Friday, December 21, 2012

ਤੁਰ ਗਿਆ ਹਾਕੀ ਦਾ ਇੱਕ ਹੋਰ ਹੀਰਾ ਪੁੱਤ



          ਤੁਰ ਗਿਆ ਹਾਕੀ ਦਾ ਇੱਕ ਹੋਰ ਹੀਰਾ ਪੁੱਤ
                               ਰਣਜੀਤ ਸਿੰਘ ਪ੍ਰੀਤ
                              ਐਂਗਲੋ ਇੰਡੀਅਨ ਭਾਰਤੀ ਹਾਕੀ ਖਿਡਾਰੀ,ਧਿਆਨ ਚੰਦ ਅਤੇ ਰੂਪ ਸਿੰਘ ਵਾਂਗ ਹੀ ਦੁਨੀਆਂ ਭਰ ਵਿੱਚ ਆਪਣੇ ਸਟਿੱਕ ਵਰਕ ਦਾ ਲੋਹਾ ਮੰਨਵਾਉਣ ਵਾਲੇ ਲੈਸਲੀ ਵਾਲਟਰ ਕਲਾਡੀਅਸ ਦਾ ਜਨਮ ਬਿਲਾਸਪੁਰ (ਮੱਧ ਪ੍ਰਦੇਸ਼ )ਵਿੱਚ 25 ਮਾਰਚ 1927 ਨੂੰ ਹੋਇਆ । ਪੰਜ ਫੁੱਟ 4 ਇੰਚ ਕੱਦ ਵਾਲੇ ਰਾਈਟ ਹਾਫ਼ ਪੁਜ਼ੀਸ਼ਨ ਦੇ ਇਸ ਖਿਡਾਰੀ ਨੇ 1948 ਤੋਂ 1960 ਤੱਕ ਵਧੀਆ ਖੇਡ ਦਾ ਪ੍ਰਦਰਸ਼ਨ ਕਰਿਆ ।
             ਭਾਰਤੀ ਹਾਕੀ ਦਾ ਇਹ ਅਨਮੋਲ ਹੀਰਾ ਜਦ 1948 ਦੀਆਂ ਲੰਦਨ ਓਲੰਪਿਕ ਖੇਡਾਂ ਸਮੇ ਕਿਸ਼ਨ ਲਾਲ ਦੀ ਕਪਤਾਨੀ ਅਧੀਨ ਪਹਿਲੀ ਵਾਰੀ ਮੈਦਾਨ ਵਿੱਚ ਨਿਤਰਿਆ,ਇਸ ਟੀਮ ਦਾ ਮੈਨੇਜਰ ਡਾ.ਏ ਸੀ ਚੈਟਰ ਜੀ,ਸਹਾਇਕ ਮੈਨੇਜਰ ਪੰਕਜ ਗੁਪਤਾ ਸੀ । ਇਸ ਵਾਰੀ ਵੀ ਭਾਰਤੀ ਟੀਮ 1928,1932 ਅਤੇ 1936 ਵਾਂਗ ਇੱਕ ਵਾਰ ਫਿਰ ਸੋਨ ਤਮਗਾ ਜੇਤੂ ਬਣੀ । ਹੈਲਸਿੰਕੀ 1952 ਓਲੰਪਿਕ ਮੌਕੇ ਲੈਸਲੀ ਕਲਾਡੀਅਸ ਕੰਵਰਦਿਗਵਿਜੇ ਸਿੰਘ ਬਾਬੂ ਦੀ ਕਪਤਾਨੀ ਅਧੀਨ ਖੇਡਿਆ । ਭਾਰਤੀ ਟੀਮ ਸੋਨ ਤਮਗਾ ਚੁੰਮਣ ਵਿੱਚ ਫਿਰ ਸਫ਼ਲ ਰਹੀ । ਮੈਲਬੌਰਨ 1956 ਓਲੰਪਿਕ ਸਮੇ ਵੀ ਜਦ ਭਾਰਤੀ ਟੀਮ ਨੇ ਗੋਲਡ ਮੈਡਲ ਜਿੱਤਿਆ,ਤਾਂ ਲੈਸਲੀ ਕਲਾਡੀਅਸ ਟੀਮ ਦਾ ਮੈਂਬਰ ਸੀ । ਇਸ ਖਿਡਾਰੀ ਨੇ ਓਲੰਪਿਕ ਵਿੱਚ ਪਹਿਲਾ ਗੋਲ 28 ਨਵੰਬਰ 1956 ਨੂੰ ਅਮਰੀਕਾ ਸਿਰ ਕਰਿਆ । ਕੁੱਲ ਮਿਲਾਕੇ ਇਸ ਮੈਚ ਵਿੱਚ 16-0 ਸਕੋਰ ਭਾਰਤ ਦੇ ਹਿੱਸੇ ਰਿਹਾ । ਭਾਰਤੀ ਟੀਮ ਨੇ ਇੱਕ ਵਾਰ ਫਿਰ ਸੋਨ ਤਮਗਾ ਹਾਸਲ ਕਰਿਆ । ਰੋਮ ਓਲੰਪਿਕ 1960 ਸਮੇ ਲੈਸਲੀ ਕਲਾਡੀਅਸ ਦੀ ਕਪਤਾਨੀ ਅਧੀਨ ਭਾਰਤੀ ਟੀਮ ਫਾਈਨਲ ਤੱਕ ਪਹੁੰਚੀ । ਪਰ ਪਾਕਿਸਤਾਨ ਨੇ ਭਾਰਤ ਨੂੰ ਇੱਕ ਗੋਲ ਨਾਲ ਮਾਤ ਦਿੰਦਿਆਂ ਪਹਿਲੀ ਵਾਰ ਓਲੰਪਿੳਨ ਬਣਨ ਦਾ ਮਾਣ ਹਾਸਲ ਕਰਿਆ । ਭਾਰਤੀ ਟੀਮ ਦੇ ਪੱਲੇ ਪਹਿਲੀ ਵਾਰ ਚਾਂਦੀ ਦਾ ਤਮਗਾ ਰਿਹਾ ।
                                ਹਾਕੀ ਨਾਲ ਜੁੜੇ ਇਸ ਪਰਿਵਾਰ ਦੇ ਰੌਬਰਟ ਕਲਾਡੀਅਸ ਨੇ 1978 ਦੇ ਵਿਸ਼ਵ ਕੱਪ ਵਿੱਚ ਆਪਣੇ ਪਿਤਾ ਵਾਂਗ ਹੀ ਖੇਡਣ ਦਾ ਮਾਣ ਹਾਸਲ ਕਰਿਆ ਸੀ । ਇਸ ਹਾਕੀ ਸਿਤਾਰੇ ਨੇ ਅਜੇ ਹੋਰ ਖੇਡ ਰੌਸ਼ਨੀ ਵੰਡਣੀ ਸੀ,ਪਰ ਇੱਕ ਸੜਕ ਹਾਦਸੇ ਵਿੱਚ ਇਹ ਚੱਲ ਵਸਿਆ । ਲੈਸਲੀ ਕਲਾਡੀਅਸ ਦਾ ਇੱਕ ਬੇਟਾ ਹੁਣ ਉਹਨਾਂ ਨਾਲ ਕੋਲਕਾਤਾ ਵਿੱਚ ਅਤੇ ਦੋ ਹੋਰ ਬੇਟੇ ਮੈਲਬੌਰਨ ਵਿਖੇ ਰਹਿ ਰਹੇ ਹਨ।
                1978 ਦੀਆਂ ਬੈਂਕਾਕ ਏਸ਼ੀਆਈ ਖੇਡਾਂ ਸਮੇ ਭਾਰਤੀ ਹਾਕੀ ਟੀਮ ਦੇ ਮੈਨੇਜਰ ਦੀ ਭੂਮਿਕਾ ਨਿਭਾਉਣ ਵਾਲਾ , 1971 ਵਿੱਚ ਪਦਮ ਸ਼੍ਰੀ ਐਵਾਰਡ ਪ੍ਰਾਪਤ ਕਰਤਾ ,ਅਤੇ ਸਮੇ ਸਮੇ ਕਈ ਹੋਰ ਅਹਿਮ ਸਨਮਾਨ ਹਾਸਲ ਕਰਨ ਵਾਲਾ,ਮਿਡਫੀਲਡਰ ਵਜੋਂ 100 ਤੋਂ ਵੱਧ ਮੈਚ ਖੇਡਣ ਵਾਲਾ ਪਹਿਲਾ ਭਾਰਤੀ, ਲੈਸਲੀ ਕਲਾਡੀਅਸ 85 ਵਰ੍ਹਿਆਂ ਦੀ ਉਮਰ ਵਿੱਚ ਕੋਲਕਾਤਾ ਵਿਖੇ ਜਿਗਰ ਦੀ ਬਿਮਾਰੀ ਨਾਲ 20 ਦਸੰਬਰ ਨੂੰ ਹਾਕੀ ਪ੍ਰੇਮੀਆਂ ਤੋਂ ਸਦਾ ਸਦਾ ਲਈ ਵਿਛੜ ਗਿਆ । ਪਰ ਉਹਦੀ ਖੇਡ ਦਾ ਜ਼ਿਕਰ ਹਾਕੀ ਖੇਡ ਦੇ ਪ੍ਰਚੱਲਤ ਰਹਿਣ ਤੱਕ ਚਲਦਾ ਰਹੇਗਾ ।

No comments:

Post a Comment