Saturday, December 1, 2012

ਨਹੀਂ ਰਹੇ ਸਾਫ਼-ਸੁਥਰੀ ਸ਼ਵੀ ਵਾਲੇ ਪ੍ਰਧਾਨ ਮੰਤਰੀ ਗੁਜ਼ਰਾਲ ਜੀ


ਸ਼ਰਧਾਂਜਲੀ

   ਨਹੀਂ ਰਹੇ ਸਾਫ਼-ਸੁਥਰੀ ਸ਼ਵੀ ਵਾਲੇ ਪ੍ਰਧਾਨ ਮੰਤਰੀ ਗੁਜ਼ਰਾਲ ਜੀ
                                 ਰਣਜੀਤ ਸਿੰਘ ਪ੍ਰੀਤ
                         ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਆਈ ਕੇ ਗੁਜ਼ਰਾਲ ਜੀ ਨੂੰ ਭਾਵੇਂ ਪਿਛਲੇ ਸਾਲ ਤੋਂ ਹੀ ਡਾਇਲਸਿਸ ਦੇ ਸਹਾਰੇ ਸਮਾਂ ਲੰਘਾਉਣਾ ਪੈ ਰਿਹਾ ਸੀ । ਪਰ ਹੁਣ 19 ਨਵੰਬਰ ਨੂੰ ਫੇਫੜਿਆਂ ਦੀ ਇਨਫੈਕਸ਼ਨ ਸਦਕਾ ਗੁੜਗਾਉਂ ਦੇ ਮੈਡੀਸਿਟੀ ਮਿਡਾਂਟਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਸ ਦਿਨ ਤੋਂ ਹੀ ਉਹ ਵੈਂਟੀਲੇਟਰ ਸਹਾਰੇ ਜ਼ਿੰਦਗੀ ਦੀ ਆਖ਼ਰੀ ਲੜਾਈ ਲੜ ਰਹੇ ਸਨ । ਪਰ ਅੱਜ ਸ਼ੁਕਰਵਾਰ ਨੂੰ ਉਹ ਹਸਪਤਾਲ ਵਿੱਚ ਹੀ 3.31 ਵਜੇ ਜ਼ਿੰਦਗੀ ਦੀ ਆਖ਼ਰੀ ਲੜਾਈ ਹਾਰ ਗਏ । ਦੇਸ਼ ਵਿੱਚ ਸ਼ੋਕ ਦੀ ਲਹਿਰ ਫੈਲ ਗਈ ।
           ਅੱਜ ਦੇ ਘੁਟਾਲਿਆਂ ਵਾਲੇ ਦੌਰ ਵਿੱਚ ਕਿਸੇ ਵਿਅਕਤੀ ਦਾ ਅਜਿਹਾ ਹੋਣਾ ਜਿਸ ਉੱਤੇ ਅਜਿਹਾ ਕੋਈ ਇਲਜ਼ਾਮ ਨਾ ਲੱਗਿਆ ਹੋਵੇ,ਲੱਭਣਾ ਬਹੁਤ ਮੁਸ਼ਕਲ ਹੈ । ਪਰ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਜੋ ਅੱਜ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਹੇ । ਇਸ ਗੱਲ ਤੇ ਖ਼ਰੇ ਉਤਰਦੇ ਹਨ । ਜਿੰਨਾਂ ਦਾ ਜਨਮ 4 ਦਸੰਬਰ 1919 ਨੂੰ ਜਿਹਲਮ ,ਪੰਜਾਬ (ਪਾਕਿਸਤਾਨ) ਵਿੱਚ ਅਵਤਾਰ ਨਰਾਇਣ ਗੁਜ਼ਰਾਲ ਅਤੇ ਪੁਸ਼ਪਾ ਦੇਵੀ ਗੁਜ਼ਰਾਲ ਦੇ ਘਰ ਹੋਇਆ । ਉਹ ਉਰਦੂ ਤੋਂ ਇਲਾਵਾ ਪੰਜਾਬੀ ,ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਚੰਗੇ ਗਿਆਤਾ ਸਨ । ਉਹਨਾਂ ਨੇ ਐਮ ਏ,ਬੀ ਕਾਮ,ਪੀਐਚ ਡੀ,ਅਤੇ ਡੀ ਲਿਟ ਵਰਗੀਆਂ ਡਿਗਰੀਆਂ ਵੀ ਹਾਸਲ ਕੀਤੀਆਂ । ਦੇਸ਼ ਦੇ 12 ਵੇਂ ਪ੍ਰਧਾਨ ਮੰਤਰੀ ਵਜੋਂ ਉਹਨਾਂ 21 ਅਪ੍ਰੈਲ 1997 ਤੋਂ 19 ਮਾਰਚ 1998 ਤੱਕ ਦੇਸ਼ ਦੀ ਵਾਗਡੋਰ ਸੰਭਾਲੀ । ਆਜ਼ਾਦੀ ਸੰਗਰਾਮੀਏ ਵਜੋਂ ਕੁਇਟ ਇੰਡੀਆ ਮੂਵਮੈਂਟ ਤਹਿਤ 1942 ਵਿੱਚ ਜੇਲ੍ਹ ਯਾਤਰਾ ਕਰਨ ਵਾਲੇ ਅਤੇ 26 ਮਈ 1945 ਨੂੰ ਸ਼ੀਲਾ ਗੁਜ਼ਰਾਲ ਨਾਲ ਵਿਆਹੁਤਾ ਜ਼ਿੰਦਗੀ ਸ਼ੁਰੂ ਕਰਨ ਵਾਲੇ,ਗੁਜ਼ਰਾਲ ਜੀ 1975 ਵਿੱਚ ਇਨਫਰਮੇਸ਼ਨ ਅਤੇ ਬਰਾਡਕਾਸਟਿੰਗ ਮਨਿਸਟਰ ਰਹਿਣ ਤੋਂ ਇਲਾਵਾ ਸੋਵੀਅਤ ਸੰਘ ਵਿਖੇ ਭਾਰਤੀ ਰਾਜਦੂਤ ਵੀ ਰਹੇ । ਬਹੁਤ ਸਾਰੇ ਮੁਲਕਾਂ ਦੀ ਯਾਤਰਾ ਕਰਨ ਵਾਲੇ ਗੁਜ਼ਰਾਲ ਜੀ ਹੁਣ ਵੀ ਦਰਜਨਾ ਸੰਸਥਾਵਾਂ ਦੇ ਅਹੁਦੇਦਾਰ ਸਨ ।
                ਇੰਦਰ ਕੁਮਾਰ ਗੁਜ਼ਰਾਲ ਜੀ ਨੇ ਜੁਲਾਈ 1980 ਵਿੱਚ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਜਨਤਾ ਦਲ ਨੂੰ ਅਪਣਾਅ ਲਿਆ । ਜਦ 1989 ਵਿੱਚ ਚੋਣਾਂ ਹੋਈਆ ਤਾਂ ਉਹ ਜਲੰਧਰ ਤੋਂ ਚੋਣ ਜਿੱਤ ਕੇ ਸੰਸਦ ਮੈਬਰ ਬਣ ਗਏ ਅਤੇ ਵੀ ਪੀ ਸਿੰਘ ਦੇ ਮੰਤਰੀ ਮੰਡਲ ਵਿੱਚ  5 ਦਸੰਬਰ 1989 ਤੋਂ 10 ਨਵੰਬਰ 1990 ਤੱਕ ਐਕਸਟਰਨਲ ਇਫੇਅਰਜ਼ ਮੰਤਰੀ  ਰਹੇ । ਪਹਿਲੀ ਖਾੜੀ ਜੰਗ ਸਮੇ ਸੁਦਾਮ ਹੁਸੈਨ ਨੂੰ ਮਿਲਣ,ਸ੍ਰੀਨਗਰ ਵਿਖੇ ਰੁਬਈਆ ਸਈਅਦ ਦੇ ਕਿਡਨੈਪਿੰਗ ਮਾਮਲੇ ਦੇ ਹੱਲ ਲਈ ,ਇਰਾਕ,ਕੁਵੈਤ ਵਿਖੇ ਗੱਲਬਾਤ ਕਰਨ ਲਈ, ਸ਼੍ਰੀ ਗੁਜ਼ਰਾਲ ਨੇ ਮੁਹਰੀ ਅਤੇ ਉਸਾਰੂ ਰੋਲ ਅਦਾਅ ਕੀਤਾ । ਮੱਧ ਕਾਲੀ ਚੋਣਾਂ ਸਮੇ 1991 ਵਿੱਚ ਪਟਨਾ (ਬਿਹਾਰ) ਤੋਂ ਚੋਣ ਲੜੀ ਅਤੇ ਜਨਤਾ ਦਲ ਦੇ ਮੁਹਰੀ ਨੇਤਾ ਵਜੋਂ ਉਭਰਦਿਆਂ 1992 ਵਿੱਚ ਰਾਜ ਸਭਾ ਦੇ ਮੈਂਬਰ ਬਣੇ ।
                 ਯੂਨਾਈਟਿਡ ਫਰੰਟ ਦੀ 1996 ਵਿੱਚ ਬਣੀ ਸਰਕਾਰ ਸਮੇ ਐਕਸਟਰਨਲ ਇਫ਼ੇਅਰਜ਼ ਮਨਿਸਟਰ ਦਾ ਅਹੁਦਾ ਫਿਰ ਦਿੱਤਾ ਗਿਆ ਇਸ ਤੇ ਉਹ ਪਹਿਲੀ ਜੂਨ 1996 ਤੋਂ 21 ਮਾਰਚ 1998 ਤੱਕ ਰਹੇ । ਇਸ ਅਹੁਦੇ ਤੋਂ ਇਲਾਵਾ ਉਹਨਾ ਕੁੱਝ ਹੋਰਨਾਂ ਖੇਤਰਾਂ ਦੇ ਕਾਰਜ ਵੀ ਸਫਲਤਾ ਸਹਿਤ ਨੇਪਰੇ ਚੜ੍ਹਾਏ । ਇਸ ਸਰਕਾਰ ਨੂੰ ਕਾਂਗਰਸ ਪਾਰਟੀ ਦਾ ਜੋ ਬਾਹਰੀ ਸਹਿਯੋਗ ਸੀ,ਉਸ ਨੇ ਉਹ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ,ਤਾਂ ਯੂਨਾਈਟਿਡ ਫਰੰਟ ਨੇ ਐਚ ਡੀ ਦੇਵਗੌੜਾ ਦੀ ਥਾਂ ਆਈ ਕੇ ਗੁਜ਼ਰਾਲ ਨੂੰ ਨੇਤਾ ਚੁਣ ਲਿਆ । ਕਾਂਗਰਸ ਵੀ ਸਹਿਮਤ ਹੋ ਗਈ ਅਤੇ ਗੁਜ਼ਰਾਲ ਜੀ ਨੇ ਪ੍ਰਧਾਨ ਮੰਤਰੀ ਵਜੋਂ 21 ਅਪ੍ਰੈਲ 1997 ਨੂੰ ਸਹੁੰ ਚੁੱਕੀ । ਪਰ ਕੁੱਝ ਹੀ ਹਫ਼ਤਿਆਂ ਬਾਅਦ ਉਹਨਾਂ ਦੁਆਲੇ ਸਮੱਸਿਆਵਾਂ ਘੇਰਾ ਘੱਤਣ ਲੱਗੀਆਂ ਗੁਜ਼ਰਾਲ ਜੀ ਨੇ ਇਹ ਵੇਖਦਿਆਂ  ਕੋਲਕਾਤਾ ਵਿਖੇ ਇੱਕ ਪਬਲਿਕ ਜਲਸੇ ਵਿੱਚ 23 ਨਵੰਬਰ 1997 ਨੂੰ ਮੱਧ ਕਾਲੀ ਚੋਣਾਂ ਦੇ ਸੰਕੇਤ ਵੀ ਦਿੱਤੇ । ਜਿਓਂ ਹੀ  ਕਾਂਗਰਸ ਨੇ 28 ਨਵੰਬਰ 1997 ਨੂੰ ਸਹਿਯੋਗ ਵਾਪਸ ਲੈ ਲਿਆ ਅਤੇ ਗੁਜ਼ਰਾਲ ਜੀ ਨੇ ਅਸਤੀਫਾ ਦੇ ਦਿੱਤਾ ।
              ਆਪਣੀ 516 ਪੇਜ਼ ਦੀ ਆਟੋਗਰਾਫ਼ੀ ਫਰਵਰੀ 2011 ਵਿੱਚ ਛਪਵਾਉਣ ਵਾਲੇ,ਖ਼ਜਾਨਾ ਮੰਤਰੀ ਵਰਗੇ ਵਕਾਰੀ ਅਹੁਦਿਆਂ ਤੇ ਰਹਿਣ ਵਾਲੇ ਇੰਦਰ ਕੁਮਾਰ ਗੁਜ਼ਰਾਲ ਨੇ 5 ਨੁਕਾਤੀ ਫਾਰਮੂਲੇ ਤਹਿਤ,ਸ਼ਾਂਤੀ ਨਾਲ ਰਹਿਣ ਦੀ ਗੱਲ ਵੀ ਆਖੀ । ਅਜਿਹੀ ਸ਼ਵੀ ਸਦਕਾ ਇੰਦਰ ਕੁਮਾਰ ਗੁਜ਼ਰਾਲ ਨੇ ਫਰਵਰੀ-ਮਾਰਚ 1998 ਵਿੱਚ ਅਕਾਲੀ ਦਲ ਦੇ ਸਹਿਯੋਗ ਨਾਲ ਜਲੰਧਰ ਸੀਟ ਕਾਂਗਰਸ ਦੇ ਉਮਰਾਓ ਸਿੰਘ ਨੂੰ ਹਰਾ ਕੇ ਜਿੱਤੀ । ਪਰ ਜਦ ਉਹਨਾਂ ਦੀ ਪਤੱਨੀ ਸ਼ਲਾ ਗੁਜ਼ਰਾਲ 11 ਜੁਲਾਈ 2011 ਨੂੰ ਚੱਲ ਵਸੀ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ । ਉਹਨਾ ਦੇ ਦੋ ਬੇਟੇ ਹਨ । ਨਰੇਸ਼ ਗੁਜ਼ਰਾਲ ਰਾਜ ਸਭਾ ਦਾ ਮੈਂਬਰ ਹੈ,ਜਦੋਂ ਕਿ ਸਤੀਸ਼ ਗੁਜ਼ਰਾ ਨਾਮਵਰ ਪੇਂਟਰ ਅਤੇ ਆਰਕੀਟਿਕਟ ਹੈ । ਉਹਨਾਂ ਦੀ ਭਤੀਜੀ ਮੇਧਾ ਦੀ ਸ਼ਾਦੀ 25 ਜੁਲਾਈ 2012 ਨੂੰ ਭਜਨ ਸਮਰਾਟ ਅਨੂਪ ਜਲੋਟਾ ਨਾਲ ਹੋਈ ਹੈ । ਸ਼੍ਰੀ ਗੁਜ਼ਰਾਲ ਜੀ ਇੱਕ ਸਾਫ਼-ਸੁਥਰੀ ਸ਼ਵੀ ਵਾਲੇ ਪ੍ਰਧਾਨ ਮੰਤਰੀ ਵਜੋਂ ਹਮੇਸ਼ਾਂ ਭਾਰਤੀਆਂ ਦੇ ਦਿਲਾਂ ਉੱਤੇ ਰਾਜ ਕਰਦੇ ਰਹਿਣਗੇ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232

No comments:

Post a Comment