Wednesday, August 29, 2012

ਰਾਸ਼ਟਰਪਤੀ ਭਵਨ ਵਿੱਚ ਹੋਵੇਗਾ ਸਨਮਾਨ ਸਮਾਰੋਹ,


      ਰਾਸ਼ਟਰਪਤੀ ਭਵਨ ਵਿੱਚ ਹੋਵੇਗਾ ਸਨਮਾਨ ਸਮਾਰੋਹ, ਮੁੱਖ                     ਮਹਿਮਾਨ ਹੋਣਗੇ ਰਾਸ਼ਟਰਪਤੀ
                              ਰਣਜੀਤ ਸਿੰਘ ਪ੍ਰੀਤ
          29 ਅਗਸਤ ਦਾ ਦਿਨ ਭਾਰਤ ਵਿੱਚ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸ ਦਿਨ 1905 ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਂਨ ਚੰਦ ਦਾ ਜਨਮ ਹੋਇਆ ਸੀ,ਜਿਸ ਨੇ ਦੁਨੀਆਂ ਦੇ ਹੋਰਨਾਂ ਮੁਲਕਾਂ ਨੂੰ ਹਾਕੀ ਫੜ੍ਹਨੀ ਅਤੇ ਖੇਡਣੀ ਸਿਖਾਈ । ਉਸ ਨੇ ਤਿੰਨ ਓਲੰਪਿਕਸ ਵਿੱਚ ਭਾਗ ਲਿਆ ਅਤੇ ਭਾਰਤ ਤਿੰਨੋਂ ਹੀ ਵਾਰ ਸੋਨ ਤਮਗਾ ਜੇਤੂ ਬਣਿਆਂ । ਓਲੰਪਿਕ 1936 ਸਮੇ ਤਾਂ ਉਹ ਭਾਰਤੀ ਟੀਮ ਦਾ ਕਪਤਾਨ ਸੀ । ਭਾਰਤ ਦੇ ਸਾਰੇ ਹਾਕੀ ਖਿਡਾਰੀਆਂ ਤੋਂ ਉਪਰ ਉਹਦਾ ਨਾਅ ਬੋਲਦਾ ਹੈ,ਭਾਰਤ ਵੱਲੋਂ ਉਸ ਨੇ ਹੀ ਸਭ ਤੋਂ ਵੱਧ ਗੋਲ ਕੀਤੇ ਹੋਏ ਹਨ । ਓਲੰਪਿਕ ਵਿੱਚ 14 ਗੋਲ ਕਰਨ ਦਾ ਰਿਕਾਰਡ ਵੀ ਉਹਦੇ ਨਾਅ ਦਰਜ ਰਿਹਾ ਹੈ । ਜਿੱਥੇ ਉਹਦੇ ਜਨਮ ਦਿਨ ਮੌਕੇ ਰਾਸ਼ਟਰਪਤੀ ਜੀ ਇਹ ਐਵਾਰਡ ਖਿਡਾਰੀਆਂ ਨੂੰ ਦਿੰਦੇ ਹਨ ,ਉੱਥੇ ਉਹਦੇ ਨਾਅ ਤੇ ਵੀ ਐਵਾਰਡ ਦਿੱਤਾ ਜਾਦਾ ਹੈ ।ਦਿੱਲੀ ਦੇ ਸਟੇਡੀਅਮ ਦਾ ਨਾਅ ਵੀ ਇਸ ਖਿਡਾਰੀ ਦੇ ਨਾਅ ਉੱਤੇ ਹੀ ਰੱਖਿਆ ਗਿਆ ਹੈ । ਅੱਜ ਵਿਦੇਸ਼ਾਂ ਵਿੱਚ ਖੇਡਣ ਜਾਂਦੇ ਖਿਡਾਰੀ ਉੱਥੇ ਰਹਿਣ ਲਈ ਗੁੰਮ ਹੋ ਜਾਂਦੇ ਹਨ ,ਪਰ ਧਿਆਨ ਚੰਦ ਨੇ ਜਰਮਨੀ ਦੇ ਸ਼ਾਸ਼ਕ ਹਿਟਲਰ ਦੀ ਬਹੁਤ ਵੱਡੀ ਪੇਸ਼ਕਸ਼ ਠੁਕਰਾ ਕੇ ਦੇਸ਼ ਭਗਤੀ ਦਾ ਸਬੂਤ ਦਿੱਤਾ ਸੀ । ਅੱਜ ਭਾਰਤੀ ਹਾਕੀ ਭਾਵੇਂ ਕੱਖੋਂ ਹੌਲੀ ਕੀਤੀ ਗਈ ਹੈ,ਪਰ ਇਹਨਾ ਖਿਡਾਰੀਆਂ ਨੂੰ ਹਾਕੀ ਇਤਿਹਾਸ ਬੁਕਲ਼ ਦਾ ਨਿੱਘ ਬਣਾਈ ਬੈਠਾ ਹੈ । ਜੋ ਸਦਾ ਕਾਇਮ ਵੀ ਰਹੇਗਾ ।
                      ਇਹ ਐਵਾਰਡ ਵਿਤਰਣ ਸਮਾਰੋਹ ਰਾਸ਼ਟਰਪਤੀ ਭਵਨ ਵਿੱਚ ਹੋਇਆ ਕਰਦਾ ਹੈ । ਐਵਾਡਾਂ ਦੀ ਗਿਣਤੀ ਵੀ ਨਿਰਧਾਰਤ ਹੈ । ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਇੱਕ ਖਿਡਾਰੀ ਨੂੰ ਦਿੱਤਾ ਜਾਂਦਾ ਹੈ । ਦਰੋਣਾਚਾਰੀਆ ਐਵਾਰਡਾਂ ਦੀ ਗਿਣਤੀ 5 ਅਤੇ ਅਰਜੁਨ ਐਵਾਰਡ 15 ਖਿਡਾਰੀਆਂ ਲਈ ਹੁੰਦੇ ਹਨ । ਪਰ ਇਸ ਵਾਰੀ ਓਲੰਪਿਕ ਸਾਲ ਹੋਣ ਦੀ ਵਜ੍ਹਾ ਕਰਕੇ ਅਤੇ ਭਾਰਤ ਵੱਲੋਂ ਵੱਧ ਤਮਗੇ ਜਿੱਤਣ ਦੀ ਵਜ੍ਹਾ ਕਰਕੇ ਇਸ ਗਿਣਤੀ ਵਿੱਚ ਤਬਦੀਲੀ ਕੀਤੀ ਗਈ ਹੈ । ਦਰੋਣਾਚਾਰੀਆ ਐਵਾਰਡ 8 ਅਤੇ ਅਰਜੁਨ ਐਵਾਰਡ 25 ਦਿੱਤੇ ਜਾਣੇ ਹਨ ।
            ਰਾਜੀਵ ਗਾਂਧੀ ਖੇਲ ਰਤਨ ,ਭਾਰਤ ਸਰਕਾਰ ਦਾ ਸਭ ਤੋਂ ਵੱਡਾ ਐਵਾਰਡ ਹੈ । ਇਹ ਰਾਜੀਵ ਗਾਂਧੀ ਜੀ ਦੀ ਯਾਦ ਵਿੱਚ 1991 ਵਿੱਚ ਕਾਇਮ ਕੀਤਾ ਗਿਆ ਸੀ ਅਤੇ 1991-92 ਲਈ ਪਹਿਲਾ ਐਵਾਰਡ ਚੈੱਸ ਖਿਡਾਰੀ ਵਿਸ਼ਵਨਾਥਨ ਆਨੰਦ ਨੂੰ ਪ੍ਰਦਾਨ ਕੀਤਾ ਗਿਆ ਸੀ । ਇਸ ਐਵਾਰਡ ਤਹਿਤ ਸਾਢੇ ਸੱਤ ਲੱਖ ਰੁਪਏ ਅਤੇ ਮੈਡਲ ਦਿੱਤਾ ਜਾਂਦਾ ਹੈ । ਇਸ ਵਾਰੀ ਇਹ ਐਵਾਰਡ ਸਾਂਝੇ ਤੌਰ ਤੇ ਪਹਿਲਵਾਨ ਯੋਗੇਸ਼ਵਰ ਦੱਤ ਅਤੇ ਸ਼ੂਟਰ ਵਿਜੇ ਕੁਮਾਰ ਨੂੰ ਸਾਂਝੇ ਤੌਰ ਤੇ ਦਿੱਤਾ ਜਾਣਾ ਹੈ ।
                        ਭਾਰਤ ਸਰਕਾਰ ਵੱਲੋਂ ਦਰੋਣਾਚਾਰੀਆ ਐਵਾਰਡ ਦੀ ਸਥਾਪਨਾ 1985 ਵਿੱਚ ਕੀਤੀ ਗਈ ਸੀ । ਇਸ ਵਿੱਚ ਦਰੋਣਾਚਾਰੀਆ ਨੂੰ ਸਾਹਮਣੇ ਵੱਲ ਤੀਰ ਚਲਾਉਣ ਦੀ ਮੁਦਰਾ ਵਿੱਚ ਖੜੋਤੇ ਦਿਖਾਇਆ ਗਿਆ ਹੈ । ਇਸ ਦੇ ਨਾਲ ਹੀ ਇੱਕ ਹੋਰ ਬੁੱਤ ਹੈ,ਜਿਸ ਦਾ ਅਰਥ ਇਹ ਬਣਦਾ ਹੈ ਕਿ ਦਰੋਣਾਚਾਰੀਆ ਆਪਣੇ ਸ਼ਗਿਰਦ ਨੂੰ ਤੀਰ ਚਲਾਉਣਾ ਸਿਖਾ ਰਹੇ ਹਨ । ਇਸ ਲਈ ਇਹ ਐਵਾਰਡ ਕਿਸੇ ਮਾਹਿਰ ਕੋਚ ਨੂੰ ਦਿੱਤਾ ਜਾਦਾ ਹੈ,ਜੋ ਖਿਡਾਰੀਆਂ ਨੂੰ ਸਿਖਲਾਈ ਦਿੰਦਾ ਹੈ । ਇਸ ਤਹਿਤ ਵੀ ਤਾਂਬੇ ਦੀ ਇਸ ਮੂਰਤੀ ਸਮੇਤ 5 ਲੱਖ ਰੁਪਏ ਦਿੱਤੇ ਜਾਂਦੇ ਹਨ । ਪਹਿਲਾ ਐਵਾਰਡ ਅਥਲੈਟਿਕਸ ਖੇਤਰ ਦੇ ਓ ਐਮ ਨਾਂਬੀਆਰ ਨੂੰ ਦਿੱਤਾ ਗਿਆ ਸੀ । ਬੀਤੇ ਸਾਲ 2011 ਤੱਕ ਇਹ ਐਵਾਰਡ 72 ਕੋਚਾਂ ਨੂੰ ਦਿੱਤਾ ਜਾ ਚੁੱਕਿਆ ਹੈ । ਇਸ ਵਾਰੀ ਇਸ ਸੂਚੀ ਵਿੱਚ ਸੁਨੀਲ ਡਲਾਸ (ਕਬੱਡੀ),ਹਰਿੰਦਰ ਸਿੰਘ (ਹਾਕੀ),ਵਰਿੰਦਰ ਪੂਨੀਆਂ (ਅਥਲੈਟਿਕਸ),ਯਸ਼ਵੀਰ ਸਿੰਘ (ਕੁਸ਼ਤੀ),ਬੀ ਆਈ ਫਰਨਾਂਡੇਜ਼ (ਮੁੱਕੇਬਾਜ਼ੀ),ਅਤੇ ਡਾ.ਸਤਪਾਲ ਸਿੰਘ (ਪੈਰਾ ਅਥਲੈਟਿਕਸ) ਦੇ ਨਾਂਅ ਸ਼ਾਮਲ ਹਨ । ਜਦੋਂ ਕਿ ਅਥਲੈਟਿਕਸ ਕੋਚ ਜੇ.ਐਸ.ਭਾਟੀਆ ਅਤੇ ਟੇਬਲ ਟੇਨਿਸ ਕੋਚ ਭਵਾਨੀ ਮੁਖਰਜੀ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਦੇ ਅਧਾਰ ਉੱਤੇ ਪੁਰਸਕਾਰ ਦਿੱਤਾ ਜਾਣਾ ਹੈ ।
                                 ਅਰਜੁਨ ਐਵਾਰਡ ਭਾਰਤ ਸਰਕਾਰ ਦਾ 1961 ਵਿੱਚ ਸਥਾਪਤ ਕੀਤਾ ਸਨਮਾਨ ਹੈ । ਇਸ ਤਹਿਤ ਚੁਣੇ ਗਏ ਖਿਡਾਰੀ ਨੂੰ ਦਰੋਣਾਚਾਰੀਆ ਦੇ ਸ਼ਗਿਰਦ ਅਰਜੁਣ ਦੀ ਗੋਡਿਆਂ ਭਾਰ ਹੋ ਕੇ ਉਤਾਂਹ ਵੱਲ ਤੀਰ ਚਲਾਉਣ ਦੀ ਸਥਿੱਤੀ ਵਾਲੀ ਤਾਂਬੇ ਦੀ ਮੂਰਤੀ ਦਿੱਤੀ ਜਾਂਦੀ ਹੈ । ਇਸ ਮੂਰਤੀ ਦੇ ਨਾਲ ਪੰਜ ਲੱਖ ਰੁਪਿਆ ਵੀ ਦਿੱਤਾ ਜਾਂਦਾ ਹੈ । ਸਾਲ 2001 ਤੋਂ ਡਿਸਿਪਲਨ ਮੁਤਾਬਕ ਓਲੰਪਿਕ ਖੇਡਾਂ,ਏਸ਼ੀਅਨ ਖੇਡਾਂ,ਵਿਸ਼ਵ ਕੱਪ,ਕਾਮਨਵੈਲਥ ਖੇਡਾਂ,ਵਿਸ਼ਵ ਚੈਪੀਅਨਸ਼ਿੱਪ,ਡਿਸਿਪਲਨਜ਼ ਅਤੇ ਕ੍ਰਿਕਟ ਸ਼ਾਮਲ ਹੈ । ਇਸ ਤੋਂ ਇਲਾਵਾ ਇੰਡੀਜਿਨੋਸ ਖੇਡਾਂ,ਸਰੀਰਕ ਚੁਯੌਤੀ ਵਾਲੇ ਖਿਡਾਰੀਆਂ ਨੂੰ ਵੀ ਇਹ ਐਵਾਰਡ ਦਿੱਤਾ ਜਾਂਦਾ ਹੈ ।ਇਸ ਵਾਰੀ ਗੀਤਾ ਫੌਗਟ,ਨਰ ਸਿੰਘ ਯਾਦਵ,ਰਾਜਿੰਦਰ ਕੁਮਾਰ (ਕੁਸ਼ਤੀ),ਬਿਮੋਲਜੀਤ ਸਿੰਘ (ਵੁਸ਼ੂ), ਨਗੰਗਬਮ ਸੋਨੀਆਂ ਚਾਨੂੰ (ਭਾਰਤੋਲਣ),ਸੰਦੀਪ ਸਜਵਾਲ (ਤੈਰਾਕੀ),ਦੀਪਿਕਾ ਪਾਲੀਕਲ (ਸਕੂਏਸ਼),ਜੌਇਦੀਪ ਕਾਰਮਾਕਾਰ,ਅਨੂਰਾਜ ਸਿੰਘ,ਓਂਕਾਰ ਸਿੰਘ (ਸ਼ੂਟਿੰਗ),ਅਨੂਪ ਕੁਮਾਰ (ਕਬੱਡੀ),ਯਸ਼ਪਾਲ ਸੋਲੰਕੀ (ਜੂਡੋ),ਸਰਦਾਰ ਸਿੰਘ (ਹਾਕੀ),ਯੁਵਰਾਜ ਸਿੰਘ (ਕ੍ਰਿਕਟ),ਵਿਕਾਸ ਕ੍ਰਿਸ਼ਨ (ਮੁਕੇਬਾਜ਼ੀ),ਅਦਿਤਯ ਐਸ ਮਹਿਤਾ (ਬਿਲੀਅਰਡਜ਼ ਅਤੇ ਸਨੂਕਰ),ਪਾਰੂਪੱਲੀ ਕਸ਼ਿਅਪ,ਅਸ਼ਵਨੀ ਪੋਨੱਪਾ (ਬੈਡਮਿੰਟਨ),ਰਾਮਕਰਨ ਸਿੰਘ,ਦੀਪਿਕਾ ਮਲਿਕ (ਪਾਰਾ ਅਥਲੀਟ),ਲੈਸ਼ਰਾਮ ਬੰਬੈਲਾ ਦੇਵੀ,ਦੀਪਿਕਾ ਕੁਮਾਰੀ (ਤੀਰ ਅੰਦਾਜ਼ੀ) ਸੁਧਾ ਸਿੰਘ,ਕਵਿਤਾ ਰਾਮਦਾਸ ਰੌਤ (ਅਥਲੈਟਿਕਸ),ਸੁਮੀਰ ਸੁਹਾਗ (ਪੋਲੋ) ਦੇ ਨਾਅ ਇਸ ਸੂਚੀ ਵਿੱਚ ਸ਼ਾਮਲ ਹਨ ।
               1961 ਵਿੱਚ ਉਦੈ ਚੰਦ (ਕੁਸ਼ਤੀ),ਏ ਐਨ ਘੋਸ਼ (ਭਾਰਤੋਲਣ),ਏ ਪਲਾਨੀਸਮੀ (ਵਾਲੀਬਾਲ),ਜੇ ਸੀ ਵੋਹਰਾ (ਟੇਬਲ ਟੇਨਿਸ),ਬਜਰੰਗੀ ਪਰਸਾਦ (ਤੈਰਾਕੀ),ਕਰਨੀ ਸਿੰਘ (ਸ਼ੂਟਿੰਗ),ਰਾਮਾਨਾਥਨ ਕ੍ਰਿਸ਼ਨਨ (ਟੇਨਿਸ),ਪ੍ਰਿਥੀਪਾਲ ਸਿੰਘ (ਹਾਕੀ),ਸ਼ਿਆਮ ਲਾਲ (ਜਿਮਨਾਸਟਿਕ),ਪੀ ਕੇ ਬੈਨਰਜੀ (ਫੁੱਟਬਾਲ),ਸਲੀਮ ਦੁਰਾਨੀ (ਕ੍ਰਿਕਟ),ਮੈਨੂਅਲ ਆਰੋਨ (ਚੈੱਸ),ਐਲ ਬੁੱਡੇ ਡਿਸੂਜ਼ਾ (ਮੁੱਕੇਬਾਜ਼ੀ),ਸਰਬਜੀਤ ਸਿੰਘ (ਬਾਸਕਟਬਾਲ),ਨੰਦੂ ਨਾਟੇਕਰ (ਬੈਡਮਿੰਟਨ),ਗੁਰਬਚਨ ਸਿੰਘ ਰੰਧਾਵਾ (ਅਥਲੈਟਕਸ) ਵਿੱਚ ਦਿੱਤੇ ਗਏ ਸਨ ।

No comments:

Post a Comment