Saturday, September 1, 2012

ਸ਼ਮ੍ਹਾਂ ਮੈਗ਼ਜ਼ੀਨ ਨੇ ਕਰਾਈ ਅੰਮ੍ਰਿਤਾ ਅਤੇ ਇਮਰੋਜ਼ ਦੀ ਮੁਲਾਕਾਤ


   ਸ਼ਮ੍ਹਾਂ ਮੈਗ਼ਜ਼ੀਨ ਨੇ ਕਰਾਈ ਅੰਮ੍ਰਿਤਾ ਅਤੇ ਇਮਰੋਜ਼ ਦੀ ਮੁਲਾਕਾਤ
                                ਰਣਜੀਤ ਸਿੰਘ ਪ੍ਰੀਤ
                  ਕੱਲ੍ਹ 31 ਅਗਸਤ ਮਰਦਾਂ ਵਰਗੀ ਔਰਤ ਅੰਮ੍ਰਿਤ ਕੌਰ ਦਾ ਜਨਮ ਦਿਨ ਸੀ । ਜਿਸ ਦਾ ਪਹਿਲਾ ਵਿਆਹ ਸੰਪਾਦਕ ਪ੍ਰੀਤਮ ਸਿੰਘ ਨਾਲ 1935 ਨੂੰ 16 ਸਾਲ ਦੀ ਉਮਰ ਵਿੱਚ ਹੋਇਆ ਸੀ ਅਤੇ ਉਹ ਅੰਮ੍ਰਿਤਾ ਪ੍ਰੀਤਮ ਅਖਵਾਉਂਣ ਲੱਗੀ । ਦੇਸ਼ ਦੀ ਵੰਡ ਸਮੇ 28 ਸਾਲਾਂ ਦੀ ਗਰਭਵਤੀ ਅੰਮ੍ਰਿਤਾ ਨੇ ਲੋਕਾਂ ਦੀ ਦੁਰਦਸ਼ਾ ਵੇਖ ਕਿ ਵਾਰਸ ਸ਼ਾਹ ਨੂੰ ਹਾਕਾਂ ਮਾਰੀਆਂ ਸਨ ਕਿ ਕਬਰਾਂ ਵਿੱਚੋਂ ਉਠ ਕੇ ਵੇਖ ਕੀ ਕੀ ਹੋ ਰਿਹਾ ਹੈ ? ਫਿਰ ਦਿੱਲੀ  ਵਸੀ ਅੰਮ੍ਰਿਤਾ ਨੇ ਨਾਗਮਣੀ ਵਰਗੇ ਸਾਹਿਤਕ ਮੈਗ਼ਜ਼ੀਨ ਦੇ ਨਾਲ ਨਾਲ 100 ਦੇ ਕਰੀਬ ਕਿਤਾਬਾਂ ਵੀ ਲਿਖੀਆਂ,ਪਿੰਜਰ ਅਤੇ ਰਸੀਦੀ ਟਿਕਟ ਵੀ ਉਹਦੇ ਹਾਸਲ ਰਹੇ । ਦੇਸ਼ ਦੇ ਵੱਡੇ ਵੱਡੇ ਇਨਾਮ ਸਨਮਾਨ ਹਾਸਲ ਕੀਤੇ । ਜਦ 1960 ਵਿੱਚ ਉਹ ਸਾਹਿਰ ਲੁਧਿਆਣਵੀ ਦੇ ਨੇੜੇ ਆਈ ਤਾਂ ਪ੍ਰੀਤਮ ਸਿੰਘ ਤੋਂ ਤਲਾਕ ਲੈ ਲਿਆ । ਪਰ ਇਸ ਤੋਂ ਉਲਟ ਸਾਹਿਰ ਦੀ ਨੇੜਤਾ ਗਾਇਕਾ ਸੁਧਾ ਮਲਹੋਤਰਾ ਨਾਲ ਹੋ ਗਈ । ਅੰਮ੍ਰਿਤਾ ਨੇ ਇਸ ਦੁਖ ਨੂੰ ਲੈ ਕੇ ਕਿਤਾਬ ਸੁਨੇਹੜੇ ਲਿਖੀ । ਜਿਸ ਨੇ ਇਹ ਪੜ੍ਹੀ ਹੈ ਉਹ ਇਸ ਤੋਂ ਸਾਰਾ ਕੁੱਝ ਸਮਝ ਸਕਿਆ ਹੋਵੇਗਾ ।
                    ਅੰਮ੍ਰਿਤਾ ਨੇ ਔਰਤ ਦੀ ਤਰਾਸਦੀ ਨੂੰ ਬਿਆਂਨ ਕਰਦਿਆਂ ਔਰਤ ਇੱਕ ਦ੍ਰਿਸ਼ਟੀਕੋਣ ਲਿਖੀ। ਉਸ ਨੇ ਮੁੰਡਿਆਂ ਦੇ ਜਨਮ ਦਿਨਾਂ ਨਾਲ ਸਬੰਧਤ ਲੋਹੜੀ ਵਰਗੇ ਤਿਓਹਾਰਾਂ ਨੂੰ ਵੀ ਨਿੰਦਿਆਂ,ਏਥੋਂ ਤੱਕ ਕਿ ਬੰਦ ਕਰ ਦੇਣ ਦਾ ਵੀ ਹੋਕਾ ਦਿੱਤਾ । ਜਿੰਨ੍ਹਾਂ ਨਾਲ ਲੜਕੀਆਂ ਦੀ ਮਾਨਸਿਕਤਾ ਨੂੰ ਖ਼ੋਰਾ ਲਗਦਾ ਹੈ । ਅੰਮ੍ਰਿਤਾ ਦੀਆਂ ਬਹੁਤੀਆਂ ਕਿਤਾਬਾਂ ਉੱਤੇ ਇਮਰੋਜ਼ ਦੇ ਹੀ ਬਣਾਏ ਹੋਏ ਪੈੱਨ ਸਕੈੱਚ ਹਨ । ਇਮਰੋਜ਼ ਇੱਕ ਅਜਿਹਾ ਨਾਅ ਹੈ, ਜਿਸ ਨੂੰ ਬਹੁਤ ਸਾਰੇ ਲੋਕ ਮੁਸਲਮਾਨ ਮੰਨਦੇ ਹਨ । ਬਹੁਤਿਆਂ ਨੂੰ ਅੱਜ ਵੀ ਅਸਲੀਅਤ ਦਾ ਪਤਾ ਨਹੀਂ ਹੈ । ਅੱਜ ਏਸੇ ਜਾਣਕਾਰੀ ਦੇ ਮਕਸਦ ਨਾਲ ਇਹ ਸੰਖੇਪ ਜਿਹਾ ਵੇਰਵਾ ਤੁਹਾਡੇ ਸਭ ਲਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ।
                     ਅੰਮ੍ਰਿਤਾ ਦੀ ਇੱਕ ਉਰਦੂ ਵਿੱਚ ਅਨੁਵਾਦ ਕੀਤੀ ਰਚਨਾ ਤਜ਼ਾਰਤ ਦਾ ਸੁਆਲ 1958 ਨੂੰ ਉਰਦੂ ਮੈਗ਼ਜ਼ੀਨ ਸ਼ਮ੍ਹਾਂ ਵਿੱਚ ਛਪੀ । ਇਸ ਤੋਂ ਅੱਗੇ ਇੱਕ ਹੋਰ ਕਹਾਣੀ ਸੀ ਰੁਖਸਾਰੋਂ ਪਰ ਖਿਲੇ ਗੁਲਾਬ ਇਸ ਕਹਾਣੀ ਨਾਲ ਸਬੰਧਤ ਜੋ ਖ਼ੂਬਸੂਰਤ ਔਰਤ ਦਾ ਖੁਸ਼ਮਿਜਾਜ਼ ਚਿਹਰਾ ਚਿਤਰਿਆ ਗਿਆ ਸੀ,ਉਸ ਦੀਆਂ ਗੱਲ੍ਹਾਂ ਉੱਤੇ ਖਿੜੇ ਗੁਲਾਬ ਦੇ ਮਨਮੋਹਕ ਫੁੱਲ ਉਲੀਕੇ ਹੋਏ ਸਨ । ਇਹ ਸਾਰੀ ਸੋਚ ਅਤੇ ਮਿਹਨਤ ਮੈਗ਼ਜ਼ੀਨ ਵਿੱਚ ਆਰਟਿਸਟ ਵਜੋਂ ਕੰਮ ਕਰਦੇ ਇੰਦਰਜੀਤ ਦੀ ਸੀ । ਜਦ ਮੈਗ਼ਜ਼ੀਨ ਅੰਮ੍ਰਿਤਾ ਕੋਲ ਪਹੁੰਚਿਆ ਤਾਂ ਉਹ ਇਸ ਤਸਵੀਰ ਤੋਂ ਬਹੁਤ ਪ੍ਰਭਾਵਿਤ ਹੋਈ । ਉਸ ਨੇ ਆਪਣੀ ਅਗਲੀ ਕਿਤਾਬ ਉੱਤੇ ਅਜਿਹਾ ਚਿਤਰ ਬਨਵਾਉਣ ਲਈ ਮਨ ਵਿੱਚ ਆਈ ਗੱਲ ਨੂੰ ਕਰਮਜੀਤ ਸਿੰਘ ਔਜਲਾ ਨਾਲ ਸਾਂਝਾ ਕੀਤਾ । ਔਜਲਾ ਨੇ ਭਾਪਾ ਪ੍ਰੀਤਮ ਸਿੰਘ ਪ੍ਰੈੱਸ ਵਾਲਿਆਂ ਨਾਲ ਇਹ ਗੱਲ ਸਾਂਝੀ ਕੀਤੀ,ਤਾਂ ਉਹਨਾਂ ਅੱਗੋਂ ਇਹ ਕੰਮ ਹਜ਼ਾਰਾ ਸਿੰਘ ਦੇ ਜ਼ਿੰਮੇ ਲਗਾ ਦਿੱਤਾ । ਜ਼ਿੰਮੇਵਾਰੀ ਸਮਝਦਿਆਂ ਅਤੇ ਅੰਮ੍ਰਿਤਾ ਦੀ ਗੱਲ ਨੂੰ ਨੇਪਰੇ ਚਾੜ੍ਹਨ ਦੇ ਇਰਾਦੇ ਨਾਲ ਹਜ਼ਾਰਾ ਸਿੰਘ ਜੀ ਸ਼ਮ੍ਹਾਂ ਮੈਗਜ਼ੀਨ ਦੇ ਦਫ਼ਤਰ ਜਾ ਪਹੁੰਚੇ । ਉਹਨਾਂ ਨੇ ਚੌਥੀ ਮੰਜ਼ਿਲ ਉੱਤੇ ਕੰਮ ਕਰ ਰਹੇ ਇੰਦਰਜੀਤ ਕੋਲ ਅੰਮ੍ਰਿਤਾ ਪ੍ਰੀਤਮ ਦੇ ਨਾਅ ਵਾਲੀ ਸਲਿੱਪ ਭੇਜ ਦਿੱਤੀ ।
                ਇੰਦਰਜੀਤ ਨੇ ਸਲਿੱਪ ਪੜ੍ਹੀ ਅਤੇ ਹੇਠਾਂ ਉੱਤਰ ਆਇਆ । ਹਜ਼ਾਰਾ ਸਿੰਘ ਨੂੰ ਮਿਲਿਆ,ਅਤੇ ਸਾਰੀ ਗੱਲ ਸੁਣੀ-ਸਮਝੀ । ਇੰਦਰਜੀਤ ਉਸ ਨੂੰ ਆਪਣੇ ਦਫ਼ਤਰ ਵਿੱਚ ਲੈ ਗਿਆ  ਅਤੇ ਸ਼ਮ੍ਹਾਂ ਵਿਚਲੇ ਚਿਤਰ ਤੋਂ ਵੀ ਕਈ ਗੁਣਾ ਵਧੀਆ ਚਿਤਰ ਬਣਾ ਦਿੱਤੇ । ਇਹ ਚਿਤਰ ਇੱਕ ਥਾਂ ਇਕੱਠੇ ਕਰਦਿਆਂ ਅੰਮ੍ਰਿਤਾ ਨੂੰ ਪੇਸ਼ ਕਰਕੇ ਪਸੰਦ ਕਰਨ ਦੇ ਇਰਾਦੇ ਨਾਲ ਹਜ਼ਾਰਾ ਸਿੰਘ ਨੂੰ ਸੌਂਪ ਦਿੱਤੇ ਅਤੇ ਹੇਠਾਂ ਆਪਣਾ ਨਾਅ ਇੰਦਰਜੀਤ ਲਿਖਣ ਦੀ ਬਜਾਇ ਲਿਖ ਦਿੱਤਾ ਆਈ ਐਮ ਰੋਜ਼ ਬੱਸ ਇਹ ਨਾਅ ਅੰਮ੍ਰਤਾ ਲਈ ਇਮਰੋਜ਼ ਬਣ ਗਿਆ ,ਫਿਰ ਅੰਤਲੇ ਸਾਹਾਂ ਤੱਕ ਅੰਮ੍ਰਿਤਾ 40 ਸਾਲ ਉਹਦੇ ਨਾਲ ਹੀ ਰਹੀ ਅਤੇ ਅੰਮ੍ਰਿਤਾ ਇਮਰੋਜ਼ ਅਖਵਾਉਣ ਵਿੱਚ ਵੀ ਮਾਣ ਮਹਿਸੂਸ ਕੀਤਾ ।
ਰਣਜੀਤ ਸਿੰਘ ਪ੍ਰੀਤ
98157-07232                    

No comments:

Post a Comment