੰ ਪੂਲ ਏ ਇੰਗਲੈਂਡ,ਜਰਮਨੀ,ਭਾਰਤ,ਨਿਊਜ਼ੀਲੈਂਡ,ਪੂਲ ਬੀ ਆਸਟਰੇਲੀਆ, ਨੀਦਰਲੈਂਡ, ਬੈਲਜੀਅਮ, ਪਾਕਿਸਤਾਨ ਅਨੁਸਾਰ ਵੰਡਿਆ ਗਿਆ । ਪਹਿਲੀ ਦਸੰਬਰ ਤੋਂ 4 ਦਸੰਬਰ ਤੱਕ ਦੋਹਾਂ ਪੂਲਾਂ ਵਿੱਚ 6-6 ਮੈਚ ਖੇਡੇ ਗਏ । ਭਾਰਤ ਪੂਲ ਏ ਵਿੱਚ ਇੰਗਲੈਂਡ,ਨਿਊਜ਼ੀਲੈਂਡ ਨੂੰ ਹਰਾਕੇ ,ਜਰਮਨੀ ਤੋਂ ਹਾਰਕੇ ਗੋਲ ਔਸਤ ਨਾਲ ਪੂਲ ਵਿੱਚੋਂ ਟਾਪਰ ਰਿਹਾ । ਇਸ ਨੇ 9 ਗੋਲ ਕੀਤੇ,6 ਕਰਵਾਏ ,6 ਹੀ ਅੰਕ ਲਏ । ਦੂਜਾ ਸਥਾਨ ਜਰਮਨੀ ਦਾ ਰਿਹਾ ਜਿਸ ਨੇ ਭਾਰਤ,ਨਿਊਜ਼ੀਲੈਂਡ ਨੂੰ ਤਾਂ ਹਰਾਇਆ ਪਰ ਇੰਗਲੈਂਡ ਤੋ ਹਾਰ ਖਾਧੀ ,7 ਗੋਲ ਕੀਤੇ 8 ਕਰਵਾਏ ਅਤੇ 6 ਅੰਕ ਹਾਸਲ ਕੀਤੇ । ਇੰਗਲੈਂਡ ਨੇ ਇੱਕ ਜਿੱਤ ਇੱਕ ਬਰਾਬਰੀ ਨਾਲ 4 ਅੰਕ ਲਏ । ਜਦੋਂ ਕਿ ਨਿਊਜ਼ੀਲੈਂਡ ਸਿਰਫ਼ ਇੱਕ ਬਰਾਬਰ ਨਾਲ ਇੱਕ ਅੰਕ ਹੀ ਲੈ ਸਕਿਆ । ਪੂਲ ਬੀ ਵਿੱਚ ਨੀਦਰਲੈਂਡ ਨੇ ਅਤੇ ਆਸਟਰੇਲੀਆ ਨੇ 2-2 ਮੈਚ ਜਿੱਤੇ,1-1 ਬਰਾਬਰ ਖੇਡਿਆ । ਕ੍ਰਮਵਾਰ 8 ਗੋਲ ਕੀਤੇ,5 ਕਰਵਾਏ,5 ਗੋਲ ਕੀਤੇ 2 ਕਰਵਾਏ । ਅੰਕ ਦੋਹਾਂ ਦੇ 7-7 ਰਹੇ । ਪਰ ਸਿਖਰ ਤੇ ਨੀਦਰਲੈਂਡ ਰਿਹਾ । ਪਾਕਿਸਤਾਨ ਨੇ 2 ਹਾਰਾਂ,ਇੱਕ ਜਿੱਤ ਨਾਲ 3 ਅੰਕ ਲਏ । ਜਦੋਂ ਕਿ ਬੈਲਜੀਅਮ ਟੀਮ ਕੋਈ ਅੰਕ ਹਾਸਲ ਨਾ ਕਰ ਸਕੀ । ਸੱਭ ਤੋਂ ਵੱਧ 11 ਗੋਲ ਏਸੇ ਟੀਮ ਸਿਰ ਹੋਏ ।
                                       ਕੁਆਰਟਰ ਫਾਈਨਲ ਵਿੱਚ ਵੱਡਾ ਉਲਟਫੇਰ ਕਰਦਿਆਂ ਪਾਕਿਸਤਾਨ ਨੇ ਜਰਮਨੀ ਨੂੰ 2-1 ਨਾਲ,ਨੀਦਰਲੈਂਡ ਨੇ ਨਿਊਜ਼ੀਲੈਂਡ ਨੂੰ 2-0 ਨਾਲ, ਤੀਜੇ ਕੁਆਰਟਰ ਫਾਈਨਲ ਮੈਚ ਵਿੱਚ ਬੜੀ ਮੁਸ਼ਕਲ ਨਾਲ ਭਾਰਤ ਨੇ ਬੈਲਜੀਅਮ ਨੂੰ 1-0 ਨਾਲ, ਆਸਟਰੇਲੀਆ ਨੇ ਇੰਗਲੈਂਡ ਨੂੰ 2-0 ਨਾਲ ਹਰਾਕੇ ਸੈਮੀਫਾਈਨਲ ਦੀ ਟਿਕਟ ਪੱਕੀ ਕੀਤੀ । ਸੈਮੀਫਾਈਨਲ ਵਿੱਚ ਨੀਦਰਲੈਂਡ ਨੇ ਪਾਕਿਸਤਾਨ ਨੂੰ 5-2 ਨਾਲ,ਅਤੇ ਆਸਟਰੇਲੀਆ ਨੇ ਭਾਰਤ ਨੂੰ 3-0 ਨਾਲ ਹਰਾਕੇ  ਫਾਈਨਲ ਪ੍ਰਵੇਸ਼ ਪਾਇਆ । ਆਸਟਰੇਲੀਆ ਦਾ ਇਹ 23 ਵਾਂ ਅਤੇ ਨੀਦਰਲੈਂਡ ਦਾ 14 ਵਾਂ ਫਾਈਨਲ ਸੀ                           
                    ਕਰਾਸਓਵਰ ਮੈਚਾਂ ਵਿੱਚ ਬੈਲਜੀਅਮ ਨੇ ਇੰਗਲੈਂਡ ਨੂੰ 4-0 ਨਾਲ,ਜਰਮਨੀ ਨੇ ਨਿਊਜ਼ੀਲੈਂਡ ਨੂੰ 6-4 ਨਾਲ ਹਰਾਕੇ ਅੱਗੇ ਕਦਮ ਵਧਾਏ । ਸੱਤਵਾਂ ਸਥਾਨ  ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 3-2 ਨਾਲ ਹਰਾਕੇ,5 ਵਾਂ ਸਥਾਨ ਬੈਲਜੀਅਮ ਨੇ ਜਰਮਨੀ ਨੂੰ 5-4 ਨਾਲ ਹਰਾਕੇ ਹਾਸਲ ਕਰਿਆ । ਪਾਕਿਸਤਾਨ ਨੇ ਭਾਰਤ ਨੂੰ 3-2 ਨਾਲ ਹਰਾਕੇ ਤੀਜਾ ਸਥਾਨ ਲਿਆ । ਭਾਰਤੀ ਟੀਮ 6 ਵੀਂ ਵਾਰੀ ਅਰਥਾਤ 2004 ਮਗਰੋਂ ਇੱਕ ਵਾਰ ਫਿਰ ਚੌਥੇ ਸਥਾਨ ਉੱਤੇ ਰਹੀ । ਆਸਟਰੇਲੀਆ ਨੇ ਵਾਧੂ ਸਮੇ ਤੱਕ ਚੱਲੇ ਫਾਈਨਲ ਮੈਚ ਵਿੱਚ ਨੀਦਰਲੈਂਡ ਨੂੰ 2-1 ਨਾਲ ਹਰਾ ਕੇ ਲਗਾਤਾਰ 5 ਵੀਂ ਵਾਰੀ ਅਤੇ ਕੁੱਲ ਮਿਲਾਕੇ 13 ਵੀ ਵਾਰੀ ਇਹ ਟਰਾਫ਼ੀ ਜਿੱਤ ਲਈ । ਨੀਦਰਲੈਂਡ ਦੇ ਬਰਟ ਨੇ 18 ਵੇਂ ਮਿੰਟ ਵਿੱਚ ਪਹਿਲਾ ਗੋਲ ਕਰਿਆ । ਬਰਾਬਰੀ ਵਾਲਾ ਗੋਲ ਰਿਪੋਰਟ ਫੋਰਡ ਨੇ 31 ਵੇਂ ਮਿੰਟ ਵਿੱਚ ਦਾਗਿਆ । ਪੂਰੇ ਸਮੇ ਤੱਕ ਇਹੀ ਸਕੋਰ ਰਿਹਾ । ਪਰ ਵਾਧੂ ਸਮੇ ਦੌਰਾਂਨ 75 ਵੇਂ ਮਿੰਟ ਵਿੱਚ ਗੋਵਰਜ਼ ਨੇ ਗੋਲ ਕਰਕੇ ਆਸਟਰੇਲੀਆ ਨੂੰ ਜੇਤੂ ਬਣਾ ਦਿੱਤਾ ।
               ਨੀਦਰਲੈਂਡ ਟੀਮ 2006 ਪਿੱਛੋਂ ਪਹਿਲੀ ਵਾਰੀ ਫਾਈਨਲ ਤੱਕ ਪਹੁੰਚੀ ਸੀ,ਪਰ ਜੇਤੂ ਨਾ ਬਣ ਸਕੀ । ਕੁੱਲ 50 ਹਰੇ,24 ਪੀਲੇ ਅਤੇ ਇੱਕ ਲਾਲ ਕਾਰਡ ਦਿਖਾਇਆ ਗਿਆ । ਬੈਲਜੀਅਮ-ਆਸਟਰੇਲੀਆ, ਨੀਦਰਲੈਂਡ- ਨਿਊਜ਼ੀਲੈਂਡ, ਪਾਕਿਸਤਾਨ- ਨੀਦਰਲੈਂਡ ਦੇ ਮੈਚਾਂ ਸਮੇ ਕੋਈ ਕਾਰਡ ਨਹੀਂ ਵਰਤਿਆ ਗਿਆ । ਸੱਭ ਤੋ ਵੱਧ 9 ਕਾਰਡ ਇੰਗਲੈਂਡ ਜਰਮਨੀ ਵਾਲੇ ਮੈਚ ਵਿੱਚ ਵਰਤੇ ਗਏ । ਜਿੰਨਾਂ ਵਿੱਚ ਗਰਿਲ ਨਿਕਟਸ ਦਾ ਲਾਲ ਕਾਰਡ ਵੀ ਸ਼ਾਮਲ ਰਿਹਾ । ਖੇਡੇ ਗਏ 24 ਮੈਚਾਂ ਵਿੱਚ 103 ਗੋਲ ਹੋਏ,ਆਸਟਰੇਲੀਆ ਦਾ ਨਿੱਕ ਵਿਲਸਨ 5 ਗੋਲ ਕਰਕੇ ਟਾਪ ਸਕੋਰਰ ਰਿਹਾ । ਸਰਵੋਤਮ ਖਿਡਾਰੀ ਸ਼ਕੀਲ ਅਬਾਸੀ (ਪਾਕਿਸਤਾਨ),ਵਧੀਆ ਗੋਲ ਕੀਪਰ ਜਾਪ ਸਟਾਕਮਨ (ਨੀਦਰਲੈਂਡ) ਅਤੇ ਨੀਦਰਲੈਂਡ ਟੀਮ ਨੂੰ ਹੀ ਫ਼ੇਅਰ ਪਲੇਅ ਟਰਾਫ਼ੀ ਦਾ ਸਨਮਾਨ ਦਿੱਤਾ ਗਿਆ । ਹਾਕੀ ਦਾ ਇਹ ਅਹਿਮ ਟੂਰਨਾਮੈਟ ਆਸਟਰੇਲੀਆ ਨੇ 13 ਵਾਰੀ,ਜਰਮਨੀ ਨੇ 9 ਵਾਰੀ,ਨੀਦਰਲੈਂਡ ਨੇ 8 ਵਾਰੀ,ਪਾਕਿਸਤਾਨ ਨੇ 3 ਵਾਰੀ,ਸਪੇਨ ਨੇ ਇੱਕ ਵਾਰੀ ਜਿੱਤਿਆ ਹੈ । ਭਾਰਤ ਇੱਕ ਵਾਰ ਤੀਜੇ ਸਥਾਨ ਉੱਤੇ ਰਿਹਾ ਹੈ । ਹੁਣ ਤੱਕ ਕੁੱਲ ਮਿਲਾਕੇ 7 ਮੁਲਕ ਹੀ ਫਾਈਨਲ ਖੇਡੇ ਹਨ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232

Saturday, December 8, 2012

ਪਹਿਲੀ ਬਰਸੀ ਮੌਕੇ ਭਾਰੀ ਇਕੱਠ ਨੇ ਮਾਣਕ ਨੂੰ ਕੀਤਾ ਯਾਦ



     ਪਹਿਲੀ ਬਰਸੀ ਮੌਕੇ ਭਾਰੀ ਇਕੱਠ ਨੇ ਮਾਣਕ ਨੂੰ ਕੀਤਾ ਯਾਦ
       ਵਿਸ਼ੇਸ਼ ਤੌਰ ਤੇ ਪਹੁੰਚਿਆ ਯੁਧਵੀਰ ਮਾਣਕ
                                 ਰਣਜੀਤ ਸਿੰਘ ਪ੍ਰੀਤ
ਨਾਮਵਰ ਗਾਇਕ ਕੁਲਦੀਪ ਮਾਣਕ ਦੀ ਪਹਿਲੀ ਬਰਸੀ ਮੌਕੇ ਭਗਤਾ ਭਾਈ ਕਾ ਦੇ ਭੂਤਾਂ ਵਾਲੇ ਖੂਹਤੇ ਸ਼ਰਧਾਂਜਲੀ ਵਜੋਂ ਸਵੇਰ ਸਮੇ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਭਿਆਚਾਰਕ ਮੇਲੇ ਦਾ ਉਦਘਾਟਨ ਕੁਟੀਆ ਵਾਲੇ ਸੰਤ ਬਲਦੇਵ ਮੁਨੀ ਜੀ ਨੇ ਰੀਬਨ ਕੱਟ ਕਿ ਕਰਿਆ ,ਅਤੇ ਕੁਲਦੀਪ ਮਾਣਕ ਦੇ ਸ਼ਗਿਰਦ ਗੁਰਦੀਪ ਬਰਾੜ (ਲੋਕ ਗਾਇਕ) ਨੂੰ ਗੁਰਦੀਪ ਮਾਣਕ ਦਾ ਨਵਾਂ ਨਾਅ ਦਿੱਤਾ । ਕੁਲਦੀਪ ਮਾਣਕ ਦੀ ਫੋਟੋ ਤੇ ਫੁੱਲਾਂ ਦੇ ਹਾਰ ਮੌਕੇ ਸੰਤਾਂ ਦੇ ਨਾਲ ਮੇਲਾ ਕਮੇਟੀ ਦੇ ਸੀਨੀਅਰ ਅਹੁਦੇਦਾਰ ਅਤੇ ਮਾਣਕ ਦੇ ਜਿਗਰੀ ਯਾਰ ਨਾਮਵਰ ਲੇਖਕ ਰਣਜੀਤ ਸਿੰਘ ਪ੍ਰੀਤ,ਡਾਕਟਰ ਸ਼ਾਂਤੀ ਸਰੂਪ ਤੋਂ ਇਲਾਵਾ ਪਰਮਜੀਤ ਬਿਦਰ, ,ਗੁਰਬਿੰਦਰ ਸਿੰਘ, ਬੂਟਾ ਸੋਢੀ,ਬਲਵਿੰਦਰ ਸਿੰਘ ਖਾਲਸਾ,ਮੀਤ ਭਗਤਾ ਅਤੇ ਵਿਸ਼ੇਸ਼ ਸਹਿਯੋਗੀ ਖੂਹ ਕਮੇਟੀ ਦੇ ਸੇਵਾਦਾਰ ਮੈਂਬਰ ਵੀ ਹਾਜ਼ਰ ਸਨ । ਸਾਬਕਾ ਪੰਚ ਗੁਰਮੇਲ ਸਿੰਘ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਜਗਜੀਤ ਮਾਣਕ ਨੂੰ ਪੇਸ਼ ਕੀਤਾ,ਜਿਸ ਨੇ ਗੀਤ ਬਾਬਾ ਬੰਦਾ ਬਹਾਦਰ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਸ ੳਪਰੰਤ ਸਟੇਜ ਕਾਰਜ ਜੀਵਨ ਜਈਆ ਨੇ ਨਿਭਾਇਆ । ਪੰਮਾ ਸਾਇਰ,ਜੱਗੀ ਪੂਹਲੀ,ਬੀਬਾ ਮਨਦੀਪ ਸਿੱਧੂ ,ਜਗਰੂਪ ਸਿੱਧੂ,ਕ੍ਰਿਸ਼ਨ ਭਾਗੀ ਕੇ ਆਦਿ ਨੇ ਗੀਤ ਪੇਸ਼ ਕੀਤੇ । ਬਹੁਤ ਹੀ ਸੁਰੀਲੀ ਗਾਇਕਾ ਬੀਬਾ ਸੁਰਿੰਦਰ ਸਾਹੋ ਨੇ ਸਿਰ ਤੇ ਫੁਲਕਾਰੀ ਲੈ ਕੇ ਜਦ ਤੇਰੇ ਟਿੱਲੇ ਤੋਂ ਸੂਰਤ ਦੀਹਦੀ ਐ ਹੀਰ ਦੀ ਪੇਸ਼ ਕੀਤਾ,ਤਾਂ ਸਰੋਤੇ ਅਸ਼ ਅਸ਼ ਕਰ ਉੱਠੇ । ਫਿਰ ਚੋਟੀ ਦੇ ਗਾਇਕ ਅਤੇ ਬੁਲੰਦ ਅਵਾਜ਼ ਦੇ ਧਨੀ ਬਲਬੀਰ ਚੋਟੀਆਂ ਨੇ ਆਪਣਾ ਬਹੁ-ਚਰਚਿਤ ਗੀਤ ਇੱਕ ਮਾਂ,ਬੋਹੜ ਦੀ ਛਾਂ,ਤੇ ਰੱਬ ਦਾ ਨਾਅ ਪਿਆਰੇ ਇੱਕੋ ਜਿਹੇ ਅਤੇ ਫਿਰ ਕਿਸੇ ਨੇ ਮਾਣਕ ਨੀ ਬਣ ਜਾਣਾ ਪੇਸ਼ ਕੀਤਾ,ਤਾਂ ਸਮਾਂ ਖੜੋ ਗਿਆ ਪ੍ਰਤੀਤ ਹੋਣ ਲੱਗਿਆ । ਕੁਲਦੀਪ ਮਾਣਕ ਦੇ ਸ਼ਗਿਰਦ ਸੰਜੀਦਾ- ਸੁਰੀਲੇ ਲੋਕ ਗਇਕ ਗੋਰਾ ਚੱਕ ਵਾਲਾ ਨੇ ਡਟ ਕੇ ਗਾਉਂਦਿਆਂ ਫੱਟੇ ਚੱਕ ਦਿੱਤੇ ਅਤੇ ਸਰੋਤਿਆਂ ਦਾ ਰੱਜਵਾਂ ਪਿਆਰ ਹਾਸਲ ਕੀਤਾ । ਰਾਜਾ ਬਰਾੜ ਨੇ ਹਰਮਨ ਪਿਆਰੇ ਮਾਣਕ ਜੀ ਗੀਤ ਪੇਸ਼ ਕੀਤਾ । ਗੁਰਦੀਪ ਬਰਾੜ ਤੋਂ ਗੁਰਦੀਪ ਮਾਣਕ ਨਾਅ ਰਖੇ ਜਾਣ ਵਾਲੇ ਨੇ ਮਾਣਕ ਦੇ ਗਾਏ ਗੀਤ ਸ਼ਾਹਣੀ ਕੌਲਾਂ ਅਤੇ ਚਾਦਰ ਪੇਸ਼ ਕੀਤੇ । ਸੁਰਿੰਦਰ ਭਲਵਾਨ ਰਕਬਾ ਨੇ ਹੀਰ ਪੇਸ਼ ਕੀਤੀ । ਯੁਧਵੀਰ ਮਾਣਕ ਨੇ ਵੀ ਭਾਰੀ ਇਕੱਠ ਦੀ ਗੱਲ ਮੰਨਦਿਆਂ ਤੇਰੇ ਟਿੱਲੇ ਤੋ,ਅਤੇ ਕਾਤਲ ਕੋਕਾ ਕਤਲ ਕਰਾਦੂ, ਦੇ ਕੁੱਝ ਹਿੱਸੇ ਪੇਸ਼ ਕੀਤੇ । ਯੁਧਵੀਰ ਮਾਣਕ ਦੇ ਵਿਸ਼ੇਸ਼ ਸਨਮਾਨ ਸਮੇ ਉਸ ਦੇ ਜਲਦੀ ਸਿਹਤਯਾਬ ਹੋਣ ਬਾਰੇ ਖਚਾ ਖਚ ਭਰੇ ਪੰਡਾਲ ਦੇ ਲੋਕਾਂ ਅਤੇ ਬਹੁ-ਗਿਣਤੀ ਵਿੱਚ ਪਹੁੰਚੀਆਂ ਮਹਿਲਾਵਾਂ ਨੇ ਪ੍ਰਾਰਥਨਾ ਵੀ ਕੀਤੀ । ਪੌਣਾ ਘੰਟਾ ਲਾਈਟ ਬੰਦ ਹੋਣਾ ਸੁਆਦੀ ਦਾਲ ਵਿੱਚ ਕੋਕੜੂ ਬਣ ਗਿਆ । ਪ੍ਰੋਗਰਾਮ ਭਾਵੇਂ ਮੁੜ ਫਿਰ ਲੀਹ ਤੇ ਆ ਗਿਆ ਪਰ ਪਹੁੰਚੇ 28 ਕਲਾਕਾਰਾਂ ਵਿੱਚੋਂ ਬੱਬੂ ਜਲਾਲ,ਤਨਵੀਰ ਗੋਗੀ , ਗਾਇਕ ਜੋੜੀ ਮੀਤ ਗੁਰਨਾਮ ਅਤੇ ਬੀਬਾ ਪ੍ਰੀਤ ਅਰਮਾਨ,ਦਿਲਬਾਗ ਫਤਿਹਗੜੀਆ, ਸੇਵਕ ਖ਼ਾਨ,ਗੁਰਜੰਟ ਜੁਗਤੀ, ਜਗਦੇਵ ਖਾਨ, ਗੀਤਾ ਦਿਆਲਪੁਰੀ,ਗੁਰਜੰਟ ਵਿਰਕ ਆਦਿ ਨੂੰ ਮੌਕਾ ਹੀ ਨਾ ਮਿਲ ਸਕਿਆ ਅਤੇ ਬਹੁਤਿਆਂ ਨੂੰ ਮਸਾਂ ਇੱਕ ਇੱਕ ਗੀਤ ਗਾਉਂਣ ਦਾ ਮੌਕਾ ਹੀ ਮਿਲਿਆ । ਕਲਾਕਾਰਾਂ ਨੂੰ ਕੁਲਦੀਪ ਮਾਣਕ ਦੀ ਫੋਟੋ ਵਾਲੇ ਸਨਮਾਨ ਚਿੰਨ੍ਹ ਸੰਤ ਬਲਦੇਵ ਮੁਨੀ,ਰਣਜੀਤ ਸਿੰਘ ਪ੍ਰੀਤ,ਡਾ.ਸ਼ਾਤੀ ਸਰੂਪ,ਪੰਚ ਅਮਰਜੀਤ ਸਿੰਘ,ਡਾ.ਗੁਰਦੀਪ ਮਾਣਕ,ਨਛੱਤਰ ਸਿੰਘ ਸਿੱਧੂ,ਡਾਕਟਰ ਪੂਰਨ ਸਿੰਘ, ਮਨਜੀਤ ਇੰਦਰ ਸਿੰਘ ਨੇ ਦਿੱਤੇ । ਅਗਲੇ ਸਾਲ 2 ਦਸੰਬਰ ਨੂੰ ਹੀ ਫਿਰ ਪ੍ਰੋਗਰਾਮ ਕਰਵਾਉਂਣ ਦਾ ਐਲਾਨ ਕੀਤਾ ਗਿਆ । ਐਸ ਐਚ ਓ ਸੰਦੀਪ ਸਿੰਘ ਭਾਟੀ ਦੀ ਯੋਗ ਅਗਵਾਈ ਵਿੱਚ ਪੁਲੀਸ ਮੁਲਾਜ਼ਮਾਂ ਨੇ ਆਪਣਾ ਵਧੀਆ ਰੋਲ ਅਦਾਅ ਕਰਿਆ । ਅੰਨ੍ਹੇਰਾ ਹੋਣ ਤੱਕ ਪੂਰਾ ਦਿਨ ਚੱਲੇ ਇਸ ਪ੍ਰੋਗਰਾਮ ਦੀ ਚਰਚਾ ਅੱਜ ਹਰ ਵਿਅਕਤੀ ਦੀ ਜ਼ੁਬਾਂਨ ਤੇ ਹੈ । ਜੋ ਪ੍ਰੋਗਰਾਮ ਦੀ ਸਫ਼ਲਤਾ ਦਾ ਹੁੰਗਾਰਾ ਭਰਦੀ ਹੈ ਅਤੇ ਜ਼ਾਮਨ ਬਣਦੀ ਹੈ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ; 98157-07232

Saturday, December 1, 2012

ਨਹੀਂ ਰਹੇ ਸਾਫ਼-ਸੁਥਰੀ ਸ਼ਵੀ ਵਾਲੇ ਪ੍ਰਧਾਨ ਮੰਤਰੀ ਗੁਜ਼ਰਾਲ ਜੀ


ਸ਼ਰਧਾਂਜਲੀ

   ਨਹੀਂ ਰਹੇ ਸਾਫ਼-ਸੁਥਰੀ ਸ਼ਵੀ ਵਾਲੇ ਪ੍ਰਧਾਨ ਮੰਤਰੀ ਗੁਜ਼ਰਾਲ ਜੀ
                                 ਰਣਜੀਤ ਸਿੰਘ ਪ੍ਰੀਤ
                         ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਆਈ ਕੇ ਗੁਜ਼ਰਾਲ ਜੀ ਨੂੰ ਭਾਵੇਂ ਪਿਛਲੇ ਸਾਲ ਤੋਂ ਹੀ ਡਾਇਲਸਿਸ ਦੇ ਸਹਾਰੇ ਸਮਾਂ ਲੰਘਾਉਣਾ ਪੈ ਰਿਹਾ ਸੀ । ਪਰ ਹੁਣ 19 ਨਵੰਬਰ ਨੂੰ ਫੇਫੜਿਆਂ ਦੀ ਇਨਫੈਕਸ਼ਨ ਸਦਕਾ ਗੁੜਗਾਉਂ ਦੇ ਮੈਡੀਸਿਟੀ ਮਿਡਾਂਟਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਸ ਦਿਨ ਤੋਂ ਹੀ ਉਹ ਵੈਂਟੀਲੇਟਰ ਸਹਾਰੇ ਜ਼ਿੰਦਗੀ ਦੀ ਆਖ਼ਰੀ ਲੜਾਈ ਲੜ ਰਹੇ ਸਨ । ਪਰ ਅੱਜ ਸ਼ੁਕਰਵਾਰ ਨੂੰ ਉਹ ਹਸਪਤਾਲ ਵਿੱਚ ਹੀ 3.31 ਵਜੇ ਜ਼ਿੰਦਗੀ ਦੀ ਆਖ਼ਰੀ ਲੜਾਈ ਹਾਰ ਗਏ । ਦੇਸ਼ ਵਿੱਚ ਸ਼ੋਕ ਦੀ ਲਹਿਰ ਫੈਲ ਗਈ ।
           ਅੱਜ ਦੇ ਘੁਟਾਲਿਆਂ ਵਾਲੇ ਦੌਰ ਵਿੱਚ ਕਿਸੇ ਵਿਅਕਤੀ ਦਾ ਅਜਿਹਾ ਹੋਣਾ ਜਿਸ ਉੱਤੇ ਅਜਿਹਾ ਕੋਈ ਇਲਜ਼ਾਮ ਨਾ ਲੱਗਿਆ ਹੋਵੇ,ਲੱਭਣਾ ਬਹੁਤ ਮੁਸ਼ਕਲ ਹੈ । ਪਰ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਜੋ ਅੱਜ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਹੇ । ਇਸ ਗੱਲ ਤੇ ਖ਼ਰੇ ਉਤਰਦੇ ਹਨ । ਜਿੰਨਾਂ ਦਾ ਜਨਮ 4 ਦਸੰਬਰ 1919 ਨੂੰ ਜਿਹਲਮ ,ਪੰਜਾਬ (ਪਾਕਿਸਤਾਨ) ਵਿੱਚ ਅਵਤਾਰ ਨਰਾਇਣ ਗੁਜ਼ਰਾਲ ਅਤੇ ਪੁਸ਼ਪਾ ਦੇਵੀ ਗੁਜ਼ਰਾਲ ਦੇ ਘਰ ਹੋਇਆ । ਉਹ ਉਰਦੂ ਤੋਂ ਇਲਾਵਾ ਪੰਜਾਬੀ ,ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਚੰਗੇ ਗਿਆਤਾ ਸਨ । ਉਹਨਾਂ ਨੇ ਐਮ ਏ,ਬੀ ਕਾਮ,ਪੀਐਚ ਡੀ,ਅਤੇ ਡੀ ਲਿਟ ਵਰਗੀਆਂ ਡਿਗਰੀਆਂ ਵੀ ਹਾਸਲ ਕੀਤੀਆਂ । ਦੇਸ਼ ਦੇ 12 ਵੇਂ ਪ੍ਰਧਾਨ ਮੰਤਰੀ ਵਜੋਂ ਉਹਨਾਂ 21 ਅਪ੍ਰੈਲ 1997 ਤੋਂ 19 ਮਾਰਚ 1998 ਤੱਕ ਦੇਸ਼ ਦੀ ਵਾਗਡੋਰ ਸੰਭਾਲੀ । ਆਜ਼ਾਦੀ ਸੰਗਰਾਮੀਏ ਵਜੋਂ ਕੁਇਟ ਇੰਡੀਆ ਮੂਵਮੈਂਟ ਤਹਿਤ 1942 ਵਿੱਚ ਜੇਲ੍ਹ ਯਾਤਰਾ ਕਰਨ ਵਾਲੇ ਅਤੇ 26 ਮਈ 1945 ਨੂੰ ਸ਼ੀਲਾ ਗੁਜ਼ਰਾਲ ਨਾਲ ਵਿਆਹੁਤਾ ਜ਼ਿੰਦਗੀ ਸ਼ੁਰੂ ਕਰਨ ਵਾਲੇ,ਗੁਜ਼ਰਾਲ ਜੀ 1975 ਵਿੱਚ ਇਨਫਰਮੇਸ਼ਨ ਅਤੇ ਬਰਾਡਕਾਸਟਿੰਗ ਮਨਿਸਟਰ ਰਹਿਣ ਤੋਂ ਇਲਾਵਾ ਸੋਵੀਅਤ ਸੰਘ ਵਿਖੇ ਭਾਰਤੀ ਰਾਜਦੂਤ ਵੀ ਰਹੇ । ਬਹੁਤ ਸਾਰੇ ਮੁਲਕਾਂ ਦੀ ਯਾਤਰਾ ਕਰਨ ਵਾਲੇ ਗੁਜ਼ਰਾਲ ਜੀ ਹੁਣ ਵੀ ਦਰਜਨਾ ਸੰਸਥਾਵਾਂ ਦੇ ਅਹੁਦੇਦਾਰ ਸਨ ।
                ਇੰਦਰ ਕੁਮਾਰ ਗੁਜ਼ਰਾਲ ਜੀ ਨੇ ਜੁਲਾਈ 1980 ਵਿੱਚ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਜਨਤਾ ਦਲ ਨੂੰ ਅਪਣਾਅ ਲਿਆ । ਜਦ 1989 ਵਿੱਚ ਚੋਣਾਂ ਹੋਈਆ ਤਾਂ ਉਹ ਜਲੰਧਰ ਤੋਂ ਚੋਣ ਜਿੱਤ ਕੇ ਸੰਸਦ ਮੈਬਰ ਬਣ ਗਏ ਅਤੇ ਵੀ ਪੀ ਸਿੰਘ ਦੇ ਮੰਤਰੀ ਮੰਡਲ ਵਿੱਚ  5 ਦਸੰਬਰ 1989 ਤੋਂ 10 ਨਵੰਬਰ 1990 ਤੱਕ ਐਕਸਟਰਨਲ ਇਫੇਅਰਜ਼ ਮੰਤਰੀ  ਰਹੇ । ਪਹਿਲੀ ਖਾੜੀ ਜੰਗ ਸਮੇ ਸੁਦਾਮ ਹੁਸੈਨ ਨੂੰ ਮਿਲਣ,ਸ੍ਰੀਨਗਰ ਵਿਖੇ ਰੁਬਈਆ ਸਈਅਦ ਦੇ ਕਿਡਨੈਪਿੰਗ ਮਾਮਲੇ ਦੇ ਹੱਲ ਲਈ ,ਇਰਾਕ,ਕੁਵੈਤ ਵਿਖੇ ਗੱਲਬਾਤ ਕਰਨ ਲਈ, ਸ਼੍ਰੀ ਗੁਜ਼ਰਾਲ ਨੇ ਮੁਹਰੀ ਅਤੇ ਉਸਾਰੂ ਰੋਲ ਅਦਾਅ ਕੀਤਾ । ਮੱਧ ਕਾਲੀ ਚੋਣਾਂ ਸਮੇ 1991 ਵਿੱਚ ਪਟਨਾ (ਬਿਹਾਰ) ਤੋਂ ਚੋਣ ਲੜੀ ਅਤੇ ਜਨਤਾ ਦਲ ਦੇ ਮੁਹਰੀ ਨੇਤਾ ਵਜੋਂ ਉਭਰਦਿਆਂ 1992 ਵਿੱਚ ਰਾਜ ਸਭਾ ਦੇ ਮੈਂਬਰ ਬਣੇ ।
                 ਯੂਨਾਈਟਿਡ ਫਰੰਟ ਦੀ 1996 ਵਿੱਚ ਬਣੀ ਸਰਕਾਰ ਸਮੇ ਐਕਸਟਰਨਲ ਇਫ਼ੇਅਰਜ਼ ਮਨਿਸਟਰ ਦਾ ਅਹੁਦਾ ਫਿਰ ਦਿੱਤਾ ਗਿਆ ਇਸ ਤੇ ਉਹ ਪਹਿਲੀ ਜੂਨ 1996 ਤੋਂ 21 ਮਾਰਚ 1998 ਤੱਕ ਰਹੇ । ਇਸ ਅਹੁਦੇ ਤੋਂ ਇਲਾਵਾ ਉਹਨਾ ਕੁੱਝ ਹੋਰਨਾਂ ਖੇਤਰਾਂ ਦੇ ਕਾਰਜ ਵੀ ਸਫਲਤਾ ਸਹਿਤ ਨੇਪਰੇ ਚੜ੍ਹਾਏ । ਇਸ ਸਰਕਾਰ ਨੂੰ ਕਾਂਗਰਸ ਪਾਰਟੀ ਦਾ ਜੋ ਬਾਹਰੀ ਸਹਿਯੋਗ ਸੀ,ਉਸ ਨੇ ਉਹ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ,ਤਾਂ ਯੂਨਾਈਟਿਡ ਫਰੰਟ ਨੇ ਐਚ ਡੀ ਦੇਵਗੌੜਾ ਦੀ ਥਾਂ ਆਈ ਕੇ ਗੁਜ਼ਰਾਲ ਨੂੰ ਨੇਤਾ ਚੁਣ ਲਿਆ । ਕਾਂਗਰਸ ਵੀ ਸਹਿਮਤ ਹੋ ਗਈ ਅਤੇ ਗੁਜ਼ਰਾਲ ਜੀ ਨੇ ਪ੍ਰਧਾਨ ਮੰਤਰੀ ਵਜੋਂ 21 ਅਪ੍ਰੈਲ 1997 ਨੂੰ ਸਹੁੰ ਚੁੱਕੀ । ਪਰ ਕੁੱਝ ਹੀ ਹਫ਼ਤਿਆਂ ਬਾਅਦ ਉਹਨਾਂ ਦੁਆਲੇ ਸਮੱਸਿਆਵਾਂ ਘੇਰਾ ਘੱਤਣ ਲੱਗੀਆਂ ਗੁਜ਼ਰਾਲ ਜੀ ਨੇ ਇਹ ਵੇਖਦਿਆਂ  ਕੋਲਕਾਤਾ ਵਿਖੇ ਇੱਕ ਪਬਲਿਕ ਜਲਸੇ ਵਿੱਚ 23 ਨਵੰਬਰ 1997 ਨੂੰ ਮੱਧ ਕਾਲੀ ਚੋਣਾਂ ਦੇ ਸੰਕੇਤ ਵੀ ਦਿੱਤੇ । ਜਿਓਂ ਹੀ  ਕਾਂਗਰਸ ਨੇ 28 ਨਵੰਬਰ 1997 ਨੂੰ ਸਹਿਯੋਗ ਵਾਪਸ ਲੈ ਲਿਆ ਅਤੇ ਗੁਜ਼ਰਾਲ ਜੀ ਨੇ ਅਸਤੀਫਾ ਦੇ ਦਿੱਤਾ ।
              ਆਪਣੀ 516 ਪੇਜ਼ ਦੀ ਆਟੋਗਰਾਫ਼ੀ ਫਰਵਰੀ 2011 ਵਿੱਚ ਛਪਵਾਉਣ ਵਾਲੇ,ਖ਼ਜਾਨਾ ਮੰਤਰੀ ਵਰਗੇ ਵਕਾਰੀ ਅਹੁਦਿਆਂ ਤੇ ਰਹਿਣ ਵਾਲੇ ਇੰਦਰ ਕੁਮਾਰ ਗੁਜ਼ਰਾਲ ਨੇ 5 ਨੁਕਾਤੀ ਫਾਰਮੂਲੇ ਤਹਿਤ,ਸ਼ਾਂਤੀ ਨਾਲ ਰਹਿਣ ਦੀ ਗੱਲ ਵੀ ਆਖੀ । ਅਜਿਹੀ ਸ਼ਵੀ ਸਦਕਾ ਇੰਦਰ ਕੁਮਾਰ ਗੁਜ਼ਰਾਲ ਨੇ ਫਰਵਰੀ-ਮਾਰਚ 1998 ਵਿੱਚ ਅਕਾਲੀ ਦਲ ਦੇ ਸਹਿਯੋਗ ਨਾਲ ਜਲੰਧਰ ਸੀਟ ਕਾਂਗਰਸ ਦੇ ਉਮਰਾਓ ਸਿੰਘ ਨੂੰ ਹਰਾ ਕੇ ਜਿੱਤੀ । ਪਰ ਜਦ ਉਹਨਾਂ ਦੀ ਪਤੱਨੀ ਸ਼ਲਾ ਗੁਜ਼ਰਾਲ 11 ਜੁਲਾਈ 2011 ਨੂੰ ਚੱਲ ਵਸੀ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ । ਉਹਨਾ ਦੇ ਦੋ ਬੇਟੇ ਹਨ । ਨਰੇਸ਼ ਗੁਜ਼ਰਾਲ ਰਾਜ ਸਭਾ ਦਾ ਮੈਂਬਰ ਹੈ,ਜਦੋਂ ਕਿ ਸਤੀਸ਼ ਗੁਜ਼ਰਾ ਨਾਮਵਰ ਪੇਂਟਰ ਅਤੇ ਆਰਕੀਟਿਕਟ ਹੈ । ਉਹਨਾਂ ਦੀ ਭਤੀਜੀ ਮੇਧਾ ਦੀ ਸ਼ਾਦੀ 25 ਜੁਲਾਈ 2012 ਨੂੰ ਭਜਨ ਸਮਰਾਟ ਅਨੂਪ ਜਲੋਟਾ ਨਾਲ ਹੋਈ ਹੈ । ਸ਼੍ਰੀ ਗੁਜ਼ਰਾਲ ਜੀ ਇੱਕ ਸਾਫ਼-ਸੁਥਰੀ ਸ਼ਵੀ ਵਾਲੇ ਪ੍ਰਧਾਨ ਮੰਤਰੀ ਵਜੋਂ ਹਮੇਸ਼ਾਂ ਭਾਰਤੀਆਂ ਦੇ ਦਿਲਾਂ ਉੱਤੇ ਰਾਜ ਕਰਦੇ ਰਹਿਣਗੇ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232

Friday, November 30, 2012

ਕਲੀਆਂ ਦਾ ਬਾਦਸ਼ਾਹ; ਕੁਲਦੀਪ ਮਾਣਕ



      ਕਲੀਆਂ ਦਾ ਬਾਦਸ਼ਾਹ; ਕੁਲਦੀਪ ਮਾਣਕ

                         ਰਣਜੀਤ ਸਿੰਘ ਪ੍ਰੀਤ   

             ਕਿਸੇ ਵੀ ਖੇਤਰ ਵਿੱਚ ਅਮਿੱਟ ਪੈੜਾਂ ਪਾਉਣ ਵਾਲਿਆਂ ਨੂੰ ਦੁਨੀਆਂ ਯਾਦ ਕਰਿਆ ਕਰਦੀ ਹੈ । ਇਤਿਹਾਸ ਦੇ ਪੰਨੇ ਉਸ ਦੇ ਵੇਰਵੇ ਸਾਂਭਣਾ ਆਪਣਾ ਸੁਭਾਗ ਸਮਝਿਆ ਕਰਦੇ ਹਨ । ਅਜਿਹੀ ਸਥਿੱਤੀ ਦਾ ਲਖਾਇਕ ਹੀ ਸੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ (ਨੇੜੇ ਭਗਤਾ ਭਾਈ ਕਾ) ਵਿਖੇ ਗਾਇਕ ਨਿੱਕਾ ਖਾਨ ਦੇ ਘਰ 15 ਨਵੰਬਰ 1951 ਨੂੰ ਜਨਮਿਆਂ ਸਾਡਾ ਜਮਾਤੀ ਲਤੀਫ਼ ਮੁਹੰਮਦ ,ਜਿਸ ਨੂੰ ਲੱਧਾ ਵੀ ਕਿਹਾ ਕਰਦੇ ਸਨ । ਉਸ ਦੇ ਪੂਰਵਜ਼ ਮਹਾਰਾਜਾ ਨਾਭਾ ਹੀਰਾ ਸਿੰਘ ਦੇ ਦਰਬਾਰ ਵਿੱਚ ਹਜ਼ੂਰੀ ਰਾਗੀ ਸਨ । ਇਸ ਤਰ੍ਹਾ ਮੁਹੰਮਦ ਲਤੀਫ਼ ਨੂੰ ਗਾਇਕੀ ਦੀ ਗੁੜਤੀ ਵਿਰਸੇ ਵਿੱਚੋਂ ਮਿਲੀ ।

               ਸਦੀਕ ਅਤੇ ਰਫ਼ੀਕ ਦੇ ਭਰਾਤਾ ਲੱਧੇ ਦਾ ਜਲਾਲ ਸਕੂਲ ਦੀਆਂ ਬਾਲ ਸਭਾਵਾਂ ਵਿੱਚ ਅਧਿਆਪਕਾਂ ਦੇ ਥਾਪੜੇ ਨਾਲ ਬੋਲ ਬਾਲਾ ਹੁੰਦਾ । ਉਹ ਅਕਸਰ ਹੀ ਗਾਇਆ ਕਰਦਾ ਗੱਲ ਸੁਣ ਓ ਭੋਲਿਆ ਜੱਟਾ,ਤੇਰੇ ਸਿਰ ਪੈਂਦਾ ਘੱਟਾ,ਵਿਹਲੜ ਬੰਦੇ ਮੌਜਾਂ ਮਾਣਦੇਹਾਕੀ ਖਿਡਾਰੀ ਲੱਧੇ ਨੇ ਦਸਵੀ ਕਰਨ ਦੇ ਨਾਲ ਹੀ ਫ਼ਿਰੋਜ਼ਪੁਰ ਪਹੁੰਚ ਕਵਾਲ ਖ਼ੁਸ਼ੀ ਮਹੰਮਦ ਤੋਂ ਸੰਗੀਤ ਸਿਖਿਆ ਲੈਣੀ ਸ਼ੁਰੂ ਕੀਤੀ । ਮੁਹੰਮਦ ਲਤੀਫ਼ ,ਲੱਧਾ,ਫਿਰ ਕੁਲਦੀਪ ਮਣਕਾ ਅਖਵਾਉਂਦੇ ਨੇ ਜਦ ਇੱਕ ਸਮਾਗਮ ਸਮੇ ਗਾਇਆ,ਤਾਂ ਉੱਥੇ ਮੌਜੂਦ ਪੰਜਾਬ ਦੇ ਮੁਖ ਮੰਤਰੀ ਸ.ਪਰਤਾਪ ਸਿੰਘ ਕੈਰੋਂ ਨੇ 100 ਰੁਪਏ ਇਨਾਮ ਦਿੰਦਿਆਂ ਕਿਹਾ ਇਹ ਤਾਂ ਮਾਣਕ ਹੈ ਮਾਣਕ । ਇਸ ਤਰ੍ਹਾਂ ਮਣਕਾ ਤੋਂ ਮਾਣਕ ਬਣ ਉਹ ਬਠਿੰਡਾ ਛੱਡ ਲੁਧਿਆਣੇ ਕਲਾਕਾਰਾਂ ਨੂੰ ਮਿਲਦਾ ਮਿਲਦਾ,ਹਰਚਰਨ ਗਰੇਵਾਲ ਅਤੇ ਸੀਮਾ ਨਾਲ ਸਟੇਜਾਂ ਕਰਨ ਲੱਗਿਆ । ਦਿੱਲੀ ਵਿਖੇ 1968 ਵਿੱਚ ਐਚ ਐਮ ਵੀ ਨੇ ਕੇਸਰ ਸਿੰਘ ਨਰੂਲਾ ਦੇ ਸੰਗੀਤ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ਜੀਜਾ ਅੱਖੀਆਂ ਨਾ ਮਾਰ ਵੇ ਮੈ ਕੱਲ੍ਹ ਦੀ ਕੁੜੀ ਸੀਮਾਂ ਨਾਲ ਡਿਊਟ ਗੀਤ ਵਜੋਂ ਗਾਇਆ । ਗੁਰਦੇਵ ਸਿੰਘ ਮਾਨ ਦਾ ਗੀਤ ਲੌਂਗ ਕਰਾ ਮਿੱਤਰਾ,ਮੱਛਲੀ ਪਾਉਂਣਗੇ ਮਾਪੇ,ਵੀ ਇਸ ਵਿੱਚ ਸ਼ਾਮਲ ਸੀ । ਇਸ ਨਾਲ ਰਾਤੋ ਰਾਤੋ ਮਾਣਕ ਮਾਣਕ ਹੋ ਗਈ ।

                  ਸੋਲੋ ਗਾਇਕੀ ਵੱਲ ਮੁੜੇ ਮਾਣਕ ਨੂੰ ਦੇਵ ਥਰੀਕੇਵਾਲੇ ਨੇ ਪਹਿਚਾਣਿਆਂ ਅਤੇ ਆਪਣੇ ਨਾਲ ਜੋੜ ਲਿਆ । ਲੋਕ ਗਥਾਵਾਂ ਲਿਖ ਲਿਖ ਕੇ ਦਿੱਤੀਆਂ ਅਤੇ ਮਾਣਕ ਦਾ ਪਹਿਲਾ ਈ ਪੀ ਪੰਜਾਬ ਦੀਆਂ ਲੋਕ ਗਾਥਾਵਾਂ (1973) ਰਿਕਾਰਡ ਹੋਇਆ । ਫਿਰ ਐਚ ਐਮ ਵੀ ਨੇ ਹੀ 1976 ਵਿੱਚ ਐਲ ਪੀ ਇੱਕ ਤਾਰਾ ਮਾਰਕੀਟ ਵਿੱਚ ਉਤਾਰਿਆ । ਇਸ ਵਿਲਾ ਗੀਤ ਤੇਰੇ ਟਿੱਲੇ ਤੋਂ ਸੂਰਤ ਦੀਹਦੀ ਐ ਹੀਰ ਦੀ ਨੇ ਸਮਕਾਲੀਆਂ ਨੂੰ ਸੋਚੀਂ ਪਾ ਦਿੱਤਾ । ਉਹਦੇ ਨਾਅ ਨਾਲ ਸ਼ਬਦ ਕਲੀਆਂ ਦਾ ਬਾਦਸ਼ਾਹ ਜੁੜ ਗਿਆ । ਏਸੇ ਦੌਰਾਂਨ ਮਾਣਕ ਦਾ ਰਾਬਤਾ ਚਰਨਜੀਤ ਅਹੂਜਾ ਨਾਲ ਬਣਿਆਂ । ਸਰਬਜੀਤ ਕੌਰ ਸ਼ਾਦੀ ਹੋਈ ,ਬੇਟਾ ਯੁਧਵੀਰ ਅਤੇ ਬੇਟੀ ਸ਼ਕਤੀ ਵਿਹੜੇ ਦੀ ਰੌਣਕ ਬਣੇ ।
                      ਗਾਇਕੀ ਦੇ ਨਾਲ ਨਾਲ ਉਸਨੇ ਬਲਵੀਰੋ ਭਾਬੀ,ਰੂਪ ਸ਼ੁਕੀਨਣ ਦਾ,ਬਗਾਵਤ,ਵਿਹੜਾ ਲੰਬੜਾ ਦਾ,ਲੰਬੜਦਾਰਨੀ,ਸੈਦਾ ਜੋਗਨ,ਸੱਸੀ ਪੁਨੂੰ ਵਰਗੀਆਂ ਫ਼ਿਲਮਾਂ ਵਿੱਚ ਵੀ ਕੰਮ ਕਰਿਆ ਅਤੇ ਯਾਰਾਂ ਦਾ ਟਰੱਕ ਬੱਲੀਏ ਵਰਗੇ ਗੀਤ ਲੋਕਾਂ ਦਾ ਜ਼ੁਬਾਂਨ ਰਸ ਬਣੇ । ਉਸਦੇ ਗਾਏ ਦਰਜਨਾਂ ਗੀਤ ਲੋਕ ਗੀਤਾਂ ਵਾਂਗ ਪੰਜਾਬੀਆਂ ਲਈ ਅੱਜ ਵੀ ਤਰੋ-ਤਾਜ਼ਾ ਹਨ ਅਤੇ ਲੋਕ ਚਾਅ ਨਾਲ ਗੁਣਗੁਣਾਉਂਦੇ ਹਨ । ਮਾਣਕ ਦੀਆਂ 41 ਧਾਰਮਿਕ ਟੇਪਾਂ,ਈ ਪੀ, ਪੀ ਆਦਿ ਸਮੇਤ ਕੁੱਲ 198 ਟੇਪਾਂ ਰਿਕਾਰਡ ਹੋਈਆਂ । ਉਸ ਨੇ 90 ਗੀਤਕਾਰਾਂ ਦੇ ਗੀਤ 26 ਸੰਗੀਤਕਾਰਾਂ ਦੀਆਂ ਤਰਜ਼ਾਂ ਤੇ ਗਾਏ । ਜਿੱਥੇ ਉਸ ਨੇ 1977-78 ਵਿੱਚ ਪਹਿਲਾ ਸਫ਼ਲ ਵਿਦੇਸ਼ੀ ਟੂਰ ਲਾਇਆ,ਉਥੇ ਸਤਿੰਦਰ ਬੀਬਾ,ਸੁਰਿੰਦਰ ਕੌਰ, ਗੁਰਮੀਤ ਬਾਵਾ, ਅਮਰਜੋਤ ਕੌਰ, ਗੁਲਸ਼ਨ ਕੋਮਲ,ਕੁਲਵੰਤ ਕੋਮਲ,ਪ੍ਰਕਾਸ਼ ਕੌਰ ਸੋਢੀ,ਦਿਲਬਾਗ਼ ਕੌਰ, ਅਤੇ ਪ੍ਰਕਾਸ਼ ਸਿੱਧੂ ਨਾਲ ਵੀ ਮਾਣਕ ਨੇ ਗਾਇਕੀ ਸਾਥ ਦਿੱਤਾ । ਆਜ਼ਾਦ ਉਮੀਦਵਾਰ ਵਜੋਂ 1996 ਵਿੱਚ ਬਠਿੰਡਾ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਵੀ ਲੜੀ ,ਪਰ ਸਫਲਤਾ ਨਾ ਮਿਲੀ । ਗਾਇਕੀ ਖੇਤਰ ਦੇ ਇੱਕ ਮੁਕਾਬਲੇ ਵਿੱਚ ਨਾਮੀ ਕਲਾਕਾਰਾਂ ਤੋਂ ਅੱਗੇ ਲੰਘਦਿਆਂ ਅੰਬੈਸਡਰ ਕਾਰ ਵੀ ਇਨਾਮ ਵਜੋਂ ਜਿਤੀ । ਪੰਜਾਬ ਸਰਕਾਰ ਵੱਲੋਂ ਹੁਣ ਰਾਜ ਗਾਇਕ ਦਾ ਪੁਰਸਕਾਰ ਵੀ ਦਿੱਤਾ ਗਿਆ ਹੈ ।                           
                           1968 ਤੋਂ 2011 ਤੱਕ ਗਾਇਕੀ ਨਾਲ ਰਾਬਤਾ ਬਣਾਈ ਰੱਖਣ ਵਾਲੇ ਮਾਣਕ ਦਾ ਦਲੀਪ ਸਿੰਘ ਸਿੱਧੂ ਕਣਕਵਾਲੀਆ,ਕਰਨੈਲ ਸਿੱਧੂ ਜਲਾਲ ਨਾਲ ਵੀ ਬਹੁਤ ਪਿਆਰ ਰਿਹਾ । ਮਾਣਕ ਨੇ ਪਹਿਲਾ ਲੋਕ ਗੀਤ ਮਾਂ ਮਿਰਜ਼ੇ ਦੀ ਬੋਲਦੀ ਅਤੇ ਉਹਨੂੰ ਮੌਤ ਨੇ ਵਾਜਾਂ ਮਾਰੀਆਂ ਗਾਇਆ । ਪਰ ਸ਼ਰਾਬ ਨੇ ਉਹਦੇ ਗੁਰਦਿਆਂ ਵਿੱਚ ਖ਼ਰਾਬੀ ਲਿਆ ਦਿੱਤੀ । ਫਿਰ ਇਕਲੌਤੇ ਪੁੱਤਰ ਯੁਧਵੀਰ ਦੇ ਬਰੇਨ ਹੈਮਰਿਜ ਨੇ ਉਸ ਨੂੰ ਅਸਲੋਂ ਹੀ ਤੋੜ ਦਿੱਤਾ । ਫੇਫੜਿਆਂ ਦੀ ਸਮੱਸਿਆ ਹੋਣ ਕਰਕੇ ਡੀ ਐਮ ਸੀ ਵਿਖੇ ਦਾਖਲ ਕਰਵਾਇਆ ਗਿਆ । ਜਿੱਥੇ 30 ਨਵੰਬਰ 2011 ਨੂੰ ਉਸ ਨੇ ਆਖ਼ਰੀ ਸਾਹ ਲਿਆ ਅਤੇ ਜਲਾਲ ਵਿਖੇ ਸਪੁਰਦ ਇ ਖ਼ਾਕ ਕੀਤਾ ਗਿਆ । ਮਾਣਕ ਦੀ ਆਖਰੀ ਕੈਸਟ ਮਹਾਰਾਜਾ ਹੈ । ਜਿਸ ਵਿੱਚ ਉਸ ਦੇ ਦੋ ਗੀਤ ਹਨ । ਬਾਕੀ ਜੈਜੀ ਬੈਂਸ ਅਤੇ ਯੁਧਵੀਰ ਮਾਣਕ ਦੇ ਹਨ ।

             ਇਸ ਮਹਾਂਨ ਲੋਕ ਗਾਇਕ ਦੀ ਯਾਦ ਵਿੱਚ ਇੱਕ ਯਾਦ  ਵਜੋਂ ਭਗਤਾ ਭਾਈਕਾ ਵਿਖੇ ਭੂਤਾਂ ਵਾਲੇ ਖੂਹ ਤੇ ਉਹਦੇ ਸ਼ਗਿਰਦ ਗਾਇਕ ਗੁਰਦੀਪ ਬਰਾੜ,ਚਹੇਤਿਆਂ,ਜਮਾਤੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਪਹਿਲੀ ਬਰਸੀ ਮੌਕੇ 2 ਦਸੰਬਰ ਐਤਵਾਰ ਨੂੰ ਗਾਇਕੀ ਮੇਲਾ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਹਰੇਕ ਨੂੰ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਹੈ । ਇਹ ਮੇਲਾ ਸਵੇਰੇ 10 ਵਜੇ ਤੋਂ ਦੇਰ ਸ਼ਾਮ ਤੱਕ ਜਾਰੀ ਰਹੇਗਾ । ਆਓ ਉਸ ਦਿਨ ਸਾਰੇ ਰਲਕੇ ਉਸ ਮਹਾਂਨ ਸ਼ਖ਼ਸ਼ੀਅਤ ਨੂੰ ਯਾਦ ਕਰਦੇ ਹੋਏ ਸ਼ਰਧਾਜਲੀ ਭੇਂਟ ਕਰੀਏ,ਤਾਂ ਜੋ ਸਾਡਾ ਆਪਣਾ ਹੀ ਪਿਆਰਾ ਸਾਡੇ ਸਾਹਾਂ ਦੀ ਸੁਗੰਧੀ ਵਿੱਚ ਵਾਸਾ ਕਰਦਾ ਰਹੇ ਅਤੇ ਉਹਦੀ ਚੁੱਪ ਮੌਜੂਦਗੀ ਦਾ ਅਹਿਸਾਸ ਚੇਤਿਆਂ ਦਾ ਸ਼ਹਿਨਸ਼ਾਹ ਬਣਿਆਂ ਰਹੇ ।

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;-9815707232