Sunday, November 3, 2013

ਸਿੱਖ ਇਤਿਹਾਸ ਦਾ ਅਹਿਮ ਦਿਹਾੜਾ –ਦੀਵਾਲੀ



ਸਿੱਖ ਇਤਿਹਾਸ ਦਾ ਅਹਿਮ ਦਿਹਾੜਾ ਦੀਵਾਲੀ
                          ਰਣਜੀਤ ਸਿੰਘ ਪ੍ਰੀਤ
                             ਦੀਵਾਲੀ ਸਮੇ ਦੀ ਤੋਰ ਉੱਤੇ ਇੱਕ ਅਜਿਹਾ ਮੀਲ ਪੱਥਰ ਹੈ,ਜੋ ਇਤਿਹਾਸ ਦੇ ਪੰਨਿਆਂ ਤੋਂ ਕਦੇ ਅਲੋਪ ਨਹੀਂ ਹੋ ਸਕਦਾ । ਕਾਮਸੂਤਰ ਦੇ ਕਰਤਾ ਵਾਤਸਾਇਨ ਇਸ ਦੇ ਮਨਾਏ ਜਾਣ ਦਾ ਸਮਾਂ 400 ਪੂ ਈ ਮੰਨਦਾ ਹੈ,ਉਦੋਂ ਇਹ ਯਖ਼ਸ਼ ਰਾਤਰੀ ਵਜੋਂ ਮਨਾਇਆ ਜਾਂਦਾ ਸੀ । ਹੋਰਨਾਂ ਧਰਮਾਂ ਵਾਂਗ ਸਿੱਖ ਧਰਮ ਨਾਲ ਵੀ ਇਸ ਦਾ ਨਹੁੰ-ਮਾਸ ਵਾਲਾ ਰਿਸ਼ਤਾ ਹੈ । ਭਾਈ ਗੁਰਦਾਸ ਜੀ ਨੇ ਇਸ  ਤਿਓਂਹਾਰ ਬਾਰੇ ਇਓਂ ਜ਼ਿਕਰ ਕੀਤਾ ਹੈ ;-
ਦੀਵਾਲੀ ਕੀ ਰਾਤਿ ਦੀਵੇ ਬਾਲੀਅਨਿ
ਗੁਰਮੁਖਿ ਸੁਖ ਫਲ ਦਾਤਿ ਸ਼ਬਦਿ ਸਮਾਲੀਅਨਿ ।। 
ਬੰਦੀ-ਛੋੜ ਗੁਰੂ ਜੀ ਨਾਲ ਸਬੰਧਤ;-ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ 1610 ਵਿੱਚ ਮੁਗਲ ਬਾਦਸ਼ਾਹ ਨੇ ਧੋਖੇ ਨਾਲ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ । ਸਾਂਈਂ ਮੀਆਂ ਮੀਰ ਵੱਲੋਂ ਸਮਝਾਉਂਣ ਤੇ ਗੁਰੂ ਜੀ ਵੱਲੋਂ ਰੱਖੀ ਸ਼ਰਤ ਅਨੁਸਾਰ 52 ਉਮਰ ਕੈਦ ਭੁਗਤ ਰਹੇ ਰਾਜਿਆਂ ਨੂੰ ਵੀ ਜਹਾਂਗੀਰ ਵੱਲੋਂ ਰਿਹਾਅ ਕਰਨਾ ਪਿਆ । ਇਸ ਤਰ੍ਹਾਂ ਬੰਦੀ ਛੋੜ ਅਖਵਾਏ ਗੁਰੂ ਜੀ ਜਦ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤਾਂ ਪੂਰੀ ਖ਼ੁਸੀ ਮਨਾਈ ਗਈ । ਦੀਪਮਾਲਾ ਦੀ ਸ਼ੁਰੂਆਤ ਬਾਬਾ ਬੁੱਢਾ ਜੀ ਨੇ ਕੀਤੀ । ਜੋ ਅੱਜ ਤੱਕ ਜਾਰੀ ਹੈ ।
ਭਾਈ ਮਨੀ ਸਿੰਘ ਜੀ ਦੀ ਸ਼ਹਾਦਤ; ਜਦੋਂ ਸਿੰਘਾ ਦੇ ਬਿਸਤਰ ਘੋੜਿਆਂ ਦੀਆਂ ਕਾਠੀਆਂ ਅਤੇ ਘਰ ਜੰਗਲ ਬੇਲੇ ਸਨ ਅਤੇ ਜ਼ੁਬਾਂਨ ਚੋਂ ਇਹ ਸ਼ਬਦ ਨਿਕਲਿਆ ਕਰਦੇ ਸਨ ਕਿ
ਮੰਨੂੰ ਸਾਡੀ ਦਾਤਰੀ,ਅਸੀਂ ਮੰਨੂੰ ਦੇ ਸੋਏ,
ਜਿਓਂ ਜਿਓਂ ਸਾਨੂੰ ਵੱਢਦਾ,ਅਸੀਂ ਦੂਣ ਸਵਾਏ ਹੋਏ
ਤਾਂ ਇਸ ਰੱਤੇ ਮਹੌਲ ਵਿੱਚ ਭਾਈ ਮਨੀ ਸਿੰਘ ਨੇ ਲਾਹੌਰ ਦੇ ਸੂਬੇ ਜ਼ਕਰੀਆ ਖ਼ਾਨ ਨੂੰ 10 ਹਜ਼ਾਰ ਟੈਕਸ ਦੇਣਾ ਪ੍ਰਵਾਨ ਕਰਕੇ ਦੀਵਾਲੀ ਮਨਾਉਂਣ ਦੀ ਪ੍ਰਵਾਨਗੀ ਲੈ ਲਈ । ਪਰ ਸੂਬੇ ਦੇ ਮਨ ਦੀ ਬੁਰਾਈ ਉਦੋਂ ਸਾਦਹਮਣੇ ਆ ਗਈ ਜਦ ਫੌਜ ਵਿੱਚ ਹਲਚਲ ਵੇਖੀ ਗਈ। ਜਿਸ ਦਾ ਮੰਤਵ ਸਿੰਘਾਂ ਦਾ ਕਤਲੇਆਮ ਕਰਨਾ ਸੀ । ਅਜਿਹਾ ਵੇਖ ਭਾਈ ਸਾਹਿਬ ਨੇ ਸਿੰਘਾਂ ਨੂੰ ਨਾ ਆਉਂਡ ਲਈ ਸੰਦੇਸ਼ੇ ਭੇਜ ਦਿੱਤੇ ਅਤੇ ਦੀਵਾਲੀ ਮੇਲਾ ਨਾ ਭਰ ਸਕਿਆ । ਟੈਕਸ ਦੀ ਵਸੂਲੀ ਲਈ ਭਾਈ ਮਨੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਲਾਹੌਰ ਦੇ ਸੇਵਾਦਾਰ ਰਕਮ ਤਾਰਨ ਲਈ ਵੀ ਆਏ,ਪਰ ਭਾਈ ਸਾਹਿਬ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਵਰਜ ਦਿੱਤਾ । ਭਾਈ ਮਨੀ ਸਿੰਘ ਨੇ ਆਪਣੇ ਬਿਆਂਨ ਵਿੱਚ ਕਿਹਾ ਕਿ  ਇਸ ਵਿੱਚ ਸਾਰੀ ਗਲਤੀ ਸਰਕਾਰ ਦੀ ਹੈ । ਕਾਜ਼ੀ ਦੇ ਫ਼ਤਵੇ ਅਨੁਸਾਰ ਭਾਈ ਸਾਹਿਬ ਦਾ ਬੰਦ ਬੰਦ ਕੱਟਿਆ ਗਿਆ ।
ਸ਼ੇਰੇ ਪੰਜਾਬ ਅਤੇ ਦੀਵਾਲੀ;- 1833 ਦੀ ਦੀਵਾਲੀ ਮੌਕੇ ਅੰਮ੍ਰਿਤਸਰ ਵਿੱਚ ਰਹਿੰਦੀ ਸਿੱਖ ਫੌਜ ਨੂੰ ਸੁਰੀਲੀਆਂ ਧੁਨਾਂ ਦੀ ਗੂੰਜ ਵਿੱਚ ਦਰਬਾਰ ਸਾਹਿਬ ਜਾ ਕੇ ਇਸ਼ਨਾਨ ਕਰਨ ਲਈ ਆਦੇਸ਼ ਦਿੱਤਾ । ਇਸ ਦੇ ਨਾਲ ਹੀ ਉਹਨਾਂ ਚਾਂਦੀ ਦੇ ਚੋਭਾਂ ਵਾਲਾ ਤੰਬੂ ਵੀ ਦਰਬਾਰ ਸਾਹਿਬ ਦੀ ਭੇਂਟਾ ਕੀਤਾ । ਇਸ ਤੋਂ ਦੋ ਸਾਲ ਬਾਅਦ 1835 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ 511 ਸੋਨੇ ਦੀਆਂ ਮੁਹਰਾਂ ਵੀ ਭੇਂਟਾ ਕੀਤੀਆਂ ।
ਖ਼ਾਲਸੇ ਦੀ ਜਿੱਤ ; ਇਸ ਬਾਰੇ ਕਈ ਇਤਿਹਾਸਕਾਰਾਂ ਦਾ ਮੱਤ ਹੈ ਕਿ ਇਹ ਗੱਲ ਮੰਨਣਯੋਗ ਨਹੀਂ ਹੈ। ਪਰ ਜ਼ਿਕਰ ਵਿੱਚ ਲਿਆਦਾ ਜਾ ਰਿਹਾ ਹੈ ਕਿ 1778 ਦੀ ਦੀਵਾਲੀ ਸਮੇ ਸੰਗਤਾਂ ਦੇ ਇਕੱਠ ਸਦਕਾ ਚੜ੍ਹਾਵਾ ਰਾਸ਼ੀ ਬਹੁਤੀ ਵੇਖ ਕੁੱਝ ਲਾਲਚੀ ਅਨਸਰਾਂ ਨੇ ਅੱਧੀ ਰਾਸ਼ੀ ਦੀ ਮੰਗ ਰੱਖ ਦਿੱਤੀ । ਪਰ ਬਹੁਤ ਸ਼ਰਧਾਲੂਆਂ ਦਾ ਮੱਤ ਸੀ ਕਿ ਇਹ ਦਸਵੰਧ ਗੁਰੂ ਘਰ ਦਾ ਹੈ ,ਕਿਸੇ ਇੱਕ ਵਿਅਕਤੀ ਦਾ ਨਹੀਂ । ਅਖ਼ੀਰ ਦੋ ਪਰਚੀਆਂ ਸਰੋਵਰ ਵਿੱਚ ਸੁੱਟੀਆਂ ਗਈਆਂ,ਜਿਹਨਾਂ ਵਿੱਚੋਂ ਲਾਲਚੀਆਂ ਦੀ ਪਰਚੀ ਪਹਿਲਾਂ ਡੁੱਬ ਗਈ । ਭਾਈ ਲਾਹੌਰਾ ਸਿੰਘ ਦੇ ਲੜਕੇ ਦੀ ਕੁਸ਼ਤੀ ਭਾਈ ਕਾਹਨ ਸਿੰਘ ਦੇ ਲੜਕੇ ਮੀਰੀ ਸਿੰਘ ਨਾਲ ਹੋਈ । ਇਸ ਦਾ ਸਬੰਧ ਵੀ ਪਹਿਲੇ ਵਿਰੋਧ ਵਾਲਾ ਹੀ ਸੀ । ਰੱਖੀ ਸ਼ਰਤ ਅਨੁਸਾਰ ਮੀਰੀ ਸਿੰਘ ਦੀ ਜਿੱਤ ਸਦਕਾ ਲਾਲਚੀਆਂ ਦਾ ਬਹੁਤਾ ਹਿੱਸਾ ਖ਼ਾਲਸਾ ਪੰਥ ਨਾਲ ਜੁੜ ਗਿਆ ।
ਲਾਹੌਰ ਉੱਤੇ ਕਬਜ਼ੇ ਦਾ ਮਤਾ ਪਕਾਉਂਣਾ;-21 ਅਕਤੂਬਰ 1761 ਨੂੰ ਦੀਵਾਲੀ ਸਮੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖ਼ਾਲਸੇ ਨੇ ਮਤਾ ਪਾਸ ਕੀਤਾ ਕਿ ਲਾਹੌਰ ਉੱਤੇ ਕਬਜ਼ਾ ਕਰਿਆ ਜਾਵੇ ਅਤੇ ਸਿੱਕਾ ਵੀ ਚਲਾਇਆ ਜਾਵੇ । ਇਸ ਫ਼ੈਸਲੇ ਅਨੁਸਾਰ ਨਵੰਬਰ 1761 ਨੂੰ ਹੀ ਲਾਹੌਰ ਉੱਤੇ ਕਬਜ਼ਾ ਕਰਕੇ ਮਤੇ ਨੂੰ ਸੱਚ ਵਿੱਚ ਬਦਲਿਆ ਗਿਆ । ਜੱਸਾ ਸਿੰਘ ਦੇ ਗੱਦੀ ਨਸ਼ੀਨ ਬਣਨ ਬਾਰੇ ਇਹ ਵੇਰਵੇ ਵੀ ਮਿਲਦੇ ਹਨ;
ਸਿੱਕਾ ਜਦਦਰ ਯਹਾਂ ਫ਼ਜ਼ਲੇ ਖ਼ੁਦਾ,
ਮੁਲਕ ਐਹਮਦ ਗ੍ਰਿਫਤ ਜੱਸਾ ਕਲਾਲ ।
ਹੰਕਾਰੀ ਅਬਦਾਲੀ ਦੀ ਗੱਲ ਠੁਕਰਾਉਂਣਾ- ਅਭਿਮਾਨੀ ਅਬਦਾਲੀ ਜਦ ਸਿੰਘਾਂ ਦੇ ਸਿਰਾਂ ਨਾਲ ਭਰੇ 40 ਗੱਡੇ ਲੈ ਕੇ ਅੰਮ੍ਰਿਤਸਰ ਆਇਆ ਅਤੇ ਪਵਿਤਰ ਸਰੋਵਰ ਵਿੱਚ ਮਿੱਟੀ ਵੀ ਭਰਵਾ ਦਿੱਤੀ । ਦਹਿਸ਼ਤ ਫੈਲਾਉਂਣ ਦੇ ਇਰਾਦੇ ਨਾਲ ਸਿਰਾਂ ਨੂੰ ਮਿਨਾਰ ਵਾਂਗ ਚਿਣ ਦਿੱਤਾ । ਪਰ 1762 ਦੀ ਦੀਵਾਲੀ ਸਮੇ 60 ਲੱਖ ਸਿੰਘਾਂ ਦਾ ਇਕੱਠ ਸੁਣ ਕੇ ਉਸ ਨੇ ਸੁਲ੍ਹਾ ਸਫਾਈ ਦਾ ਕੁਟਲ ਰਸਤਾ ਚੁਣਿਆਂ । ਉਸ ਨੇ ਆਪਣਾਂ ਦੂਤ ਵੀ ਭੇਜਿਆ ਜਿਸ ਨੂੰ ਸਿੰਘਾਂ ਨੇ ਬੇਰੰਗ ਹੀ ਵਾਪਸ ਮੋੜ ਦਿੱਤਾ ।
ਮੌਸਮੀ ਅਤੇ ਸਫਾਈ ਦਾ ਤਿਓਹਾਰ;- ਦੂਸਰੇ ਧਰਮਾਂ ਦੇ ਲੋਕਾਂ ਵਾਂਗ ਸਿੱਖ ਵੀ ਸਮਾਜਿਕ ਸਫਾਈ ਮੁਹਿੰਮ ਦੇ ਭਾਗੀਦਾਰ ਬਣਿਆਂ ਕਰਦੇ ਹਨ । ਚੀਕਣੀ ਮਿਟੀ ਦੇ ਪੋਚੇ ਦੀ ਥਾਂ ਹੁਣ ਨਵੇਂ ਰੰਗ ਰੋਗਨ ਨੇ ਲੈ ਲਈ ਹੈ । ਕੁੱਝ ਲੋਕ ਜੂਆ ਖੇਡਦੇ ਲੜ ਪਿਆ ਕਰਦੇ ਹਨ । ਇਸ ਦਿਨ ਸ਼ਰਾਬ ਦੀ ਵਰਤੋਂ ਕਰਨਾ ਵੀ ਸ਼ੋਭਾ ਨਹੀਂ ਦਿੰਦਾ । ਕਿਓਂਕਿ ਨਕਲੀ ਮਠਿਆਈ,ਮਿਲਾਵਟੀ ਸਮਾਨ,ਪਟਾਖਿਆਂ ਦੇ ਸ਼ੋਰ ਪ੍ਰਦੂਸ਼ਣ,ਵਾਤਾਵਰਣ ਪ੍ਰਦੂਸ਼ਣ ਨੇ ਵੀ ਸਿਹਤ ਖਿਲਵਾੜ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਹੁੰਦੀ । ਰੌਸ਼ਨੀ ਨਾਲ ਜਿਵੇਂ ਘਰ ਦਾ ਹਰ ਕੋਨਾ ਰੁਸ਼ਨਾਉਂਣ ਦਾ ਯਤਨ ਕਰਦੇ ਹਾਂ ,ਇਵੇਂ ਹੀ ਮਨਾਂ ਅੰਦਰ ਵੀ ਤੰਦਰੁਸਤ ਸੋਚ ਦੇ ਦੀਵਿਆਂ ਦੀ ਰੌਸਨੀ ਕਰਨਾਂ ਜ਼ਰੂਰੀ ਹੈ । ਇਹ ਤਿਓਹਾਰ ਅਜਿਹੀ ਪ੍ਰੇਰਨਾ ਦਿੰਦਾ ਹਰ ਸਾਲ ਮੋਹ ਦੇ ਦੀਵੇ ਦੀ ਰੌਸ਼ਨੀ ਨਾਲ ਸਾਂਝੀਵਾਲਤਾ ਦਾ ਸੰਦੇਸ਼ਾ ਦੇ ਕੇ ਲੰਘ ਜਾਂਦਾ ਹੈ ਅਤੇ ਅਸੀਂ ਇੱਕ ਵਾਰ ਫਿਰ ਅਗਲੇ ਸਾਲ ਲਈ ਉਡੀਕ ਵਿੱਚ ਜੁਟ ਜਾਂਦੇ ਹਾਂ ।
ਰਣਜੀਤ ਸੰਘ ਪ੍ਰੀਤ
ਭਗਤਾ (ਬਠਿੰਡਾ)151206
ਬੇ-ਤਾਰ;98157-07232

No comments:

Post a Comment