Tuesday, September 11, 2012

ਅਮਰੀਕੀ ਓਪਨ ਖ਼ਿਤਾਬ ਸੇਰੇਨਾ ਨੇ ਜਿੱਤਿਆ,ਖੁਸ਼ੀ ਨਾਲ ਮਨਾਊ 26 ਸਤੰਬਰ ਨੂੰ 31 ਵਾਂ ਜਨਮ ਦਿਨ


ਅਮਰੀਕੀ ਓਪਨ ਖ਼ਿਤਾਬ ਸੇਰੇਨਾ ਨੇ ਜਿੱਤਿਆ,ਖੁਸ਼ੀ ਨਾਲ ਮਨਾਊ 26 ਸਤੰਬਰ ਨੂੰ 31 ਵਾਂ ਜਨਮ ਦਿਨ
ਰਣਜੀਤ ਸਿੰਘ ਪ੍ਰੀਤ
ਮੀਂਹ ਪੈਣ ਕਾਰਣ ਇੱਕ ਦਿਨ ਲੇਟ ਖੇਡੇ ਗਏ ਫਾਈਨਲ ਵਿੱਚ ਅਮਰੀਕਾ ਦੀ ਚੌਥਾ ਦਰਜਾ ਪ੍ਰਾਪਤ ਸੇਰੇਨਾ ਵਿਲਿਅਮਜ ਨੇ ਬੀਤੀ ਰਾਤ ਆਰਥਰ ਐਸ਼ ਸਟੇਡੀਅਮ ਅਮਰੀਕਾ ਵਿੱਚ ਪਹਿਲੇ ਦਰਜੇ ਵਾਲੀ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੂੰ 6-2,2-6,7-5 ਨਾਲ ਹਰਾਕੇ ਅਮਰੀਕੀ ਓਪਨ ਟੇਨਿਸ ਦਾ ਖ਼ਿਤਾਬ ਜਿੱਤ ਲਿਆ । ਇਹ ਉਸਦੇ ਟੇਨਿਸ ਕੈਰੀਅਰ ਦਾ 15 ਵਾਂ ਗਰੈਂਡਸਲੈਮ ਅਤੇ ਅਮਰੀਕੀ ਓਪਨ ਦਾ ਚੌਥਾ ਖ਼ਿਤਾਬ ਹੈ । ਸੇਰੇਨਾ 1995 ਤੋਂ ਮਗਰੋਂ ਦੀ ਅਜਿਹੀ ਖਿਡਾਰਨ ਬਣ ਗਈ ਹੈ ਜਿਸ ਨੇ ਵਿੰਬਲਡਨ,ਓਲੰਪਿਕ ਅਤੇ ਅਮਰੀਕੀ ਓਪਨ ਖ਼ਿਤਾਬ ਜਿੱਤਿਆ ਹੈ । ਇਸ ਫਾਈਨਲ ਨੇ 1995 ਤੋਂ ਮਗਰੋਂ ਇਹ ਰਿਕਾਰਡ ਵੀ ਬਣਾਇਆਂ ਹੈ ਕਿ ਇਹ ਤਿੰਨ ਸੈਟਾਂ ਤੱਕ ਚੱਲਿਆ । ਸਨ 1995 ਵਿੱਚ ਮੋਨਿਕਾ ਸੈਲੇਸ ਅਤੇ ਸਟੈਫੀ ਗਰਾਫ਼ ਦਾ ਫਾਈਨਲ ਮੁਕਾਬਲਾ ਤੀਜੇ ਸੈੱਟ ਤੱਕ ਚੱਲਿਆ ਸੀ । ਇਹਦੇ ਵਾਂਗ ਇਸ ਤੋਂ ਪਹਿਲਾਂ ਇਹਦੀ ਭੈਣ ਵੀਨਸ ਵਿਲਿਅਮ ਅਤੇ ਸਟੈਫ਼ੀ ਗਰਾਫ਼ ਹੀ ਅਜਿਹਾ ਕਰ ਸਕੀਆਂ ਸਨ । ਫਾਈਨਲ ਮੈਚ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦ ਸੇਰੇਨਾ ਤੀਜੇ ਸੈੱਟ ਵਿੱਚ ਦੋ ਵਾਰ ਇੱਕ ਬ੍ਰੇਕ ਨਾਲ ਪਛੜ ਗਈ ਸੀ । ਪਰ ਉਸ ਨੇ ਆਪਣੇ ਲੰਬੇ ਤਜੁਰਬੇ ਦਾ ਲਾਹਾ ਲੈਂਦਿਆਂ 2 ਘੰਟੇ 18 ਮਿੰਟ ਤੱਕ ਚੱਲੇ ਇਸ ਫਾਈਨਲ ਨੂੰ ਜਿੱਤਣ ਵਿੱਚ ਸਫ਼ਲਤਾ ਹਾਸਲ ਕਰ ਲਈ । ਇਸ ਤੋਂ ਪਹਿਲਾਂ 1981 ਵਿੱਚ ਫਾਈਨਲ ਲੰਬਾ ਸਮਾਂ ਚੱਲਿਆ ਸੀ । ਉਂਜ ਅਮਰੀਕੀ ਓਪਨ ਵਿੱਚ 2011 ਨੂੰ 3 ਘੰਟੇ 16 ਮਿੰਟ ਤੱਕ ਚੱਲੇ ਮੈਚ ਦਾ ਰਿਕਾਰਡ ਹੈ । ਸੇਰੇਨਾ ਨੇ ਬਹੁਤ ਹੀ ਖ਼ੁਸ ਮਿਜ਼ਾਜ ਅੰਦਾਜ਼ ਵਿੱਚ ਮੀਡੀਆ ਵੱਲੋਂ ਪੁੱਛੇ ਗਏ ਸੁਆਲਾਂ ਦਾ ਜਵਾਬ ਬੇਬਾਕੀ ਨਾਲ ਦਿੰਦਿਆਂ ਕਿਹਾ ਕਿ ਮੈਨੂੰ ਤਾਂ ਅਜੇ ਵੀ ਯਕੀਨ ਨਹੀਂ ਆ ਰਿਹਾ ਕਿ ਮੈ ਜਿੱਤ ਗਈ ਹਾਂ । ਮੈ ਤਾਂ ਮੀਡੀਏ ਨੂੰ ਜਵਾਬ ਦੇਣ ਲਈ ਉਪ-ਵਿਜੇਤਾ ਵਜੋਂ ਸਪੀਚ ਦੇਣ ਲਈ ਤਿਆਰੀ ਕਰਕੇ ਆਈ ਸੀ । ਓਪਨ ਖ਼ਿਤਾਬ ਦੀਆਂ ਜੇਤੂ ਰਹਿਣ ਵਾਲੀਆਂ ਵਡੇਰੀ ਉਮਰ ਦੀਆਂ ਖਿਡਾਰਨਾਂ ਵਿੱਚ ਵੀ ਸੇਰੇਨਾ ਦਾ ਨਾਅ ਦਰਜ ਹੋ ਗਿਆ ਹੈ । ਸੇਰੇਨਾ 26 ਸਤੰਬਰ ਨੂੰ 31 ਸਾਲਾਂ ਦੀ ਹੋ ਰਹੀ ਹੈ । ਇਸ ਤਹਿਤ ਅਮਰੀਕੀ ਓਪਨ ਜਿੱਤਣ ਵਾਲੀ ਇਹ ਦੂਜੀ ਖਿਡਾਰਨ ਬਣ ਗਈ ਹੈ । ਇਸ ਤੋਂ ਪਹਿਲਾਂ  ਆਸਟਰੇਲੀਆ ਦੀ ਮਾਰਗਰੇਟ ਨੇ 1973 ਵਿੱਚ ਖਿਤਾਬ ਜਿੱਤਿਆ ਤਾਂ ਉਹਦੀ ਉਮਰ 31 ਸਾਲ ਇੱਕ ਮਹੀਨਾ ਸੀ । ਮਾਰਟੀਨਾ ਨਵਰਾਤੀਲੋਵਾ ਦੀ ਉਮਰ 1987 ਵਿੱਚ ਅਮਰੀਕੀ ਓਪਨ ਜਿੱਤਣ ਸਮੇਂ 30 ਸਾਲ ਤੋਂ ਵੱਧ ਸੀ । ਸੇਰੇਨਾ ਨੇ ਇਸ ਜਿੱਤ ਨਾਲ ਟਰਾਫ਼ੀ ਸਮੇਤ 420000 ਡਾਲਰ ਦੀ ਰਾਸ਼ੀ ਵੀ ਹਾਸਲ ਕੀਤੀ ਹੈ ।ਉਸ ਨੇ ਟੂਰਨਾਂਮੈਂਟ ਦੇ ਮਾਧਿਅਮ ਨਾਲ 40090142 ਡਾਲਰ (222 ਕਰੋੜ 58 ਲੱਖ ਰੁਪਏ) ਵੀ ਇਨਾਮੀ ਰਕਮ ਵਜੋਂ ਕਮਾਏ ਹਨ । ਉਹਦਾ ਇਹ ਵੀ ਰਿਕਾਰਡ ਬਣਿਆਂ ਹੈ ।
                ਸੇਰੇਨਾ ਨੇ ਅਮਰੀਕੀ ਓਪਨ ਖ਼ਿਤਾਬ ਇਸ ਤੋਂ ਪਹਿਲਾਂ 1999,2002,2008 ਵਿੱਚ ਜਿੱਤਿਆ ਹੈ । ਇਸ ਤੋਂ ਇਲਾਵਾ ਫਰੈਂਚ ਓਪਨ 2002,ਆਸਟਰੇਲੀਆ ਓਪਨ 2003,2005,2007,2009,2012 ਵਿੱਚ ਜਿੱਤੀ ਹੈ । ਵਿੰਬਿਲਡਨ ਖ਼ਿਤਾਬ ਪੰਜ ਵਾਰ 2002,2003,2009,2010,ਅਤੇ 2012 ਵਿੱਚ ਜਿੱਤਿਆ ਹੈ । ਮੈਚ ਦੀ ਸਮਾਪਤੀ ਮੌਕੇ ਅਜਾਰੇਕਾ ਨੇ ਕਿਹਾ ਕਿ ਸੇਰੇਨਾ ਹੀ ਇਸ ਜਿੱਤ ਦੀ ਹੱਕਦਾਰ ਸੀ । ਮੈਨੂੰ ਖੁਸ਼ੀ ਹੈ ਕਿ ਮੈ ਉਪ-ਵਿਜੇਤਾ ਬਣੀ ਹਾਂ । ਮੈਨੂੰ ਕੋਈ ਪਛਤਾਵਾ ਜਾਂ ਅਫਸੋਸ ਨਹੀਂ ਹੈ,ਉਸ ਨੇ ਸੇਰੇਨਾ ਨੂੰ ਜਿੱਤ ਲਈ ਮੁਬਾਰਕਬਾਦ ਵੀ ਦਿੱਤੀ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232
*************************************************************

No comments:

Post a Comment