Thursday, October 25, 2012

ਸਦਾ ਲਈ ਤੁਰ ਗਿਆ ਹਾਸਿਆਂ ਦਾ ਵਣਜ਼ਾਰਾ ;ਭੱਟੀ



           ਸਦਾ ਲਈ ਤੁਰ ਗਿਆ ਹਾਸਿਆਂ ਦਾ ਵਣਜ਼ਾਰਾ ;ਭੱਟੀ
                                ਰਣਜੀਤ ਸਿੰਘ ਪ੍ਰੀਤ
        ਦਮਦਾਰ ਕਮੇਡੀਅਨ ,ਦਮਦਾਰ ਕਮੇਡੀ ਨਾਲ ਪੰਜਾਬੀਆਂ ਦੇ ਢਿੱਡੀ ਪੀੜਾਂ ਪਾਉਂਣ ਵਾਲਾ 57 ਵਰ੍ਹਿਆਂ ਦਾ ਜਸਪਾਲ ਭੱਟੀ ਇੱਕ ਨਾ ਭੁਲਾਈ ਜਾਣ ਵਾਲੀ ਪੀੜ ਪੰਜਾਬੀਆਂ ਲਈ ਛੱਡ ਬਠਿੰਡਾ ਤੋਂ ਜਲੰਧਰ ਜਾਣ ਸਮੇ ਸ਼ਾਹਕੋਟ ਵਿਖੇ ਟਰੱਕ ਯੂਨੀਅਨ ਦੇ ਸਾਹਮਣੇ ਵਾਲੀ ਟਾਹਲੀ ਨਾਲ ਕਾਰ ਟਕਰਾਉਂਣ ਸਦਕਾ ਰਾਤ ਨੂੰ ਕਰੀਬ 3.15 ਵਜੇ ਸਵੇਰੇ ਚਲਾਣਾ ਕਰ ਗਿਆ । ਉਹਨਾਂ ਦੀ ਫ਼ਿਲਮ ਪਾਵਰ ਕੱਟ 26 ਅਕਤੂਬਰ ਨੂੰ ਰਿਲੀਜ਼ ਹੋਣੀ ਹੇ ਅਤੇ ਕੁੱਝ ਘੰਟੇ ਪਹਿਲਾ ਹੀ ਇਹ ਹੋਣੀ ਵਾਪਰ ਗਈ । ਇਸ ਐਕਸੀਡੈਂਟ ਵਿੱਚ ਜ਼ਖ਼ਮੀ ਹੋਇਆ ਫ਼ਿਲਮ ਦਾ ਹੀਰੋ ਅਤੇ ਕਰੰਟ ਦੇ ਨਾਅ ਨਾਲ ਰੋਲ ਕਰਨ ਵਾਲਾ ਜਸਪਾਲ ਭੱਟੀ ਦਾ ਬੇਟਾ ਜਸਰਾਜ ਭੱਟੀ , ਫਿਲਮ ਵਿੱਚ ਬਿਜਲੀ ਦੇ ਨਾਅ ਨਾਲ ਕੰਮ ਕਰਨ ਵਾਲੀ ਮੁੱਖ ਅਦਾਕਾਰਾ ਸੁਰੀਲੀ ਗੌਤਮ ਅਤੇ ਨਵਨੀਤ ਜੋਸ਼ੀ ਨੂੰ ਲੁਧਿਆਣਾ ਦੇ ਹਸਪਤਾਲ ਜ਼ੇਰੇ ਇਲਾਜ ਹਨ । ਜਸਪਾਲ ਭੱਟੀ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਮਗਰੋਂ ਚੰਡੀਗੜ੍ਹ ਦੇ ਸੈਕਟਰ 19 ਵਿਖੇ ਉਹਨਾਂ ਦੇ ਨਿਵਾਸ ਸਥਾਨ ਉੱਤੇ ਲਿਜਾਇਆ ਗਿਆ ਅਤੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਖੇ ਸ਼ਾਮ 5 ਵਜੇ ਸਪੁਰਦ ਇ ਆਤਸ਼ -------- ।
                             ਭਰੂਣ ਹੱਤਿਆ,ਬੇ ਰੁਜ਼ਗਾਰੀ,ਮਹਿੰਗਾਈ ਅਤੇ ਹੋਰਨਾਂ ਲੋਕ ਮਸਲਿਆਂ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕਰਨ ਵਾਲੇ,ਤੰਦਰੁਸਤ ਕਮੇਡੀ ਦੇ ਸ਼ਾਹ ਸਵਾਰ, ਐਕਟਰ, ਡਾਇਰੈਕਟਰ, ਪ੍ਰਡਿਊਸਰ,ਦਾ ਟ੍ਰਿਬਿਊਨ ਦੇ ਸਾਬਕਾ ਕਾਟੂਨਿਸਟ, ਵਜੋਂ ਮੁਹਾਲੀ ਵਿਖੇ ਟ੍ਰੇਨਿੰਗ ਅਤੇ ਸਟੁਡੀਓ ਜੌਕੀ ਫੈਕਟਰੀ ਦੇ ਨਾਅ ਨਾਲ ਚਲਾਉਂਣ ਵਾਲੇ,ਹਿੰਦੀ ਫ਼ਿਲਮਾਂ ਵਿੱਚ ਵੀ ਧਾਂਕ ਜਮਾਉਂਣ ਵਾਲੇ, ਨਾਨ ਸੈਂਸ ਕਲੱਬ ਨਾਲ ਆਪਣੇ ਜ਼ਬਰਦਸਤ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ,ਉਲਟਾ-ਪੁਲਟਾ,ਫਲਾਪ ਸ਼ੋਅ,ਫੁੱਲ ਟੈਨਸ਼ਨ,ਹਾਇ ਜ਼ਮਿੰਦਗੀ ਬਾਇ ਜ਼ਿੰਦਗੀ ਸੀਰੀਅਲਾਂ ਰਾਹੀਂ ਵਿਲੱਖਣ ਪੈੜਾਂ ਪਾਉਣ ਵਾਲੇ ਜਸਪਾਲ ਭੱਟੀ ਨੇ ਅੰਮ੍ਰਿਤਸਰ ਵਿੱਚ 3 ਮਾਰਚ 1955 ਨੂੰ ਇਸ ਦੁਨੀਆਂ ਦੀ ਪਹਿਲੀ ਕਿਰਨ ਵੇਖੀ । ਮੁਢਲੀ ਪੜ੍ਹਾਈ ਪੂਰੀ ਕਰਨ ਮਗਰੋਂ ਸਰਕਾਰੀ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਇਲੈਕਟਰੀਕਲ ਇੰਜਨੀਅਰ ਦੀ ਡਿਗਰੀ ਹਾਸਲ ਕੀਤੀ ਪੜ੍ਹਾਈ ਦੌਰਾਂਨ ਹੀ ਮਜਾਕੀਆ ਸੁਭਾਅ ਸਦਕਾ ਅਤੇ ਆਮ ਲੋਕਾਂ ਵਿੱਚ ਨਾਨਸੈਂਸ ਕਲੱਬ ਬਨਾਉਂਣ ਦੀ ਵਜ੍ਹਾ ਕਰਕੇ ਜਾਣੇ-ਪਛਾਣੇ ਵਿਅਕਤੀ ਬਣ ਗਏ ਸਨ ।
     24 ਮਾਰਚ 1985 ਨੂੰ ਸਵੀਤਾ ਭੱਟੀ ਨਾਲ ਵਿਆਹ ਹੋਣ ਮਗਰੋਂ ਬੇਟੇ ਜਸਰਾਜ ਅਤੇ ਬੇਟੀ ਰਾਬੀਆ ਭੱਟੀ ਦੇ ਪਿਤਾ ਜਸਪਾਲ ਭੱਟੀ ਨੇ ਦੂਰਦਰਸ਼ਨ ਦੇ ਸੀਰੀਅਲ ਫਲਾਪ ਸ਼ੋਅ ਵਿੱਚ ਵੀ ਸੁਵੀਤਾ ਭੱਟੀ ਨਾਲ ਉਹਦੇ ਪਤੀ ਵਜੋਂ ਹੀ ਭੂਮਿਕਾ ਨਿਭਾਈ  । ਘੱਟ ਤੋਂ ਘੱਟ ਬੱਜਟ ਵਾਲੇ ਇਸ ਸੀਰੀਅਲ ਦੀ ਪ੍ਰੋਡਿਊਸਰ ਵੀ ਸਵੀਤਾ ਹੀ ਸੀ । ਇਹਨਾ ਨਾਲ ਵਿਵੇਕ ਸ਼ੌਕ ਦਾ ਹੋਣਾ ਸੋਨੇ ਤੇ ਸੁਹਾਗੇ ਵਾਂਗ ਰਿਹਾ । ਫਲਾਪ ਸ਼ੋਅ ਵਾਂਗ ਹੀ ਲੋਕਾਂ ਦੀ ਮਨ ਪਸੰਦ ਦਾ ਸੀਰੀਅਲ ਉਲਟਾ ਪੁਲਟਾ ਦੇ ਵੀ ਜਸਪਾਲ ਜੀ ਖ਼ੁਦ ਹੀ ਐਕਟਰ , ਡਾਇਰੈਕਟਰ ਸਨ । ਪੁਲੀਸ ਉੱਤੇ ਵਿਅੰਗ ਕਰਦੀ ਫਿਲਮ ਮਹੌਲ ਠੀਕ ਹੈ (1999) ਉਹਨਾਂ ਦੀ ਪਹਿਲੀ ਵੱਡੀ ਫ਼ਿਲਮ ਸੀ । ਜਿਸ ਵਿੱਚ ਪੁਲੀਸ ਅਫਸਰ ਦਾ ਰੋਲ ਲੋਕਾਂ ਨੂੰ ਅੱਜ ਵੀ ਭੁੱਲ ਨਹੀਂ ਸਕਿਆ ਹੈ । ਫ਼ਿਲਮ ਫਨਾ ਵਿੱਚ ਜੌਲੀ ਗੁੱਡ ਸਿੰਘ ਵਜੋਂ ਅਤੇ ਪ੍ਰਿੰਸੀਪਲ ਵਜੋਂ ਕੋਈ ਮੇਰੇ ਦਿਲ ਸੇ ਪੂਛੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ । ਸਬ ਟੀਵੀ ਦੇ ਕਮੇਡੀ ਕਾ ਕਿੰਗ ਕੌਣ ਅਤੇ 52 ਕਿਸ਼ਤਾਂ ਵਾਲਾ ਸੀਰੀਅਲ ਥੈਂਕ ਯੂ ਜੀਜਾ ਜੀ, ਸਟਾਰ ਪਲੱਸ ਦੇ ਸ਼ੋਅ ਨੱਚ ਬੱਲੀਏ ਵਿੱਚ ਵੀ ਉਹਨਾਂ ਆਪਣੀ ਪਤਨੀ ਸਵੀਤਾ ਨਾਲ ਮਿਲਕੇ ਧੁੰਮਾਂ ਪਾਈਆਂ ।
              ਮੈਡ ਆਰਟਸ ਸਕੂਲ ਚੰਡੀਗੜ੍ਹ ਵਿਖੇ ਚਲਾਉਣ ਵਾਲੇ ਜਸਪਾਲ ਭੱਟੀ ਦੀ ਫ਼ਿਲਮ ਜੀਜਾ ਜੀ ਨੇ ਵੀ ਖ਼ੂਬ ਧਮਾਲਾਂ ਪਾਈਆਂ । ਉਹਨਾਂ ਨੂੰ ਹੋਰਨਾਂ ਇਨਾਮਾਂ ਸਨਮਾਨਾ ਤੋਂ ਇਲਾਵਾ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਗੋਲਡਨ ਕਲਾ ਐਵਾਰਡ ਵੀ ਮਿਲਿਆ । ਉਹਨਾਂ ਕੁੱਲ ਮਿਲਾਕੇ 24 ਮੂਵੀ ਨਿਭਾਈਆਂ । ਪਹਿਲੀ ਮੂਵੀ 1999 ਵਿੱਚ ਕਾਲਾ ਸਾਮਰਾਜਯ,ਰਹੀ ਅਤੇ ਆਖ਼ਰੀ ਮੂਵੀ ਰਹੀ ਪਾਵਰ ਕੱਟ । ਜਿਸ ਦੇ 40 ਦਿਨਾਂ ਪ੍ਰਮੋਸ਼ਨ ਅਭਿਅਨ ਦਾ ਹਾਦਸੇ ਵਾਲੇ ਦਿਨ ਆਖਰੀ ਦਿਨ ਸੀ । ਜੋ ਬਹੁਤ ਦੁਖਦਾਈ ਰਿਹਾ ।               
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232                

ਗੀਤਕਾਰੀ ਦਾ ਜਾਦੂਗਰ ;ਸਾਹਿਰ ਲੁਧਿਆਣਵੀ



     ਗੀਤਕਾਰੀ ਦਾ ਜਾਦੂਗਰ ;ਸਾਹਿਰ ਲੁਧਿਆਣਵੀ
                                        ਰਣਜੀਤ ਸਿੰਘ ਪ੍ਰੀਤ
                    ਅੱਜ ਕਿਸੇ ਵੀ ਭਾਸ਼ਾ ਦੇ ਗੀਤਾਂ ਵਿੱਚ ਪਹਿਲਾਂ ਵਾਲੀ ਤਾਜ਼ਗੀ ਅਤੇ ਗੰਭੀਰਤਾ ਨਹੀਂ ਰਹੀ । ਸ਼ਬਦਾਂ ਅਤੇ ਆਵਾਜ਼ ਦੀ ਥਾਂ ਸਾਜ਼ਾਂ ਦੇ ਜੰਮਘਟ ਨੇ ਲੈ ਲਈ ਹੈ । ਇੱਕ ਸਮਾਂ ਅਜਿਹਾ ਸੀ ਜਦ ਮੁੰਬਈ ਨਗਰੀ ਦੀਆਂ ਫ਼ਿਲਮਾਂ ਅਤੇ ਗੀਤ-ਸੰਗੀਤ ਮਰਜ਼ ਦੀ ਦੁਆ ਬਣਿਆਂ ਕਰਦਾ ਸੀ,ਪਰ ਅੱਜ ਦਾ ਧੂਮ ਧੜੱਕਾ ਮਰਜ਼ ਨੂੰ ਪੱਠੇ ਪਾ ਰਿਹਾ ਏ । ਹਸਰਤ ਜੈ ਪੁਰੀ,ਸ਼ਕੀਲ ਬਦਾਯੂਨੀ,ਇੰਦੀਵਰ,ਸ਼ੈਲੇਦਰ,ਮਜ਼ਰੂਹ ਸੁਲਤਾਨ ਪੁਰੀ ਆਦਿ ਸ਼ਬਦਾਂ ਅਤੇ ਹਾਵਾਂ-ਭਾਵਾਂ ਦੇ ਜਾਦੂਗਰ ਮੰਨੇ ਜਾਂਦੇ ਹਨ । ਇਹਨਾਂ ਦੇ ਨਾਲ ਹੀ ਇੱਕ ਹੋਰ ਨਾਅ ਦਾ ਜ਼ਿਕਰ ਸੁਰਖ਼ੀਆਂ ਬਣਿਆਂ ਕਰਦਾ ਸੀ,ਉਹ ਸ਼ਾਇਰ ਸੀ ਸਾਹਿਰ ਲੁਧਿਆਣਵੀ । ਜਿਸ ਦਾ ਪੂਰਾ ਅਤੇ ਮੁੱਢਲਾ ਨਾਅ ਅਬਦੁਲ ਸੀ ।
              ਇਸ ਦੇ ਜਨਮ ਸਥਾਨ ਬਾਰੇ ਦੋ ਰਾਵਾਂ ਪ੍ਰਚੱਲਤ ਹਨ 8 ਮਾਰਚ 1921 ਨੂੰ ਅਮੀਨਪੁਰ ਬਾਜ਼ਾਰ,ਲਾਇਲਪੁਰ ,ਫੈਸਲਾਬਾਦ ਪੰਜਾਬ (ਪਾਕਿਸਤਾਨ)ਵਿੱਚ ਹੋਇਆ ,ਦੂਸਰੇ ਮੱਤ ਅਨੁਸਾਰ ਲੁਧਿਆਣਾ ਪੰਜਾਬ ਵਿੱਚ ਜਾਗੀਰਦਾਰ ਚੌਧਰੀ ਫਜ਼ਲ ਮੁਹੰਮਦ ਦੀ ਗਿਆਰਵੀਂ ਬੀਵੀ ਸਰਦਾਰ ਬੇਗਮ ਦੀ ਕੁੱਖੋਂ ਹੋਇਆ । ਅੱਬੂ ਦੇ ਜ਼ੁਲਮੋ-ਸਿਤਮ ਅਤੇ 1934 ਵਿੱਚ ਹੋਰ ਨਿਕਾਹ ਕਰਨ ਸਦਕਾ,ਉਹ ਆਪਣੀ ਅੰਮੀ ਜਾਂਨ ਨਾਲ ਉਹਦੀ ਉਂਗਲੀ ਫੜ ਮਾਮੂੰ ਜਾਨ ਕੋਲ ਨਾਨਕੇ ਪਿੰਡ ਜਾ ਵਸਿਆ । ਸਾਹਿਰ ਨੇ ਜੋ ਵੇਖਿਆ ਅਤੇ ਪਿੰਡੇ ਉੱਤੇ ਹੰਢਾਇਆ ਉਸਦੀ ਕਸਕ ਉਸਨੂੰ ਉਮਰ ਭਰ ਕੁਰੇਦ ਦੀ ਰਹੀ
                     ਸਾਹਿਰ ਦੇ ਇਸ਼ਕ ਦੀ ਦਾਸਤਾਂ ਉਸਦੇ ਕਰੀਬੀ ਦੋਸਤ ਫ਼ੈਜ਼ ਉਲ ਹਸਨ ਮੁਤਾਬਕ ਤਪਦਿਕ ਨਾਲ ਮਰਨ ਵਾਲੀ ਪ੍ਰੇਮ ਚੌਧਰੀ ਤੋਂ ਸ਼ੁਰੂ ਹੁੰਦੀ ਹੈ । ਜਿਸ ਦੀ ਯਾਦ ਵਿੱਚ ਸਾਹਿਰ ਨੇ ਮਰਘਟਾ ਨਜ਼ਮ ਲਿਖੀ । ਫਿਰ 1939 ਵਿੱਚ ਸਾਹਿਰ ਦੀ ਜ਼ਿੰਦਗੀ ਵਿੱਚ ਈਸਰ ਕੌਰ ਨੇ ਦਸਤਕ ਦਿੱਤੀ । ਇਸ ਸਮੇ ਉਹ ਮਾਲਵਾ ਖ਼ਾਲਸਾ ਹਾਈ ਸਕੂਲ ਦੀ ਪੜ੍ਹਾਈ ਮਗਰੋਂ ਸਰਕਾਰੀ ਕਾਲਜ ਲੁਧਿਆਣਾ ਦਾ ਵਿਦਿਆਰਥੀ ਸੀ । ਛੁੱਟੀਆਂ ਤੋਂ ਪਹਿਲਾਂ ਦੋਨੋ ਇਕਾਂਤ ਲੁਕਵੀਂ ਥਾਂ ਬੈਠੇ ਸਨ,ਕਿ ਕਾਲਜ ਦੇ ਮਾਲੀ ਨੇ ਵੇਖ ਕਿ ਸਾਰੀ ਗੱਲ ਪ੍ਰਿੰਸੀਪਲ ਨੂੰ ਦੱਸ ਦਿੱਤੀ । ਈਸਰ ਕੌਰ ਉਚ ਸਟੇਟਸ ਦੇ ਪਰਿਵਾਰ ਵਿੱਚੋਂ ਸੀ,ਸਾਹਿਰ ਲੋਕਾਂ ਨੂੰ ਬੁਰਾਈਆਂ ਵਿਰੁੱਧ ਲਾਮਬੰਦ ਕਰਿਆ ਕਰਦਾ ਸੀ,ਸਿੱਟੇ ਵਜੋਂ ਲੜਕੀ ਦੇ ਮਾਪਿਆਂ ਦੀ ਲੁਕਵੀ ਦਖ਼ਲਅੰਦਾਜ਼ੀ ਨਾਲ ਦੋਹਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ । ਜਦ 1943 ਵਿੱਚ ਸਾਹਿਰ ਲਾਹੌਰ ਵਿਖੇ ਕਿਤਾਬ ਤਲਖ਼ੀਆਂ ਪ੍ਰਕਾਸ਼ਿਤ ਕਰਵਾਉਂਣ ਹਿੱਤ ਗਿਆ ਤਾਂ ਪੈੜਾਂ ਨਪਦੀ ਈਸਰ ਕੌਰ ਵੀ ਮਗਰੇ ਜਾ ਪਹੁੰਚੀ । ਦੋਨੋ ਇਕੱਠੇ ਰਹੇ । ਜਿੱਥੋਂ ਹੁਣ ਉਹ ਵਾਪਸ ਘਰ ਨਹੀਂ ਸੀ ਜਾ ਸਕਦੀ ਅਤੇ ਮੁੰਬਈ ਪਹੁੰਚ ਕਿਸੇ ਜਾਣੂੰ ਨਾਲ ਸ਼ਾਦੀ ਕਰਵਾ ਲਈ । ਇਹਨਾਂ ਹਾਲਾਤਾਂ ਵਿੱਚ ਇਹਨਾਂ ਸਤਰਾਂ ਦਾ ਜਨਮ ਹੋਇਆ

ਯੂੰ ਅਚਾਨਕ ਤੇਰੀ ਆਵਾਜ਼ ਕਹੀਂ ਸੇ ਆਈ ------------,

ਲਮ੍ਹਾ-ਲਮ੍ਹਾ ਤੇਰੀ ਖੁਸ਼ਬੂ ਸੇ ਮੁਅੱਤਰ ਗੁਜ਼ਰਾ

 ਬਿਛੜ ਗਯਾ ਹਰ ਸਾਥੀ ਦੇ ਕਰ, ਪਲ ਦੋ ਪਲ ਕਾ ਸਾਥ----------,

ਹਮਨੇ ਤੋ ਜਬ ਕਲੀਆਂ ਮਾਂਗੀਂ, ਕਾਂਟੋਂ ਕਾ ਹਾਰ ਮਿਲਾ!           

                        1940 ਵਿੱਚ ਸਾਹਿਰ ਪੜ੍ਹਾਉਂਦਾ ਸੀ ਅਤੇ ਅੰਮ੍ਰਿਤਾ ਪੱਤਰਕਾਰ ਵਜੋਂ ਕੰਮ ਕਰਦੀ ਸੀ,ਸਾਹਿਰ ਨੂੰ ਕੁੱਝ ਨਾ ਕੁੱਝ ਲਿਖਦੀ ਰਹਿੰਦੀ ਸੀ,ਇੱਕ ਵਾਰ ਝੂਠ ਬੋਲਣ ਕਰਕੇ ਪਿਤਾ ਤੋਂ ਥੱਪੜ ਵੀ ਖਾਣਾ ਪਿਆ । ਉਮਰ ਭਰ ਕੁਆਰਾ ਰਹਿਣ ਵਾਲਾ ਸਾਹਿਰ ਲੰਬੀ ਖ਼ਤੋ-ਖ਼ਿਤਾਬਤ ਮਗਰੋਂ ਦਿੱਲੀ ਦੇ ਹੋਟਲ ਕਲਾਰਿਜ਼ ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ,ਸੰਖੇਪ ਜਿਹੀ ਗੱਲਬਾਤ ਦੌਰਾਂਨ ਕੋਈ ਨਹੀਂ ਜਾਣਦਾ ਕਿ ਮਨ-ਮੁਟਾਵ ਕਿਓਂ ਹੋਇਆ ਅਤੇ ਦਿਲਾਂ ਵਿੱਚ ਦਰਦ ਸਾਂਭ ਸਦਾ ਸਦਾ ਲਈ ਅਲੱਗ ਹੋ ਗਏ । ਉਧਰ ਗਾਇਕਾ ਸੁਧਾ ਮਲਹੋਤਰਾ ਨਾਲ ਵੀ ਪਿਆਰ ਦੀ ਬਾਜ਼ੀ ਪੁੱਠੀ ਪੈ ਗਈ । ਪਰ ਗੁਰੂ ਦੱਤ ਦੁਆਰਾ ਨਿਰਦੇਸ਼ਤ ਦੇਵਾ ਆਨੰਦ ਦੀ ਫ਼ਿਲਮ ਬਾਜ਼ੀ ਤੋਂ ਉਸ ਨੂੰ ਖ਼ੂਬ ਪ੍ਰਸਿੱਧੀ ਮਿਲੀ। ਜਿੱਥੇ ਉਸਦੀਆਂ ਕਾਵਿ ਪੁਸਤਕਾਂ ਤਲਖ਼ੀਆਂ,ਆਓ ਕੋਈ ਖ਼ਵਾਬ ਬੁਨੇ,ਗਾਤਾ ਜਾਏ ਵਣਜਾਰਾ,ਅਤੇ ਪਰਛਾਈਆਂ ਨੇ ਅਮਿੱਟ ਪ੍ਰਛਾਵੇਂ ਬਣਾਏ,ਉੱਥੇ ਹਮਰਾਜ਼, ਹਮਦੋਨੋ, ਸ਼ਗੁਨ, ਗ਼ਜ਼ਲ,ਨੀਲ ਕਮਲ,ਬਰਸਾਤ ਕੀ ਰਾਤ,ਪਿਆਸਾ,ਚਿੱਤਰਲੇਖਾ,ਸਾਧਨਾ,ਕਭੀ ਕਭੀ ਵਰਗੀਆਂ ਲਾ ਜਵਾਬ ਫ਼ਿਲਮਾਂ ਦੇ ਗੀਤਾਂ ਨੇ ਬਾਦਸ਼ਾਹਤ ਦੇ ਝੰਡੇ ਗੱਡੇ । ਉਸ ਦੇ ਇਹਨਾਂ ਗੀਤਾਂ ਨੂੰ ਭਲਾ ਕੋਈ ਭੁਲਾ ਸਕਦਾ ਹੈ ;-

* ਯੇਹ ਦੇਸ਼ ਹੈ ਵੀਰ ਜਵਾਨੋ ਕਾ,*ਜੀਨੇ ਵਾਲੋਂ ਕੇ ਲੀਏ ਲਾਖ ਬਹਾਨੇ ਹੈ,*ਚੀਨੋਂ ਅਰਬ ਹਮਾਰਾ,ਹਿੰਦੋਸਤਾਂ ਹਮਾਰਾ,*ਰਾਤ ਜਿਤਨੀ ਭੀ ਸੰਗੀਨ ਹੋਗੀ,ਸੁਬਾਹ ਉਤਨੀ ਹੀ ਹੁਸੀਨ ਹੋਗੀ,* ਹਮ ਇੰਤਜ਼ਾਰ ਕਰੇਂਗੇ ਕਿਆਮਤ ਤੱਕ,*ਜ਼ਿੰਦਗੀ ਭਰ ਨਹੀਂ ਭੂਲੇਗੀ ਵੋਹ ਬਰਸਾਤ ਕੀ ਰਾਤ,*ਜੋ ਵਾਅਦਾ ਕੀਆ ਵੋਹ ਨਿਭਾਨਾ ਪੜ੍ਹੇਗਾ,*ਮਤਲਬ ਨਿਕਲ ਗਿਆ ਤੋ ਪਹਿਚਾਨਤੇ ਨਹੀਂ,*ਬਾਬੁਲ ਕੀ ਦੁਆਏਂ ਲੇਤੀ ਜਾ ।

             ਇਨਕਲਾਬੀ ਵਿਚਾਰਾਂ ਦ ਸ਼ਾਇਰ ਸਾਹਿਰ ਨੇ ਅਦਬ ਲਤੀਫ ਅਤੇ  ਅੰਬ ਦੇ ਲਤੀਵੇ, ਸ਼ਾਹਕਾਰ,ਸਵੇਰ ਦੀ ਸੰਪਾਦਨਾ ਵੀ ਕੀਤੀ । ਪ੍ਰੀਤਲੜੀ ਵਿੱਚ ਵੀ 1948 ਸਮੇ ਕੰਮ ਕੀਤਾ । ਵੰਡ ਸਮੇ ਉਹ ਪਾਕਿਸਤਾਨ ਨਹੀਂ ਗਿਆ,ਭਾਵੇਂ ਰਿਸ਼ਤੇਦਾਰ ਚਲੇ ਗਏ ਸਨ । ਮਹਾਂਰਾਸ਼ਟਰ ਵਿੱਚ ਸਾਹਿਰ ਕੁੱਝ ਸਮਾਂ ਕਾਰਜਕਾਰੀ ਮੈਜਿਸਟ੍ਰੇਟ ਵੀ ਰਿਹਾ ਅਤੇ ਉੱਥੇ ਕਈ ਸਥਾਨਾਂ ਦਾ ਨਾਅ ਉਹਨਾਂ ਦੇ ਨਾਅ ਨਾਲ ਜੋੜ ਕੇ ਵੀ ਰੱਖਿਆ ਗਿਆ ਹੈ । ਗੀਤਕਾਰ ਵਜੋਂ 1958 ਵਿੱਚ ਫ਼ਿਲਮ ਫੇਅਰ ਐਵਾਰਡ ਔਰਤ ਨੇ ਜਨਮ ਦੀਆ ਮਰਦੋਂ ਕੋ (ਸਾਧਨਾ) ਲਈ ਉਸ ਨੂੰ ਨੌਮੀਨੇਟਿਡ ਕੀਤਾ ਗਿਆ । ਜੋ ਵਾਦਾ ਕੀਆ ਵੋਹ ਨਿਭਾਨਾ ਪੜੇਗਾ (ਤਾਜ ਮਹਿਲ) ਫ਼ਿਲਮ ਵਾਲੇ ਗੀਤ ਲਈ 1964 ਵਿੱਚ ਫ਼ਿਲਮ ਫ਼ੇਅਰ ਸਨਮਾਨ ਮਿਲਿਆ । ਪਦਮਸ਼੍ਰੀ ਐਵਾਰਡ 1971 ਨੂੰ ਉਸਦੇ ਹਿੱਸੇ ਆਇਆ ਅਤੇ 1977 ਵਿੱਚ ਫਿਰ ਫ਼ਿਲਮ ਫ਼ੇਅਰ ਐਵਾਰਡ ਕਭੀ ਕਭੀ ਮੇਰੇ ਦਿਲ ਮੇ ਖ਼ਿਆਲ ਆਤਾ ਹੈ (ਕਭੀ ਕਭੀ) ਲਈ ਦਿੱਤਾ ਗਿਆ ।

                     ਗਰੀਬਾਂ ਅਤੇ ਔਰਤ ਜਾਤੀ ਬਾਰੇ ਬਹੁਤਾ ਜਾਗਰਿਤ ਰਹਿਣ ਵਾਲਾ, ਸਮਾਜਿਕ ਨਾ ਬਰਾਬਰੀਆਂ ਦੇ ਸੇਕ ਨਾਲ ਵਲੂੰਧਰਿਆਂ ਸਾਹਿਰ ਆਪਣੀਆਂ ਹੀ ਇਹਨਾਂ ਸਤਰਾਂ ਵਾਂਗ 25 ਅਕਤੂਬਰ 1980 ਨੂੰ ਯਾਦਾਂ ਦਾ ਗੁਲਦਸਤਾ ਛੱਡ ਆਪਣੇ ਦੋਸਤ ਡਾਕਟਰ ਆਰ ਪੀ ਕਪੂਰ ਦੀਆਂ ਬਾਹਾਂ ਵਿੱਚ ਦਿਲ ਦਾ ਦੌਰਾ ਪੈਣ ਸਦਕਾ 59 ਵਰ੍ਹਿਆਂ ਦੀ ਉਮਰ ਬਿਤਾ ਕੇ ਮੁੰਬਈ ਵਿੱਚ ਸਦਾ ਸਦਾ ਲਈ ਅਦਿਖ ਦੁਨੀਆਂ ਦਾ ਵਾਸੀ ਬਣ ਗਿਆ । ਸੌ ਵਾਰ ਉਹਦਾ ਨਾਅ ਲਿਖਣ ਵਾਲੀ ਅੰਮ੍ਰਿਤਾ ਨੇ ਕਿਹਾਕੋਈ ਹੋਰ ਸਾਹਿਰ ਪੈਦਾ ਨਹੀਂ ਹੌ ਸਕਦਾ ਉਹਦੀ ਇਹ ਗੱਲ ਸੱਚ ਹੈ,ਸੱਚ ਰਹੇਗੀ ।

ਜਿਸਮ ਕੀ ਮੌਤ ਕੋਈ ਮੌਤ ਨਹੀਂ ਹੋਤੀ ਹੈ,

ਜਿਸਮ ਮਿਟ ਜਾਨੇ ਸੇ,ਇਨਸਾਨ ਨਹੀਂ ਮਿਟ ਜਾਤੇ,

ਧੜਕਨੇ ਰੁਕਨੇ ਸੇ, ਅਰਮਾਂਨ ਨਹੀਂ ਮਿਟ ਜਾਤੇ,

ਹੋਂਠ ਸਿਲ ਜਾਨੇ ਸੇ ,ਐਲਾਨ ਨਹੀਂ ਰੁਕ ਜਾਤੇ ।

ਰਣਜੀਤ ਸਿੰਘ ਪ੍ਰੀਤ

ਭਗਤਾ(ਬਠਿੰਡਾ)-151206

ਮੁਬਾਇਲ ਸੰਪਰਕ;98157-07232

Monday, October 22, 2012

ਰੁਮਾਂਟਿਕ ਫ਼ਿਲਮਾਂ ਦਾ ਜਾਦੂਗਰ ਸੀ ; ਯਸ਼ ਚੋਪੜਾ



            ਰੁਮਾਂਟਿਕ ਫ਼ਿਲਮਾਂ ਦਾ ਜਾਦੂਗਰ ਸੀ ; ਯਸ਼ ਚੋਪੜਾ
                                              ਰਣਜੀਤ ਸਿੰਘ ਪ੍ਰੀਤ
                             ਫ਼ਿਲਮੀ ਨਗਰੀ ਦੀ ਚਕਾਚੌਂਧ ਵੇਖ ਕਿ ਬਹੁਤੇ ਲੜਕੇ-ਲੜਕੀਆਂ ਆਪਣੀ ਹੋਸ਼ ਗੁਆ ਬੈਠਦੇ ਹਨ । ਉਹ ਇਸ ਤੜਕ-ਭੜਕ ਵਿੱਚ ਸ਼ਾਮਲ ਹੋਣ ਲਈ ਕਈ ਤਰ੍ਹਾਂ ਦੇ ਹਥ ਕੰਡੇ ਵੀ ਵਰਤਦੇ ਹਨ । ਮੰਜ਼ਿਲ ਤੇ ਅਪੜਨ ਲਈ ਪੌੜੀਆਂ ਵੀ ਲਭਦੇ ਹਨ । ਪਰ ਮਿਹਨਤੀ ਅਤੇ ਸਿਰੜੀ ਲੋਕਾਂ ਨੂੰ ਇਹਨਾਂ ਗੱਲਾਂ ਦੀ ਕੋਈ ਜ਼ਰੂਰਤ ਹੀ ਨਹੀਂ ਪੈਂਦੀ । ਸਫ਼ਲਤਾ ਆਪਣੇ ਆਪ ਉਹਨਾਂ ਦੇ ਕਦਮ ਚੁੰਮਦੀ ਹੈ । ਇਸ ਮਿਹਨਤ ਵਾਲੀ ਕਸੌਟੀ ਤੇ ਹੀ ਖ਼ਰਾ ਉਤਰਦਾ ਨਾਅ ਸੀ ਯਸ਼ ਰਾਜ ਚੋਪੜਾ । ਅਰਥਾਤ ਯਸ਼ ਚੋਪੜਾ । ਇਸ ਰੁਮਾਂਟਿਕ ਡਾਇਰੈਕਟਰ,ਪ੍ਰੋਡਿਊਸਰ ਨੇ 27 ਸਤੰਬਰ ਨੂੰ ਹੀ ਆਪਣਾ ਜਨਮ ਦਿਨ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਸੀ ਅਤੇ ਕੁੱਝ ਕੁ ਦਿਨ ਪਹਿਲਾਂ ਹੀ ਫ਼ਿਲਮਾਂ ਤੋਂ ਬਾਹਰ ਰਹਿਣ ਦਾ ਐਲਾਨ ਕੀਤਾ ਸੀ । ਪਰ ਕਿਸੇ ਨੂੰ ਇਹ ਕੀ ਪਤਾ ਸੀ ਕਿ 13 ਅਕਤੂਬਰ ਨੂੰ ਲੀਲਾਵਤੀ ਹਸਪਤਾਲ ਮੁੰਬਈ ਵਿੱਚ ਡੇਂਘੂ ਨਾਲ ਪੀੜਤ ਹੋਣ ਮਗਰੋਂ ਦਾਖ਼ਲ ਕਰਵਾਏ ਯਸ਼ ਜੀ ਨੂੰ ਏਨੀ ਛੇਤੀ ਇਸ ਦੁਨੀਆਂ ਤੋਂ ਹੀ ਸਦਾ ਸਦਾ ਲਈ ਰੁਖ਼ਸਤ ਹੋਣ ਦਾ ਸੱਦਾ ਆ ਜਾਵੇਗਾ।
                        ਬਲਦੇਵ ਰਾਜ ਚੋਪੜਾ ਜਿਨਾਂ ਨੂੰ ਫਿਲਮੀ ਜਗਤ ਵਿੱਚ (ਬੀ ਆਰ ਚੋਪੜਾ) ਦੇ ਨਾਅ ਨਾਲ ਜਾਣਿਆਂ ਜਾਂਦਾ ਹੈ ਤੋਂ ਇਲਾਵਾ, 5 ਹੋਰ ਭਰਾਵਾਂ ਦਾ ਭਰਾ,ਅਤੇ ਇੱਕ ਭੈਣ ਦਾ ਲਾਡਲਾ ਵੀਰ, ਚੋਪੜਾ ਪਰਿਵਾਰ ਵਿੱਚ ਅੱਠਵੇਂ ਬੱਚੇ ਵਜੋਂ ਲਾਹੌਰ ਵਿਖੇ  27 ਸਤੰਬਰ 1932 ਨੂੰ ਜਨਮਿਆਂ ਥੋਹੜਾ ਵੱਡਾ ਹੋਇਆ ਤਾਂ ਫ਼ਿਲਮੀ ਪੱਤਰਕਾਰ ਵੱਡੇ ਭਰਾਤਾ ਬੀ ਆਰ ਚੋਪੜਾ ਨਾਲ ਹੀ ਜ਼ਿਆਦਾ ਸਮਾਂ ਬਿਤਾਉਣ ਲੱਗਿਆ ਉਹ 1945 ਵਿੱਚ ਜਲੰਧਰ ਵਿਖੇ ਪੜ੍ਹਦਾ ਰਿਹਾ ਅਤੇ ਫਿਰ ਏਥੋਂ ਉਹ ਲੁਧਿਆਣਾ ਜਾ ਪਹੁੰਚਿਆ ਉਸਦਾ ਭਰਾ ਉਸ ਨੂੰ ਇੰਜਨੀਰਿੰਗ ਦੀ ਡਿਗਰੀ ਤੱਕ ਪੜਾਉਣ ਦਾ ਚਾਹਵਾਨ ਸੀ ਪਰ ਫ਼ਿਲਮਾਂ ਵਿੱਚ ਰੁਚੀ ਸਦਕਾ ਉਹ ਮਾਂ ਦੇ ਅਸ਼ੀਰਵਾਦ ਨਾਲ ਜਦ ਮੁੰਬਈ ਲਈ ਰਵਾਨਾ ਹੋਇਆ ਤਾਂ ਉਸਦੀ ਜੇਬ ਵਿੱਚ 200 ਰੁਪਏ ਸਨ ਉੱਥੇ ਉਸ ਨੇ ਆਈ ਐਸ ਜੌਹਰ ਨਾਲ ਬਤੌਰ ਸਹਾਇਕ ਡਾਇਰੈਕਟਰ ਕੰਮ ਕਰਨਾ ਸ਼ੁਰੂ ਕਰਿਆ ਅਤੇ ਏਕ ਹੀ ਰਾਸਤਾ (1956),ਨਇਆ ਦੌਰ (1957),ਸਾਧਨਾ (1958) ਫਿਲਮਾਂ ਲਈ ਕੰਮ ਵੀ ਕਰਿਆ । ਇਸ ਤੋਂ ਅਗਲੇ ਹੀ ਸਾਲ 1959 ਵਿੱਚ ਬੀ ਆਰ ਚੋਪੜਾ ਨੇ ਫ਼ਿਲਮਧੂਲ ਕਾ ਫ਼ੂਲਯਸ਼ ਚੋਪੜਾ ਨੂੰ ਸੌਂਪ ਦਿੱਤੀ ਪਰ ਜਦ 1965 ਵਿੱਚ ਫ਼ਿਲਮ ਵਕਤ ਆਈ ਤਾਂ ਉਸ ਨੇ ਯਸ਼ ਜੀ ਨੂੰ ਖ਼ੂਬ ਸ਼ੁਹਰਤ ਦਿੰਦਿਆਂ ਉਹਦਾ ਵਕਤ ਹੀ ਬਦਲ ਕੇ ਰੱਖ ਦਿੱਤਾ । ਯਸ਼ ਜੀ ਨੇ ਕੁੱਲ 22 ਫਿਲਮਾਂ ਦੀ ਡਾਇਰੈਕਸ਼ਨ ਕੀਤੀ।

                  1970 ਵਿੱਚ ਯਸ਼ ਚੋਪੜਾ ਨੇ ਪਾਮਿਲਾ ਸਿੰਘ ਨਾਲ ਵਿਆਹ ਕਰਵਾ ਲਿਆ ਅਤੇ ਆਪ ਦੇ ਘਰ ਦੋ ਬੇਟੇ ਨਿਰਮਾਤਾ ਅਦਿਤਯ ਚੋਪੜਾ (ਜਨਮ 1971),ਅਦਾਕਾਰ ਨਿਰਮਾਤਾ ਉਦੇ ਚੋਪੜਾ (ਜਨਮ 1973) ਨੇ ਜਨਮ ਲਿਆ । ਏਸੇ ਹੀ ਸਾਲ ਉਹਨਾਂ ਆਪਣੀ ਯਸ਼ ਰਾਜ ਫ਼ਿਲਮਜ਼ ਨਾਅ ਨਾਲ ਫ਼ਿਲਮ ਪ੍ਰੋਡਕਸ਼ਨ ਕੰਪਨੀ ਦਾ ਅਗਾਜ਼ ਵੀ ਕੀਤਾ ਅਤੇ ਏਸੇ ਸਾਲ 1973 ਵਿੱਚ ਹੀ ਪਹਿਲੀ ਫ਼ਿਲਮ ਦਾਗ ਪ੍ਰੋਡਿਊਸ ਕੀਤੀ । ਅਮਿਤਾਬ ਬਚਨ ਨੂੰ ਐਂਗਰੀ ਯੰਗਮੈਨ 1975 ਵਿੱਚ ਆਈ ਫ਼ਿਲਮ ਦੀਵਾਰ ਨੇ ਬਣਾਇਆ ,ਏਵੇਂ ਹੀ 1993 ਵਿੱਚ ਡਰ ਫ਼ਿਲਮ ਨੇ ਸ਼ਾਹਰੁਖ ਖ਼ਾਨ ਨੂੰ ਫ਼ਿਲਮਾਂ ਦਾ ਸ਼ਾਹਸਵਾਰ ਬਣਨ ਦੇ ਰਸਤੇ ਪਾਇਆ । ਪਰ ਯਸ਼ ਚੋਪੜਾ ਜੀ 13 ਨਵੰਬਰ ਨੂੰ ਦਿਵਾਲੀ ਤੇ ਰਿਲੀਜ਼ ਹੋਣ ਵਾਲੀ ਆਪਣੀ ਆਖ਼ਰੀ ਫ਼ਿਲਮ ਜਬ ਤੱਕ ਹੈ ਜਾਨ (2012) ਦੀ ਹਲਚਲ ਨੂੰ ਵੇਖਣ ਤੋਂ ਪਹਿਲਾਂ ਹੀ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਬੀਤੇ ਕੱਲ੍ਹ 21 ਅਕਤੂਬਰ ਨੂੰ 6.30 ਵਜੇ ਇਸ ਦੁਨੀਆਂ ਤੋਂ ਸਦਾ ਸਦਾ ਲਈ ਰੁਖ਼ਸਤ ਹੋ ਗਏ ।

             ਜਿੱਥੇ ਉਹਨਾਂ ਦੀਆਂ ਫ਼ਿਲਮਾਂ ,ਵਕਤ,ਦਾਗ,ਏ ਪੋਇਮ ਆਫ਼ ਲਵ, ਵਿਜੈ, ਮਸ਼ਾਲ, ਲਮਹੇਂ, ਚਾਂਦਨੀ,ਦਿਲ ਤੋ ਪਾਗਲ ਹੈ,ਵੀਰ ਯਾਰਾ ਆਦਿ ਨੇ ਬੁਲੰਦੀਆਂ ਛੁਹੀਆਂ ਉੱਥੇ ਕਈ ਸਿਖਾਂਦਰੂ ਅਦਾਕਾਰਾਂ ਨੂੰ ਵੀ ਸਥਾਪਤੀ ਦੇ ਰਾਹ ਤੋਰਿਆ । ਉਹਨਾਂ ਨੂੰ 6 ਕੌਮੀ ਐਵਾਰਡਾਂ ਤੋਂ ਇਲਾਵਾ,11 ਫ਼ਿਲਮ ਫ਼ੇਅਰ ਐਵਾਰਡ ਵੀ ਮਿਲੇ । ਕੁੱਝ ਦਿਨ ਪਹਿਲਾਂ ਹੀ ਫ਼ਿਲਮਾਂ ਤੋਂ ਲਾਂਭੇ ਹੋਣ ਦਾ ਐਲਾਨ ਕਰਨ ਵਾਲੇ ਯਸ਼ ਜੀ ਜਿੱਥੇ ਪੰਜਾਬੀ ਫ਼ਿਲਮ ਬਨਾਉਂਣ ਦੀ ਗੱਲ ਅਧੂਰੀ ਛੱਡ ਗਏ ਉੱਥੇ ਫ਼ਿਲਮਾਂ ਛੱਡਣ ਵਾਂਗ ,ਇਹ ਦੁਨੀਆਂ ਵੀ ਛੱਡ ਗਏ । ਪਰ ਲਗਦਾ ਨਹੀਂ ਕਿ ਉਹਨਾਂ ਦੇ ਜਾਨਦਾਰ ਕਾਰਜ ਸਦਕਾ ਅਤੇ ਸਦਾ ਬਹਾਰ ਡਾਇਰੈਕਟਰ ਵਜੋਂ ਅਦਾ ਕੀਤੇ ਰੋਲ ਸਦਕਾ ਉਹਨਾਂ ਨੂੰ ਕੋਈ ਭੁਲਾ ਸਕੇਗਾ ? ਜਾਂ ਉਹ ਕਿਸੇ ਦੇ ਚੇਤਿਆਂ ਚੋਂ ਵਿਸਰ ਜਾਣਗੇ ।


ਰਣਜੀਤ ਸਿੰਘ ਪ੍ਰੀਤ
ਭਗਤਾ(ਬਠਿੰਡਾ)-151206
ਮੁਬਾਇਲ ਸੰਪਰਕ;98157-07232

Thursday, October 18, 2012

ਬੇ-ਆਸਰਿਆਂ ਦਾ ਆਸਰਾ;ਸੰਤ ਬਾਬਾ ਮੋਹਨ ਸਿੰਘ ਜੀ


18 ਅਕਤੂਬਰ ਬਰਸੀ ਤੇ
      ਬੇ-ਆਸਰਿਆਂ ਦਾ ਆਸਰਾ;ਸੰਤ ਬਾਬਾ ਮੋਹਨ ਸਿੰਘ ਜੀ
                               ਰਣਜੀਤ ਸਿੰਘ ਪ੍ਰੀਤ
                       ਇਸ ਦੁਨੀਆਂ ਉੱਤੇ ਬਹੁ-ਗਿਣਤੀ ਲੋਕ ਅਜਿਹੇ ਹਨ,ਜੋ ਖਾ-ਪੀ ਕੇ ਸੌਂ ਜਾਂਦੇ ਹਨ,ਸੁਪਨੇ ਵੇਖ ਲੈਂਦੇ ਹਨ । ਇਹ ਲੋਕ ਇਸ ਧਰਤੀ ਲਈ ਬੋਝ ਹਨ । ਪਰ ਇਹਨਾਂ ਤੋਂ ਉਲਟ ਕੁੱਝ ਅਜਿਹੇ ਵਿਅਕਤੀ ਵੀ ਹਨ,ਜੋ ਦੀਨ-ਦੁਖੀਆਂ ਦੀ ਸੇਵਾ ਸੰਭਾਲ ਕਰਦੇ ਅਤੇ ਆਪ ਭੁੱਖੇ-ਪਿਆਸੇ ਰਹਿ ਕੇ, ਨਿੱਜ ਤੋਂ ਸਮੂਹਕ ਵੱਲ ਤੱਕਣ ਵਾਲੇ ਹਨ,ਇਹੀ ਬਾਬਾ,ਸੰਤ ਜਾਂ ਮਹਾਂਪੁਰਸ਼ ਅਖਵਾਉਦੇ ਹਨ ਅਤੇ ਇਹੋ-ਜਿਹੀ ਸ਼ਖ਼ਸ਼ੀਅਤ ਦੇ ਮਾਲਿਕ ਹੀ ਸਨ ਬੇ ਸਹਾਰਿਆਂ ਦੇ ਸਹਾਰਾ ਬਾਬਾ ਮੋਹਨ ਸਿੰਘ ਜੀ ।
                 ਜਿਹਨਾਂ ਨੇ ਭਗਤ ਪੂਰਨ ਸਿੰਘ ਜੀ ਵਾਂਗ ਹੀ ਦੇਸ਼ ਦੀ ਵੰਡ ਅਤੇ ਖ਼ੂਨ-ਖ਼ਰਾਬੇ ਨੂੰ ਅੱਖ਼ੀ ਵੇਖਿਆ ਅਤੇ ਪਿੰਡੇ ਤੇ ਹੰਢਾਇਆ ਸੀ । ਮਾਤਾ ਕਰਮ ਕੌਰ ਅਤੇ ਪਿਤਾ ਕੱਥਾ ਸਿੰਘ ਦੇ ਘਰ 1891 ਨੂੰ ਪਾਕਿਸਤਾਨ ਵਿੱਚ ਜਨਮੇ ਸੰਤ ਬਾਬਾ ਮੋਹਣ ਸਿੰਘ ਜੀ ਨੇ ਮਾਪਿਆਂ ਦੇ ਵਿਛੋੜੇ ਵਾਲੇ ਦਰਦ ਦੀ ਕਸਕ ਨੂੰ ਦਿਲ-ਦਿਮਾਗ ਵਿੱਚ ਸਾਂਭਦਿਆਂ ਭਗਤ ਪੂਰਨ ਸਿੰਘ ਵਾਂਗ ਹੀ ਦੀਨ-ਦੁਖੀਆਂ,ਬਿਮਾਰ-ਅਪਾਹਜ ਸ਼ਰਨਾਰਥੀਆਂ ਦੀ ਕੈਪਾਂ ਵਿੱਚ ਸੇਵਾ ਸੰਭਾਲ ਕੀਤੀ । ਫਿਰ ਕੁੱਝ ਸਮਾਂ ਜ਼ਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵੀ ਸੇਵਾ ਕਾਰਜਾਂ ਵਿੱਚ ਜੁਟੇ ਰਹੇ । ਭਗਤ ਪੂਰਨ ਸਿੰਘ ਜੀ ਨਾਲ ਹੋਈ ਮੁਲਾਕਾਤ ਨੇ ਉਹਨਾਂ ਦੀ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ ਅਤੇ ਉਹ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਰਹਿਣ ਸਮੇ,ਜਦੋਂ ਕਿਸੇ ਲਾ-ਵਾਰਸ ਨੂੰ ਜਾਂ ਦਿਮਾਗੀ ਮਰੀਜ਼ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਭਗਤ ਜੀ ਕੋਲ  ਲਿਜਾਂਦੇ,ਅਤੇ ਉੱਥੇ ਜਗ੍ਹਾ ਦੀ ਘਾਟ ਹੋਣ ਸਦਕਾ, ਵਾਪਸ ਲਿਆਉਂਣਾ ਪੈਂਦਾ,ਤਾਂ ਬੜੀ ਮੁਸ਼ਕਲ ਹੁੰਦੀ । ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵੀ ਅਪਾਹਜ,ਲਾ-ਵਾਰਸ ਆਉਂਦੇ,ਬਾਬਾ ਜੀ ਉਹਨਾਂ ਨੂੰ ਸੰਭਾਲਦੇ ਅਤੇ ਆਪ ਲੰਗਰ ਛਕਾਉਂਦੇ । ਇਹ ਵੇਖ,ਗੁਰਦੁਆਰਾ ਸਾਹਿਬ ਦੇ ਤਤਕਲੀਨ ਮੈਨੇਜਰ ਨੇ ਸੁਝਾਅ ਦਿੱਤਾ ਕਿ ਉਹ ਏਥੇ ਪਟਿਆਲਾ ਵਿਖੇ ਹੀ ਅਜਿਹੇ ਲੋਕਾਂ ਨੂੰ ਸੰਭਾਲਣਾ ਸ਼ੁਰੂ ਕਰ ਲੈਣ ।
                      ਇਸ ਸੁਝਾਅ ਦੇ ਨਾਲ ਹੀ ਪਾਸੀ ਰੋਡ ਤੇ 1983 ਨੂੰ ਐਲਾਟ ਕੀਤੀ ਜਗ੍ਹਾ ਵਿੱਚ ਤੰਬੂਨੁਮਾ ਝੌਂਪੜੀ ਜਿਹੀ ਬਣਾਕੇ ਉਹ ਲੋੜਵੰਦਾਂ ਨੂੰ ਰੱਖਣ ਅਤੇ ਸੰਭਾਲਣ ਲੱਗੇ ਅਤੇ ਨਾਅ ਵੀ ਪਿੰਗਲਾ ਆਸ਼ਰਮ ਪੈ ਗਿਆ । ਏਥੋਂ ਤੱਕ ਕਿ ਮਸ਼ਰੂਫੀਅਤ ਦਰਮਿਆਂਨ ਬਾਬਾ ਜੀ ਦੀ ਪੱਤਨੀ ਦਾ ਵੀ ਦਿਹਾਂਤ ਹੋ ਗਿਆ ਅਤੇ ਉਹਨਾਂ ਦੇ ਛੋਟੇ ਬੇਟੇ ਬਲਬੀਰ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਦੇਵਾ ਯਤੀਮਖਾਨੇ ਵਿੱਚ ਹੀ ਬਚਪਨ ਬਿਤਾਉਂਣਾ ਪਿਆ । ਬਾਬਾ ਮੋਹਨ ਸਿੰਘ ਜੀ ਲੋੜਾਂ ਦੀ ਪੂਰਤੀ ਲਈ ਮੰਗਣ ਲਈ ਜਾਂਦੇ ਅਤੇ ਇਸ ਦਾਨ ਨਾਲ ਅਪਾਹਜ ਪਰਿਵਾਰ ਨੂੰ ਪਾਲਦੇ । ਬਿਮਾਰਾਂ ਨੂੰ ਹਸਪਤਾਲ ਲਿਜਾਣ ਲਈ ਰਿਕਸ਼ਾ ਵੀ ਆਪ ਹੀ ਚਲਾ ਕੇ ਲਿਜਾਂਦੇ ਅਤੇ ਇਸ ਤੰਬੂ ਵਿੱਚ ਹੀ ਗਰਮੀਆਂ-ਸਰਦੀਆਂ-ਬਰਸਾਤਾਂ-ਝੱਖੜਾਂ ਦਾ ਸਾਹਮਣਾ ਕਰਦੇ ।
                     ਲੋੜਵੰਦਾਂ ਦੀ ਗਿਣਤੀ ਤਾਂ ਵੱਧ ਗਈ,ਪਰ ਜਗ੍ਹਾ ਘਟ ਗਈ,ਤਾਂ ਮੌਕੇ ਦੇ ਡਿਪਟੀ ਕਮਿਸ਼ਨਰ ਐਸ ਕੇ ਸਿਨਾਹ ਨੇ ਸਨੌਰ ਸੜਕ ਤੇ ਜਗ੍ਹਾ ਅਲਾਟ ਕਰ ਦਿੱਤੀ । ਜਿੱਥੇ ਦਾਨੀਆਂ ਦੀ ਮਦਦ ਨਾਲ ਉਸਾਰੇ ਆਸ਼ਰਮ ਨੂੰ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਨਾਅ ਤਹਿਤ ਰਜਿਸਟਰਡ ਕਰਵਾਇਆ ਗਿਆ । ਪਰ ਸੰਤ ਬਾਬਾ ਮੋਹਨ ਸਿੰਘ ਜੀ 18 ਅਕਤੂਬਰ 1994 ਨੂੰ ਗੁਰਪੁਰੀ ਜਾ ਬਿਰਾਜੇ । ਉਹਨਾਂ ਦੀ ਬਰਸੀ ਹਰ ਸਾਲ 16 ਤੋਂ 18 ਅਕਤੂਬਰ ਤੱਕ ਮਨਾਈ ਜਾਂਦੀ ਹੈ ਅਤੇ ਉਹਨਾ ਦੇ ਨਾਅ ਉੱਤੇ ਸਮਾਜ ਸੇਵੀ ਸ਼ਖ਼ਸ਼ੀਅਤ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ । ਇਹ ਸਾਰਾ ਪ੍ਰਬੰਧ ਆਪਣੇ ਪਿਤਾ ਜੀ ਦੇ ਕਦਮ ਚਿੰਨ੍ਹਾ ਤੇ ਚਲਦਿਆਂ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਜੀ ਚਲਾ ਰਹੇ ਹਨ । ਜਿੰਨ੍ਹਾਂ ਵਿੱਚ ਪਿਤਾ ਵਾਲੀਆਂ ਭਾਵਨਾਵਾਂ ਬਰਕਰਾਰ ਹਨ । (ਇਹ ਸਾਰਾ ਕੁੱਝ ਮੈਂ ਖ਼ੁਦ 10 ਅਕਤੂਬਰ ਨੂੰ ਅੱਖੀਂ ਵੇਖ ਕਿ ਆਇਆ ਹਾਂ)
                ਬਾਬਾ ਬਲਬੀਰ ਸਿੰਘ ਜੀ ਕਈ ਵਾਰ ਮੱਥੇ ਤੇ ਹੱਥ ਰੱਖ ਸੋਚੀਂ ਪੈ ਜਾਂਦੇ ਹਨ,ਕਿ ਪਰਿਵਾਰ ਬਹੁਤ ਵਧ ਗਿਆ ਹੈ, ਇਮਾਰਤ ਦੀ ਘਾਟ ਹੋ ਗਈ ਹੈ,ਐਂਬੂਲੈਂਸ ਦੀ ਵਿਸ਼ੇਸ਼ ਲੋੜ ਹੈ । ਜੇ ਕਰ ਵੱਡੇ ਘਰਾਣੇ ਇਧਰ ਧਿਆਂਨ ਦੇਣ ਤਾਂ ਇਸ ਆਸ਼ਰਮ ਦੇ ਪਰਿਵਾਰ ਨੂੰ ਹੋਰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ । ਦਿੱਤਾ ਦਾਨ 80 ਜੀ ਤਹਿਤ ਟੈਕਸ ਛੋਟ ਵਿੱਚ ਸ਼ਾਮਲ ਹੈ । ਏਥੇ ਰਹਿੰਦੇ ਛੋਟੇ ਛੋਟੇ ਲਾ-ਵਾਰਸ ਬੱਚੇ,ਅਤੇ ਝੁਗੀਆਂ-ਝੌਂਪੜੀਆਂ ਵਾਲੇ ਬੱਚਿਆਂ ਲਈ ਚਲਦਾ ਸਕੂਲ,ਪਾਗਲ (ਪੁਰਸ਼,ਔਰਤਾਂ),ਅਪਾਹਜਾਂ,ਲਾ-ਵਰਸਾਂ ਦਾ ਭੀੜ ਭੜੱਕਾ ਹੈ । ਸਰਕਾਰਾਂ ਖ਼ੁਲ੍ਹੇ ਦਰਬਾਰਾਂ ਵਿੱਚ ਨੋਟਾਂ ਦੀਆਂ ਬੋਰੀਆਂ ਵੰਡ ਰਹੀਆਂ ਹਨ । ਪਰ ਇਹਨਾਂ ਲਾਚਾਰ ਅਤੇ ਲੋੜਵੰਦਾਂ ਨੂੰ ਭੁੱਖਿਆਂ ਮਰਨ ਲਈ ਬੇ-ਧਿਆਂਨਾ ਕੀਤਾ ਹੋਇਆ ਹੈ । ਐਨ ਆਰ ਆਈ ਵੀਰਾਂ ਨੂੰ ਇਸ ਆਸ਼ਰਮ ਵੱਲ ਸੁਵੱਲੀ ਨਿਗ੍ਹਾ ਕਰਨ ਦੀ ਬਹੁਤ ਜ਼ਰੂਰਤ ਹੈ । ਕਿਓਂਕਿ ਮਜ਼ਬੂਰੀ ਵੱਸ ਜੋ ਉਹ ਖ਼ੁਦ ਨਹੀਂ ਕਰ ਸਕਦੇ,ਉਹ ਅਜਿਹਾ ਕਰਨ ਵਾਲਿਆਂ ਦੇ ਮਦਦਗਾਰ ਬਣਕੇ ਇਹਨਾਂ ਲਾਵਾਰਸਾਂ ਦੇ ਵਾਰਸ ਬਣ ਸਕਦੇ ਹਨ ਜਿਸ ਵਿੱਚ ਪੁੰਨ ਵੀ ਸ਼ਾਮਲ ਹੈ,ਮਨ ਦੀ ਤਸੱਲੀ ਵੀ ਅਤੇ ਫ਼ਲ ਵੀ । ਅਜਿਹਾ ਕਰਕੇ ਤੁਸੀਂ ਵੇਖੋਗੇ ਕਿ ਕਿੰਨਾ ਮਾਨਸਿਕ ਸਕੂਨ ਮਿਲਦਾ ਹੈ ਅਤੇ ਕਿੰਨੀ ਵਧੀਆ ਨੀਂਦ ਆਉਂਦੀ ਹੈ ।
ਰਣਜੀਤ ਸਿੰਘ ਪ੍ਰੀਤ
ਭਗਤਾ(ਬਠਿੰਡਾ)-151206
ਮੁਬਾਇਲ ਸੰਪਰਕ; 98157-07232       

Saturday, October 13, 2012

ਖ਼ਿਤਾਬ ਦੀ ਰਾਖੀ ਲਈ ਮੁੰਬਈ ਇੰਡੀਅਨਜ਼ ਉਤਰੂ ਮੈਦਾਨ ਵਿੱਚ


                    ਖ਼ਿਤਾਬ ਦੀ ਰਾਖੀ ਲਈ ਮੁੰਬਈ         
                  ਇੰਡੀਅਨਜ਼ ਉਤਰੂ ਮੈਦਾਨ ਵਿੱਚ
                  ਹੁਣ ਫਿਰ ਲੱਗਣਗੇ ਚੌਕੇ-ਛੱਕੇ
                             ਰਣਜੀਤ ਸਿੰਘ ਪ੍ਰੀਤ
                               ਖੇਡੀ ਜਾ ਰਹੀ ਚੌਥੀ ਟੀ-20 ਚੈਂਪੀਅਨਜ਼ ਲੀਗ 13 ਅਕਤੁਬਰ ਤੋਂ ਦੱਖਣੀ ਅਫ਼ਰੀਕਾ ਵਿੱਚ ਸ਼ੁਰੂ ਹੋ ਚੁੱਕੀ ਹੈ । ਇਸ ਲੀਗ ਦੀ ਸ਼ੁਰੂਆਤ 3 ਤੋਂ 10 ਦਸੰਬਰ 2008 ਤੱਕ ਹੋਣ ਵਾਲੇ ਮੁਕਾਬਲੇ ਨਾਲ ਹੋਣੀ ਸੀ । ਪਰ ਸਾਰੇ ਪ੍ਰਬੰਧ ਅਤੇ ਮੈਚਾਂ ਦਾ ਵੇਰਵਾ ਐਲਾਨੇ ਜਾਣ ਮਗਰੋਂ ਵੀ ਇਹ ਲੀਗ,ਮੁੰਬਈ ਹਮਲੇ ਕਾਰਣ ਚੇਨੱਈ ਵਿੱਚ ਸ਼ੁਰੂ ਨਾ ਹੋ ਸਕੀ । ਉਸ ਤੋਂ ਮਗਰੋਂ ਹੈਦਰਾਬਾਦ ਵਿੱਚ ਖੇਡੀ ਗਈ ਪਹਿਲੀ ਲੀਗ 8 ਤੋਂ 23 ਅਕਤੂਬਰ 2009 ਨਾਲ ਇਸ ਦੀ ਸ਼ੁਰੂਆਤ ਹੋਈ ਹੈ । ਇਹ ਕੁੱਲ ਮਿਲਾਕੇ ਪੰਜਵੀਂ,ਪਰ ਖੇਡੀ ਜਾਣ ਵਾਲੀ ਚੌਥੀ ਚੈਂਪੀਅਨਜ਼ ਲੀਗ ਹੈ । ਸਨ 2009 ਵਿੱਚ ਸ਼ਾਮਲ 12 ਟੀਮਾਂ ਨੇ 23 ਮੈਚ ਖੇਡੇ ਅਤੇ 23 ਅਕਤੂਬਰ ਦੇ ਦਿਨ-ਰਾਤ ਦੇ ਮੈਚ ਵਿੱਚ ਨਿਊ ਸਾਊਥ ਵੇਲਸ ਬਲਿਊ (159/9,20)ਨੇ ਟਰਿੰਡਾਡ ਐਂਡ ਟੋਬੈਗੋ (118/10,15.5) ਨੂੰ 41 ਰਨਜ਼ ਨਾਲ ਹਰਾ ਕੇ ਪਹਿਲੀ ਜਿੱਤ ਹਾਸਲ ਕੀਤੀ ਸੀ । ਦੱਖਣੀ ਅਫਰੀਕਾ ਵਿੱਚ 10 ਤੋਂ 26 ਸਤੰਬਰ 2010 ਤੱਕ ਹੋਈ ਲੀਗ ਸਮੇ ਫਾਰਮੈੱਟ ਵਿੱਚ ਤਬਦੀਲੀ ਕਰਦਿਆਂ 10 ਟੀਮਾਂ ਦੇ 2 ਗਰੁੱਪ ਬਣਾਏ ਗਏ,ਪਰ ਮੈਚਾਂ ਦੀ ਗਿਣਤੀ 23 ਹੀ ਰਹੀ । ਦੋਹਾਂ ਗਰੁੱਪਾਂ ਦੀਆਂ ਸ਼ਿਖ਼ਰਲੀਆਂ ਟੀਮਾਂ ਨੇ ਸੈਮੀਫਾਈਨਲ ਪ੍ਰਵੇਸ਼ ਪਾਇਆ । ਇਸ ਗੇੜ ਦੀਆਂ ਜੇਤੂ ਟੀਮਾਂ ਵਾਰੀਅਰਜ਼ ਅਤੇ ਚੇਨੱਈ ਸੁਪਰ ਕਿੰਗਜ਼ ਦੇ ਹੋਏ ਫਾਈਨਲ ਵਿੱਚੋਂ ਚੇਨੱਈ ਸੁਪਰ ਕਿੰਗਜ਼ 8 ਵਿਕਟਾਂ ਨਾਲ ਜੇਤੂ ਬਣੀ । ਜੇਤੂ ਟੀਮ ਦਾ ਮੁਰਾਲੀ ਸਰਵੋਤਮ ਖਿਡਾਰੀ ਰਿਹਾ । ਭਾਵੇਂ ਟਾਸ ਵਾਰੀਅਰਜ਼ ਨੇ ਜਿੱਤ ਕੇ ਬੱਲੇਬਾਜ਼ੀ ਚੁਣੀ ਸੀ । ਸਤੰਬਰ 19 ਤੋਂ 9 ਅਕਤੂਬਰ 2011 ਤੱਕ ਚੇਨੱਈ (ਭਾਰਤ) ਵਿੱਚ 23 ਮੈਚਾਂ ਵਾਲੀ ਅਗਲੀ ਲੀਗ ਖੇਡੀ ਗਈ । ਇੱਕ ਵਾਰ ਫਿਰ 2009 ਵਾਲਾ ਫਾਰਮੈੱਟ (ਰਾਊਂਡ ਰਾਬਿਨ,ਨਾਕ ਆਊਟ) ਹੀ ਅਪਣਾਇਆ ਗਿਆ । ਫਾਈਨਲ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੈਂਜ ਬੰਗਲੌਰੂ ਨੂੰ 31 ਰਨਜ਼ ਨਾਲ ਹਰਾ ਕੇ ਜਿੱਤਿਆ ।

               ਇਸ ਵਾਰੀ ਵੀ ਸਮਾਂ ਤਾਂ ਭਾਵੇਂ 9 ਅਕਤੂਬਰ ਤੋਂ 28 ਅਕਤੂਬਰ ਤੱਕ ਦਾ ਹੈ । ਪਰ ਮੈਚਾਂ ਦੀ ਕੁੱਲ ਗਿਣਤੀ 23 ਤੋਂ ਵਧ ਕੇ 29 ਹੋ ਗਈ ਹੈ । ਕੁਆਲੀਫਾਈ ਗੇੜ ਦੇ ਦੋ ਗਰੁੱਪਾਂ ਵਿਚਲੇ 6 ਮੈਚਾਂ ਮਗਰੋਂ ਯਾਰਕਸ਼ਾਇਰ ਅਤੇ ਆਕਲੈਂਡ ਏਸਿਸ ਨੇ 13 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਚੈਂਪੀਅਨਜ਼ ਲੀਗ ਲਈ ਕੁਆਲੀਫਾਈ ਕਰਿਆ ਅਤੇ 10 ਟੀਮਾਂ ਵਿੱਚ ਦਾਖ਼ਲਾ ਪਾਇਆ ਹੈ । ਇਹਨਾਂ ਟੀਮਾਂ ਨੇ ਖੇਡੇ 2-2 ਮੈਚ ਜਿੱਤ ਕੇ 8-8 ਅੰਕ ਲਏ ਹਨ । ਪੂਲ ਏ ਵਿੱਚ ਕੋਲਕਾਤਾ ਨਾਈਟ ਰਾਈਡਰਜ਼,ਡੇਹਲੀ ਡੇਅਰਡਵਿਲਜ਼,ਪਰਥ ਸਕੋਚਿਰਸ,ਟਾਈਟਨਜ਼,ਯਾਰਕਸ਼ਾਇਰ ਕਾਨੇਂਗੀ । ਪੂਲ ਬੀ ਵਿੱਚ ਮੁੰਬਈ ਇੰਡੀਅਨਜ਼,ਚੇਨੱਈ ਸੁਪਰ ਕਿੰਗਜ਼,ਸਿਡਨੀ ਸਿਕਸਰਜ਼,ਹੈਵਲਡ ਲਾਇਨਜ਼,ਅਤੇ ਆਕਲੈਂਡ ਏਸਿਸ ਦੀਆਂ ਟੀਮਾਂ ਸ਼ਾਮਲ ਹਨ ।

                       ਹੁਣ ਤੱਕ ਇਸ ਲੀਗ ਦੇ ਇਤਿਹਾਸ ਵਿੱਚ ਸੱਭ ਤੋਂ ਵੱਧ 15 ਮੈਚ ਰਾਇਲ ਚੈਲਿੰਜ ਬੰਗਲੋਰੂ ਨੇ ਖੇਡਦਿਆਂ 7 ਜਿੱਤੇ ਅਤੇ 8 ਹਾਰੇ ਹਨ । ਇਸ ਨੇ ਹੀ ਸੱਭ ਤੋਂ ਵੱਧ 3 ਵਾਰੀ ਲੀਗ ਵਿੱਚ ਸ਼ਮੂਲੀਅਤ ਕੀਤੀ । ਜਦੋਂ ਕਿ 11 ਮੈਚ ਨਿਊ ਸਾਊਥ ਵੇਲਜ਼ ਬਲਿਊ ਨੇ ਖੇਡੇ ਹਨ ,ਜਿੱਤਾਂ ਦੀ ਗਿਣਤੀ 7 ਅਤੇ ਹਾਰਾਂ ਦੀ 3 ਹੈ । ਇੱਕ ਮੈਚ ਟਾਈਡ ਰਿਹਾ ਹੈ ਅਤੇ ਇਸ ਦਾ ਦੂਜਾ ਸਥਾਂਨ ਹੈ । ਚੇਨੱਈ ਸੁਪਰ ਕਿੰਗਜ਼,ਮੁੰਬਈ ਇੰਡੀਅਨਜ਼,ਟਰਿੰਡਾਡ ਐਂਡ ਟੋਬੈਗੋ, ਵਾਰੀਅਰਜ਼ ਨੇ 10-10 ਮੈਚ ਖੇਡੇ ਹਨ । ਕ੍ਰਮਵਾਰ ਪਹਿਲੀਆਂ ਦੋ ਟੀਮਾਂ ਨੇ 6-6 ਜਿੱਤੇ,3-3 ਹਾਰੇ,ਅਤੇ ਇੱਕ ਟਾਈਡ,ਇੱਕ ਬੇ-ਨਤੀਜਾ ਰਿਹਾ ਹੈ । ਤੀਜੀ ਟੀਮ ਨੇ 7 ਜਿੱਤਾਂ,2 ਹਾਰਾਂ,ਅਤੇ ਮੈਚ ਟਾਈਡ ਰੱਖਿਆ ਹੈ । ਚੌਥੀ ਟੀਮ ਦਾ ਇਹ ਗਣਿਤ 6 ਜਿੱਤਾਂ ਅਤੇ 4 ਹਾਰਾਂ ਹੈ । ਪਰ ਅੱਗੇ ਵੇਖੋ ਇਸ ਵਾਰੀ ਕੀਹਦਾ ਨੌ ਮਣ ਤੇਲ ਬਣਦਾ ਹੈ,ਅਤੇ ਕੀਹਦੀ ਰਾਧਾ ਨੱਚਦੀ ਹੈ ;-

ਬਾਕੀ ਮੈਚਾਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ ; 

13 ਅਕਤੂਬਰ ਨੂੰ ਟਾਈਟਨਜ਼ ਬਨਾਮ ਪਰਥ ਸਕੋਚਿਰਸ,ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਡੇਹਲੀ ਡੇਅਰਡਵਿਲਜ਼  (ਸੈਂਚਰੀਅਨ ਪਾਰਕ)

14 ਅਕਤੂਬਰ; ਚੇਨੱਈ ਸੁਪਰ ਕਿੰਗਜ਼ ਬਨਾਮ ਸਿਡਨੀ ਸਿਕਸਰਸ, ਹੈਵਲਡ ਲਾਇਨਜ਼ ਬਨਾਮ ਮੁੰਬਈ ਇੰਡੀਅਨਜ਼ ,(ਜੋਹਾਂਸਬਰਗ) ।

15 ਅਕਤੂਬਰ; ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਯਾਰਕਸ਼ਾਇਰ ਕਾਰਨੇਗੀ (ਕੈਪ ਟਾਊਨ) ।

16 ਅਕਤੂਬਰ ; ਸਿਡਨੀ ਸਿਕਸਰਸ ਬਨਾਮ ਆਕਲੈਂਡ ਏਸਿਸ, ਚੇਨੱਈ ਸੁਪਰ ਕਿੰਗਜ਼ ਬਨਾਮ ਹੈਵਲਡ ਲਾਇਨਜ਼ (ਕੈਪ ਟਾਊਨ) ।

17 ਅਕਤੂਬਰ ; ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਪਰਥ ਸਕੋਰਚਿਰਸ, ਡੇਹਲੀ ਡੇਅਰਡਵਿਲਜ਼ ਬਨਾਮ ਯਾਰਕਸ਼ਾਇਰ ਕਾਰਨੇਗੀ,(ਡਰਬਨ) ।

18 ਅਕਤੂਬਰ ;ਸਿਡਨੀ ਸਿਕਸਰਸ ਬਨਾਮ ਹੈਵਲਡ ਲਾਇਨਜ਼, ਮੁੰਬਈ ਇੰਡੀਅਨਜ਼ ਬਨਾਮ ਆਕਲੈਂਡ ਏਸਿਸ (ਕੈਪ ਟਾਊਨ) ।

19 ਅਕਤੂਬਰ ; ਡੇਹਲੀ ਡੇਅਰਡਵਿਲਜ਼ ਬਨਾਮ ਯਾਰਕਸ਼ਾਇਰ ਕਾਰਨੇਗੀ, (ਡਰਬਨ) ।

20 ਅਕਤੂਬਰ; ਆਕਲੈਂਡ ਏਸਿਸ ਬਨਾਮ ਹੈਵਲਡ ਲਾਇਨਜ਼, ਚੇਨੱਈ ਸੁਪਰ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ,(ਜੋਹਾਂਸਬਰਗ) ।

21 ਅਕਤੂਬਰ; ਡੇਹਲੀ ਡੇਅਰਡਵਿਲਜ਼ ਬਨਾਮ ਪਰਥ ਸਕੋਰਚਿਰਸ, ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਟਾਈਟਨਜ਼ ,(ਕੈਪ ਟਾਊਨ) ।

22 ਅਕਤੂਬਰ;ਚੇਨੱਈ ਸੁਪਰ ਕਿੰਗਜ਼ ਬਨਾਮ ਆਕਲੈਂਡ ਏਸਿਸ, ਮੁੰਬਈ ਇੰਡੀਅਨਜ਼ ਬਨਾਮ ਮੁੰਬਈ ਇੰਡੀਅਨਜ਼ ,(ਡਰਬਨ) ।

23 ਅਕਤੂਬਰ; ਪਰਥ ਸਕੋਰਚਿਰਸ ਬਨਾਮ ਯਾਰਕਸ਼ਾਇਰ ਕਾਰਨੇਗੀ, ਡੇਹਲੀ ਡੇਅਰਡਵਿਲਜ਼ ਬਨਾਮ ਟਾਈਟਨਜ਼ ,(ਜੋਹਾਂਸਬਰਗ) ।

25,26 ਅਕਤੂਬਰ ਨੂੰ ਸੈਮੀਫਾਈਨਲ ਅਤੇ 28 ਅਕਤੂਬਰ ਨੂੰ ਫਾਈਨਲ ਹੋਣਾ ਹੈ ।

 

ਰਣਜੀਤ ਸਿੰਘ ਪ੍ਰੀਤ

ਭਗਤਾ (ਬਠਿੰਡਾ);151206

ਮੁਬਾਇਲ ਸੰਪਰਕ;98157-07232

Wednesday, October 3, 2012

ਭਾਰਤ ਨੇ ਦੱਖਣੀ ਅਫਰੀਕਾ ਨੂੰ ਭਾਵੇਂ ਇੱਕ ਰਨ ਨਾਲ ਹਰਾਇਆ,ਪਰ ਹੋਇਆ ਮੁਕਾਬਲੇ ਤੋਂ ਬਾਹਰ,ਫੌਜਾਂ ਜਿੱਤ ਕਿ ਅੰਤ ਨੂੰ ਹਾਰੀਆਂ ਨੇ



ਭਾਰਤ ਨੇ ਦੱਖਣੀ ਅਫਰੀਕਾ ਨੂੰ ਭਾਵੇਂ ਇੱਕ ਰਨ ਨਾਲ ਹਰਾਇਆ,ਪਰ ਹੋਇਆ ਮੁਕਾਬਲੇ ਤੋਂ ਬਾਹਰ,ਫੌਜਾਂ ਜਿੱਤ ਕਿ ਅੰਤ ਨੂੰ ਹਾਰੀਆਂ ਨੇ
ਰਣਜੀਤ ਸਿੰਘ ਪ੍ਰੀਤ
ਬੀਤੀ ਰਾਤ ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ਵਿੱਚ ਭਾਰਤੀ ਟੀਮ ਨਾਲ ਫੌਜਾਂ ਜਿੱਤ ਕਿ ਅੰਤ ਨੂੰ ਹਾਰੀਆਂ ਵਾਲੀ ਗੱਲ ਹੋਈ । ਸੁਪਰ-8 ਰਾਊਂਡ ਦੇ ਆਖਰੀ ਮੈਚ ਵਿੱਚ ਆਪਣੇ ਆਪ ਨੂੰ ਪਾਕਿਸਤਾਨੀ ਟੀਮ ਨੂੰ ਮੁਹਰੀ ਸਿੱਧ ਕਰਨ ਲਈ ਜਿੱਥੇ ਦੱਖਣੀ ਅਫਰੀਕਾ ਨੂੰ ਹਰਾਉਣਾ ਜ਼ਰੂਰੀ ਸੀ,ਉੱਥੇ ਵਧੀਆ ਰਨ ਰੇਟ ਦੀ ਵੀ ਲੋੜ ਸੀ । ਪਰ ਭਾਰਤੀ ਟੀਮ ਸਿਰਫ਼ ਇੱਕ ਰਨ ਨਾਲ ਹੀ ਜੇਤੂ ਬਣੀ ਅਤੇ ਰਨ ਰੇਟ ਦਾ ਵੀ ਸੁਧਾਰ ਨਾ ਹੋ ਸਕਿਆ । ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ,ਦੱਖਣੀ ਅਫਰੀਕਾ ਵਾਂਗ ਹੀ ਵਿਸ਼ਵ ਕੱਪ ਟੀ-20 ਮੁਕਾਬਲੇ ਤੋਂ ਬਾਹਰ ਹੋ ਗਈ । ਬੀਤੀ ਰਾਤ ਦੇ ਮੈਚ ਵਿੱਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਬੈਟਿੰਗ ਦਾ ਸੱਦਾ ਦਿੱਤਾ । ਪਰ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ 45,ਰੋਹਿਤ ਸ਼ਰਮਾਂ 25,ਮਹਿੰਦਰ ਸਿੰਘ ਧੋਨੀ 23 ਦੇ ਸਕੋਰ ਦੀ ਬਦੌਲਤ 7.6 ਦੀ ਔਸਤ ਨਾਲ 152/6 ਰਨ ਹੀ ਬਣਾ ਸਕੀ । ਮੌਰਕਲ,ਪੀਟਰਸਨ ਨੇ 2-2 ਅਤੇ ਕੈਲਿਸ ਨੇ ਇੱਕ ਵਿਕਟ ਲਈ । ਜਵਾਬੀ ਪਾਰੀ ਵਿੱਚ ਦੱਖਣੀ ਅਫਰੀਕਾ ਨੇ ਫੱਫ ਡੂ ਪਲੀਸਿਸ 65,ਪੀਟਰਸਨ,ਮੌਰਕਲ 10-10,ਡੁਮਿਨੀ ਦੀਆਂ 16 ਦੌੜਾਂ ਨਾਲ 19.5 ਓਵਰ ਵਿੱਚ 7.61 ਦੀ ਔਸਤ ਨਾਲ 151 ਰਨ ਹੀ ਬਣਾ ਸਕੀ । ਜ਼ਹੀਰ ਖ਼ਾਨ,ਬਾਲਾਜੀ ਨੇ 3-3,ਯੁਵਰਾਜ ਨੇ 2,ਆਸ਼ਵਿਨ ਅਤੇ ਪਠਾਨ ਨੇ 1-1 ਵਿਕਟ ਲਈ । ਯੁਵਰਾਜ ਮੈਨ ਆਫ਼ ਦਾ ਮੈਚ ਅਖਵਾਇਆ ।
                    ਭਾਰਤੀ ਟੀਮ ਨੇ ਇਸ ਵਾਰੀ 19 ਸਤੰਬਰ ਨੂੰ ਅਫਗਾਨਿਸਤਾਨ ਵਿਰੁੱਧ ਜਿੱਤ ਦਰਜ ਕਰਦਿਆਂ ਸ਼ੁਰੂ ਕਰਿਆ ਸੀ । ਫਿਰ 23 ਸਤੰਬਰ ਨੂੰ ਇੰਗਲੈਂਡ ਨੂੰ ਹਰਾ ਕੇ ਪੂਲ ਏ ਵਿੱਚੋਂ 4 ਅੰਕਾਂ ਨਾਲ ਟਾਪਰ ਰਹਿਕੇ ਸੁਪਰ -8 ਦੇ ਗਰੁੱਪ ਐਫ ਵਿੱਚ ਸ਼ਾਮਲ ਹੋਈ ਸੀ । ਆਸਟਰੇਲੀਆ ਹੱਥੋਂ ਹਾਰਨ ਮਗਰੋਂ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਨੂੰ ਮਾਤ ਦੇ ਕੇ 4 ਅੰਕ ਹਾਸਲ ਕੀਤੇ । ਏਨੇ ਏਨੇ ਅੰਕ ਹੀ ਆਸਟਰੇਲੀਆ ਅਤੇ ਪਾਕਿਸਤਾਨ ਦੇ ਸਨ । ਪਰ ਆਸਟਰੇਲੀਆ ਦਾ ਰਨ ਰੇਟ +0.464,ਪਾਕਿਸਤਾਨ ਦਾ +0272,ਭਾਰਤ ਦਾ -0.274 ਅਤੇ ਸੁਪਰ-8 ਦਾ ਕੋਈ ਵੀ ਮੈਚ ਨਾ ਜਿੱਤ ਸਕਣ ਵਾਲੀ ਦੱਖਣੀ ਅਫਰੀਕੀ ਟੀਮ ਦਾ-0.421 ਰਿਹਾ । ਇਸ ਤਰ੍ਹਾਂ ਆਸਟਰੇਲੀਆ ਨੇ ਪੂਲ ਵਿੱਚ ਸਿਖ਼ਰਲਾ ਸਥਾਨ ਮੱਲਿਆ ਅਤੇ ਪਾਕਿਸਤਾਨ ਨੇ ਦੂਜਾ । ਵਿਸ਼ਵ ਕੱਪ ਟੀ-20 ਦੇ ਇਤਿਹਾਸ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਹੀ ਰਿਹਾ ਹੈ । ਸਿਰਫ਼ ਪਹਿਲੇ ਮੁਕਾਬਲੇ ਸਮੇ 2007 ਨੂੰ ਆਸਟਰੇਲੀਆ ਤੋਂ 15 ਰਨਜ਼ ਨਾਲ ਸੈਮੀਫਾਈਨਲ ਜਿੱਤ ਕਿ ਫਾਈਨਲ ਵਿੱਚ ਪਾਕਿਸਤਾਨ ਨੂੰ 5 ਦੌੜਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ । ਇਸ ਤੋਂ ਬਾਅਦ 2009 ਅਤੇ 2010 ਵਿੱਚ ਸੁਪਰ ਅੱਠ ਵਿੱਚ ਤਾਂ ਦਾਖ਼ਲਾ ਪਾਇਆ ਹੈ । ਪਰ ਇਸ ਰਾਊਂਡ ਵਿੱਚ ਕੋਈ ਵੀ ਮੈਚ ਨਹੀਂ ਜਿੱਤ ਸਕੀ ਹੈ । ਇਸ ਤਰ੍ਹਾਂ ਚਾਰ ਮੁਕਾਬਲਿਆਂ ਵਿੱਚੋਂ ਤਿੰਨ ਮੁਕਾਬਲਿਆਂ ਦੌਰਾਂਨ ਸੈਮੀਫਾਈਨਲ ਤੱਕ ਵੀ ਨਹੀ ਪਹੁੰਚ ਸਕੀ । ਭਾਰਤ ਦੇ ਕਿਸੇ ਵੀ ਖਿਡਾਰੀ ਦਾ ਕੋਈ ਵੀ ਰਿਕਾਰਡ ਟੀ-20 ਦੇ ਇਤਿਹਾਸ ਜ਼ਿਕਰਯੋਗ ਪੰਨਾ ਨਹੀਂ ਬਣਿਆਂ ਹੈ।

ਪਾਕਿਸਤਾਨ ਨੇ ਆਸਟਰੇਲੀਆ ਨੂੰ 32 ਦੌੜਾਂ ਨਾਲ ਹਰਾਇਆ
ਰਣਜੀਤ ਸਿੰਘ ਪ੍ਰੀਤ
ਵਿਸ਼ਵ ਕੱਪ ਟੀ-20 ਦਾ 23 ਵਾਂ ਅੱਜ ਮੰਗਲਵਾਰ ਦਾ ਪਹਿਲਾ ਮੈਚ ਆਰ ਪ੍ਰੇਮਦਾਸਾ ਸਟੇਡੀਅਮ ਕੋਲੰਬੋ ਵਿੱਚ ਪਾਕਿਸਤਾਨ ਨੇ ਆਸਟਰੇਲੀਆ ਨੂੰ 32 ਦੌੜਾਂ ਨਾਲ ਹਰਾ ਕੇ ਜਿੱਤ ਲਿਆ । ਪਾਕਿਸਤਾਨ ਨੇ ਪਹਿਲਾਂ ਖੇਡਦਿਆਂ 149/6 ਰਨ ਬਣਾਏ । ਜਵਾਬ ਵਿੱਚ ਬੱਲੇਬਾਜ਼ੀ ਕਰਨ ਲਈ ਮੈਦਾਨ ਵਿੱਚ ਉੱਤਰੀ ਆਸਟਰੇਲੀਆ ਟੀਮ 117/7 ਹੀ ਸਕੋਰ ਕਰ ਸਕੀ । ਇਸ ਤੋਂ ਬਾਅਦ ਵੀ ਆਸਟਰੇਲੀਆ ਅਤੇ ਪਾਕਿਸਤਾਨ ਦੇ 4-4 ਅੰਕ ਰਹੇ । ਪਰ ਰਨ ਰੇਟ ਇਹਨਾ ਦਾ ਚੰਗਾ ਹੈ । ਬੀਤੀ ਰਾਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਕੇ 4 ਅੰਕਾਂ ਨਾਲ ਇਹਨਾਂ ਦੀ ਬਰਾਬਰੀ ਤਾਂ ਕਰ ਲਈ ,ਪਰ ਰਨ ਰੇਟ ਦਾ ਸੁਧਾਰ ਨਾ ਹੋ ਸਕਿਆ । ਅੱਜ ਦੇ ਮੈਚ ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਾਕਿਸਤਾਨੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ । ਪਾਕਿਸਤਾਨ ਨੇ ਅਜੇ 5 ਰਨ ਹੀ ਬਣਾਏ ਸਨ ਕਿ ਮੁਹੰਮਦ ਹਫ਼ੀਜ਼ ਨੂੰ ਮਿੱਚਲ ਸਰਾਰਸ ਨੇ ਲੱਤ ਅੜਿੱਕਾ ਆਊਟ ਕਰ ਦਿੱਤਾ । ਇਮਰਾਨ ਨਜ਼ੀਰ 14 ਦੌੜਾਂ ਤੇ ਸ਼ੇਨ ਵਾਟਸਨ ਦੀ ਗੇਂਦ ਦਾ ਸ਼ਿਕਾਰ ਹੋ ਗਿਆ ।ਇਸ ਨੂੰ ਜੌਰਜ ਬੈਲੇ ਨੇ ਦਬੋਚਿਆ । ਨਸੀਰ ਜਮਸ਼ੇਦ 55 ਰਨ ਬਣਾਕੇ ਡੋਹਿਰਟੀ ਦੀ ਗੇਂਦ ਤੇ ਡੇਵਿਡ ਵਾਨਰ ਨੇ ਬੁੱਚ ਲਿਆ । ਟੀਮ ਸਕੋਰ 108 ਸੀ,ਏਸੇ ਹੀ ਸਕੋਰ ਤੇ ਚੌਥੀ ਵਿਕਟ ਦੇ ਰੂਪ ਵਿੱਚ ਕਾਮਰਾਨ ਅਕਮਲ ਨੂੰ 32 ਦੇ ਸਕੋਰ ਤੇ ਮਿੱਚਲ ਸਟਾਰਚ ਨੇ ਕੈਮਰੂਨ ਵਾਈਟ ਹੱਥੋਂ ਕੈਚ ਕਰਵਾਇਆ । ਅਬਦੁਲ ਰਜ਼ਾਕ ਨੇ 22,ਉਮਰ ਅਕਮਲ ਨੇ 9,ਸ਼ਾਹਿਦ ਅਫਰੀਦੀ ਦੀਆਂ 4,ਦੌੜਾਂ ਦੀ ਬਦੌਲਤ 20 ਓਵਰਾਂ ਵਿੱਚ 7.50 ਦੀ ਔਸਤ ਨਾਲ 149/6 ਸਕੋਰ ਹੀ ਕਰ ਸਕੀ । ਮਿੱਚਲ ਸਟਾਰਸ ਨੇ 3, ਡੋਹਿਰਟੀ,ਵਾਟਸਨ,ਕਮਿਨਸ ਨੇ 1-1 ਵਿਕਟ ਲਈ । 
                  ਆਸਟਰੇਲੀਆ ਦੀ ਟੀਮ ਲਈ 150 ਰਨ ਦਾ ਜੇਤੂ ਟੀਚਾ ,ਮੁਸ਼ਕਲ ਟੀਚਾ ਨਹੀਂ ਸੀ । ਪਰ ਪਾਕਿਸਤਾਨੀ ਗੇਂਦਬਾਜ਼ਾ ਨੇ ਲੋੜੀਂਦੇ ਰਨ ਨਹੀਂ ਬਨਾਉਂਣ ਦਿੱਤੇ । ਆਸਟਰੇਲੀਆ ਟੀਮ ਸ਼ੇਨ ਵਾਟਸਨ 8, ਡੇਵਿਡ ਵਾਰਨਰ 8,ਜੌਰਜ਼ ਬੈਲੇ 15,ਕਮਰੂਨ ਵਾਈਟ 12, ਮੈਕਸਵੇੱਲ 4, ਮੈਥਿਊ ਵਾਡੇ 13, ਮਾਈਕਲ ਹਸੀ ਦੇ ਅਜੇਤੂ 54 ਰਨਜ਼ ਸਹਾਰੇ 20 ਓਵਰਾਂ ਵਿੱਚ,5.85 ਦੀ ਔਸਤ ਨਾਲ 117/7 ਰਨ ਹੀ ਬਣਾ ਸਕੀ । ਸਾਈਦ ਅਜ਼ਮਲ ਨੇ 3 ,ਰਜ਼ਾ ਹੁਸੈਨ ਅਤੇ ਮੁਹੰਮਦ ਹਫ਼ੀਜ਼ 2-2 ਖਿਡਾਰੀਆਂ ਨੂੰ ਪਵੇਲੀਅਨ ਦੇ ਰਾਹ ਪਾਇਆ । ਮੈਨ ਆਫ਼ ਦਾ ਮੈਚ ਰਜ਼ਾ ਹਸਨ ਬਣਿਆਂ ।
ਅੱਜ ਹੋਣ ਵਾਲੇ ਮੈਚ ;-ਅੱਜ ਬੁੱਧਵਾਰ ਨੂੰ ਮਹਿਲਾ ਵਰਗ ਵਿੱਚ ਦੋ ਪਲੇਅ ਆਫ਼ ਮੈਚ ਖੇਡੇ ਜਾਣੇ ਹਨ । ਪਹਿਲੇ ਮੈਚ ਵਿੱਚ ਪਾਕਿਸਤਾਨ ਨੇ ਦੱਖਣੀ ਅਫਰੀਕਾ ਨਾਲ ਅਤੇ ਦੂਜੇ ਮੈਚ ਵਿੱਚ ਭਾਰਤ ਨੇ ਸ਼੍ਰੀਲੰਕਾ ਨਾਲ ਖੇਡਣਾ ਹੈ । ਇਸ ਤੋਂ ਪਹਿਲਾਂ 2009 ਅਤੇ 2010 ਵਿੱਚ ਹੋਏ ਦੋ ਵਿਸ਼ਵ ਕੱਪ ਮੁਕਾਬਲਿਆ ਸਮੇ ਪਲੇਅ ਆਫ਼  ਮੈਚ ਨਹੀਂ ਸਨ ਹੋਏ । ਭਲਕੇ ਇੰਗਲੈਂਡ ਨੇ ਨਿਊਜ਼ੀਲੈਂਡ ਨਾਲ ਪਹਿਲਾ ਸੈਮੀਫਾਈਨਲ ,ਅਤੇ ਸ਼ੁਕਰਵਾਰ ਨੂੰ ਆਸਟਰੇਲੀਆ ਨੇ ਵੈਸਟ ਇੰਡੀਜ਼ ਨਾਲ ਮੜਿੱਕਣਾ ਹੈ । ਵੀਰਵਾਰ ਅਤੇ ਸ਼ੁਕਰਵਾਰ ਨੂੰ ਪੁਰਸ਼ ਵਰਗ ਦੇ ਸੈਮੀਫਾਈਨਲ ਹੋਣੇ ਹਨ । ਵੀਰਵਾਰ ਨੂੰ ਸ਼੍ਰੀਲੰਕਾ ਨੇ ਪਾਕਿਸਤਾਨ ਨਾਲ ਪਹਿਲੇ ਸੈਮੀਫਾਈਨਲ ਵਿੱਚ, ਅਤੇ ਆਸਟਰੇਲੀਆ ਨੇ ਵੈਸਟ ਇੰਡੀਜ਼ ਨਾਲ ਸ਼ੁਕਰਵਾਰ ਨੂੰ ਦੂਜਾ ਸੈਮੀਫਾਈਨਲ ਖੇਡਣਾ ਹੈ । ਜੇਤੂਆਂ ਦੀ ਫਾਈਨਲ ਭਿੜਤ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ 7 ਅਕਤੂਬਰ ਨੂੰ 7.30 ਵਜੇ ਹੋਵੇਗੀ ।