Monday, December 31, 2012

ਵਧਾਈ ਕਾਰਡਾਂ ਦੀ ਦੁਨੀਆਂ

            ਵਧਾਈ ਕਾਰਡਾਂ ਦੀ ਦੁਨੀਆਂ
                              ਰਣਜੀਤ ਸਿੰਘ ਪ੍ਰੀਤ
                       ਅੱਜ ਬਾਜ਼ਾਰ ਵਿੱਚ ਰੰਗ ਬਰੰਗੇ,ਰੰਗ ਬਰੰਗੀਆਂ ਤਸਵੀਰਾਂ ਵਾਲੇ,ਲੱਚਰ ਭਾਸ਼ਾ ਲੱਚਰ ਫੋਟੋਆਂ ਵਾਲੇ,ਤਹਿ ਖੋਲ੍ਹਣ ਉੱਤੇ ਆਈ ਲਵ ਯੂ ਜਾਂ ਹੋਰ ਕਈ ਕਿਸਮ ਦੀਆਂ ਆਵਾਜ਼ਾਂ ਪੈਦਾ ਕਰਨ ਵਾਲੇ ਕਾਰਡ ਵਿਕਿਆ ਕਰਦੇ ਹਨ । ਪਰ ਪਹਿਲੋਂ ਪਹਿਲ ਕਪੜੇ,ਚਮੜੇ,ਜਾਂ ਪੱਤਿਆਂ-ਟਾਹਣੀਆਂ ਦੀ ਵਰਤੋਂ ਵੀ ਕੀਤੀ ਜਾਂਦੀ ਰਹੀ ਹੈ । ਇਹ ਕਾਰਡ ਨਵੇਂ ਸਾਲ ਦੀ ਆਮਦ ਮੌਕੇ,ਦੀਵਾਲੀ,ਦੁਸਹਿਰੇ,ਜਨਮ ਦਿਨ,ਵਿਸਾਖੀ ਜਾਂ ਹੋਰ ਅਹਿਮ ਦਿਹਾੜਿਆਂ ਮੌਕੇ ਦੋਸਤ ਆਪਣੇ ਦੂਜੇ ਦੋਸਤਾਂ ਨੂੰ ਵਧਾਈ ਸੰਦੇਸ਼ ਵਜੋਂ ਭੇਜਿਆ ਕਰਦੇ ਹਨ । ਪਰ ਸੱਭ ਤੋਂ ਪਹਿਲਾਂ ਇਹਨਾਂ ਕਾਰਡਾਂ ਦੀ ਵਰਤੋਂ ਕ੍ਰਿਸਮਿਸ ਮੌਕੇ ਹੋਈ । ਇਸ ਕਾਰਡ ਉੱਤੇ ਲੋਕ ਨਾਚ ਕਰਦੇ ਦਿਖਾਏ ਗਏ ਸਨ । ਇਤਿਹਾਸਕ ਹਵਾਲੇ ਮਿਲਦੇ ਹਨ ਕਿ 1843 ਵਿੱਚ ਕਲਕੌਟ ਹਰਸਲੇ ਨੇ ਪਹਿਲਾ ਕਾਰਡ ਡਿਜ਼ਾਇਨ ਕਰਿਆ । ਡਾਕ ਖਰਚਿਆਂ ਨੂੰ ਵੀ ਸੋਧਿਆ ਗਿਆ । ਮਾਰਕਸ ਵਾਰਡ ਅਤੇ ਸਹਿ,ਗੁਡਾਲ ਅਤੇ ਚਾਰਲਸ ਬੇਨੇਟ ਵਰਗੀਆਂ ਕੰਪਨੀਆਂ ਨੇ ਵੱਡੇ ਪੱਧਰ ਉੱਤੇ 1960 ਵਿੱਚ ਕਾਰਡ ਉਤਪਾਦਨ ਸ਼ੁਰੂ ਕੀਤਾ । ਗਰੀਨ ਵੇਅ ਅਤੇ ਵਾਲਟਰ ਕਰੇਨ ਵਰਗੇ ਵੀ ਇਸ ਕਾਰਜ ਵਿੱਚ ਜੁਟੇ ਰਹੋ । ਹਲਮਾਰਕ ਕਾਰਡ,ਅਮਰੀਕਨ ਗਰੀਟਿੰਗਜ਼ ਨੇ ਵੀ ਬਹੁਤ ਵੱਡੀ ਪੱਧਰ ਉੱਤੇ ਕਾਰਡ ਤਿਆਰ ਕੀਤੇ । ਇੰਗਲੈਂਡ ਵਿੱਚ ਇੱਕ ਬਿਲਿਅਨ ਪੌਂਡਜ਼,ਤੱਕ ਹਰੇਕ ਸਾਲ ਵਿੱਕਰੀ ਹੋਣ ਲੱਗੀ । ਔਸਤ 55 ਕਾਰਡ ਇੱਕ ਵਿਅਕਤੀ ।
                      ਚੀਨ ਤੋਂ ਸ਼ੁਰੂ ਹੋਣ ਵਾਲੇ ਸੰਦੇਸ਼ਾ ਕਾਰਡਾਂ ਨੇ ਮਿਸਰ ਆਦਿ ਰਾਹੀਂ ਪੱਛਮੀ ਮੁਲਕਾਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ । ਚੌਧਵੀਂ-ਪੰਦਰਵੀਂ ਸਦੀ ਵਿੱਚ ਜੋ ਕਾਰਡ ਵਰਤੇ ਜਾਂਦੇ ਸਨ,ਉਹਨਾਂ ਦਾ ਕੁੱਝ ਨਮੂਨਾ ਬਰਤਾਨੀਆਂ ਦੇ ਮਿਊਜ਼ਿਮ ਵਿੱਚ ਵੀ ਮੌਜੂਦ ਹੈ ।ਦਸੰਬਰ ਮਹੀਨੇ ਇਹਨਾਂ ਕਾਰਡਾਂ ਦੀ ਵਰਤੋਂ ਵੱਡੀ ਪੱਧਰ ਉੱਤੇ ਹੋਣ ਲੱਗੀ । ਗਰੀਟਿੰਗ ਕਾਰਡ ਐਸੋਸੀਏਸ਼ਨ ਵੀ ਹੋਂਦ ਵਿੱਚ ਆ ਗਈ । ਸੀਜ਼ਨਲ ਕਾਰਡਾਂ ਦਾ ਹੁਨਰ ਵਪਾਰੀ ਲੋਕਾਂ ਦੇ ਸਿਰ ਚੜ੍ਹ ਬੋਲਿਆ । ਉਹਨਾਂ ਨੇ ਆਪਣੇ ਗਾਹਕਾਂ ਨੂੰ ਇਹ ਭੇਜਣੇ ਸ਼ੁਰੂ ਕੀਤੇ । ਖੁਸ਼ ਛੁਟੀਆਂ,ਖੁਸ਼ ਮੌਸਮ ਵਰਗੇ ਕਾਰਡ ਵੀ ਵਰਤੇ ਜਾਣ ਲੱਗੇ।ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜੌਹਨ ਬੀਡਰ ਦਾ ਮੰਨਣਾ ਸੀ ਕਿ ਇਹ ਇੱਕ ਵਧੀਆ ਅਤੇ ਕਾਰਗਰ ਢੰਗ ਹੈ । ਜਿਸ ਦਾ ਪ੍ਰਭਾਵ ਵਧੀਆ ਰਹਿੰਦਾ ਹੈ।
                       ਸਟੈਂਡਰਡ ਗਰੀਟਿੰਗ ਕਾਰਡ ਲਈ ਉੱਚ ਕੁਆਲਟੀ ਦਾ ਕਾਗਜ਼ ਵਰਤਿਆ ਜਾਂਦਾ ਹੈ । ਗੋਲ ਲੀਫ, ਰਿਬਿਨਜ਼, ਗਲਿੱਟਰ ਇਸ ਦੀਆਂ ਉਦਾਹਰਣਾਂ ਹਨ । ਫੋਟੋ ਗਰੀਟਿੰਗ ਕਾਰਡਾਂ ਵਿੱਚ ਵਿਚਕਾਰੋਂ ਕਾਰਡ ਨੂੰ ਕੱਟ ਕਿ ਹੇਠਾਂ ਤੋਂ ਫੋਟੋ ਦਰਸਾਈ ਜਾਂਦੀ ਹੈ । ਇਹਨਾਂ ਵਿੱਚ ਬਹੁਤੇ ਮਸ਼ਹੂਰ ਛੁਟੀਆਂ ਗਰੀਟਿੰਗਜ਼, ਕ੍ਰਿਸਮਿਸ,ਹਾਂਨੁਕਾਹ ਅਤੇ ਬੇਬੀ ਸ਼ਾਵਰ ਪਸੰਦ ਕੀਤੇ ਜਾਂਦੇ ਹਨ । ਪਰਸੋਨਾਲਾਈਜ਼ਿਡ ਗਰੀਟਿੰਗ ਕਾਰਡਜ਼, ਰਿਯੁਸਏਬਲ ਗਰੀਟਿੰਗ ਕਾਰਡਜ਼,ਮਿਊਜ਼ੀਕਲ ਗਰੀਟਿੰਗ ਕਾਰਡਜ਼,ਇਲੈਕਟਰਾਨਿਕਸ ਗਰੀਟਿੰਗ ਕਾਰਡਜ਼, ਪੌਪ ਅਪ ਕਾਰਡਜ਼,ਆਦਿ ਬਹੁਤ ਮਕਬੂਲ ਰਹੇ ਹਨ ।
                         ਅੱਜ ਦੇ ਦੌਰ ਵਿੱਚ ਅਜਿਹਾ ਰੁਝਾਨ ਬਹੁਤ ਘਟ ਗਿਆ ਹੈ । ਉਸੇ ਗੱਲ ਵਾਂਗ "ਹੁਣ ਚਿੱਠੀਆਂ ਪਾਉਣੀਆਂ ਭੁੱਲ ਗਏ,ਜਦੋਂ ਦਾ ਟੈਲੀਫ਼ੋਨ ਲੱਗਿਆ" ਵਾਲੀ ਗੱਲ ਵਾਂਗ ਫੋਨ ਉੱਤੇ ਹੀ ਵਧਾਈ ਸੰਦੇਸ਼ ਦੇ ਦਿੱਤਾ ਜਾਂਦਾਂ ਹੈ ਜਾਂ ਮੁਬਾਇਲ ਉੱਤੇ ਸੰਦੇਸ਼ਾ ਭੇਜ ਕਿ ਹੀ ਬੁੱਤਾ ਸਾਰ ਲਿਆ ਜਾਂਦਾ ਹੈ । ਅੱਗੋਂ ਜਵਾਬ ਦੇਣ ਵਾਲਾ ਵੀ ਇਹੀ ਮੈਸੇਜ਼ ਭੇਜਦਾ ਹੈ " ਸੇਮ ਟੂ ਯੂ, ਧੰਨਵਾਦ"। ਕਾਰਡ ਖਰੀਦਣ -ਭੇਜਣ ਦਾ ਸਿਲਸਿਲਾ ਬਹੁਤੀਆਂ ਹੋਰ ਗੱਲਾਂ ਵਾਂਗ ਦਮ ਤੋੜ ਰਿਹਾ ਹੈ । ਭਾਵੇਂ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਵੱਡੇ ਵੱਡੇ ਪ੍ਰੋਗਰਾਮ ਕੀਤੇ ਜਾਂਦੇ ਹਨ । ਸੈਂਕੜੇ ਪੈਲਸਾਂ ਵਿੱਚ ਸ਼ਬਾਬ,ਸ਼ਰਾਬ,ਕਬਾਬ ਦਾ ਸਾਰੀ ਸਾਰੀ ਰਾਤ ਬੋਲਬਾਲਾ ਰਿਹਾ ਕਰਦਾ ਹੈ । ਕੀ ਪੱਛਮੀ ਸਭਿਅਤਾ ਦੀ ਦੇਣ ਇਹ ਸਿਲਸਿਲਾ ਸਾਡੀ ਸਭਿਅਤਾ ਨਾਲ ਮੇਲ ਖਾਦਾ ਹੈ ? ਕੀ ਇਸ ਨੂੰ ਨੱਥ ਪਾਉਂਣ ਦੀ ਲੋੜ ਹੈ ? ਜਾਂ ਮੁਸ਼ਕਲ ਹਾਲਾਤ ਵੇਖ ਕੇ ਕਬੂਤਰ ਵਾਂਗ ਅੱਖਾਂ ਮੀਚਿਆਂ ਸਰ ਜਾਵੇਗਾ ? ਇਹ ਤਾਂ ਫੈਸਲਾ ਆਪਣੇ ਸਾਰਿਆਂ ਦੇ ਹੀ ਹੱਥ ਹੈ ਕਿ ਅਸੀਂ ਕੀ ਹਾਂ,ਸਾਡੀ ਗੈਰਤ ਕੀ ਹੈ ? ਜਾਂ ਅਸੀਂ ਬੇ-ਗੈਰਤੇ ਹੋ ਗਏ ਹਾਂ ?

No comments:

Post a Comment