Monday, August 27, 2012

ਨਿੱਕਿਆਂ ਨੇ ਆਸਟਰੇਲੀਆ 'ਤੇ ਇਤਿਹਾਸਕ ਜਿੱਤ ਦਰਜ ਕੀਤੀ


ਮੈਨ ਆਫ਼ ਦਾ ਮੈਚ ਲੈਂਦਾ ਭਾਰਤੀ ਕਪਤਾਨ                             


                                                                                                                ਜਿੱਤ ਦੀ ਖ਼ੁਸ਼ੀ ਵਿੱਚ ਖੀਵੇ 

  ਨਿੱਕਿਆਂ ਨੇ ਆਸਟਰੇਲੀਆ 'ਤੇ ਇਤਿਹਾਸਕ ਜਿੱਤ ਦਰਜ ਕੀਤੀ
                            ਰਣਜੀਤ ਸਿੰਘ ਪ੍ਰੀਤ
 ਕੁਇਨਜ਼ਲੈਂਡ (ਆਸਟਰੇਲੀਆ) ਵਿਖੇ ਅੰਡਰ-19 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਅਤੇ ਆਸਟਰੇਲੀਆ ਦਾ ਟਾਕਰਾ ਯੁਵਾ ਇੱਕ ਰੋਜ਼ਾ ਮੈਚ ਨੰਬਰ 868 ਵਜੋਂ ਟੌਨੀ ਆਇਰਲੈਂਡ ਸਟੇਡੀਅਮ ਟਾਊਨਜ਼ਵਿਲੇ ਵਿੱਚ ਹੋਇਆ । ਭਾਰਤ ਨੇ ਚੌਥੀ ਵਾਰੀ ਫਾਈਨਲ ਖੇਡਦਿਆਂ ਚੌਥੀ ਵਾਰੀ ਹੀ ਫਾਈਨਲ ਖੇਡ ਰਹੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਯੁਵਾ ਕ੍ਰਿਕਟ ਇਤਿਹਾਸ ਦਾ ਨਵਾਂ ਪੰਨਾ ਲਿਖ ਦਿੱਤਾ ਹੈ । ਭਾਰਤੀ ਕਪਤਾਨ ਉਨਮੁਕਤ ਚੰਦ ਨੇ ਟਾਸ ਜਿੱਤ ਕਿ ਫ਼ੀਲਡਿੰਗ ਚੁਣੀ । ਆਸਟਰੇਲੀਆ ਦੀ ਟੀਮ ਬੋਸਿਸਟੋ ਦੀਆਂ 87 ਦੌੜਾਂ (ਨਾਟ ਆਊਟ),ਅਤੇ ਟਰਨਰ ਦੀਆਂ 43 ਦੌੜਾਂ ਦੀ ਮਦਦ ਨਾਲ 50 ਓਵਰਾਂ ਵਿੱਚ 8 ਵਿਕਟਾਂ ਗੁਆਕੇ 225 ਸਕੋਰ ਕਰਨ ਵਿੱਚ ਸਫ਼ਲ ਰਹੀ । ਭਾਰਤ ਦੇ ਸੰਦੀਪ ਸ਼ਰਮਾਂ ਨੇ 10 ਓਵਰਾਂ ਵਿੱਚੋਂ 2 ਮੇਡਇਨ ਰਖਦਿਆਂ,54 ਦੌੜਾਂ ਦਿੰਦਿਆਂ 4 ਵਿਕਟਾਂ ਲਈਆਂ । ਰਵੀਕਾਂਤ ਅਤੇ ਅਪਾਰਜਿਥ ਨੇ ਇੱਕ ਇੱਕ ਵਿਕਟ ਲਈ,ਜਦੋਂ ਕਿ ਦੋ ਬੱਲੇਬਾਜ਼ ਰਨ ਆਊਟ ਹੋਏ । ਜਵਾਬੀ ਪਾਰੀ ਖੇਡਦਿਆਂ ਭਾਰਤੀ ਟੀਮ ਦਾ ਸਕੋਰ ਅਜੇ 2 ਰਨ ਹੀ ਸੀ ਕਿ ਪ੍ਰਸ਼ਾਂਤ ਚੋਪੜਾ ਸਿਫ਼ਰ ਤੇ ਹੀ ਆਊਟ ਹੋ ਗਿਆ । ਅਪਾਰਜਿਥ ਟੀਮ ਦੇ 75 ਸਕੋਰ ਹੋਣ ਤੇ ਆਊਟ ਹੋਇਆ । ਅਜੇ ਟੀਮ ਸਕੋਰ ਵਿੱਚ 7 ਰਨ ਹੋਰ ਜੋੜਦਿਆਂ 82 ਹੀ ਕਰਿਆ ਸੀ ਕਿ ਵਿਹਾਰੀ ਵੀ ਪਵੇਲੀਅਨ ਦੇ ਰਾਹ ਪੈ ਗਿਆ । ਟੀਮ ਸਕੋਰ 97 ਹੀ ਸੀ ਜਦੋਂ ਜ਼ੋਲ ਵੀ ਤੁਰਦਾ ਬਣਿਆਂ । ਹੁਣ ਭਾਰਤ ਦੀਆਂ ਜੇਤੂ ਸੰਭਾਵਨਾਵਾਂ ਨੂੰ ਝਟਕਾ ਲੱਗ ਚੁੱਕਿਆ ਸੀ । ਪਰ ਸਲਾਮੀ ਬੱਲੇਬਾਜ਼ ਵਜੋਂ ਮੈਦਾਨ ਵਿੱਚ ਉਤਰਿਆ ਕਪਤਾਨ ਉਨਮੁਕਤ ਚੰਦ ਜ਼ੋਰਦਾਰ ਖੇਡ ਵਿਖਾ ਰਿਹਾ ਸੀ । ਇਸ ਦਾ ਸਾਥ ਪਟੇਲ ਦੇ ਰਿਹਾ ਸੀ । ਦੋਹਾਂ ਨੇ ਲੰਬੀ ਸਾਝੇਦਾਰੀ ਨਿਭਾਈ । ਕਪਤਾਨ ਨੇ 130 ਗੇਂਦਾਂ,ਤੇ 7 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 111 ਰਨ ਬਣਾਏ । ਪਟੇਲ ਨੇ 84 ਗੇਂਦਾਂ ਖੇਡਦਿਆਂ 62 ਸਕੋਰ ਕਰਿਆ ਅਤੇ 47.4 ਓਵਰਾਂ ਵਿੱਚ 4.76 ਦੀ ਔਸਤ ਨਾਲ 4 ਵਿਕਟਾਂ ਦੇ ਨੁਕਸਾਨ ਤਹਿਤ 227 ਰਨ ਬਣਾਕੇ 6 ਵਿਕਟਾਂ ਨਾਲ ਫਾਈਨਲ ਜਿੱਤ ਲਿਆ । ਵਿਸ਼ਵ ਕੱਪ ਵਿੱਚ ਦੋਨੋ ਟੀਮਾਂ ਪਹਿਲੀ ਵਾਰੀ ਭਿੜੀਆਂ ਸਨ । ਟਰਨਰ,ਸੰਧੂ,ਪਾਰਿਸ,ਅਤੇ ਸਟੈਕਟੀ 1-1 ਵਿਕਟ ਹੀ ਲੈ ਸਕੇ । ਮੈਨ ਆਫ਼ ਮੈਚ ਭਾਰਤੀ ਕਪਤਾਨ ਰਿਹਾ । ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਆਸਟਰੇਲੀਆ ਦਾ ਬਸਿਸਟੋ ਅਖਵਾਇਆ । ਆਸਟਰੇਲੀਆ ਨੇ ਪਹਿਲੀ ਵਾਰੀ ਫਾਈਨਲ ਹਾਰਿਆ ਹੈ ਅਤੇ ਭਾਰਤ ਨੇ ਵੀ ਆਸਟਰੇਲੀਆ ਵਾਂਗ 4 ਫਾਈਨਲ ਖੇਡਕੇ 3 ਜਿੱਤੇ ਹਨ ਅਤੇ ਆਸਟਰੇਲੀਆ ਦੀਆਂ 3 ਜਿੱਤਾਂ ਦੀ ਬਰਾਬਰੀ ਕਰ ਲਈ ਹੈ । ਆਸਟਰੇਲੀਆ  ਨੇ 1988,2002,2010,ਵਿੱਚ ਇਹ ਮੁਕਾਬਲਾ ਜਿੱਤਿਆ ਹੈ । ਭਾਰਤ ਨੇ ਇਹ ਵਿਸ਼ਵ ਕੱਪ 2000,2008 ,2012 ਵਿੱਚ ਜਿੱਤਿਆ ਹੈ,ਜਦੋਂ ਕਿ 2006 ਵਿੱਚ ਪਾਕਿਸਤਾਨ ਤੋਂ ਹਾਰਨ ਸਦਕਾ ਦੂਜਾ ਸਥਾਨ ਰਿਹਾ ਸੀ । ਇਸ ਵਾਰੀ 8ਵੇਂ ਸਥਾਨ ਉੱਤੇ ਰਹੇ ਪਾਕਿਸਤਾਨ ਨੇ ਦੋ ਵਾਰ 2004 ਅਤੇ 2006 ਵਿੱਚ ਜਿੱਤ ਦਰਜ ਕੀਤੀ ਹੈ ।ਇੰਗਲੈਂਡ ਨੇ ਇਹ ਅਹਿਮ ਟੂਰਨਾਮੈਂਟ 1998 ਵਿੱਚ ਜਿੱਤਿਆ ਹੈ । ਤੀਜੇ ਸਥਾਨ ਦੀ ਪ੍ਰਾਪਤੀ ਲਈ ਹੋਏ ਮੈਚ ਵਿੱਚ ਦੱਖਣੀ ਅਫਰੀਕਾ (94/2,14.4) ਨੇ ਨਿਊਜ਼ੀਲੈਂਡ (90,36.5) ਨੂੰ 8 ਵਿਕਟਾਂ ਨਾਲ ਮਾਤ ਦਿੱਤੀ । ਨਿਊਜ਼ੀਲੈਂਡ ਦਾ ਇੱਕ ਹੀ ਬੱਲੇਬਾਜ਼ ਸੀ.ਨੇਨਿਨਜ਼ ਨਾਬਾਦ 21 ਰਨ ਤੱਕ ਪਹੁੰਚ ਸਕਿਆ । ਦੱਖਣੀ ਅਫਰੀਕਾ ਦੇ ਡੀਏ ਰਹੋਡਾ ਨੇ 4 ਵਿਕਟਾਂ ਲਈਆਂ । ਜਵਾਬ ਵਿੱਚ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਡੀ ਕੌਕ ਨੇ 43 ਗੇਂਦਾਂ ਖੇਡਦਿਆਂ ਨੀਮ ਸੈਂਕੜਾ ਜੜਿਆ ਅਤੇ ਟੀਮ ਨੂੰ ਮੈਚ ਜਿਤਾ ਲਿਆ । ਭਾਰਤ,ਆਸਟਰੇਲੀਆ,ਦੱਖਣੀ ਅਫਰੀਕਾ, ਨਿਊਜ਼ੀਲੈਂਡ, ਇੰਗਲੈਂਡ,ਵੈਸਟ ਇੰਡੀਜ਼,ਬੰਗਲਾ ਦੇਸ਼, ਪਾਕਿਸਤਾਨ, ਸ੍ਰੀਲੰਕਾ, ਅਫਗਾਨਿਸਤਾਨ, ਸਕਾਟਲੈਂਡ,ਆਇਰਲੈਂਡ,ਨੇਪਾਲ,ਪਾਪੂਆ ਨਿਊ ਗੁਨੀ,ਜ਼ਿੰਬਾਬਵੇ,ਨਾਮੀਬੀਆ ਕ੍ਰਮਵਾਰ ਪਹਿਲੇ ਤੋਂ ਸੋਲਵੇਂ ਸਥਾਨ ਤੱਕ ਰਹੇ ਹਨ ।
                           ਉਂਜ ਇਹ ਟੂਰਨਾਮੈਂਟ ਭਾਵੇਂ 1988 ਵਿੱਚ ਪਹਿਲੀ ਵਾਰ ਆਸਟਰੇਲੀਆ ਵਿਖੇ ਖੇਡਿਆ ਗਿਆ ਸੀ,ਪਰ ਫਿਰ ਇਹ ਗੁੰਮਨਾਮੀ ਵਿੱਚ ਰਿਹਾ ਅਤੇ ਦੁਬਾਰਾ 1998 ਵਿੱਚ ਦੱਖਣੀ ਅਫਰੀਕਾ ਨੇ ਕਰਵਾਇਆ । ਇਸ ਤੋਂ ਪਿੱਛੋਂ ਇਹ ਹਰ ਦੋ ਸਾਲ ਬਾਅਦ ਹੁੰਦਾ ਆ ਰਿਹਾ ਹੈ । ਇਸ ਵਾਰੀ ਦਾ ਇਹ ਨੌਵਾਂ ਵਿਸ਼ਵ ਕੱਪ ਸੀ, ਜੋ 11 ਅਗਸਤ ਤੋਂ 26 ਅਗਸਤ ਤੱਕ ਖੇਡਿਆ ਗਿਆ । ਪਹਿਲੇ 1988 ਦੇ ਮੁਕਾਬਲੇ ਸਮੇ 31 ਮੈਚ ਹੋਏ ਸਨ ,ਪਰ ਇਸ ਵਾਰ ਰਾਊਂਡ ਰਾਬਿਨ,ਨਾਕ ਆਊਟ ਅਧਾਰ ਸ਼ਾਮਲ ਹੋਈਆਂ 16 ਟੀਮਾਂ ਨੇ 50 ਮੈਚ ਖੇਡੇ ਹਨ । ਜਿੰਨ੍ਹਾਂ ਵਿੱਚ ਕੁੱਝ ਰਿਕਾਰਡ ਵੀ ਬਣੇ ਹਨ । ਸਭ ਤੋਂ ਵੱਧ ਰਨ ਬਨਉਣ ਦਾ ਰਿਕਾਰਡ ਬੰਗਲਾ ਦੇਸ਼ ਦੇ ਅਨਾਮੁਲ ਹੱਕ ਦੇ ਹਿੱਸੇ ਰਿਹਾ । ਜਿਸ ਨੇ 2 ਸੈਂਕੜਿਆਂ,ਇੱਕ ਅਰਧ ਸੈਂਕੜੇ,31 ਚੌਕੇ,9 ਛੱਕਿਆਂ ਦੀ ਮਦਦ ਨਾਲ 429 ਗੇਂਦਾਂ ਉੱਤੇ 365 ਦੌੜਾਂ ਬਣਾਈਆਂ । ਪਾਕਿਸਤਾਨ ਦੇ ਬਾਬਰ ਅਜ਼ਾਮ ਨੇ 287 ਰਨ ਬਣਾਕੇ ਦੂਜਾ ਸਥਾਨ ਲਿਆ । ਨਿੱਜੀ ਉੱਚ ਸਕੋਰ ਦਾ ਰਿਕਾਰਡ ਅਫਗਾਨਿਸਤਾਨ ਦੇ ਜਾਵੇਦ ਅਹਿਮਦੀ ਦੇ ਹਿੱਸੇ 137 ਦੌੜਾਂ ਨਾਲ ਰਿਹਾ । ਉਸ ਨੇ ਇਹ ਰਨ 111 ਗੇਂਦਾਂ ਖੇਡਦਿਆਂ 17 ਚੌਕੇ,ਅਤੇ 4 ਛੱਕਿਆਂ ਨਾਲ ਸਕਾਟਲੈਂਡ ਵਿਰੁੱਧ ਐਲਨ ਬਾਰਡਰ ਮੈਦਾਨ ਵਿੱਚ ਪੂਰੇ ਕੀਤੇ । ਇੰਗਲੈਂਡ ਦੇ ਰਜਵ ਟੋਪਲੇ ਨੇ 54.3 ਓਵਰਾਂ ਵਿੱਚ 173 ਰਨ ਦਿੰਦਿਆਂ ਸੱਭ ਤੋਂ ਵੱਧ 19 ਵਿਕਟਾਂ ਉਖੇੜੀਆਂ । ਸਰਵੋਤਮ ਗੇਂਦਬਾਜ਼ੀ ਦਾ ਰਿਕਾਰਡ ਨੇਪਾਲ ਦੇ  ਰਾਹੁਲ ਵਿਸ਼ਵਕਾਰਮਾ ਦੇ ਨਾਅ ਰਿਹਾ । ਜਿਸ ਨੇ ਪਾਪੂਆ ਨਿਊ ਗੁਨੀ ਵਿਰੱਧ ਰੈੱਡਲੈਂਡ ਸਿਟੀ ਮੈਦਾਨ ਵਿੱਚ ਸਿਰਫ਼ 6.2 ਓਵਰ ਕਰਦਿਆਂ 3 ਦੌੜਾਂ ਦਿੰਦਿਆਂ 6 ਵਿਕਟਾਂ ਲਈਆਂ । ਇਹ ਅਜਿਹਾ ਰਿਕਾਰਡ ਹੈ,ਜੋ ਸ਼ਾਇਦ ਛੇਤੀ ਕੀਤੇ ਟੁੱਟ ਨਹੀਂ ਸਕਣਾ । ਅਗਾਮੀ ਵਿਸ਼ਵ ਕੱਪ ਯੁਨਾਈਟਿਡ ਅਰਬ ਅਮੀਰਾਤ ਵਿੱਚ ਜੁਲਾਈ 2014 ਨੂੰ ਹੋਣਾ ਤੈਅ ਹੋ ਚੁੱਕਿਆ ਹੈ ।

                                                                                                            

No comments:

Post a Comment